ਨਾਭਾ ਦੇ ਸਰਪੰਚ ਨੂੰ ਲਾਲ ਕਿਲ੍ਹੇ ‘ਤੇ ਸ੍ਰੀ ਸਾਹਿਬ ਕਾਰਨ ਰੋਕਣ ਦੀ ਘਟਨਾ ਕਾਰਣ ਸਿੱਖ ਪੰਥ ਵਿਚ ਰੋਸ

In ਮੁੱਖ ਖ਼ਬਰਾਂ
August 18, 2025

ਬੀਤੇ ਦਿਨੀਂ ਨਾਭਾ ਬਲਾਕ ਦੇ ਪਿੰਡ ਕਲਸਾਣਾ ਦੀ ਪੰਚਾਇਤ ਨੂੰ ਸਵੱਛ ਭਾਰਤ ਅਭਿਆਨ ਅਧੀਨ ਸਫਾਈ ਲਈ ਸਨਮਾਨਿਤ ਕਰਨ ਦੇ ਮਕਸਦ ਨਾਲ 15 ਅਗਸਤ 2025 ਨੂੰ ਨਵੀਂ ਦਿੱਲੀ ਬੁਲਾਇਆ ਗਿਆ ਸੀ। ਪਿੰਡ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਜਲ ਸ਼ਕਤੀ ਮੰਤਰੀ ਵੀ. ਸਮਾਣਾ ਨੇ ਸਨਮਾਨਿਤ ਵੀ ਕੀਤਾ ਸੀ। ਪਰ ਉਸੇ ਦਿਨ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਉਣ ਵਾਲੇ ਸਨ, ਸਰਪੰਚ ਗੁਰਧਿਆਨ ਸਿੰਘ ਨੂੰ ਸੱਦਾ ਪੱਤਰ ਮਿਲਣ ਦੇ ਬਾਵਜੂਦ ਸੁਰੱਖਿਆ ਮੁਲਾਜ਼ਮਾਂ ਨੇ ਗੇਟ ‘ਤੇ ਰੋਕ ਲਿਆ। ਕਾਰਨ ਸੀ ਉਨ੍ਹਾਂ ਦਾ ਸ੍ਰੀ ਸਾਹਿਬ (ਕਿਰਪਾਨ) ਪਹਿਨਣਾ, ਜੋ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਹੈ। ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸ੍ਰੀ ਸਾਹਿਬ ਉਤਾਰਨ ਦੀ ਸ਼ਰਤ ‘ਤੇ ਹੀ ਅੰਦਰ ਜਾਣ ਦੀ ਇਜਾਜ਼ਤ ਦੇਣ ਦੀ ਗੱਲ ਕਹੀ। ਗੁਰਧਿਆਨ ਸਿੰਘ ਨੇ ਆਪਣੇ ਧਰਮ ਦੇ ਸਿਧਾਂਤਾਂ ਨੂੰ ਤਰਜੀਹ ਦਿੰਦਿਆਂ ਸ੍ਰੀ ਸਾਹਿਬ ਨਾ ਉਤਾਰਨ ਦਾ ਫੈਸਲਾ ਕੀਤਾ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਬਜਾਏ ਵਾਪਸ ਪਰਤ ਗਏ। ਉਨ੍ਹਾਂ ਨੇ ਇਸ ਘਟਨਾ ਨੂੰ ਸਿੱਖ ਭਾਵਨਾਵਾਂ ਦੀ ਬੇਇੱਜਤੀ ਦੱਸਿਆ ।ਉਨ੍ਹਾਂ ਕਿਹਾ ਕਿ ਭਾਰਤ ਦੀ ਰਾਜਧਾਨੀ ਵਿੱਚ ਅਜਿਹਾ ਵਿਵਹਾਰ ਅਸਵੀਕਾਰਨਯੋਗ ਹੈ। ਉਨ੍ਹਾਂ ਨੇ ਕਿਹਾ, “ਮੈਨੂੰ ਸਨਮਾਨ ਲਈ ਬੁਲਾਇਆ ਗਿਆ ਸੀ, ਪਰ ਅਪਮਾਨ ਹੋਇਆ।

ਇਸ ਘਟਨਾ ਨੇ ਸਿੱਖ ਭਾਈਚਾਰੇ ਵਿੱਚ ਤਿੱਖਾ ਰੋਸ ਪੈਦਾ ਕੀਤਾ ਹੈ, ਅਤੇ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਾਰ ਦਿੰਦਿਆਂ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਪਰ ਅਜ਼ਾਦੀ ਤੋਂ ਬਾਅਦ ਵੀ ਉਨ੍ਹਾਂ ਨਾਲ ਵਿਤਕਰਾ ਜਾਰੀ ਹੈ। ਧਾਮੀ ਨੇ ਕਿਹਾ ਕਿ ਗੁਰਧਿਆਨ ਸਿੰਘ ਨੂੰ ਵਿਸ਼ੇਸ਼ ਸੱਦੇ ‘ਤੇ ਬੁਲਾਇਆ ਗਿਆ ਸੀ, ਪਰ ਉਨ੍ਹਾਂ ਦੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ਕਾਰਨ ਰੋਕਣਾ ਬੇਗਾਨਗੀ ਵਾਲਾ ਵਿਹਾਰ ਹੈ। ਸੰਵਿਧਾਨ ਸਿੱਖਾਂ ਨੂੰ ਪੰਜ ਕਕਾਰ ਪਹਿਨਣ ਦਾ ਪੂਰਾ ਹੱਕ ਦਿੰਦਾ ਹੈ, ਪਰ ਸਰਕਾਰੀ ਅਧਿਕਾਰੀ ਇਸ ਦੀ ਉਲੰਘਣਾ ਕਰ ਰਹੇ ਹਨ।” ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ  ਸੁਰੱਖਿਆ ਪ੍ਰੋਟੋਕੋਲਾਂ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਯਕੀਨੀ ਬਣਾਇਆ ਜਾਵੇ।ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ।

ਪਿੰਡ ਮੱਲੇਵਾਲ ਦੇ ਸਰਪੰਚ ਗੁਰਬਚਨ ਸਿੰਘ ਬਿੱਲੂ ਅਤੇ ਕਲਸਾਣਾ ਦੇ ਸਾਬਕਾ ਸਰਪੰਚ ਨੇ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪਿੰਡ ਵਿੱਚ ਸਰਪੰਚ ਦੇ ਸਵਾਗਤ ਲਈ ਢੋਲ-ਨਗਾਰਿਆਂ ਨਾਲ ਤਿਆਰ ਸੀ, ਪਰ ਦਿੱਲੀ ਵਿੱਚ ਉਸ ਨੂੰ ਅਪਮਾਨਿਤ ਕੀਤਾ ਗਿਆ। ਇਹ ਸਿੱਖ ਭਾਵਨਾਵਾਂ ‘ਤੇ ਸਿੱਧਾ ਹਮਲਾ ਹੈ।” ਉਨ੍ਹਾਂ ਨੇ ਐਲਾਨ ਕੀਤਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

ਸਿੱਖ ਧਰਮ ਅਨੁਸਾਰ ਪੰਜ ਕਕਾਰ—ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ—ਸਿੱਖ ਰਹਿਣੀ ਦਾ ਅਟੁੱਟ ਹਿੱਸਾ ਹਨ। ਭਾਰਤੀ ਸੰਵਿਧਾਨ ਦੀ ਧਾਰਾ 25 ਅਧੀਨ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਅਤੇ ਰੱਖਣ ਦਾ ਪੂਰਾ ਅਧਿਕਾਰ ਹੈ। ਇਸ ਦੇ ਬਾਵਜੂਦ, ਗੁਰਧਿਆਨ ਸਿੰਘ ਨੂੰ ਸ੍ਰੀ ਸਾਹਿਬ ਕਾਰਨ ਰੋਕਣਾ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ। ਸਿੱਖ ਸੰਗਤਾਂ ਅਤੇ ਆਗੂਆਂ ਨੇ ਇਸ ਘਟਨਾ ਨੂੰ ਸਿੱਖਾਂ ਦੇ ਅਪਮਾਨ ਵਜੋਂ ਦੇਖਿਆ ਹੈ। ਸ਼ੋਸ਼ਲ ਮੀਡੀਆ ‘ਤੇ ਵੀ ਇਸ ਮੁੱਦੇ ‘ਤੇ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ, ਜਿੱਥੇ ਕਈ ਲੋਕਾਂ ਨੇ ਸਰਕਾਰ ਦੀ ਸਿੱਖ ਵਿਰੋਧੀ ਨੀਤੀਆਂ ‘ਤੇ ਸਵਾਲ ਉਠਾਏ ਹਨ। 

ਗੁਰਧਿਆਨ ਸਿੰਘ ਨਾਲ ਵਾਪਰੀ ਘਟਨਾ ਨੇ ਸਿੱਖਾਂ ਦੇ ਸੰਵਿਧਾਨਕ ਅਧਿਕਾਰਾਂ ਅਤੇ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਵੱਛ ਭਾਰਤ ਅਭਿਆਨ ਵਰਗੀ ਪਹਿਲਕਦਮੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਰਪੰਚ ਨੂੰ ਸਨਮਾਨ ਦੀ ਬਜਾਏ ਅਪਮਾਨ ਮਿਲਣਾ ਨਾ ਸਿਰਫ਼ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ, ਸਗੋਂ ਸੰਵਿਧਾਨ ਦੀ ਆਤਮਾ ਦੀ ਵੀ ਉਲੰਘਣਾ ਹੈ। 

Loading