ਧੀ ਬਿਨਾਂ ਸੱਭਿਆਚਾਰ, ਸੱਭਿਅਤਾ ਅਤੇ ਸਮਾਜ ਅਧੂਰਾ ਹੈ। ਇਹ ਗੱਲ ਉਦੋਂ ਸਮਝ ਲੱਗੀ ਜਦੋਂ ਭਰੂਣ ਹੱਤਿਆ ਸਿਰੋਂ ਟੱਪ ਗਈ। ਇਸ ਦੇ ਨਤੀਜੇ ਅੱਜ ਸਪੱਸ਼ਟ ਦਿਖਾਈ ਦਿੰਦੇ ਹਨ। ਆਖਿਰ ਨੀਂਦ ਖੁੱਲ੍ਹੀ ਤੇ ਭਾਰਤ ਸਰਕਾਰ ਨੇ ਨਾਅਰਾ ਦਿੱਤਾ,“ਧੀ ਜੰਮੀ ਵੰਡੋ ਮਠਿਆਈ ਇਹ ਸਾਕਾਰ ਲੱਛਮੀ ਆਈ” ਇਸ ਦੇ ਨਾਲ ਪੰਜਾਬੀ ਲੋਕ ਗੀਤ ਵੀ ਰੁਖ ਮੋੜਨ ਲਈ ਉਚਾਰਿਆ ਗਿਆ ਜਿਸ ਵਿਚ ਮੋਹ ਦੀ ਖ਼ੁਸ਼ਬੂ ਸੀ,“ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਬੀ ਉਡਾਰੀ ਵੇ ਬਾਬਲ ਅਸਾਂ ਕਿਹੜੇ ਦੇਸ਼ ਜਾਣਾ।” ਸਮਾਜ ਦੇ ਨਿਯਮ ਸਦਾਚਾਰਕ ਤਰੀਕੇ ਨਾਲ ਬਣੇ ਸਨ, ਪਰ ਅਸੀਂ ਇਨ੍ਹਾਂ ਨੂੰ ਸਮੇਂ ਦੀ ਦੌੜ ਘੋੜ ਵਿਚ ਲਪੇਟ ਦਿੱਤਾ।
ਸਮਾਜਿਕ ਤਬਦੀਲੀ ਨੂੰ ਤਰੱਕੀ ਨਾ ਸਮਝੋ
ਜੀਵਨ ਜਾਚ ਭੁਲਾ ਕੇ ਨੈਤਿਕਤਾ ਗੁਆ ਦਿੱਤੀ। ਸਮਾਜਿਕ ਸੱਭਿਆਚਾਰਕ ਤਬਦੀਲੀ ਨੂੰ ਤਰੱਕੀ ਸਮਝਣਾ ਸਾਡੀ ਵੱਡੀ ਭੁੱਲ ਹੈ। ਇਹ ਤਬਦੀਲੀ ਵਿਕਾਸ ਦੇ ਨਾਲ ਵਿਨਾਸ਼ ਵੀ ਹਨ। ਪੰਜਾਬੀ ਫੁਕਰੇਪਣ ’ਚ ਜਾਅਲੀ ਜਿਹੇ ਰੀਤੀ ਰਿਵਾਜ ਪੈਦਾ ਕਰਕੇ ਸ਼ਾਨਾਮੱਤੀ ਵਿਰਸੇ ਨੂੰ ਘਸਮੈਲਾ ਕਰ ਰਹੇ ਹਨ। ਸਮਾਂ ਮੁਆਫ਼ ਨਹੀਂ ਕਰੇਗਾ। ਮਾਂ-ਪਿਓ ਧੀ ਪੁੱਤ ਨੂੰ ਸਮਾਜੀਕਰਨ ਦਾ ਸਬਕ ਸਿਖਾਉਂਦਾ ਹੈ, ਬਾਕੀ ਸਬਕ ਤਾਂ ਦੁਨੀਆ ਹੀ ਸਿਖਾ ਦਿੰਦੀ ਹੈ।ਜੀਵ ਵਿਗਿਆਨਕ ਤੌਰ ’ਤੇ ਔਲਾਦ ਮਾਂ-ਪਿਓ ਲਈ ਜਿਗਰ ਦਾ ਟੋਟਾ ਹੁੰਦੀ ਹੈ।ਇਸ ਤੋਂ ਅੱਗੇ ਧੀ ਬੇਗਾਨਾ ਧਨ ਕਹਾਉਂਦੀ ਹੈ।
ਧੀ ਦੀ ਪਿਓ ਨਾਲ ਸਾਂਝ ਗੂੜ੍ਹੀ ਅਤੇ ਰੂਹਾਨੀ ਹੁੰਦੀ ਹੈ। ਸਮਾਜ ਵਿਚ ਪਿਓ ਧੀ ਇੱਕ ਦੂਜੇ ਤੋਂ ਬਿਨਾਂ ਅਧੂਰੇ ਹਨ। ਧੀ ਨੂੰ ਪਿਓ ਦੀ ਪੱਗ ਅਤੇ ਪਿਓ ਨੂੰ ਸਹੁਰੇ ਘਰ ਧੀ ਦੀ ਖ਼ੁਸ਼ਹਾਲੀ ਦੀ ਚਿੰਤਾ ਹੁੰਦੀ ਹੈ। ਸਮਾਜ ਦੀ ਦੰਦ ਕਥਾ ਹੈ ਕਿ ਜਿਸ ਬਾਪ ਕੋਲ ਧੀ ਨਹੀਂ, ਉਸ ਨੂੰ ਸਮਝ ਨਹੀਂ ਆਉਂਦੀ। ਗੁੱਡੀਆਂ ਪਟੋਲਿਆਂ ਤੋਂ ਡੋਲੀ ਤੋਰਨ ਤੱਕ ਪਿਓ ਧੀ ਦੇ ਪਿਆਰ ਦਾ ਸਫ਼ਰ ਲੰਬਾ ਬਣ ਜਾਂਦਾ ਹੈ। ਮਾਂ ਨਾਲ ਪੁੱਤ, ਪਿਓ ਨਾਲ ਧੀ ਦਾ ਪਿਆਰ ਵੱਖਰੀ ਵੰਨਗੀ ਹੁੰਦੀ ਹੈ। ਧੀ
ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਪਿਓ ਨੂੰ ਆਪਣੀ ਆਦਤ ਬਦਲਣ ਨੂੰ ਵੀ ਮਜਬੂਰ ਕਰ ਦਿੰਦਾ ਹੈ। ਧੀ ਵਾਲੇ ਘਰ ਵਿਚ ਸ਼ਰਮ, ਸ਼ਬਦ ਅਤੇ ਸਬਕ ਅਣਡਿੱਠ ਨਹੀਂ ਕੀਤੇ ਜਾ ਸਕਦੇ।
ਵਿੱਦਿਆ ਦੇਣ ਲਈ ਪਿਤਾ ਦਾ ਜ਼ੋਰ
ਹਰ ਤਰ੍ਹਾਂ ਦਾ ਪਿਆਰ, ਸਤਿਕਾਰ, ਸਮਾਜੀਕਰਨ ਅਤੇ ਸਿੱਖਿਆ ਧੀ ਨੂੰ ਦੇਣ ਲਈ ਬਾਬਲ ਜ਼ੋਰ ਲਾਉਂਦਾ ਹੈ ਕਿਉਂਕਿ ਆਪਣੇ ਘਰ ਦਾ ਨਕਸ਼ਾ ਬੇਗਾਨੇ ਘਰ ਅਤੇ ਸਮਾਜ ਵਿਚ ਪੇਸ਼ ਕਰਨਾ ਹੁੰਦਾ ਹੈ। ਸਭ ਤੋਂ ਭਾਵਨਾਤਮਕ ਪਲ ਅਤੇ ਭਾਵਨਾਵਾਂ ਚੋਂ ਹੰਝੂ ਉਦੋ ਚਮਕੌਰ ਮਾਰਦੇ ਹਨ ਜਦੋਂ ਅਨੰਦ ਕਾਰਜ ਦੀ ਰਸਮ ਸਮੇਂ ਪਿਓ-ਧੀ ਦਾ ਪੱਲਾ ਜਵਾਈ ਨੂੰ ਫੜਾ ਕੇ ਜ਼ਿੰਮੇਵਾਰੀ ਤੋਂ ਰੁਖ਼ਸਤ ਹੋ ਜਾਂਦਾ ਹੈ।
ਧੀਆਂ ਨਾਲ ਦਾਜ ਦੀ ਦਰਿੰਦਗੀ ਨੇ ਮਾਤ ਗਰਭ ਵਿਚ ਛੁਰੀ ਚਲਾ ਕੇ,“ਏਤੀ ਮਾਰ ਪਈ ਕੁਰਲਾਣੈ,ਤੈਂ ਕੀ ਦਰਦ ਨ ਆਇਆ।” ਯਾਦ ਕਰਵਾ ਦਿੱਤਾ ਸੀ। ਕਾਨੂੰਨ ਨੇ ਰੋਕ ਲਗਾਈ,ਪਰ ਨਤੀਜੇ ਅੱਜ ਸਪੱਸ਼ਟ ਦਿਖਾਈ ਦਿੰਦੇ ਹਨ। ਮਾਣਮੱਤੀ ਗੁਰਮੀਤ ਬਾਵਾ ਨੇ ਗੁੱਡੀਆਂ ਪਟੋਲਿਆਂ ਨੂੰ ਡੋਲੀ ਤੌਰਨ ਤੱਕ ਭਾਵਨਾਤਮਕ ਤੌਰ ’ਤੇ ਪੇਸ਼ ਕਰ ਕੇ ਸਦਾ ਬਹਾਰ ਸ਼ਿੰਗਾਰ ਦਿੱਤਾ। ਜਦੋਂ ਡੋਲੀ ਤੁਰਦੀ ਹੈ ਤਾਂ ਮਾਂ-ਪਿਓ, ਸ਼ਰੀਕਾ, ਸਾਕ ਸੰਬੰਧੀ ਅਤੇ ਉੱਥੇ ਦੀ ਧਰਤੀ ਵੀ ਹੰਝੂ ਕੇਰ ਕੇ ਸੁੰਨ ਹੋ ਜਾਂਦੇ ਹਨ। ਆਦਮ ਜਾਤ ਦਾ ਇਹ ਭਾਵਭਿੰਨਾ ਛਿਣ ਹੁੰਦਾ ਹੈ। ਪਿਤਾ ਦੇ ਹੰਝੂਆਂ ’ਚੋਂ ਮਮਤਾ ਲਿਸ਼ਕਾਰੇ ਮਾਰਦੀ ਧੀ ਨੂੰ ਸੁਹਾਗਵੰਤੀ ਦਾ ਅਸ਼ੀਰਵਾਦ ਦਿੰਦੀ ਹੈ। ਡੋਲੀ ਤੋਰਨ ਸਮੇਂ ਪਿਓ ਹਾਜ਼ਰ ਨਾ ਹੋਵੇ ਤਾਂ ਚੁੱਪ ਪੱਸਰ ਜਾਂਦੀ ਹੈ।
ਕਈ ਵਾਰ ਕਈ ਪਿਓ ਦੁਿਨਆਵੀ ਕਾਰਨਾਂ ਕਰ ਕੇ ਵੀ ਧੀ ਦੀ ਡੋਲੀ ਸਮੇਂ ਹਾਜ਼ਰ ਨਹੀਂ ਹੁੰਦੇ। ਆਮ ਜਨਤਾ ਵਿਚ ਅਜਿਹੀਆਂ ਘਟਨਾਵਾਂ ਆਮ ਹੋ ਜਾਂਦੀਆਂ ਹਨ। ਸੱਤ ਪੁੱਤਰ ਘਰ ਵਿਚ ਵੱਸ ਜਾਂਦੇ ਹਨ, ਇਕੱਲੀ ਧੀ ਤੋਰਨੀ ਪੈਂਦੀ ਹੈ। ਇਹ ਵਿਚਾਰੀ ਜੰਮਦੀ ਹੀ ਬੇਗ਼ਾਨਗੀ ਦਾ ਅਹਿਸਾਸ ਲੈ ਕੇ ਹੈ। ਪਿਓ ਦੇ ਕਿਸੇ ਵੀ ਕਾਰਨ ਧੀ ਦੀ ਡੋਲੀ ਤੋਰਨ ’ਤੇ ਹਾਜ਼ਰ ਨਾ ਹੋਣ ਨੂੰ ਇਉਂ ਸੱਭਿਆਚਾਰਕ ਵੰਨਗੀ ਦਿੱਤੀ ਹੈ ਜੋ ਕਿ ਸਦਾਬਹਾਰ ਹੰਝੂ ਕੇਰਦੀ ਹੀ ਰਹੇਗੀ-
“ ਓ ਪੁੱਤਰ ਸੱਤ ਵੀ ਸਮਾ ਲੈਂਦੋ,
ਵੇ ਬਾਬਲਾ ਪੁੱਤਰ ਸੱਤ ਵੀ
ਸਮਾ ਲੈਂਦੋ,
ਹਾਏ ਪੁੱਤਰ ਸੱਤ ਵੀ ਸਮਾ ਲੈਂਦੋ,
ਵੇ ਧੀ ਘਰ ਨਾ ਇਕ ਸਮਾ ਸਕੀ,
ਜਿਹੜੀ ਤੁਰਨ ਵੇਲੇ ਘਰੋਂ
ਗਈ ਰੋਂਦੀ,
ਉਹਨੂੰ ਮਾਂ ਨਾ ਚੁੱਪ ਕਰਾ ਸਕਦੀ,
ਕਹਾਰੋ ਡੋਲੀ ਨਾ ਚਾਇਓ ਮੇਰਾ ਬਾਬਲ ਆਇਆ ਨੀਂ
ਵੇਖ ਵੀਰਾ ਦੂਰ ਖੜ੍ਹਾ ਰੋਵੇ ਕਿਸੇ ਨੇ ਚੁੱਪ ਕਰਾਇਆ ਨੀਂ,
ਕਹਾਰੋ ਡੋਲੀ ਨਾ ਚਾਇਓ ਵੇ ਮੇਰਾ ਬਾਬਲ ਆਇਆ ਨੀਂਂਂ ।”
ਡੋਲੀ ਤੋਰਨ ਵੇਲੇ ਜਦੋਂ ਬਾਬਲ ਨਹੀਂ ਹੁੰਦਾ ਤਾਂ ਕੁਝ ਖੋਹਿਆ ਹੋਇਆ ਮਹਿਸੂਸ ਹੁੰਦਾ ਹੈ। ਭਾਵਨਾਤਮਕ ਉਬਾਲ ਆਉਂਦਾ ਹੀ ਰਹਿੰਦਾ ਹੈ। ਸ਼ਾਲਾ ! ਡੋਲੀ ਪਿਓ ਹੀ ਤੋਰੇ ਤੇ ਮਾਪਿਆਂ ਦੀ ਉਮਰ ਲੰਬੀ ਹੋਵੇ।•
-ਸੁਖਪਾਲ ਸਿੰਘ ਗਿੱਲ