
ਖੇਤੀ ਦੇ ਭਲੇ ਲਈ ਕਿਸਾਨ ਸਰਕਾਰਾਂ ਨਾਲ ਲੜਨ ਦੀ ਥਾਂ ਮੰਨ ਵਿੱਚ ਚਿੰਤਨ ਕਰਨ ਕਿਉਂਕਿ ਖੇਤੀ ਨੂੰ ਸਥਿਰ ਰੱਖਣ ਦਾ ਕੰਮ ਸਰਕਾਰਾਂ ਨੇ ਨਹੀਂ, ਕਿਸਾਨਾਂ ਨੇ ਖੁਦ ਕਰਨਾ ਹੈ। ਹਾਲਾਂਕਿ ਸਰਕਾਰਾਂ ਵੱਲੋਂ ਖੇਤੀ ਲਈ ਬਿਜਲੀ ਦੀ ਭਰੋਸੋਯੋਗ ਸਪਲਾਈ, ਸਮੇਂ ਸਿਰ ਰਸਾਇਣਾਂ ਦਾ ਪ੍ਰਬੰਧ ਮੰਡੀਆਂ ਵਿਚ ਕਿਸਾਨਾਂ ਦਾ ਸੋਸ਼ਣ ਤੇ ਮਿੱਲਾਂ ਨੂੰ ਦਿੱਤੇ ਗਏ ਗੰਨੇ ਦੇ ਪੈਸਿਆਂ ਦੀ ਸਮੇਂ ਸਿਰ ਅਦਾਇਗੀ ਵਰਗੀਆਂ ਹੋਰ ਛੋਟੀਆਂ-ਛੋਟੀਆਂ ਲੋੜਾਂ ਲਈ ਸਰਕਾਰਾਂ ਨਾਲ ਸੰਪਰਕ ਕਰਨ ਦੀ ਲੋੜ ਬਣੀ ਰਹੇਗੀ। ਸਾਢੇ ਤਿੰਨ ਦਹਾਕੇ ਪਹਿਲਾਂ ਦੇ ਮੁਕਾਬਲੇ ਅੱਜ ਤਾਂ ਖੇਤੀ ਲਈ ਹਰ ਸੌਖੀ ਸਹੂਲਤ ਮੌਜੁਦ ਹੈ। ਫਸਲਾਂ ਦੀ ਬਿਜਾਈ ਲਈ ਟਰੈਕਟਰ ਤੇ ਬੀਜ ਡਰਿੱਲਾਂ ਆ ਗਈਆਂ ਹਨ ਤੇ ਫਸਲਾਂ ਦੀ ਕਟਾਈ ਲਈ ਕੰਬਾਇਨਾਂ ਆ ਗਈਆਂ ਹਨ। ਇਹ ਮਸ਼ੀਨਾਂ ਮਹੀਨਿਆਂ ਦੇ ਮੁਕਾਬਲੇ ਕਿਸਾਨਾਂ ਨੂੰ ਕੁਝ ਘੰਟਿਆਂ ਵਿੱਚ ਹੀ ਵਿਹਲੇ ਕਰ ਦਿੰਦੀਆਂ ਹਨ। ਕਈ ਹਫ਼ਤੇ ਗੁਡਾਈਆਂ ਕਰਨ ਦੇ ਮੁਕਾਬਲੇ ਇਕ ਪੰਪ ਨਾਲ ਤਿੰਨ ਚਾਰ ਘੰਟਿਆਂ ਵਿੱਚ ਫ਼ਸਲ ਤੇ ਨਦੀਨ ਨਾਸ਼ਕ ਸਪਰੇਅ ਕਰਕੇ ਘਰ ਆ ਜਾਂਦੇ ਹਨ। ਬਹੁਤੇ ਕਿਸਾਨ ਫ਼ਸਲ ਦੀ ਬਿਜਾਈ ਕਟਾਈ ਛੱਡ ਕੇ ਖੇਤਾਂ ਵਿਚ ਜਾ ਕੇ ਪੈਰ ਪਾਉਣ ਲਈ ਤਿਆਰ ਨਹੀਂ ਹੁੰਦੇ। ਅੱਜ ਆਧੁਨਿਕ ਖੇਤੀ ਦੇ ਕੰਮ ਲਈ ਸਰਕਾਰਾਂ ਵੱਲੋਂ ਸਿਖਲਾਈ ਵੀ ਮੁਫ਼ਤ ਸੇਵਾ ਹਾਜ਼ਿਰ ਹੈ। ਬੈਂਕਾਂ ਵਿਚ ਕਰਜ਼ੇ ਦੀ ਲਿਮਟ ਬਣਾ ਕਿ ਕਿਸਾਨ 4 ਫ਼ੀਸਦੀ ਦੇ ਵਿਆਜ ਤੇ 3 ਲੱਖ ਰੁਪਏ ਤਕ ਕਰਜ਼ਾ ਪ੍ਰਾਪਤ ਕਰ ਸਕਦੇ ਹਨ। ਖੇਤੀ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣ ਲਈ ਮੌਸਮ ਦਾ ਹਾਲ ਦੱਸਣ ਵਰਗੇ ਅਤੇ ਖੜ੍ਹੇ ਪੈਰ ਦੂਰ ਦੁਰਾਡੇ ਸੰਪਰਕ ਕਰਨ ਦੇ ਸਾਧਨ ਮੌਜੂਦ ਹਨ। ਕਲਿਆਣਕਾਰੀ ਗਿਆਨ ਵਿਸ਼ਿਆਂ ਕਿਸਾਨਾਂ ਦੀ ਸੇਵਾ ਲਈ ਹਾਜ਼ਰ ਹੈ। ਹੁਣ ਖੇਤੀ ਕਿਵੇਂ ਘਾਟੇ ਵਿੱਚ ਜਾ ਸਕਦੀ ਹੈ ?
ਘਾਟੇ ਤੇ ਖ਼ੁਦਕੁਸ਼ੀਆਂ ਦੇ ਕਾਰਨ
ਚੜਸ ਤੇ ਹਲਟ ਦੇ ਮੁਕਾਬਲੇ ਟਿਊਬਵੈਲ ਵੇਖਦਿਆਂ-ਵੇਖਦਿਆਂ ਖੇਤਾਂ ਨੂੰ ਪਾਣੀ ਨਾਲ ਭਰ ਦਿੰਦੇ ਹਨ। ਸਾਡੇ ਖੇਤੀ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਰਾਹੀਂ ਕਣਕ ਦਾ ਝਾੜ ਚਾਰ ਤੋਂ ਪੰਜ ਕੁਇੰਟਲ ਦੇ ਮੁਕਾਬਲੇ 22 ਤੋਂ 25 ਕੁਇੰਟਲ ਤਕ ਲੈ ਆਂਦਾ ਹੈ। ਹੁਣ ਖੇਤੀ ਵਿੱਚ ਘਾਟਾ ਕਿਉ ਹੈ? ਖੁਦਕਸ਼ੀਆਂ ਕਿਉਂ ਹਨ? ਜ਼ਰੂਰ ਕਿਤੇ ਕੋਈ ਗੜਬੜ ਤੇ ਖੇਤੀ ਦੀ ਵਿਉਂਤਬੰਦੀ ਵਿੱਚ ਕੋਈ ਘਾਟ ਹੈ। ਅਜੋਕੀ ਖੇਤੀ ਵਿੱਚ ਨਿਘਾਰ ਦੀ ਗੱਲ ਕਰੀਏ ਤਾਂ ਇਹ ਵੀ ਵਿਚਾਰਨਾ ਪਵੇਗਾ ਕਿ ਜਿਹੜੇ ਕਿਸਾਨ ਕੇਵਲ ਕਣਕ ਝੋਨੇ ਦੀ ਖੇਤੀ ਹੀ ਕਰਦੇ ਹਨ, ਇਨ੍ਹਾਂ ਦੋਵਾਂ ਫਸਲਾਂ ਦੀ ਬਿਜਾਈ, ਲਵਾਈ ਤੇ ਕਟਾਈ ਲਈ ਇਕ ਮਹੀਨਾ ਕੰਮ ਕਰਕੇ ਅਜੋਕੇ ਕਿਸਾਨ 11 ਮਹੀਨੇ ਵਿਹਲੇ ਰਹਿੰਦੇ ਹਨ। ਇਸ ਵਿਹਲੇ ਸਮੇਂ ਵਿੱਚ ਬਹੁਤੇ ਕਿਸਾਨ ਕੇਵਲ ਆਪਣੀ ਅਤੇ ਨੇੜੇ-ਤੇੜੇ ਦੇ ਲੋਕਾਂ ਦੀ ਲੋੜ ਲਈ ਪੰਜ ਸੱਤ ਬੂਟੇ ਫਲਾਂ ਅਤੇ ਪੰਜ ਸੱਤ ਮਰਲੇ ਸਬਜ਼ੀ ਲਾਉਣ ਲਈ ਤਿਆਰ ਨਹੀਂ। ਹਾਲਾਂਕਿ ਸਬਜ਼ੀਆਂ ਤੇ ਫਲ ਹੱਦ ਸਿਰੇ ਤੱਕ ਮਹਿੰਗੇ ਹਨ।
ਹਕੀਕਤ ਇਹ ਹੈ ਕਿ ਜਿਹੜੇ ਅਜੋਕੇ ਕਿਸਾਨ ਬਦਲਵੀਆਂ ਨਵੀਆਂ ਤੇ ਵਿਲੱਖਣ ਫਸਲਾਂ ਦੀ ਕਾਸ਼ਤ ਕਰਕੇ ਅਤੇ ਆਪਣੀਆਂ ਖੇਤੀ ਜਿਣਸਾਂ ਨੂੰ ਪ੍ਰੋਸੈਸ ਕਰਕੇ ਖਪਤਕਾਰਾਂ ਨਾਲ ਸਿੱਧੇ ਰਿਸ਼ਤੇ ਸਥਾਪਿਤ ਕਰਨ ਵਿੱਚ ਸਫਲ ਹੋਣਗੇ। ਉਨ੍ਹਾਂ ਦੇ ਕਾਫ਼ਲੇ ਮੰਜ਼ਿਲ ਤੱਕ ਪਹੁੰਚ ਲਈ ਅੱਗੇ ਲੰਘ ਜਾਣਗੇ ਤੇ ਬਾਕੀ ਕਿਸਾਨ ਜੀਵਨ ਦੇ ਮਾਰਗ ’ਤੇ ਗੋਡਿਆ ਵਿੱਚ ਸਿਰ ਦੇ ਕੇ ਕੁਦਰਤ ’ਤੇ ਅਤੇ ਸਰਕਾਰਾਂ ’ਤੇ ਗਿੱਲਾ ਕਰਨ ਜੋਗੇ ਰਹਿ ਜਾਣਗੇ।
ਮਹਿੰਦਰ ਸਿੰਘ ਦੋਸਾਂਝ