ਨਾਇਜੀਰੀਆ ਨਾਲ ਰਣਨੀਤਕ ਭਾਈਵਾਲੀ ਨੂੰ ਤਰਜੀਹ ਦਿੰਦੈ ਭਾਰਤ: ਮੋਦੀ

In ਮੁੱਖ ਖ਼ਬਰਾਂ
November 18, 2024
ਅਬੂਜਾ, 18 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਾਇਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟਿਨੂਬੂ ਨਾਲ ਮੀਟਿੰਗ ਦੌਰਾਨ ਕਿਹਾ ਕਿ ਭਾਰਤ, ਨਾਇਜੀਰੀਆ ਨਾਲ ਆਪਣੀ ਰਣਨੀਤਕ ਭਾਈਵਾਲੀ ਨੂੰ ਤਰਜੀਹ ਦਿੰਦਾ ਹੈ ਅਤੇ ਉਹ ਰੱਖਿਆ, ਊਰਜਾ ਅਤੇ ਵਪਾਰ ਸਮੇਤ ਵੱਖ ਵੱਖ ਖੇਤਰਾਂ ’ਚ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰੇਗਾ। ਮੀਟਿੰਗ ਦੌਰਾਨ ਟੀਵੀ ’ਤੇ ਆਪਣੇ ਉਦਘਾਟਨੀ ਭਾਸ਼ਨ ’ਚ ਮੋਦੀ ਨੇ ਅਤਿਵਾਦ, ਵੱਖਵਾਦ, ਸਮੁੰਦਰੀ ਡਕੈਤੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਮੁੱਖ ਚੁਣੌਤੀਆਂ ਦੱਸਿਆ ਅਤੇ ਕਿਹਾ ਕਿ ਦੋਵੇਂ ਮੁਲਕ ਇਨ੍ਹਾਂ ਨਾਲ ਸਿੱਝਣ ਲਈ ਰਲ ਕੇ ਕੰਮ ਕਰਨਾ ਜਾਰੀ ਰਖਣਗੇ। ਮੋਦੀ ਐਤਵਾਰ ਸਵੇਰੇ ਅਬੂਜਾ ਪਹੁੰਚੇ ਜਿਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਹ 17 ਸਾਲਾਂ ਮਗਰੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਨਾਇਜੀਰੀਆ ’ਚ ਪਹਿਲਾ ਦੌਰਾ ਹੈ। ਵਫ਼ਦ ਪੱਧਰ ਦੀ ਵਾਰਤਾ ਤੋਂ ਪਹਿਲਾਂ ਮੋਦੀ ਅਤੇ ਟਿਨੂਬੂ ਨੇ ਰਾਸ਼ਟਰਪਤੀ ਭਵਨ ’ਚ ਇਕੱਲਿਆਂ ਮੀਟਿੰਗ ਕੀਤੀ। ਇਸ ਮਗਰੋਂ ਸੱਭਿਆਚਾਰਕ ਆਦਾਨ-ਪ੍ਰਦਾਨ, ਕਸਟਮਸ ਅਤੇ ਸਰਵੇਖਣ ’ਚ ਸਹਿਯੋਗ ਸਬੰਧੀ ਤਿੰਨ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਨਾਇਜੀਰੀਆ ਨਾਲ ਆਪਣੀ ਰਣਨੀਤਕ ਭਾਈਵਾਲੀ ਨੂੰ ਵਧੇਰੇ ਤਰਜੀਹ ਦਿੰਦੇ ਹਾਂ। ਮੈਨੂੰ ਭਰੋਸਾ ਹੈ ਕਿ ਸਾਡੀ ਵਾਰਤਾ ਮਗਰੋਂ ਦੁਵੱਲੇ ਸਬੰਧਾਂ ’ਚ ਇਕ ਨਵਾਂ ਅਧਿਆਏ ਸ਼ੁਰੂ ਹੋਵੇਗਾ।’’ ਮੋਦੀ ਨੇ ਕਰੀਬ 60 ਹਜ਼ਾਰ ਪਰਵਾਸੀ ਭਾਰਤੀਆਂ ਨੂੰ ਭਾਰਤ-ਨਾਇਜੀਰੀਆ ਸਬੰਧਾਂ ਦਾ ਮੁੱਖ ਥੰਮ੍ਹ ਦੱਸਿਆ ਅਤੇ ਉਨ੍ਹਾਂ ਦੀ ਭਲਾਈ ਯਕੀਨੀ ਬਣਾਉਣ ਲਈ ਟਿਨੂਬੂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਪਿਛਲੇ ਮਹੀਨੇ ਹੜ੍ਹਾਂ ਤੋਂ ਪ੍ਰਭਾਵਿਤ ਨਾਇਜੀਰਿਆਈ ਲੋਕਾਂ ਲਈ 20 ਟਨ ਰਾਹਤ ਸਮੱਗਰੀ ਭੇਜ ਰਿਹਾ ਹੈ। ਉਨ੍ਹਾਂ ਪਿਛਲੇ ਸਾਲ ਭਾਰਤ ਦੀ ਮੇਜ਼ਬਾਨੀ ਹੇਠ ਹੋਏ ਜੀ-20 ਸਿਖਰ ਸੰਮੇਲਨ ’ਚ ਅਫ਼ਰੀਕੀ ਯੂਨੀਅਨ ਦੇ ਸਥਾਈ ਮੈਂਬਰ ਬਣਨ ਦਾ ਵੀ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਮੋਦੀ ਨੇ ‘ਐਕਸ’ ’ਤੇ ਕਿਹਾ ਕਿ ਨਾਇਜੀਰੀਆ ’ਚ ਭਾਰਤੀ ਫਿਰਕੇ ਵੱਲੋਂ ਨਿੱਘੇ ਸਵਾਗਤ ਨਾਲ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਇਕ ਹੋਰ ਪੋਸਟ ’ਚ ਕਿਹਾ ਕਿ ਮਰਾਠੀ ਭਾਸ਼ਾ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤੇ ਜਾਣ ’ਤੇ ਇਥੇ ਰਹਿੰਦੇ ਮਰਾਠੀ ਫਿਰਕੇ ਨੇ ਖੁਸ਼ੀ ਜਤਾਈ ਹੈ। ਇਸ ਮਗਰੋਂ ਮੋਦੀ ਜੀ-20 ਸੰਮੇਲਨ ’ਚ ਹਿੱਸਾ ਲੈਣ ਲਈ ਬ੍ਰਾਜ਼ੀਲ ਰਵਾਨਾ ਹੋ ਗਏ।

Loading