
ਕੀਰਤਪੁਰ ਸਾਹਿਬ/ਏ.ਟੀ.ਨਿਊਜ਼:
ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਿੰਡ ਕਲਿਆਣਪੁਰ ਦੇ ਸਾਬਕਾ ਸਰਪੰਚ ਤਲਵਿੰਦਰ ਸਿੰਘ ਬਿੱਟੂ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੁਰਾਣੇ ਜਥੇਦਾਰਾਂ ਦੀ ਤੁਰੰਤ ਬਹਾਲੀ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਨਵੇਂ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਗਏ ਹਨ ਉਨ੍ਹਾਂ ਦੀ ਨਿਯੁਕਤੀ ਮਰਿਆਦਾ ਦੇ ਅਨੁਸਾਰ ਨਹੀਂ ਕੀਤੀ ਗਈ, ਇਸ ਕਰਕੇ ਉਨ੍ਹਾਂ ਨੂੰ ਕੋਈ ਵੀ ਪ੍ਰਵਾਨ ਨਹੀਂ ਕਰਦਾ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਹਦੇ ’ਤੇ ਜਲਦੀ ਧਿਆਨ ਦੇ ਕੇ, ਸਾਰੀਆਂ ਜਥੇਬੰਦੀਆਂ, ਸਮੁੱਚੇ ਖਾਲਸਾ ਪੰਥ ਦੀ ਮਰਿਆਦਾ ਦੇ ਮੁਤਾਬਿਕ ਹੀ ਸਾਰੇ ਕਾਰਜ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਜਥੇਦਾਰਾਂ ਨੂੰ ਹਟਾਉਣ ਦਾ ਤਰੀਕਾ ਗਲਤ ਸੀ ਇਸ ਕਰਕੇ ਉਨ੍ਹਾਂ ਨੂੰ ਬਹਾਲ ਕੀਤਾ ਜਾਵੇ ਤੇ ਸਾਰੇ ਪੰਥ ਦੇ ਨਾਲ ਸਲਾਹ ਕਰਕੇ ਅਗਲਾ ਫ਼ੈਸਲਾ ਕਰਨਾ ਚਾਹੀਦਾ ਹੈ ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਆਪਣੇ ਫ਼ੈਸਲੇ ’ਤੇ ਕਾਇਮ ਹਨ ਤੇ ਵਿਸਾਖੀ ਮੌਕੇ ਸ੍ਰੀ ਦਮਦਮਾ ਸਾਹਿਬ ਵਿਖੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੀ ਮੁੜ ਤੋਂ ਇਕੱਤਰਤਾ ਕਰਕੇ ਗੁਰਮਤਾ ਕੀਤਾ ਜਾਵੇਗਾ। ਉਨ੍ਹਾਂ ਆਸ ਪ੍ਰਗਟ ਕੀਤੀ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਗੁਰਮਤੇ ਤੋਂ ਪਹਿਲਾਂ ਪਹਿਲਾਂ ਪੁਰਾਣੇ ਜਥੇਦਾਰਾਂ ਦੀ ਬਹਾਲੀ ਕਰ ਦਿੱਤੀ ਜਾਵੇ।