ਨਹੀਂ ਰਹੇ 114 ਸਾਲਾ ਦੌੜਾਕ ਫ਼ੌਜਾ ਸਿੰਘ

In ਮੁੱਖ ਖ਼ਬਰਾਂ
July 15, 2025

ਜਲੰਧਰ/ਏ.ਟੀ.ਨਿਊਜ਼ : ਮੈਰਾਥਨ ਦੌੜਾਕ ਫ਼ੌਜਾ ਸਿੰਘ ਦੀ ਪਿਛਲੇ ਦਿਨੀਂ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ 114 ਸਾਲ ਦੇ ਸਨ। ਜਦੋਂ ਉਹ ਘਰ ਤੋਂ ਬਾਹਰ ਸੈਰ ਕਰ ਰਹੇ ਸਨ ਤਾਂ ਇੱਕ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਉਹਨਾਂ ਨੂੰ ਜ਼ਖ਼ਮੀ ਹਾਲਤ ਵਿੱਚ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਬਿਆਸ ਪਿੰਡ ’ਚ ਪਹਿਲੀ ਅਪ੍ਰੈਲ 1911 ਨੂੰ ਹੋਇਆ ਸੀ। ਫ਼ੌਜਾ ਸਿੰਘ ਪੜ੍ਹੇ-ਲਿਖੇ ਨਹੀਂ ਸਨ ਅਤੇ ਪੰਜਾਬੀ ਬੋਲਣੀ ਜਾਣਦੇ ਸਨ ਪਰ ਪੜ੍ਹਨੀ ਨਹੀਂ। ਜਵਾਨ ਹੋਣ ’ਤੇ ਉਹਨਾਂ ’ਚ ਦੌੜਨ ਦਾ ਸ਼ੌਕ ਪੈਦਾ ਹੋ ਗਿਆ। ਉਹ 1947 ਵਿੱਚ ਭਾਰਤ-ਪਾਕਿਸਤਾਨ ਵੰਡ ਤੋਂ ਕਾਫ਼ੀ ਦੁਖੀ ਹੋਏ ਸਨ। ਉਹਨਾਂ ਦੇ ਦੇਹਾਂਤ ਨਾਲ ਉਹਨਾਂ ਦੇ ਪ੍ਰਸੰਸਕਾਂ ਨੂੰ ਵੱਡਾ ਸਦਮਾ ਲੱਗਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਜਦੋਂ ਫ਼ੌਜਾ ਸਿੰਘ 89 ਸਾਲਾਂ ਦੇ ਸਨ ਤਾਂ ਉਨ੍ਹਾਂ ਦੀ ਪਤਨੀ ਅਤੇ ਬੱਚੇ ਦੀ ਇਕ ਹਾਦਸੇ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਵੱਡਾ ਸਦਮਾ ਲੱਗਾ ਅਤੇ ਉਹ ਤਣਾਅ ਵਿੱਚ ਰਹਿਣ ਲੱਗ ਪਏ। ਉਦੋਂ ਤੋਂ ਹੀ ਉਨ੍ਹਾਂ ਨੇ ਮੈਰਾਥਨ ਦੌੜਨ ਦਾ ਫ਼ੈਸਲਾ ਕੀਤਾ ਤੇ ਕਈ ਖ਼ਿਤਾਬ ਵੀ ਜਿੱਤੇ।

Loading