ਨਵੇਂ ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾ: ਸਿਆਸੀ ਹੋਂਦ ਬਚੇਗੀ ਜਾਂ ਖਤਮ ਹੋ ਜਾਵੇਗਾ?

In ਮੁੱਖ ਖ਼ਬਰਾਂ
December 23, 2025

ਪੰਜਾਬ ਦੀ ਸਿੱਖ ਸਿਆਸਤ ਵਿੱਚ ਇੱਕ ਵਾਰ ਫ਼ਿਰ ਤੂਫ਼ਾਨ ਖੜ੍ਹਾ ਹੋ ਰਿਹਾ ਹੈ। ਨਵੇਂ ਅਕਾਲੀ ਦਲ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੀ ਕਿਹਾ ਜਾਂਦਾ ਹੈ, ਦੀ ਸਥਾਪਨਾ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਾਲ ਹੋਈ ਸੀ। ਪਰ ਅੱਜ ਇਹ ਪਾਰਟੀ ਅੰਦਰੂਨੀ ਫ਼ੁੱਟ ਅਤੇ ਮੌਕਾਪ੍ਰਸਤੀ ਦੇ ਕਾਰਨ ਠੱਪ ਪਈ ਹੋਈ ਜਾਪਦੀ ਹੈ। ਪੰਜਾਬ ਦੀਆਂ ਪੇਂਡੂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ, ਜਦਕਿ ਕਾਂਗਰਸ ਦੂਜੇ ਤੇ ਅਕਾਲੀ ਦਲ ਤੀਜੇ ਨੰਬਰ ’ਤੇ ਰਿਹਾ। ਇਸ ਨਤੀਜੇ ਤੋਂ ਬਾਅਦ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਏਕਤਾ ਦਾ ਸੱਦਾ ਦਿੱਤਾ ਹੈ। ਪਰ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਨਵਾਂ ਅਕਾਲੀ ਦਲ ਆਪਣੀ ਸਿਆਸੀ ਹੋਂਦ ਸਥਾਪਤ ਕਰ ਸਕੇਗਾ, ਇਆਲੀ ਆਪਣੀ ਰਾਜਨੀਤੀ ਵਿੱਚ ਕਾਮਯਾਬ ਹੋਣਗੇ?
ਨਵੇਂ ਅਕਾਲੀ ਦਲ ਦੀ ਸਥਾਪਨਾ ਅਗਸਤ 2025 ਵਿੱਚ ਹੋਈ ਸੀ, ਜਦੋਂ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਹ ਪਾਰਟੀ ਸੁਖਬੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਤੋਂ ਅਲੱਗ ਹੋ ਕੇ ਬਣੀ ਸੀ, ਜਿਸ ਨੂੰ ਅਕਾਲ ਤਖਤ ਸਾਹਿਬ ਨੇ ਹੁਕਮਨਾਮੇ ਨਾਲ ਪੰਥਕ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਸਜ਼ਾ ਦਿੱਤੀ ਗਈ ਸੀ। ਪੰਥਕ ਏਕਤਾ ਅਤੇ ਸਿੱਖ ਮਨੋਰਥਾਂ ਨੂੰ ਅੱਗੇ ਵਧਾਉਣ ਦੇ ਨਾਂਅ ’ਤੇ ਬਣੀ ਇਸ ਪਾਰਟੀ ਵਿੱਚ ਸ਼ੁਰੂ ਤੋਂ ਹੀ ਅੰਦਰੂਨੀ ਮਤਭੇਦ ਨਜ਼ਰ ਆ ਰਹੇ ਹਨ। ਸਿਆਸੀ ਮਾਹਿਰਾਂ ਅਨੁਸਾਰ, ਇਸ ਪਾਰਟੀ ਨੂੰ ਅਜੇ ਤੱਕ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਨਹੀਂ ਮਿਲੀ ਹੈ ਅਤੇ ਪੇਂਡੂ ਚੋਣਾਂ ਵਿੱਚ ਇਸ ਦੇ ਕਮਜ਼ੋਰ ਪ੍ਰਦਰਸ਼ਨ ਨੇ ਇਸ ਨੂੰ ਹੋਰ ਕਮਜ਼ੋਰ ਕਰ ਦਿੱਤਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਹੋਈ ਪਾਰਟੀ ਮੀਟਿੰਗ ਵਿੱਚ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਗਿਆਨੀ ਹਰਪ੍ਰੀਤ ਨੇ ਕਿਹਾ ਕਿ ਉਹ ਪੰਥ ਅਤੇ ਪੰਜਾਬ ਦੇ ਹਿੱਤ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਇਹ ਪੇਸ਼ਕਸ਼ ਪਾਰਟੀ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੌਰਾਨ ਉੱਠੇ ਮਤਭੇਦਾਂ ਕਾਰਨ ਦਿਤੀ ਗਈ ਹੈ। ਕੁਝ ਆਗੂਆਂ ਨੇ ਪਾਰਟੀ ਵੱਲੋਂ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਦੇਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੂਲ ਖੇਤਰ ਧਾਰਮਿਕ ਹੈ, ਅਤੇ ਉਹ ਰਾਜਨੀਤੀ ਵਿੱਚ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਚੁਣੌਤੀ ਮਿਲਣ ਕਾਰਨ ਆਏ ਸਨ। ਪਰ ਜੇਕਰ ਉਨ੍ਹਾਂ ਦੀ ਭੂਮਿਕਾ ’ਤੇ ਅਸਹਿਮਤੀ ਹੈ ਤਾਂ ਉਹ ਅਹੁਦਾ ਛੱਡ ਸਕਦੇ ਹਨ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨਗੀ ਛੱਡਣੀ ਪੈ ਸਕਦੀ ਹੈ ਕਿਉਂਕਿ ਪਾਰਟੀ ਵਿੱਚ ਮੌਕਾਪ੍ਰਸਤ ਲੀਡਰਾਂ ਨੇ ਉਨ੍ਹਾਂ ਨੂੰ ਚੱਲਣ ਨਹੀਂ ਦੇਣਾ। ਉਨ੍ਹਾਂ ਕੋਲ ਇਤਿਹਾਸ ਅਤੇ ਗੁਰਮਤਿ ਦੀ ਡੂੰਘੀ ਸਮਝ ਹੈ, ਪਰ ਅੰਦਰੂਨੀ ਧੜੇਬੰਦੀ ਨੇ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਹੈ। ਵਰਕਿੰਗ ਕਮੇਟੀ ਅਤੇ ਅਹੁਦੇਦਾਰਾਂ ਦੀ ਨਿਯੁਕਤੀ ਤੋਂ ਬਾਅਦ 50 ਦਿਨਾਂ ਦੇ ਗੈਪ ਨੇ ਸਾਬਤ ਕਰ ਦਿੱਤਾ ਕਿ ਪਾਰਟੀ ਫ਼ੈਸਲੇ ਲੈਣ ਵਿੱਚ ਅਸਮਰੱਥ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਸਮਰਥਨ ਦੇਣ ਵਾਲੇ ਆਗੂ ਜਿਵੇਂ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਰਵੀਇੰਦਰ ਸਿੰਘ ਨੇ ਕਿਹਾ ਹੈ ਕਿ ਉਹ ਜਥੇਦਾਰ ਨੂੰ ਨਹੀਂ ਛੱਡਣਗੇ ਅਤੇ ਪੰਥਕ ਜਮਾਤ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ। ਰਵੀਇੰਦਰ ਸਿੰਘ ਨੇ ਕਿਹਾ ਕਿ ‘ਅਸੀਂ ਤੁਹਾਡੇ ਨਾਲ ਤਨ ਮਨ ਧਨ ਤੋਂ ਹਾਂ।’ ਪਰ ਜੇ ਅੰਦਰੂਨੀ ਫ਼ੁੱਟ ਜਾਰੀ ਰਹੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨਗੀ ਛੱਡ ਕੇ ਪੰਥਕ ਮਾਮਲਿਆਂ ਵੱਲ ਵਾਪਸ ਜਾਣਾ ਪੈ ਸਕਦਾ ਹੈ।
ਮਨਪ੍ਰੀਤ ਸਿੰਘ ਇਆਲੀ ਦੀ ਭੂਮਿਕਾ ਇਸ ਕਹਾਣੀ ਵਿੱਚ ਸਭ ਤੋਂ ਵਿਵਾਦਗ੍ਰਸਿਤ ਹੈ। ਉਨ੍ਹਾਂ ਨੇ ਪੇਂਡੂ ਚੋਣਾਂ ਤੋਂ ਬਾਅਦ ਪੰਥਕ ਏਕਤਾ ਦਾ ਸੱਦਾ ਦਿੱਤਾ ਅਤੇ ਸੁਖਬੀਰ ਬਾਦਲ ਨੂੰ ਇੱਕ ਮਹੀਨੇ ਦਾ ਸਮਾਂ ਦੇਣ ਦੀ ਗੱਲ ਕੀਤੀ। ਪਰ ਇਆਲੀ ਨੇ ਸ਼ਰਤ ਰੱਖੀ ਕਿ ਏਕਤਾ ਹੋਈ ਤਾਂ ਸੁਖਬੀਰ ਪ੍ਰਧਾਨ ਨਹੀਂ ਰਹਿ ਸਕਣਗੇ। ਇਆਲੀ ਨੇ ਕਿਹਾ ਕਿ ਉਹ ਨਵੇਂ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਰੱਖਦੇ ਅਤੇ ਉਨ੍ਹਾਂ ਨੇ ਕਦੇ ਮੀਟਿੰਗਾਂ ਵਿੱਚ ਹਿੱਸਾ ਨਹੀਂ ਲਿਆ। ਯਾਦ ਰਹੇ ਕਿ ਇਆਲੀ ਨੇ ਨਵੇਂ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਦਾ ਅਹੁਦਾ ਸਵੀਕਾਰ ਕੀਤਾ ਸੀ, ਪਰ ਹੁਣ ਇਨਕਾਰ ਕਰ ਰਹੇ ਹਨ। ਇਆਲੀ ਨੇ ਆਪਣੀ ਚੋਣ ਮੁਹਿੰਮ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਸਤਵੰਤ ਕੌਰ ਦੀਆਂ ਤਸਵੀਰਾਂ ਵਰਤੀਆਂ, ਪਰ ਗਿਆਨੀ ਹਰਪ੍ਰੀਤ ਸਿੰਘ ਦੀ ਨਹੀਂ।

Loading