ਨਸ਼ੇੜੀਆਂ ਦੀ ਕਰਤੂਤ: ਹਬੀਬ ਕੇ ਬੰਨ੍ਹ ਦੇ ਲੋਹੇ ਦੇ ਜਾਲ ਕੱਟੇ, ਤਬਾਹੀ ਦਾ ਖਤਰਾ

In ਪੰਜਾਬ
September 09, 2025

ਫਿਰੋਜ਼ਪੁਰ/ਏ.ਟੀ.ਨਿਊਜ਼: ਪੰਜਾਬ ਵਿੱਚ ਚਿੱਟੇ ਦੇ ਨਸ਼ੇ ਨੇ ਹੁਣ ਨਾ ਸਿਰਫ਼ ਨੌਜਵਾਨਾਂ ਨੂੰ ਉਡਾਇਆ ਹੈ, ਸਗੋਂ ਪੂਰੇ ਰਾਜ ਨੂੰ ਡੁੱਬਣ ਅਤੇ ਰੁੜ੍ਹਨ ਦੇ ਕੰਢੇ ਖੜ੍ਹਾ ਕਰ ਦਿੱਤਾ ਹੈ। ‘ਉਡਦਾ ਪੰਜਾਬ’ ਵਾਲੀ ਗੱਲ ਹੁਣ ਇਤਿਹਾਸ ਬਣ ਗਈ ਹੈ ਅਤੇ ਇਸ ਵਾਰ ਦੇ ਹੜ੍ਹਾਂ ਵਿੱਚ ਨਸ਼ੇੜੀਆਂ ਨੇ ਹਿੰਦ-ਪਾਕ ਸਰਹੱਦੀ ਬੰਨ੍ਹ ਹਬੀਬ ਕੇ ਨੂੰ ਨਿਸ਼ਾਨਾ ਬਣਾਇਆ। ਨਸ਼ੇ ਦੀ ਪੂਰਤੀ ਲਈ ਉਹਨਾਂ ਨੇ ਬੰਨ੍ਹ ਦੀਆਂ ਨੋਚਾਂ ਅਤੇ ਸੇਫਟੀ ਵਾਲਾਂ ਵਿੱਚ ਵਰਤੇ ਲੋਹੇ ਦੇ ਜਾਲ ਕੱਟ ਕੇ ਕਬਾੜੀਆਂ ਨੂੰ ਵੇਚ ਦਿੱਤੇ। ਨਤੀਜਾ ਇਹ ਹੋਇਆ ਕਿ ਤੇਜ਼ ਰਫ਼ਤਾਰ ਵਾਲੇ ਦਰਿਆ ਸਤਲੁਜ ਦੇ ਪਾਣੀ ਨੇ ਬੰਨ੍ਹ ਨੂੰ ਖੋਰਨਾ ਸ਼ੁਰੂ ਕਰ ਦਿੱਤਾ ਅਤੇ ਹਾਲਾਤ 1988 ਵਾਲੇ ਹੜ੍ਹਾਂ ਨਾਲੋਂ ਵੀ ਭੈੜੇ ਹੋ ਸਕਦੇ ਸਨ। ਪਰ ਪਿੰਡ ਵਾਸੀਆਂ ਦੀ ਸੁਚੇਤਤਾ ਅਤੇ ਫ਼ੌਜ ਦੀ ਤੁਰੰਤ ਕਾਰਵਾਈ ਨੇ ਵੱਡੀ ਤਬਾਹੀ ਨੂੰ ਰੋਕਿਆ।
ਹਬੀਬ ਕੇ ਬੰਨ੍ਹ, ਜੋ ਪਾਕਿਸਤਾਨ ਸਰਹੱਦ ਨਾਲ ਸਥਿਤ ਹੈ, ਪੰਜਾਬ ਦੀ ਸੁਰੱਖਿਆ ਅਤੇ ਹੜ੍ਹਾਂ ਤੋਂ ਬਚਾਅ ਦਾ ਮਹੱਤਵਪੂਰਨ ਹਿੱਸਾ ਹੈ। ਇੱਥੇ ਨਾਜ਼ੁਕ ਥਾਵਾਂ ’ਤੇ ਪੱਥਰਾਂ ਨਾਲ ਬਣੀਆਂ ਨੋਚਾਂ ਅੱਗੇ ਸੇਫਟੀ ਵਾਲ ਬਣਾਈ ਗਈ ਸੀ, ਜਿਸ ਵਿੱਚ ਵੱਡੇ ਪਹਾੜੀ ਪੱਥਰਾਂ ਨੂੰ ਲੋਹੇ ਦੇ ਮਜ਼ਬੂਤ ਜਾਲਾਂ ਵਿੱਚ ਬੰਨ੍ਹ ਕੇ ਰੱਖਿਆ ਗਿਆ ਸੀ। ਇਹ ਜਾਲ ਪਾਣੀ ਦੇ ਤੇਜ਼ ਵਹਾਅ ਨੂੰ ਰੋਕਣ ਅਤੇ ਬੰਨ੍ਹ ਨੂੰ ਮਜ਼ਬੂਤ ਰੱਖਣ ਲਈ ਬਣਾਏ ਗਏ ਸਨ। ਪਰ ਨਸ਼ੇੜੀਆਂ ਨੇ ਇਨ੍ਹਾਂ ਨੂੰ ਵੀ ਲੁੱਟ ਲਿਆ। ਜਗ੍ਹਾ-ਜਗ੍ਹਾ ਜਾਲ ਕੱਟੇ ਜਾਣ ਕਾਰਨ ਪੱਥਰ ਪਾਣੀ ਵਿੱਚ ਰੁੜ੍ਹ ਗਏ, ਅਤੇ ਹਰੀ ਕੇ ਹੈੱਡ ਤੋਂ ਆਉਾਂਦਾਪਾਣੀ ਸਿੱਧਾ ਬੰਨ੍ਹ ਨਾਲ ਟਕਰਾਉਣ ਲੱਗਾ। ਇਸ ਨਾਲ ਡੂੰਘੀਆਂ ਘਾਰਾਂ ਪੈਣ ਲੱਗ ਪਈਆਂ, ਜੋ ਬੰਨ੍ਹ ਨੂੰ ਟੁੱਟਣ ਵਾਲੀ ਸਥਿਤੀ ਬਣਾ ਰਹੀਆਂ ਸਨ।
ਪਿੰਡ ਹਬੀਬ ਕੇ ਦੇ ਵਾਸੀਆਂ ਨੇ ਇਹ ਨਜ਼ਾਰਾ ਵੇਖ ਕੇ ਫੌਰੀ ਐਲਰਟ ਕੀਤਾ। ਉਹਨਾਂ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਫੌਜ ਨੂੰ ਬੁਲਾ ਲਿਆ ਗਿਆ। ਨਾ ਸਿਰਫ਼ ਫ਼ੌਜ, ਸਗੋਂ ਪੰਜਾਬ ਭਰ ਤੋਂ, ਰਾਜਸਥਾਨ ਅਤੇ ਹਰਿਆਣਾ ਤੱਕ ਤੋਂ ਆਈਆਂ ਸੰਗਤਾਂ ਨੇ ਹੰਭਲਾ ਮਾਰਦਿਆਂ ਬੰਨ੍ਹ ਨੂੰ ਬਚਾਇਆ। ਲੋਕਾਂ ਨੇ ਰੇਤ ਦੀਆਂ ਬੋਰੀਆਂ ਭਰੀਆਂ, ਪੱਥਰ ਲਾਏ ਅਤੇ ਘਾਰਾਂ ਨੂੰ ਭਰਨ ਵਿੱਚ ਲੱਗ ਗਏ। ਇੱਕ ਵਾਸੀ ਨੇ ਦੱਸਿਆ, ‘ਅਸੀਂ ਨਸ਼ੇੜੀਆਂ ਦੇ ਕੰਮ ਨੂੰ ਵੇਖ ਕੇ ਡਰ ਗਏ, ਪਰ ਸਭ ਨੇ ਮਿਲ ਕੇ ਬੰਨ੍ਹ ਨੂੰ ਬਚਾ ਲਿਆ। ਜੇ ਟੁੱਟ ਜਾਂਦਾ ਤਾਂ ਪੂਰਾ ਫਿਰੋਜ਼ਪੁਰ ਤਬਾਹ ਹੋ ਜਾਂਦਾ।’ ਇਹ ਵਾਕਿਆ ਪੰਜਾਬ ਵਿੱਚ ਚਿੱਟੇ ਦੇ ਨਸ਼ੇ ਦੇ ਵਧਦੇ ਪ੍ਰਭਾਵ ਨੂੰ ਉਜਾਗਰ ਕਰਦਾ ਹੈ, ਜਿੱਥੇ ਨਸ਼ੇੜੀਆਂ ਨੇ ਚੋਰੀਆਂ-ਚੱਕਰੀਆਂ ਤੋਂ ਇਲਾਵਾ ਨਹੀਰਾਂ ਦੇ ਪੁੱਲਾਂ ਅਤੇ ਹੁਣ ਬੰਨ੍ਹਾਂ ਦੇ ਜਾਲਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਇਸ ਮਾਮਲੇ ਵਿੱਚ ਹੈਰਾਨੀਜਨਕ ਗੱਲ ਇਹ ਹੈ ਕਿ ਨਸ਼ੇੜੀਆਂ ਵੱਲੋਂ ਕੱਟੇ ਗਏ ਲੋਹੇ ਨੂੰ ਕਬਾੜੀਆਂ ਖਰੀਦ ਰਹੇ ਹਨ, ਪਰ ਪੁਲਿਸ ਵੱਲੋਂ ਉਹਨਾਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਹੋ ਰਹੀ। ਬੀਤੇ ਦਹਾਕਿਆਂ ਤੋਂ ਚੋਰੀ ਦਾ ਮਾਲ ਖਰੀਦਣ ਵਾਲੇ ਕਬਾੜੀਆਂ ਨੂੰ ਫੜ੍ਹਨ ਤੋਂ ਬਾਅਦ ਵੀ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਰਿਹਾ ਹੈ। ਪਿੰਡਾਂ ਵਿੱਚ ਕਿਸਾਨਾਂ ਦੀਆਂ ਮੋਟਰਾਂ ਤੋਂ ਸਟਾਰਟਰ ਅਤੇ ਸਬਮਰਸੀਬਲਾਂ ਦੀਆਂ ਤਾਰਾਂ ਚੋਰੀ ਹੋਣ ’ਤੇ ਵੀ ਚੋਰ ਕਬਾੜੀਆਂ ਦੇ ਨਾਂ ਲੈਂਦੇ ਹਨ, ਪਰ ਪੁਲਿਸ ਨੇ ਕਦੇ ਵੀ ਵੱਡੀ ਕਾਰਵਾਈ ਨਹੀਂ ਕੀਤੀ।
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਹਬੀਬ ਕੇ ਬੰਨ੍ਹ ਸਮੇਤ ਸਾਰੀਆਂ ਨਾਜ਼ੁਕ ਥਾਵਾਂ ਦੀ ਰਿਪੇਅਰ ਅਤੇ ਸੁਰੱਖਿਆ ਲਈ ਯੋਜਨਾਬੰਦੀ ਕੀਤੀ ਜਾ ਰਹੀ ਹੈ। ਹੜ੍ਹਾਂ ਦੇ ਹਾਲਾਤ ਨਾਰਮਲ ਹੋਣ ’ਤੇ ਪਹਿਲਾਂ ਬੰਨ੍ਹਾਂ ਦੀ ਮੁੜ ਮਜ਼ਬੂਤੀ ਅਤੇ ਸਾਂਭ-ਸੰਭਾਲ ਦਾ ਕੰਮ ਹੋਵੇਗਾ। ਫੌਜ ਅਤੇ ਇੰਜੀਨੀਅਰਿੰਗ ਵਿਭਾਗ ਨਾਲ ਮਿਲ ਕੇ ਲੋਹੇ ਦੇ ਜਾਲਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਨਸ਼ੇੜੀਆਂ ਵਿਰੁੱਧ ਵਿਸ਼ੇਸ਼ ਨਿਗਰਾਨੀ ਵਧਾਈ ਜਾਵੇਗੀ। ਉਹਨਾਂ ਨੇ ਵਾਸੀਆਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਰਿਪੋਰਟ ਕਰਨ।

Loading