ਡਾਕਟਰ ਚਮਕੌਰ ਸਿੰਘ :
ਪਿਛਲੇ ਦਿਨੀਂ ਮੱਧਪ੍ਰਦੇਸ਼ 'ਚ ਜਬਲਪੁਰ ਨੇੜੇ ਸ਼ਹਿਡੋਲ ਸ਼ਹਿਰ ਵਿਚ ਸਿੰਧੀ ਭਾਈਚਾਰੇ ਦੀ ਇਕ 13 ਸਾਲ ਦੀ ਨਾਬਾਲਗ ਬੱਚੀ ਵਲੋਂ ਅਗਿਆਨਤਾਵੱਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭੇਸ ਧਾਰਨ ਕਰਨ ਵਾਲੀ ਘਟਨਾ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਉਸ ਨੇ ਹਰ ਇਕ ਸਿੱਖ ਦੇ ਹਿਰਦੇ ਨੂੰ ਝੰਜੋੜ ਕੇ ਰੱਖ ਦਿੱਤਾ । ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ? ਅਜਿਹੇ ਕਿਸੇ ਵਰਤਾਰੇ ਬਾਰੇ ਸਤਹੀ ਪੱਧਰ ਦਾ ਪ੍ਰਤੀਕਰਮ ਦੇ ਦੇਣਾ ਬਹੁਤ ਸੌਖਾ ਹੁੰਦਾ ਹੈ ਪਰੰਤੂ ਉਸ ਦੇ ਨਤੀਜੇ ਕਿੰਨੇ ਗੰਭੀਰ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ ।ਹਰ ਮਸਲੇ ਦੀ ਕੋਈ ਇਕ ਪਰਤ ਜਾਂ ਕੋਈ ਇਕ ਪਾਸਾਰ ਨਹੀਂ ਹੁੰਦਾ । ਸਿਆਣੀਆਂ ਕੌਮਾਂ ਅਤੇ ਉਨ੍ਹਾਂ ਦੇ ਆਗੂ ਅਜਿਹੇ ਮਸਲਿਆਂ ਨੂੰ ਗੰਭੀਰਤਾ ਨਾਲ ਘੋਖ-ਵਿਚਾਰ ਕੇ ਆਪਣਾ ਪ੍ਰਤੀਕਰਮ ਹੀ ਨਹੀਂ ਦਿੰਦੇ, ਬਲਕਿ ਉਨ੍ਹਾਂ ਦੇ ਹੱਲ ਬਾਰੇ ਦੂਰਅੰਦੇਸ਼ ਵਿਉਂਤਬੰਦੀ ਕਰ ਕੇ ਉਸ ਨੂੰ ਅਮਲੀ ਜਾਮਾ ਵੀ ਪਹਿਨਾਉਂਦੇ ਹਨ ।
ਅਸੀਂ ਪੰਜਾਬੀ, ਸਿੰਧੀ ਭਾਈਚਾਰੇ ਬਾਰੇ ਬਿਲਕੁਲ ਵੀ ਨਹੀਂ ਜਾਣਦੇ ਜਾਂ ਬਹੁਤ ਘੱਟ ਜਾਣਦੇ ਹਾਂ; ਇਹ ਸਾਨੂੰ ਮੰਨ ਲੈਣਾ ਚਾਹੀਦਾ ਹੈ । ਨਾਨਕਪੰਥੀ ਸੰਗਤਾਂ, ਜਿਨ੍ਹਾਂ 'ਚ ਕੇਵਲ ਸਿੰਧੀ ਹੀ ਸ਼ਾਮਿਲ ਨਹੀਂ, ਬਲਕਿ ਇਨ੍ਹਾਂ ਤੋਂ ਇਲਾਵਾ ਸਿਕਲੀਗਰ, ਵਣਜਾਰੇ, ਸਤਿਨਾਮੀਏ, ਲਾਮੇ ਅਤੇ ਹੋਰ ਬਹੁਤ ਸਾਰੇ ਕਬੀਲੇ ਵੀ ਸ਼ਾਮਿਲ ਹਨ ।ਇਨ੍ਹਾਂ ਨਾਨਕਪੰਥੀ ਸੰਗਤਾਂ 'ਚ ਵਰਤਣ ਵਾਲੇ ਵਰਤਾਰੇ, ਪੰਜਾਬ ਅਤੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ 'ਚ ਵੱਸ ਰਹੇ ਮੁੱਖਧਾਰਾ ਦੇ ਸਿੱਖਾਂ ਨਾਲੋਂ ਬਹੁਤ ਸਾਰੇ ਮਾਮਲਿਆਂ ਵਿਚ ਵਿਲੱਖਣ ਹਨ । ਸਿੰਧੀ ਨਾਨਕਪੰਥੀ ਭਾਈਚਾਰਾ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਸਿੱਖੀ ਨਾਲ ਜੁੜਿਆ ਆ ਰਿਹਾ ਹੈ । ਦਸ ਗੁਰੂ ਸਾਹਿਬਾਨ, ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਤੱਕ ਸਿੰਧ ਅਤੇ ਪੰਜਾਬ ਦੇ ਲੋਕਾਂ ਵਿਚਕਾਰ ਬਹੁਤ ਹੀ ਗੂੜ੍ਹਾ ਰਿਸ਼ਤਾ ਰਿਹਾ ਹੈ; ਜਿਸ ਬਾਰੇ ਸਾਡਾ ਬਹੁਤਾ ਸਿੱਖ ਇਤਿਹਾਸ ਜਾਂ ਤਾਂ ਖਾਮੋਸ਼ ਹੈ ਜਾਂ ਕਿਤੇ-ਕਿਤੇ ਇਸ਼ਾਰੇ-ਮਾਤਰ ਖਿੰਡੇ-ਪੁੰਡੇ ਜ਼ਿਕਰ ਵਾਲੇ ਸਰੋਤ, ਸੰਤੋਸ਼ਜਨਕ ਜਾਣਕਾਰੀ ਮੁਹੱਈਆ ਨਹੀਂ ਕਰਵਾਉਂਦੇ । ਗੁਰੂ ਕਾਲ ਦੌਰਾਨ ਉਦਾਸੀ, ਨਿਰਮਲੇ, ਸੇਵਾਪੰਥੀ, ਸਿੱਖ ਸੰਪਰਦਾਵਾਂ/ਟਕਸਾਲਾਂ ਸਮੇਤ ਅਨੇਕ ਪੰਥਕ ਧਿਰਾਂ, ਸਿੰਧ ਵਿਚ ਵੱਖ-ਵੱਖ ਅਸਥਾਨਾਂ ਜਿਵੇਂ ਸੱਖਰ, ਭੱਖਰ, ਸ਼ਿਕਾਰਪੁਰ, ਹੈਦਰਾਬਾਦ, ਠੱਟਾ, ਕਰਾਚੀ ਆਦਿ ਥਾਵਾਂ ਉੱਤੇ ਸਿੰਧੀ ਨਾਨਕਪੰਥੀਆਂ ਵਿਚ ਸਿੱਖੀ ਦੀ ਖਸ਼ਬੂ ਫੈਲਾਉਂਦੇ ਰਹੇ । ਅੰਗਰੇਜ਼ੀ ਬਸਤੀਵਾਦ ਦੌਰਾਨ ਸਿੰਘ ਸਭਾ ਲਹਿਰ ਵੇਲੇ ਚੀਫ਼ ਖ਼ਾਲਸਾ ਦੀਵਾਨ, ਭਾਈ ਵੀਰ ਸਿੰਘ ਜੀ, ਸੰਤ ਬਾਬਾ ਥਾਹਰਿਆ ਸਿੰਘ ਜੀ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ, ਸੰਤ ਗੁਰਮੁਖ ਸਿੰਘ ਜੀ ਪਟਿਆਲਾ, ਬਾਬਾ ਬੁੱਢਾ ਸਿੰਘ ਜੀ ਨਿਰਮਲੇ ਅਤੇ ਅਨੇਕਾਂ ਉਦਾਸੀ ਮਹਾਂਪੁਰਖਾਂ ਵਲੋਂ ਸਿੰਧੀ ਸੰਗਤਾਂ ਵਿਚ ਵਿਚਰਦੇ ਹੋਇਆ ਸਿੱਖੀ ਦਾ ਪ੍ਰਸਾਰ ਵੱਡੀ ਪੱਧਰ 'ਤੇ ਹੋਇਆ ।
ਇਹ ਤੱਥ ਵਿਸ਼ੇਸ਼ ਰੂਪ ਵਿਚ ਧਿਆਨ ਦੇਣਯੋਗ ਹੈ ਕਿ 1947 ਦੇ ਬਟਵਾਰੇ ਅਤੇ ਉਜਾੜੇ ਨੇ ਪੰਜਾਬੀਆਂ ਅਤੇ ਸਿੰਧੀਆਂ ਵਿਚਕਾਰ ਭੂਗੋਲਿਕ, ਸੱਭਿਆਚਾਰਕ ਅਤੇ ਧਾਰਮਿਕ ਪੱਖੋਂ ਬਹੁਤ ਵੱਡੀਆਂ ਦੂਰੀਆਂ ਸਿਰਜ ਦਿੱਤੀਆਂ ।ਇਹ ਇਕ ਵੱਡੀ ਵਜ੍ਹਾ ਬਣੀ ਕਿ ਸਿੰਧੀ ਭਾਈਚਾਰਾ, ਸਿੱਖੀ ਦੇ ਰਵਾਇਤੀ ਧਰਮ-ਕੇਂਦਰਾਂ ਅਤੇ ਮਾਨਤਾਵਾਂ ਤੋਂ ਦੂਰ ਰਹਿ ਗਿਆ । ਸੰਤਾਲੀ ਦੇ ਬਟਵਾਰੇ ਅਤੇ ਉਜਾੜੇ ਤੋਂ ਬਾਅਦ ਵੱਡੀਆਂ ਪੰਥਕ ਸੰਸਥਾਵਾਂ ਨੇ ਸਿੰਧੀ ਨਾਨਕਪੰਥੀਆਂ ਦੀ ਸਾਰ ਵੀ ਨਹੀਂ ਲਈ, ਜਿਸ ਕਰਕੇ ਇਨ੍ਹਾਂ ਵਿਚੋਂ ਕਾਫੀ ਗਿਣਤੀ ਦਾ ਝੁਕਾਅ ਹੌਲੀ-ਹੌਲੀ ਸਨਾਤਨੀ ਪਰੰਪਰਾ ਵੱਲ ਵਧਣ ਲੱਗਾ । ਖ਼ਾਸ ਕਰਕੇ ਪਿਛਲੇ ਸੱਤ-ਅੱਠ ਦਹਾਕਿਆਂ ਤੋਂ ਪੈ ਰਹੀਆਂ ਦਰਾੜਾਂ ਨੇ ਦੋਵੇਂ ਸਮਾਜਾਂ ਦੀ ਸਾਂਝ ਨੂੰ ਵੱਡੀ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ ।ਮਰਹੂਮ ਜਥੇਦਾਰ ਗਿਆਨੀ ਫੌਜਾ ਸਿੰਘ ਜੀ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਜੀ ਲਾਜ ਵਰਗੀਆਂ ਪੰਥਪ੍ਰਸਤ ਸ਼ਖ਼ਸੀਅਤਾਂ ਅਤੇ ਕੁਝ ਸੰਸਥਾਵਾਂ ਦੇ ਉਪਰਾਲੇ ਨਾਲ ਪਿਛਲੇ ਦੋ ਕੁ ਦਹਾਕਿਆਂ ਤੋਂ ਨਾਨਕਪੰਥੀਆਂ ਬਾਰੇ ਸਿੱਖ ਪੰਥ 'ਚ ਕੁਝ ਚੇਤਨਾ ਵਧ ਰਹੀ ਹੈ । ਸਿਕਲੀਗਰਾਂ ਅਤੇ ਵਣਜਾਰਿਆਂ ਦੀਆਂ ਬਸਤੀਆਂ ਵਿਚ ਸਥਾਨਕ ਪੱਧਰਾਂ ਉੱਪਰ ਕਈ ਥਾਵਾਂ ਉੱਤੇ ਕੁਝ ਸੇਵਾ ਕਾਰਜ ਸ਼ੁਰੂ ਹੋਏ ਹਨ, ਜਿਨ੍ਹਾਂ ਦੀ ਪੁਰਜ਼ੋਰ ਸਰਾਹਣਾ ਕਰਨੀ ਬਣਦੀ ਹੈ, ਪਰੰਤੂ ਇਸ ਦੇ ਬਾਵਜੂਦ ਅਜੇ ਬਹੁਤ ਕੁਝ ਕਰਨਾ ਲੋੜੀਂਦਾ ਹੈ ।
ਸ਼ਹਿਡੋਲ ਵਿਚ ਵਾਪਰੀ ਉਪਰੋਕਤ ਘਟਨਾ ਤੋਂ ਬਾਅਦ ਜੋ ਕੁਝ ਵੀ ਹੋ ਰਿਹਾ ਹੈ, ਉਹ ਬਹੁਤ ਵੱਡੇ ਪ੍ਰਸ਼ਨਾਂ ਦੇ ਘੇਰੇ ਵਿਚ ਹੈ | ਬਿਨਾਂ ਸ਼ੱਕ ਇਹ ਘਟਨਾ ਸਿੱਖੀ ਮਾਨਤਾਵਾਂ ਦੇ ਵਿਰੁੱਧ ਹੈ, ਜਿਸ ਬਾਰੇ ਬਹੁਤ ਸੁਚੇਤਤਾ ਅਤੇ ਚੌਕਸੀ ਦੀ ਲੋੜ ਹੈ ।ਪਰੰਤੂ ਇਹ ਬਿਲਕੁਲ ਵੀ ਠੀਕ ਨਹੀਂ ਕਿ ਸਿੰਧੀ ਭਾਈਚਾਰੇ ਨੂੰ ਜ਼ਿੰਮੇਵਾਰ ਠਹਿਰਾ ਕੇ ਸਿੱਖ ਪੰਥ ਦੇ ਬਾਕੀ ਹਿੱਸੇ ਜਾਂ ਧਿਰਾਂ ਆਪਣੇ ਆਪ ਨੂੰ ਸੁਰਖਰੂ ਸਮਝ ਲੈਣ । ਅਗਿਆਨਤਾ ਦੇ ਚੱਲਦਿਆਂ ਸਿੰਧੀ ਭਾਈਚਾਰੇ ਦੇ ਕਿਸੇ ਮੈਂਬਰ ਵਲੋਂ ਜੇਕਰ ਅਨਜਾਣੇ ਵਿਚ ਗਲਤੀ ਹੋ ਗਈ ਹੈ ਤਾਂ ਉਸ ਤੋਂ ਸੰਬੰਧਿਤ ਭਾਈਚਾਰੇ ਦੀ ਗਿਆਨਹੀਣਤਾ ਸਪੱਸ਼ਟ ਝਲਕਦੀ ਹੈ, ਪਰੰਤੂ ਉਸ ਤੋਂ ਬਾਅਦ ਪ੍ਰਤੀਕਰਮ ਵਜੋਂ ਜੋ ਕੁਝ ਵੀ ਹੋਇਆ ਜਾਂ ਹੋ ਰਿਹਾ ਹੈ, ਉਹ ਸਾਡੇ ਮਹਾਂ-ਅਗਿਆਨੀ ਹੋਣ ਦਾ ਸਬੂਤ ਬਣ ਰਿਹਾ ਹੈ ।ਹਰ ਕੋਈ ਜਣਾ-ਖਣਾ ਆਪਣੇ ਆਪ ਨੂੰ ਸੰਵੇਦਨਸ਼ੀਲ ਮਸਲਿਆਂ ਨੂੰ ਨਜਿੱਠਣ ਅਤੇ ਬਿਆਨਬਾਜ਼ੀ ਕਰਨ ਦਾ ਅਧਿਕਾਰੀ ਸਮਝ ਰਿਹਾ ਹੈ ਜੋ ਕਿ ਬਹੁਤ ਖ਼ਤਰਨਾਕ ਰੁਝਾਨ ਹੈ । ਸੋਸ਼ਲ ਮੀਡੀਆ ਦੇ ਅਜੋਕੇ ਭੰਬਲਭੂਸੇ ਵਾਲੇ ਜ਼ਮਾਨੇ 'ਚ ਜਦੋਂ ਕੋਈ ਰੋਕਣ-ਟੋਕਣ ਵਾਲਾ ਕੁੰਡਾ ਨਾ ਹੋਵੇ; ਸਹੀ ਮਾਰਗਦਰਸ਼ਨ ਕਰਨ ਵਾਲਾ ਨਾ ਲੱਭੇ ਤਾਂ ਅਜਿਹੇ ਪ੍ਰਤੀਕਰਮਾਂ ਸਦਕਾ ਹੋਣ ਵਾਲੇ ਵੱਡੇ ਕੌਮੀ ਨੁਕਸਾਨਾਂ ਅਤੇ ਦੁਰਦਸ਼ਾ ਨੂੰ ਰੋਕਿਆ ਨਹੀਂ ਜਾ ਸਕਦਾ ।
ਸੋ ਸਿੱਖ ਪੰਥ ਦੇ ਵਾਰਸੋ! ਜਾਗੋ! ਜਾਗਣ ਦਾ ਵੇਲਾ ਹੈ ।ਵਰਤ ਰਹੇ ਵਰਤਾਰਿਆਂ ਨੂੰ ਠੱਲ੍ਹ ਨਾ ਪਈ ਤਾਂ ਏਡੇ ਵੱਡੇ ਨੁਕਸਾਨਾਂ ਦੇ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਚੁੱਕੀਆਂ ਹਨ ਕਿ ਆਉਣ ਵਾਲੀਆਂ ਨਸਲਾਂ ਸਾਨੂੰ ਮੁਆਫ਼ ਨਹੀਂ ਕਰਨਗੀਆਂ । ਅਜੋਕੇ ਹਾਲਾਤ ਦੇ ਮੱਦੇਨਜ਼ਰ ਇਹ ਕਹਿਣਾ ਗਲਤ ਨਹੀਂ ਕਿ ਬਹੁਤ ਵੱਡੇ ਨੁਕਸਾਨ ਕਰਵਾ ਕੇ ਜਦੋਂ ਤੱਕ ਸਾਨੂੰ ਥੋੜ੍ਹੀ ਬਹੁਤ ਸੁਰਤ ਆਉਂਦੀ ਹੈ, ਉਦੋਂ ਤੱਕ ਵੇਲਾ ਵਿਹਾਅ ਚੁੱਕਿਆ ਹੁੰਦਾ ਹੈ । ਵਿਚਾਰ-ਅਧੀਨ ਮਾੜੀਆਂ ਘਟਨਾਵਾਂ ਦੇ ਮੱਦੇਨਜ਼ਰ ਸਪੱਸ਼ਟ ਹੁੰਦਾ ਹੈ ਕਿ ਪਿਛਲੇ ਸਾਲ ਦੇ ਸ਼ੁਰੂ 'ਚ ਵਾਪਰੀ ਇੰਦੌਰ ਘਟਨਾ ਤੋਂ ਅਸੀਂ ਕੁਝ ਵੀ ਨਹੀਂ ਸਿੱਖ ਸਕੇ । ਪੜਤਾਲਾਂ ਲਈ ਸਬ-ਕਮੇਟੀਆਂ ਬਣਦੀਆਂ ਹਨ ਪਰ ਉਨ੍ਹਾਂ ਦੀਆਂ ਸਿਫਾਰਸ਼ਾਂ ਉਪਰ ਅਮਲ ਕਦੇ ਨਹੀਂ ਹੁੰਦਾ । ਵਿਚਾਰਵਾਨਾਂ ਦੀਆਂ ਰਾਵਾਂ-ਸੁਝਾਵਾਂ ਉੱਤੇ ਬਿਲਕੁਲ ਵੀ ਕੰਨ ਨਹੀਂ ਧਰੇ ਜਾਂਦੇ ਬਲਕਿ ਇਨ੍ਹਾਂ ਨੂੰ ਰੱਜ ਕੇ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ।ਇਸ ਲਈ ਪੰਥ ਦੀਆਂ ਸੁਹਿਰਦ ਧਿਰਾਂ ਅਤੇ ਸ਼ਖ਼ਸੀਅਤਾਂ ਵਲੋਂ ਬਿਨਾਂ ਦੇਰੀ ਆਤਮ-ਮੰਥਨ ਦੀ ਪ੍ਰਕਿਰਿਆ ਵਿਚ ਪੈ ਕੇ ਠੋਸ ਅਤੇ ਦੂਰਅੰਦੇਸ਼ ਵਿਉਂਤਬੰਦੀ ਕਰਨਾ ਸਮੇਂ ਦੀ ਲੋੜ ਬਣ ਚੁੱਕਾ ਹੈ ।
ਕੀ ਕੀਤਾ ਜਾਵੇ?
1. ਸਿੰਧੀ ਭਾਈਚਾਰੇ ਸਮੇਤ ਨਾਨਕਪੰਥੀ ਸੰਗਤਾਂ ਅਤੇ ਕਬੀਲਿਆਂ 'ਚ ਜਿੱਥੇ-ਜਿੱਥੇ ਵੀ ਕਦੀ ਸਿੱਖੀ ਦੀ ਖਸ਼ਬੂ ਮਹਿਕਦੀ ਸੀ, ਉਨ੍ਹਾਂ ਨੂੰ ਸਿੱਖ ਪੰਥ ਦੀ ਮੁੱਖਧਾਰਾ ਨਾਲ ਜੋੜਨ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ । ਇਨ੍ਹਾਂ ਵਰਗਾਂ ਦੇ ਇਤਿਹਾਸ ਅਤੇ ਪਰੰਪਰਾਵਾਂ ਨੂੰ ਘੋਖਣ ਉਪਰੰਤ ਗੰਭੀਰ ਨਜ਼ਰਸਾਨੀ ਕਰਦਿਆਂ ਮੁੱਖਧਾਰਾ ਦੇ ਸਿੱਖਾਂ ਤੋਂ ਬਿਲਕੁਲ ਵੱਖਰੀ ਅਤੇ ਨਿਵੇਕਲੀ ਵਿਉਂਤਬੰਦੀ ਕੀਤੀ ਜਾਵੇ ।
2. ਸੰਬੰਧਤ ਧਿਰਾਂ ਅਰਥਾਤ ਸਿੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਤੋਂ ਇਲਾਵਾ ਸਿੱਖ ਵਿਚਾਰਵਾਨਾਂ, ਧਾਰਮਿਕ ਸ਼ਖ਼ਸੀਅਤਾਂ ਅਤੇ ਨਾਨਕਪੰਥੀ ਸ਼ਖ਼ਸੀਅਤਾਂ (ਜਿਵੇਂ ਉਦਾਸੀਆਂ, ਨਿਰਮਲਿਆਂ, ਸੇਵਾਪੰਥੀਆਂ, ਸਿੰਧੀਆਂ, ਸਿਕਲੀਗਰਾਂ, ਵਣਜਾਰਿਆਂ ਆਦਿ) ਦੀ ਇਕ ਸਾਂਝੀ ਪੰਥਕ ਪੱਧਰੀ ਤਾਲਮੇਲ/ਸਲਾਹਕਾਰ ਕਮੇਟੀ ਬਣੇ ਜੋ ਕਿਸੇ ਵੀ ਮਸਲੇ/ਸਮੱਸਿਆ ਬਾਰੇ ਆਪਣੀ ਵਡਮੁੱਲੀ ਰਾਏ ਦੇ ਕੇ ਲੋੜੀਂਦਾ ਅਮਲ ਕਰਵਾਉਣ ਲਈ ਅਧਿਕਾਰਤ ਹੋਵੇ | ਇਹ ਕਮੇਟੀ ਸੰਬੰਧਿਤ ਭਾਈਚਾਰਿਆਂ 'ਚ ਲਗਾਤਾਰ ਨਿਗਰਾਨੀ ਵੀ ਰੱਖੇ ਅਤੇ ਉਨ੍ਹਾਂ ਦੇ ਨਿਰੰਤਰ ਸੰਪਰਕ ਵਿਚ ਰਹੇ ।
3. ਪੰਜਾਬ ਤੋਂ ਬਾਹਰ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਕਰੋੜਾਂ ਦੀ ਗਿਣਤੀ 'ਚ ਵਸ ਰਹੇ ਇਨ੍ਹਾਂ ਨਾਨਕਪੰਥੀਆਂ ਦੇ ਵਸੇਬਿਆਂ/ਬਸਤੀਆਂ 'ਚ ਸਥਾਨਕ ਪੱਧਰ ਉਤੇ ਹਫ਼ਤਾਵਾਰੀ/ਮਹੀਨਾਵਾਰ ਛੋਟੇ-ਛੋਟੇ ਧਾਰਮਿਕ/ਸੰਗਤੀ ਸਮਾਗਮ ਕੀਤੇ ਜਾਣ, ਜਿਨ੍ਹਾਂ 'ਚ ਗੁਰਬਾਣੀ ਦਾ ਪਾਠ ਅਤੇ ਕੀਰਤਨ ਹੀ ਹੋਵੇ; ਹੋਰ ਕੋਈ ਵੀ ਸਟੇਜੀ ਪ੍ਰਚਾਰ ਵਰਗੀ ਗਤੀਵਿਧੀ ਨਾ ਹੋਵੇ | ਥਾਂ-ਥਾਂ ਗੁਰਮੁਖੀ ਸਕੂਲ ਖੋਲ੍ਹ ਕੇ ਗੁਰਮੁਖੀ ਸਿੱਖਣ-ਸਿਖਾਉਣ ਦੀ ਬਾਕਾਇਦਾ ਵਿਵਸਥਾ ਹੋਵੇ ।
4. ਨਾਨਕਪੰਥੀ ਕਬੀਲਿਆਂ ਦੇ ਬੱਚਿਆਂ ਨੂੰ ਵਿੱਦਿਅਕ ਅਤੇ ਰੁਜ਼ਗਾਰ ਪੱਖੋਂ ਸਵੈ-ਨਿਰਭਰ/ਸਮਰੱਥ ਬਣਾਉਣ ਲਈ ਲੰਬਾ ਸਬਰ ਰੱਖ ਕੇ ਵਿਉਂਤਬੱਧ ਤਰੀਕੇ ਨਾਲ ਵਿਹਾਰਕ ਕਾਰਜਾਂ ਨੂੰ ਵੱਡੀ ਪੱਧਰ ਉਪਰ ਅਮਲ 'ਚ ਲਿਆਂਦਾ ਜਾਵੇ ।
5. ਨਾਨਕਪੰਥੀ ਸੰਗਤਾਂ ਦੀ ਲੋੜ ਅਨੁਸਾਰ ਉਨ੍ਹਾਂ ਦੀ ਬੋਲੀ ਅਤੇ ਉਨ੍ਹਾਂ ਦੇ ਮੁਹਾਵਰੇ ਵਿਚ ਕੁਝ ਜ਼ਰੂਰੀ ਸਿੱਖ-ਸਾਹਿਤ, (ਵੱਖ-ਵੱਖ ਭਾਸ਼ਾਵਾਂ 'ਚ) ਛੋਟੇ-ਛੋਟੇ ਟ੍ਰੈਕਟਾਂ ਦੇ ਰੂਪ 'ਚ ਛਪਵਾ ਕੇ ਵੰਡਿਆ ਜਾਵੇ ।
6. ਉਪਰੋਕਤ ਕਾਰਜਾਂ ਨੂੰ ਕਰਨ ਲਈ ਕਿਸੇ ਇਕ ਧਿਰ ਜਾਂ ਸੰਸਥਾ ਦੀ ਜ਼ਿੰਮੇਵਾਰੀ ਨਾ ਸਮਝੀ ਜਾਵੇ, ਬਲਕਿ ਸਾਰੀਆਂ ਪੰਥਕ ਜਥੇਬੰਦੀਆਂ, ਸੰਸਥਾਵਾਂ ਅਤੇ ਸੰਪਰਦਾਵਾਂ ਰਲ-ਮਿਲ ਕੇ ਤਾਲਮੇਲ ਨਾਲ ਕੰਮ ਕਰਨ ।ਹਰ ਸਾਲ ਘੱਟੋ-ਘੱਟ ਇਕ ਵਾਰ ਪੰਜਾਬ ਜਾਂ ਪੰਜਾਬ ਤੋਂ ਬਾਹਰ ਦੇ ਕਿਸੇ ਵੀ ਤਖ਼ਤ ਸਾਹਿਬ ਉੱਤੇ ਨਾਨਕਪੰਥੀ ਸੰਗਤਾਂ ਦਾ ਵੱਡਾ ਕੇਂਦਰੀ ਸਮਾਗਮ ਲਾਜ਼ਮੀ ਸ਼ੁਰੂ ਕੀਤਾ ਜਾਵੇ ।
7. ਇਸ ਕਾਰਜ ਵਿਚ ਪੰਥ ਦੀਆਂ ਰਵਾਇਤੀ ਸੰਪਰਦਾਵਾਂ ਜਿਵੇਂ ਉਦਾਸੀ, ਨਿਰਮਲੇ ਅਤੇ ਸੇਵਾਪੰਥੀ ਸੰਸਥਾਵਾਂ ਨੂੰ ਉਚੇਚ ਨਾਲ ਸ਼ਾਮਿਲ ਕੀਤਾ ਜਾਵੇ, ਕਿਉਂਕਿ ਮੁੱਖਧਾਰਾ ਤੋਂ ਦੂਰ ਰਹਿ ਰਹੇ ਸਹਿਜਧਾਰੀ ਸਿੱਖਾਂ 'ਚ ਕੰਮ ਕਰਨ ਦੇ ਮਾਮਲੇ 'ਚ ਇਨ੍ਹਾਂ ਦਾ ਹੋਰਨਾਂ ਨਾਲੋਂ ਵਧੇਰੇ ਤਜਰਬਾ ਰਿਹਾ ਹੈ ।
ਇਨ੍ਹਾਂ ਉਪਰੋਕਤ ਕਾਰਜਾਂ ਨੂੰ ਪੂਰੀ ਸ਼ਿੱਦਤ ਅਤੇ ਲਗਾਤਾਰਤਾ ਨਾਲ ਨਿਭਾਇਆ ਜਾਵੇ । ਦਿਲ ਦੀ ਗਹਿਰਾਈ ਵਿਚੋਂ ਉਠੀ ਇਹ ਦਰਦ-ਭਰੀ ਵੇਦਨਾ, ਸਿੱਖ ਪੰਥ ਦੇ ਆਗੂਆਂ ਅਤੇ ਸੰਸਥਾਵਾਂ ਅੱਗੇ ਜੋਦੜੀ ਰੂਪ ਵਿਚ ਰੱਖੀ ਜਾ ਰਹੀ ਹੈ । ਉਮੀਦ ਹੈ ਇਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਗੰਭੀਰਤਾ ਅਤੇ ਸੰਜੀਦਗੀ ਨਾਲ ਲਿਆ ਜਾਵੇਗਾ | ਇਸ ਵੱਡੀ ਉਮੀਦ ਨਾਲ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਸਭ ਨੂੰ ਇਸ ਧਰਮ-ਯੱਗ ਵਿਚ ਤਿਲ-ਫੁੱਲ ਹਿੱਸਾ ਪਾਉਣ ਦੀ ਸ਼ਕਤੀ ਅਤੇ ਸਮਰੱਥਾ ਬਖ਼ਸ਼ੇ।
![]()
