ਨਾਮਧਾਰੀ ਦਲੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿਣਾ ਸਿੱਖੀ ਦੀ ਰੂਹ ’ਤੇ ਹਮਲਾ

In ਮੁੱਖ ਲੇਖ
April 03, 2026

ਬਘੇਲ ਸਿੰਘ ਧਾਲੀਵਾਲ
ਨਾਮਧਾਰੀ ਸੰਪਰਦਾਇ ਦੇ ਮੌਜੂਦਾ ਦੌਰ ਦੇ ਮੁਖੀ ਅਕਸਰ ਹੀ ਸਿੱਖੀ ਸਿਧਾਂਤਾਂ ਦੇ ਖ਼ਿਲਾਫ਼ ਟਿੱਪਣੀਆਂ ਕਾਰਨ ਚਰਚਾ ਵਿੱਚ ਰਹਿੰਦੇ ਹਨ। ਹੁਣ ਇਸ ਸੰਸਥਾ ਦੇ ਇੱਕ ਧੜੇ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਆਪਣੀ ਸੰਪਰਦਾਇ ਵੱਲੋਂ ਚਲਾਈ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਹੀ ਸਾਬਤ ਕਰਦਿਆਂ ਕਿਹਾ ਕਿ ਦੇਹਧਾਰੀ ਗੁਰੂ ਹੀ ਗਿਆਨ ਦੇ ਸਕਦਾ ਹੈ, ਕੋਈ ਧਾਰਮਿਕ ਪੁਸਤਕ ਆਪਣੇ ਆਪ ਗਿਆਨ ਨਹੀਂ ਦੇ ਸਕਦੀ। ਸੋ, ਇੱਥੇ ਆਪਣੀ ਦੇਹਧਾਰੀ ਗੱਦੀ ਨੂੰ ਸਲਾਮਤ ਰੱਖਣ ਖ਼ਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਧਾਰਮਿਕ ਕਿਤਾਬ ਕਹਿਣਾ ਸਿਰਫ਼ ਇੱਕ ਬਿਆਨ ਨਹੀਂ, ਸਗੋਂ ਸਿੱਖ ਇਤਿਹਾਸ, ਸਿੱਖ ਆਤਮਿਕਤਾ ਅਤੇ ਸਿੱਖਾਂ ਦੀ ਆਪਣੇ ਜੁਗੋ ਜੁਗ ਅਟੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ, ਆਸਥਾ ’ਤੇ ਸਿੱਧਾ ਵਾਰ ਹੈ।
ਇਹ ਗੱਲ ਇੰਨੀ ਸੌਖੀ ਨਹੀਂ ਕਿ ਇਸ ਨੂੰ ਕਿਸੇ ਨਿੱਜੀ ਵਿਚਾਰ ਕਹਿ ਕੇ ਛੱਡ ਦਿੱਤਾ ਜਾਵੇ। ਇਹ ਉਹ ਮਸਲਾ ਹੈ ਜਿਸ ਦਾ ਸਬੰਧ ਸਿੱਖ ਅਤੇ ਸਿੱਖੀ ਦੀ ਰੂਹ ਨਾਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਨਾਨਕ ਨਾਮ ਲੇਵਾ ਸਿੱਖਾਂ ਦੇ ਜਾਗਤ ਜੋਤ ਸਦੀਵੀ ਗੁਰੂ ਹਨ, ਜਿਸ ਨੂੰ ਸਿੱਖ ਕੌਮ ਸਦੀਆਂ ਤੋਂ ਆਪਣੇ ਮਨੁੱਖਾ ਜੀਵਨ ਲਈ ਸ਼ਕਤੀ ਦਾ ਸੋਮਾ ਅਤੇ ਅਤੀਤ, ਵਰਤਮਾਨ ਅਤੇ ਭਵਿੱਖ ਦਾ ਮਾਰਗ ਦਰਸ਼ਕ ਮੰਨ ਕੇ ਜੀਵਨ-ਜਾਚ ਸਿੱਖਦੀ ਆ ਰਹੀ ਹੈ। ਸਰਬੱਤ ਦਾ ਭਲਾ, ਸਰਬ-ਸਾਂਝੀਵਾਲਤਾ ਅਤੇ ਊਚ-ਨੀਚ ਦੇ ਭਿੰਨ-ਭੇਦ ਨੂੰ ਅਸਲੋਂ ਹੀ ਰੱਦ ਕਰਨ ਵਰਗੇ ਸਦਗੁਣ ਇਸ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਖ਼ਸ਼ਿਸ਼ ਕਰਕੇ ਹੀ ਸੰਭਵ ਹਨ।
ਸਭ ਤੋਂ ਪਹਿਲਾਂ ਇਹ ਸਮਝਣਾ ਲਾਜ਼ਮੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਲਈ ਕੀ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ਼ ਸ਼ਬਦਾਂ ਦਾ ਭੰਡਾਰ ਨਹੀਂ, ਨਾ ਹੀ ਇਹ ਕਾਗਜ਼ਾਂ ’ਤੇ ਲਿਖਿਆ ਹੋਇਆ ਦੁਨਿਆਵੀ ਸਾਹਿਤ ਹੈ, ਬਲਕਿ ਇਹ ਤਾਂ ਉਹ “ਸ਼ਬਦ ਗੁਰੂ” ਹਨ, ਜਿਸ ਦੀ ਸਥਾਪਨਾ ਖ਼ੁਦ ਗੁਰੂ ਸਾਹਿਬਾਨ ਨੇ ਕੀਤੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ 1604 ਵਿੱਚ ਆਦਿ ਗ੍ਰੰਥ ਦੀ ਸੰਪਾਦਨਾ ਕਰਕੇ ਇਸ ਨੂੰ ਦਰਬਾਰ ਸਾਹਿਬ ਵਿੱਚ ਪੋਥੀ ਸਾਹਿਬ ਦੇ ਰੂਪ ਵਿੱਚ ਸਥਾਪਿਤ ਕੀਤਾ। ਇਹ ਸੰਪਾਦਨਾ ਸਿਰਫ਼ ਰਚਨਾਵਾਂ ਨੂੰ ਇਕੱਠਾ ਕਰਨ ਦਾ ਕੰਮ ਨਹੀਂ ਸੀ, ਸਗੋਂ ਸੱਚ ਦੀ ਪਰਖ ਦਾ ਇੱਕ ਵੱਡਾ ਮਾਪਦੰਡ ਸੀ। ਗੁਰੂ ਅਰਜਨ ਦੇਵ ਜੀ ਨੇ ਸਿਰਫ਼ ਸਿੱਖ ਗੁਰੂਆਂ ਦੀ ਬਾਣੀ ਹੀ ਨਹੀਂ, ਸਗੋਂ 15 ਭਗਤਾਂ, 11 ਭੱਟਾਂ ਅਤੇ ਤਿੰਨ ਗੁਰਸਿੱਖਾਂ ਦੀ ਬਾਣੀ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ। ਇਹ ਗੱਲ ਸਪਸ਼ਟ ਕਰਦੀ ਹੈ ਕਿ ਇਹ ਗ੍ਰੰਥ ਕੋਈ ਆਮ ਵਿਚਾਰ ਨਹੀਂ, ਸਗੋਂ ਸੱਚ ਦੀ ਸਰਬਵਿਆਪੀ ਆਵਾਜ਼ ਹੈ।
ਜੇ ਇਹ ਸਿਰਫ਼ ਇੱਕ “ਕਿਤਾਬ” ਹੁੰਦੀ, ਤਾਂ ਕੀ ਗੁਰੂ ਸਾਹਿਬ ਇਸ ਨੂੰ ਇੰਨੀ ਮਹੱਤਤਾ ਦਿੰਦੇ? ਕੀ ਹਰਿਮੰਦਰ ਸਾਹਿਬ ਵਿੱਚ ਇਸ ਦੀ ਪ੍ਰਕਾਸ਼ਤਾ ਕੀਤੀ ਜਾਂਦੀ? ਕੀ ਇਸ ਦੇ ਅੱਗੇ ਸਿਰ ਨਿਵਾਇਆ ਜਾਂਦਾ? ਇਹ ਸਵਾਲ ਹਰ ਉਹ ਵਿਅਕਤੀ ਆਪਣੇ ਆਪ ਤੋਂ ਪੁੱਛੇ ਜੋ ਇਸ ਜੁੱਗੋ ਜੁੱਗ ਅਟੱਲ ਗੁਰੂ ਨੂੰ ਸਾਧਾਰਨ ਧਾਰਮਿਕ ਪੁਸਤਕ ਕਹਿਣ ਦੀ ਮੂਰਖਤਾ ਕਰਦਾ ਹੈ। ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਆਸਥਾ ਲਈ ਸਿੱਖਾਂ ਨੇ ਆਪਣੇ ਸਿਰ ਤੱਕ ਵਾਰ ਦਿੱਤੇ। 18ਵੀਂ ਸਦੀ ਦੇ ਮੁਸ਼ਕਲ ਸਮਿਆਂ ਵਿੱਚ ਜਦੋਂ ਸਿੱਖਾਂ ‘ਤੇ ਜ਼ੁਲਮਾਂ ਦੀਆਂ ਹੱਦਾਂ ਪਾਰ ਹੋ ਰਹੀਆਂ ਸਨ, ਉਸ ਵੇਲੇ ਵੀ ਸਿੱਖ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਅਤੇ ਸਤਿਕਾਰ ਨੂੰ ਕਦੇ ਨਹੀਂ ਛੱਡਿਆ। ਜੰਗ ਦੇ ਮੈਦਾਨਾਂ ਵਿੱਚ ਵੀ ਇਸ ਦੀ ਸੁਰੱਖਿਆ ਲਈ ਜਾਨਾਂ ਦਿੱਤੀਆਂ ਗਈਆਂ। ਕੀ ਆਮ ਕਿਤਾਬ ਪ੍ਰਤੀ ਐਨੀ ਸ਼ਰਧਾ ਰੱਖੀ ਜਾ ਸਕਦੀ ਹੈ?
ਸਿੱਖੀ ਵਿੱਚ “ਗੁਰੂ” ਦਾ ਅਰਥ ਸਿਰਫ਼ ਸਿੱਖਿਆ ਦੇਣ ਵਾਲਾ ਨਹੀਂ, ਸਗੋਂ ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਕੇ ਜਾਣ ਵਾਲਾ ਅਕਾਲ ਪੁਰਖ ਵਿੱਚ ਅਭੇਦ ਹੋਣ ਦੀ ਸਮਰੱਥਾ ਰੱਖਣ ਵਾਲਾ ਮਹਾਨ ਪੁਰਸ਼ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਉਹ ਸਦੀਵੀ ਰੌਸ਼ਨੀ ਹੈ ਜੋ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਤੋਂ ਗਿਆਨ ਦੇ ਪ੍ਰਕਾਸ਼ ਵੱਲ ਲੈ ਜਾਂਦੀ ਹੈ। ਇਹ ਸਿਰਫ਼ ਪੜ੍ਹਨ ਲਈ ਨਹੀਂ, ਸਗੋਂ ਜਿਉਣ ਲਈ ਹਨ। ਇਸ ਦੀ ਬਾਣੀ ਮਨੁੱਖ ਦੇ ਅੰਦਰੂਨੀ ਬਦਲਾਅ ਦੀ ਗੱਲ ਕਰਦੀ ਹੈ, ਉਸ ਨੂੰ ਅਹੰਕਾਰ ਤੋਂ ਦੂਰ ਕਰਕੇ ਨਾਮ ਨਾਲ ਜੋੜਦੀ ਹੈ।
ਠਾਕੁਰ ਦਲੀਪ ਸਿੰਘ ਦਾ ਉਕਤ ਬਿਆਨ ਸਿੱਖ ਦਰਸ਼ਨ ਦੀ ਮੂਲ ਸਮਝ ਤੋਂ ਬਿਲਕੁਲ ਕੋਰਾ ਅਤੇ ਵੱਖਰਾ ਹੈ। ਇਹ ਗੱਲ ਸਿਰਫ਼ ਅਗਿਆਨਤਾ ਨਹੀਂ ਦਿਖਾਉਂਦੀ, ਸਗੋਂ ਇੱਕ ਜਾਨ-ਬੁੱਝ ਕੇ ਕੀਤਾ ਗਿਆ ਗੁਨਾਹ ਜਾਪਦਾ ਹੈ। ਜੇ ਉਹ ਸਿੱਖ ਇਤਿਹਾਸ ਨੂੰ ਪੜ੍ਹਦੇ ਹਨ, ਗੁਰਬਾਣੀ ਦੀ ਅਸਲ ਵਿਚਾਰਧਾਰਾ ਨੂੰ ਸਮਝਦੇ ਹਨ, ਤਾਂ ਫਿਰ ਉਹ ਐਨੀ ਵੱਡੀ ਗੁਸਤਾਖ਼ੀ ਕਰਨ ਦੀ ਜੁਰਅਤ ਕਿਵੇਂ ਕਰ ਸਕਦੇ ਹਨ? ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਮਰਯਾਦਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵੰਤ ਗੁਰੂ ਵਜੋਂ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਉਹਨਾਂ ਦਾ ਸੁਖਾਸਨ, ਉਹਨਾਂ ਦੇ ਪ੍ਰਕਾਸ਼ ’ਤੇ ਚੌਰ ਸਾਹਿਬ ਦੀ ਸੇਵਾ, ਇਹ ਸਾਰੇ ਪ੍ਰਮਾਣ ਹਨ ਕਿ ਇਹ ਸਿਰਫ਼ ਇੱਕ ਪੁਸਤਕ ਨਹੀਂ, ਬਲਕਿ ਤਖ਼ਤ ਚੌਰ ਦੇ ਮਾਲਕ, ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਹਨ।
ਇਸ ਤੋਂ ਇਲਾਵਾ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਗੁਰੂ ਮੰਨਿਆ ਹੈ। ਜੇਕਰ ਫਿਰ ਵੀ ਇੱਕ ਵੱਡੀ ਸੰਸਥਾ ਦੇ ਇੱਕ ਧੜੇ ਦੇ ਮੁਖੀ ਵੱਲੋਂ ਅਜਿਹਾ ਬੋਲਿਆ ਗਿਆ ਹੈ, ਤਾਂ ਇਹ ਬੇਹੱਦ ਮੰਦਭਾਗਾ ਅਤੇ ਨਿੰਦਣਯੋਗ ਹੈ। ਇਸ ਮਸਲੇ ਨੂੰ ਸਿਰਫ਼ ਭਾਵਨਾਤਮਕ ਰੂਪ ਵਿੱਚ ਨਹੀਂ, ਸਗੋਂ ਤਰਕਸੰਗਤ ਢੰਗ ਨਾਲ ਵੀ ਦੇਖਣ ਦੀ ਲੋੜ ਹੈ। ਇੱਕ ਧਾਰਮਿਕ ਕਿਤਾਬ ਸਿਰਫ਼ ਜਾਣਕਾਰੀ ਦੇ ਸਕਦੀ ਹੈ, ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀਵਨ ਨੂੰ ਦਿਸ਼ਾ ਦਿੰਦੇ ਹਨ। ਇੱਕ ਕਿਤਾਬ ਸਮੇਂ ਦੇ ਨਾਲ ਬਦਲ ਸਕਦੀ ਹੈ, ਪਰ ਗੁਰਬਾਣੀ ਸਦੀਵੀ ਹੈ। ਇੱਕ ਕਿਤਾਬ ਕਿਸੇ ਲੇਖਕ ਦੀ ਸੋਚ ਹੁੰਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਸ ਅਕਾਲ ਜੋਤ ਦੀ ਆਵਾਜ਼ ਹੈ। ਇਸ ਲਈ, ਜਦੋਂ ਕੋਈ ਇਸ ਨੂੰ ਸਿਰਫ਼ ਧਾਰਮਿਕ ਕਿਤਾਬ ਕਹਿੰਦਾ ਹੈ, ਤਾਂ ਉਹ ਸਿੱਖੀ ਦੀ ਪੂਰੀ ਆਤਮਿਕ ਰਚਨਾ ਨੂੰ ਹੀ ਨਜ਼ਰਅੰਦਾਜ਼ ਕਰਦਾ ਹੈ।
ਇਸ ਵਰਤਾਰੇ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹੱਤਵ ਨੂੰ ਘਟਾਉਣ ਦੀ ਕੋਸ਼ਿਸ਼ ਵਜੋਂ ਦੇਖੇ ਜਾਣ ਦੀ ਜ਼ਰੂਰਤ ਹੈ। ਇਹ ਸਪਸ਼ਟ ਕਰਨਾ ਬੇਹੱਦ ਜ਼ਰੂਰੀ ਹੈ ਕਿ ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ਼ ਧਾਰਮਿਕ ਗ੍ਰੰਥ ਨਹੀਂ, ਸਗੋਂ ਜੀਵਨ ਦਾ ਮੂਲ ਆਧਾਰ ਹਨ। ਇਹ ਉਹ ਜੋਤ ਹਨ ਜੋ ਸਦੀਆਂ ਤੋਂ ਸਿੱਖਾਂ ਨੂੰ ਰਾਹ ਦਿਖਾ ਰਹੀ ਹੈ ਅਤੇ ਅੱਗੇ ਵੀ ਦਿਖਾਉਂਦੀ ਰਹੇਗੀ। ਇਸ ਨੂੰ ਧਾਰਮਿਕ ਕਿਤਾਬ ਕਹਿਣਾ ਨਾ ਸਿਰਫ਼ ਗ਼ਲਤੀ ਹੈ, ਸਗੋਂ ਇਤਿਹਾਸਕ ਸੱਚਾਈ ਅਤੇ ਆਸਥਾ ਦੇ ਖ਼ਿਲਾਫ਼ ਇੱਕ ਵੱਡਾ ਅਪਰਾਧ ਹੈ। ਜੇ ਕਿਸੇ ਨੂੰ ਸੱਚਮੁੱਚ ਲੋਕ-ਪਰਲੋਕ ਦੇ ਰਹੱਸ ਨੂੰ ਸਮਝਣ ਦੀ ਇੱਛਾ ਹੈ, ਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਧੀ ਅਤੇ ਸਤਿਕਾਰ ਸਹਿਤ ਅਧਿਐਨ ਕਰਨਾ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੋਵੇਗਾ, ਫਿਰ ਖ਼ੁਦ-ਬ-ਖ਼ੁਦ ਪਤਾ ਲੱਗ ਜਾਵੇਗਾ ਕਿ ਇਹ ਮਹਿਜ਼ ਲਫ਼ਜ਼ਾਂ ਦਾ ਭੰਡਾਰ ਨਹੀਂ।
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿੱਚ ਨੰਦੇੜ ਦੀ ਧਰਤੀ ’ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਸਮੁੱਚੇ ਸਿੱਖ ਜਗਤ ਨੂੰ “‘ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’” ਦਾ ਸਦੀਵੀ ਹੁਕਮ ਦਿੱਤਾ, ਜਿਹੜਾ ਸਿੱਖ ਅਤੇ ਗੁਰੂ ਦੇ ਆਪਸੀ ਰਿਸ਼ਤੇ ਅਤੇ ਆਤਮਿਕ ਰਾਹਦਾਰੀ ਦਾ ਅੰਤਿਮ ਫੈਸਲਾ ਸੀ। ਗੁਰੂ ਸਾਹਿਬ ਦੇ ਇਸ ਹੁਕਮ ਨਾਲ ਸਿੱਖਾਂ ਲਈ ਮਨੁੱਖੀ ਸਰੀਰ ਵਾਲੇ ਗੁਰੂਆਂ ਦੀ ਲੜੀ ਖ਼ਤਮ ਹੋ ਗਈ ਅਤੇ ਸਦੀਵੀ ਗੁਰੂ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕੀਤਾ ਗਿਆ, ਜਿਸ ਦੀ ਰੌਸ਼ਨੀ ਹਮੇਸ਼ਾ ਦੁਨੀਆ ਦਾ ਰਾਹ ਰੁਸ਼ਨਾਉਂਦੀ ਰਹੇਗੀ।

Loading