ਨਵੇਂ ਸਾਲ ਨੂੰ ਜੀ ਆਇਆਂ ਕਹਿੰਦਿਆਂ…..

In ਮੁੱਖ ਲੇਖ
January 01, 2025
ਜਗਮੋਹਨ ਸਿੰਘ ਲੱਕੀ: ਨਵੇਂ ਸਾਲ 2025 ਨੇ ਸਾਡੇ ਬੂਹਿਆਂ ’ਤੇ ਦਸਤਕ ਦੇ ਦਿੱਤੀ ਹੈ। ਇਸ ਨਵੇਂ ਸਾਲ ਦੀ ਸ਼ੁਰੂਆਤ ਮੌਕੇੇ ਪੂੁਰੇ ਆਲਮ ਵਿੱਚ ਹੀ ਜਸ਼ਨ ਮਨਾਏ ਜਾ ਰਹੇ ਹਨ, ਇੱਕ ਪਾਸੇ ਖੁਸ਼ੀ ਵਿੱਚ ਢੋਲ ਤੇ ਨਗਾੜੇ ਵੱਜ ਰਹੇ ਹਨ, ਦੂਜੇ ਪਾਸੇ ਡਿਸਕੋ, ਪੋਪ ਸੰਗੀਤ ਦੀਆਂ ਧੁਨਾਂ ਉਪਰ ਅੱਲ੍ਹੜ, ਜਵਾਨ ਉਮਰ ਦੇ ਨਾਲ ਹੀ ਅਧਖੜ ਉਮਰ ਦੇ ਵਿਅਕਤੀ ਵੀ ਡਾਂਸ ਕਰਕੇ ਖੁਸ਼ੀ ਮਨਾ ਰਹੇ ਹਨ। ਇਸ ਦੇ ਨਾਲ ਹੀ ਧਾਰਮਿਕ ਅਕੀਦੇ ਵਾਲੇ ਲੋਕ ਧਾਰਮਿਕ ਸਥਾਨਾਂ ਵਿੱਚ ਜਾ ਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਹਨ। ਗੱਲ ਕੀ, ਹਰ ਵਿਅਕਤੀ ਹੀ ਇਸ ਦਿਨ ਖੁਸ਼ ਜਿਹਾ ਦਿਖਾਈ ਦਿੰਦਾ ਹੈ। ਵੱਡੀ ਗਿਣਤੀ ਲੋਕ ਇਸ ਦਿਨ ਇੱਕ ਦੂਜੇ ਨੂੰ ‘ਹੈਪੀ ਨਿਊ ਈਅਰ’ ਕਹਿੰਦੇ ਹਨ। ਦੁਨੀਆਂ ਭਰ ਵਿੱਚ ਨਵਾਂ ਸਾਲ 1 ਜਨਵਰੀ ਤੋਂ ਮਨਾਉਣ ਦਾ ਰਿਵਾਜ ਅੰਗਰੇਜ਼ਾਂ ਨੂੰ ਵੇਖ ਕੇ ਸ਼ੁਰੂ ਹੋਇਆ। ਅਸਲ ਵਿੱਚ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਸਾਰੀ ਦੁਨੀਆਂ ਵਿੱਚ ਅੰਗਰੇਜ਼ਾਂ ਦਾ ਹੀ ਰਾਜ ਹੁੰਦਾ ਸੀ। ਕਿਹਾ ਜਾਂਦਾ ਸੀ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਸੂਰਜ ਕਦੇ ਨਹੀਂ ਛਿਪਦਾ ਸੀ। ਇਹ ਗੱਲ ਇੱਕ ਤਰੀਕੇ ਨਾਲ ਠੀਕ ਵੀ ਕਹੀ ਜਾਂਦੀ ਹੈ ਕਿਉਂਕਿ ਕਿਸੇ ਸਮੇਂ ਅੰਗਰੇਜ਼ਾਂ ਦਾ ਰਾਜ ਹੀ ਐਡਾ ਵੱਡਾ ਸੀ ਕਿ ਇੱਕ ਪਾਸੇ ਸੂਰਜ ਚੜ੍ਹਦਾ ਸੀ, ਦੂਜੇ ਪਾਸੇ ਛਿਪਦਾ ਹੁੰਦਾ ਸੀ। ਸਾਇੰਸ ਅਤੇ ਇਤਿਹਾਸ ਦੇ ਵਿਦਿਆਰਥੀ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਨ। ਇਹੀ ਕਾਰਨ ਹੈ ਕਿ ਅੰਗਰੇਜ਼ਾਂ ਵਾਂਗੂੰ ਪੂਰੀ ਦੁਨੀਆਂ 1 ਜਨਵਰੀ ਤੋਂ ਸ਼ੁਰੂਆਤ ਕਰਦੀ ਹੈ। ਸਿੱਖਾਂ ਦਾ ਨਵਾਂ ਸਾਲ ਚੇਤ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿੱਚ ਕਈ ਲੋਕ ਦਿਵਾਲੀ ਮੌਕੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹਨ, ਉੱਥੇ ਨਵਾਂ ਸਾਲ ਦਿਵਾਲੀ ਤੋਂ ਸ਼ੁਰੂ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਅੰਗਰੇਜ਼ਾਂ ਵਾਂਗੂੰ 1 ਜਨਵਰੀ ਤੋਂ ਹੀ ਨਵੇਂ ਸਾਲ ਦੀ ਸ਼ੁਰੂਆਤ ਰਸਮੀ ਤੌਰ ’ਤੇ ਕੀਤੀ ਜਾਂਦੀ ਹੈ। ਨਵੇਂ ਸਾਲ ਮੌਕੇ ਵੱਖ-ਵੱਖ ਸ਼ਹਿਰਾਂ ਵਿੱਚ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ ਅਤੇ ਲੰਗਰ ਵੀ ਲਾਏ ਜਾਂਦੇ ਹਨ। ਇਸ ਤਰ੍ਹਾਂ ਧਾਰਮਿਕ ਰੀਤ-ਮਰਿਆਦਾ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਵੱਡੀ ਗਿਣਤੀ ਲੋਕ ਇਸ ਦਿਨ ਇੱਕ ਦੂਜੇ ਨੂੰ ਹੈਪੀ ਨਿਊ ਈਅਰ ਕਹਿੰਦੇ ਹਨ, ਇਸ ਦਿਨ ਲੋਕ ਭੁੱਲ ਜਾਂਦੇ ਹਨ ਕਿ ਮਹਿੰਗਾਈ ਨੇ ਉਹਨਾਂ ਦੀ ਕਮਰ ਤੋੜ ਦਿੱਤੀ ਹੈ, ਸਰਕਾਰੀ ਨੌਕਰੀ ਦੀ ਝਾਕ ਵਿੱਚ ਜਿਹੜੇ ਜਵਾਨ ਮੁੰਡੇ ਜਵਾਨੀ ਵਿੱਚ ਹੀ ਧੌਲ਼ੇ ਆਉਣ ਕਰਕੇ ਫ਼ਿਕਰਾਂ ਕਾਰਨ ਬੁੱਢੇ ਜਿਹੇ ਦਿਖਾਈ ਦਿੰਦੇ ਹਨ, ਉਹ ਵੀ ਇਸ ਦਿਨ ਚਿੱਟੇ ਵਾਲਾਂ ਨੂੰ ਡਾਈ ਲਗਾ ਕੇ ਨਵੇਂ ਕੱਪੜੇ ਪਾ ਕੇ ਯੂਨੀਵਰਸਿਟੀ ਜਾਂ ਕਾਲਜ ਤੇ ਸੱਜਣਾਂ ਦੇ ਘਰ ਅੱਗੇ ਗੇੜੀਆਂ ਜ਼ਰੂਰ ਮਾਰਦੇ ਹਨ। ਕਾਲਜਾਂ ਤੇ ਯੂਨੀਵਰਸਿਟੀ ਵਿੱਚ ਮੁੰਡੇ -ਕੁੜੀਆਂ ਗਸ਼ਤੀ ਟੋਲਿਆਂ ਵਾਂਗ ਫਿਰਦੇ ਹਨ। ਯੂਨੀਵਰਸਿਟੀ ਵਿੱਚ ਕਈ ਸਾਲ ਪੜਾਈ ਕੀਤੀ ਹੋਣ ਅਤੇ ਹੁਣ ਰਿਹਾਇਸ਼ ਹੀ ਇੱਕ ਯੂਨੀਵਰਸਿਟੀ ਸਾਹਮਣੇ ਆਉਣ ਕਰਕੇ ਮੈਂ ਇਸ ਵਰਤਾਰੇ ਨੂੰ ਹਰ ਸਾਲ ਹੀ ਨਵੇਂ ਸਾਲ ਵਾਲੇ ਦਿਨ ਵੇਖਦਾ ਹਾਂ। ਹੁਣ ਜ਼ਰ੍ਹਾ , ਸੋਚੋ ਖਾਂ! ਉਹਨਾਂ ਲੋਕਾਂ ਬਾਰੇ ਵੀ, ਜਿਨ੍ਹਾਂ ਦੇ ਬੀਤੇ ਸਾਲ ਵਿੱਚ ਮਾਪੇ ਗੁਜ਼ਰ ਗਏੇ ਹਨ ਜਾਂ ਵਿਦੇਸ਼ ਗਿਆ ਪੁੱਤ ਬਰਫ਼ੀਲੇ ਸਮੁੰਦਰੀ ਪਾਣੀਆਂ ਵਿੱਚ ਹੀ ਬਰਫ਼ ਬਣ ਗਿਆ/ਡੁੱਬ ਗਿਆ ਜਾਂ ਵਿਦੇਸ਼ ਵਿੱਚ ਉਸ ਦਾ ਕਤਲ ਹੋ ਗਿਆ ਜਾਂ ਫ਼ੇਰ ਫ਼ੌਜ ਵਿੱਚ ਭਰਤੀ ਪੁੱਤ ਦੇ ਛੁੱਟੀ ਆਉਣ ਦੀ ਥਾਂ ਉਸ ਦੀ ਲਾਸ਼ ਹੀ ਘਰ ਆ ਗਈ ਸੀ ਜਾਂ ਕਿਸੇ ਬਾਬਲ ਦੀ ਲਾਡਲੀ ਧੀ ਸਹੁਰਿਆਂ ਤੋਂ ਦੁਖੀ ਹੋਕੇ ਘਰ ਬੈਠ ਗਈ। ਅਜਿਹੇ ਲੋਕਾਂ/ਨੌਜਵਾਨਾਂ ਬਾਰੇ ਵੀ ਕੀ ਲਿਖ ਸਕਦੇ ਹਾਂ ਜਿਨ੍ਹਾਂ ਦੀ ਬੇਰੁਜ਼ਗਾਰੀ ਜਾਂ ਨਸ਼ੇ ਦੀ ਆਦਤ ਤੋਂ ਦੁਖੀ ਪਤਨੀ ਤਲਾਕ ਦੇ ਗਈ ਜਾਂ ਉਂਝ ਹੀ ਛੱਡ ਕੇ ਕਿਸੇ ਹੋਰ ਨਾਲ ਜਾਂਦੀ ਹੋਈ ਕੰਧ ਦੇ ਵਿੱਚ ਲੱਗੀ ਜਾਂ ਦਰਵਾਜੇ ਦੇ ਪਿਛਲੇ ਪਾਸੇ ਲੱਗੀ ਕਿੱਲੀ ਉੱਪਰ ਆਪਣੀ ਨਿਸ਼ਾਨੀ ਛੱਡ ਗਈ , ਉਹ ਨੌਜਵਾਨ ਤਾਂ ਬੈੱਡ ਦੀ ਢੋਅ ਉੱਪਰ ਪਈ ਪਤਨੀ ਨਾਲ ਗਲਵੱਕੜੀ ਪਾਕੇ ਖਿਚਾਈ ਗਈ ਫੋਟੋ ਵੱਲ ਵੇਖ ਕੇ ਮੀਲ ਭਰ ਲੰਬਾ ਹੌਕਾ ਲੈ ਕੇ ਨਵੇਂ ਸਾਲ ਦੇ ਦਿਨ ਸਵੇਰ ਵੇਲੇ ਮੁੜ ਰਜਾਈ ਵਿੱਚ ਹੀ ਤਾਂ ਮੂੰਹ ਲੁਕੋ ਕੇ ਰੋਣ ਜੋਗੇ ਰਹਿ ਜਾਂਦੇ ਹਨ। ਉਹਨਾਂ ਬੇਰੁਜ਼ਗਾਰਾਂ ਲਈ ਵੀ ਨਵਾਂ ਸਾਲ ਕੀ ਹੋਵੇਗਾ, ਜਿਨ੍ਹਾਂ ਨੂੰ ਮਿੱਤਰ/ਸਹੇਲੀ ਨਾਲ ਕੰਟੀਨ ਜਾਂ ਕਿਸੇ ਹੋਟਲ ਦੀ ਨੁਕਰੇ ਉਹਲੇ ਜਿਹੇ ਚਾਹ ਜਾਂ ਕੋਲਡ ਕੌਫੀ ਪੀਣ ਲਈ ਵੀ ਕਈ ਤਰਾਂ ਦੇ ਬਹਾਨੇ ਲਾ ਕੇ ਘਰਦਿਆਂ ਤੋਂ ਪੈਸੇ ਮੰਗਣੇ ਪੈਂਦੇ ਹਨ। ਜਵਾਨ ਪੁੱਤ ਜਦੋਂ ਆਪਣੇ ਪਿਤਾ ਤੋਂ ਦਸ ਕੁ ਰੁਪਏ ਵੀ ਮੰਗਦਾ ਹੈ ਤਾਂ ਬਾਪ ਤਾਂ ਪੈਸੇ ਦੇ ਦਿੰਦਾ ਹੈ, ਪਰ ਪੁੱਤ ਨੂੰ ਜਰੂੁਰ ਸ਼ਰਮ ਜਿਹੀ ਆਉਂਦੀ ਹੈ। ਇਹ ਸਮਾਜ ਵੀ ਅਜੀਬ ਸ਼ੈਅ ਹੈ ਇਥੇ ਤਾਂ ਇੱਕ ਹੀ ਪਰਿਵਾਰ ਦੇ ਤਾਂ ਪੰਜ -ਪੰਜ ਮੈਂਬਰ ਸਰਕਾਰੀ ਨੌਕਰੀਆਂ ਕਰਦੇ ਹਨ ਪਰ ਕਿਸੇ ਪਰਿਵਾਰ ਦੇ ਜਵਾਨ ਪੁੱਤ ਵੀ ਪੜ੍ਹ ਲਿਖ ਕੇ ਵਿਹਲੇ ਬੈਠੇ ਹਨ, ਉਹਨਾਂ ਨੂੰ ਸਰਕਾਰੀ ਤਾਂ ਕੀ, ਕੋਈ ਪ੍ਰਾਈਵੇਟ ਨੌਕਰੀ ਵੀ ਨਹੀਂਂ ਮਿਲਦੀ। ਹੁਣ ਉਹਨਾਂ ਲੋਕਾਂ ਬਾਰੇ ਵੀ ਕੀ ਮੈਂ ਲਿਖਾਂ? ਜਿਨ੍ਹਾਂ ਕੌਲ ਜਿੰਦਗੀ ਤਾਂ ਹੁੰਦੀ ਹੈ, ਪਰ ਜਿਊਣ ਦਾ ਹੱਕ ਜਿਹਾ ਨਹੀਂਂ ਹੁੰਦਾ। ਉਹ ਆਜ਼ਾਦ ਮੁਲਕ ਦੇ ਵਾਸੀ ਹੋਣ ਦੇ ਬਾਵਜੁੂਦ ਵੀ ਗੁਲਾਮ ਜਿਹੇ ਹੁੰਦੇ ਹਨ। ਅਜਿਹੇ ਲੋਕਾਂ ਵਿੱਚ ਪ੍ਰਾਈਵੇਟ ਨੌਕਰੀ ਕਰਨ ਵਾਲੇ ਜਾਂ ਛੋਟਾ ਮੋਟਾ ਕੰਮ ਕਰਕੇ ਰੁਜ਼ਗਾਰ ਕਰਨ ਵਾਲੇ ਵੀ ਆ ਜਾਂਦੇ ਹਨ। ਨਵੇਂ ਸਾਲ ਨੂੰ ‘ਜੀ ਆਇਆਂ’ ਕਹਿੰਦਿਆਂ ਅਸੀਂ ਦੁਆ ਕਰਦੇ ਹਾਂ ਕਿ ਇਹ ਸਾਲ ਹਰ ਕਿਸੇ ਲਈ ਖ਼ੁਸ਼ੀਆਂ ਅਤੇ ਖੇੜੇ ਲੈ ਕੇ ਆਵੇ। ਇਸ ਦੇ ਨਾਲ ਹੀ ਅਸੀਂ ਹਰ ਆਮ ਅਤੇ ਖ਼ਾਸ ਨੂੰ ਇਹ ਅਪੀਲ ਵੀ ਕਰਦੇ ਹਾਂ ਕਿ ਆਓ! ਇਸ ਨਵੇਂ ਸਾਲ ਦੇ ਮੌਕੇ ਅਸੀਂ ਪ੍ਰਣ ਕਰੀਏ ਕਿ ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਅਸੀਂ ਖ਼ੁਦ ਇਮਾਨਦਾਰ ਰਹਿ ਕੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਵਿੱਚ ਆਪਣਾ ਯੋਗਦਾਨ ਪਾਵਾਂਗੇ। ਇਸ ਤੋਂ ਇਲਾਵਾ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਅਸੀਂ ਆਪਣੇ ਪੱਧਰ ’ਤੇ ਵੀ ਉਪਰਾਲੇ ਕਰਾਂਗੇ। ਨਵੇਂ ਸਾਲ ਮੌਕੇ ਸਾਨੂੰ ਆਪਣੇ ਸਾਰੇ ਹੀ ਗਿਲੇ ਸ਼ਿਕਵੇ ਭੁਲਾ ਕੇ ਨਵੇਂ ਸਾਲ ਦੀ ਸ਼ੁਰੂਆਤ ਖੁਸ਼ੀ ਤੇ ਨਵੇਂ ਉਤਸ਼ਾਹ ਨਾਲ ਕਰਨੀ ਚਾਹੀਦੀ ਹੈ। ਨਵੇਂ ਸਾਲ ਨੂੰ ਜੀ ਆਇਆਂ ਕਹਿੰਦਿਆਂ ਸਾਨੂੰ ਇਹ ਸੋਚ ਅਪਨਾਉਣੀ ਚਾਹੀਦੀ ਹੈ ਕਿ ਹਰ ਦਿਨ ਹੀ ਅਸੀਂ ਨਵੇਂ ਸਾਲ ਵਾਂਗ ਖੁਸ਼ ਰਹਾਂਗੇ ਤੇ ਉਤਸ਼ਾਹ ਨਾਲ ਕੰਮ ਕਰਾਂਗੇ ਅਤੇ ਨਿਰੋਏ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਵਾਂਗੇ। ਜਗਮੋਹਨ ਸਿੰਘ ਲੱਕੀ

Loading