ਨਾਮਵਰ ਪੰਜਾਬੀ ਦਰਸ਼ਨ ਸਿੰਘ ਸਾਹਸੀ ਦੇ ਕਤਲ ਮਗਰੋਂ ਭਾਈਚਾਰੇ ਅੰਦਰ ਸੋਗ ਅਤੇ ਗੁੱਸੇ ਦੀ ਲਹਿਰ

In ਖਾਸ ਰਿਪੋਰਟ
October 30, 2025

ਡਾ.ਗੁਰਵਿੰਦਰ ਸਿੰਘ
ਲਾਰੈਂਸ ਬਿਸ਼ਨੋਈ ਗੈਂਗ ਨੇ ਬ੍ਰਿਟਿਸ਼ ਕੋਲੰਬੀਆ ਸਥਿਤ ਭਾਰਤੀ ਮੂਲ ਦੇ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਢਿੱਲੋਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੇ ਸਾਹਸੀ ਦਾ ਕਤਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਕਥਿਤ ਸ਼ਮੂਲੀਅਤ ਅਤੇ ਉਨ੍ਹਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰਨ ਕਾਰਨ ਕੀਤਾ ਸੀ। ਪੰਜਾਬੀ-ਕੈਨੇਡੀਅਨ ਕਾਰੋਬਾਰੀ ਸਾਹਸੀ ਦਾ ਕਤਲ 27 ਅਕਤੂਬਰ ਦੀ ਸਵੇਰ ਨੂੰ ਐਬਟਸਫੋਰਡ ਵਿੱਚ ਉਸ ਦੇ ਘਰ ਦੇ ਬਾਹਰ ਕੀਤਾ ਗਿਆ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਮਲਾਵਰ ਆਪਣੇ ਘਰ ਦੇ ਬਾਹਰ ਸੜਕ ਕਿਨਾਰੇ ਖੜ੍ਹੀ ਆਪਣੀ ਕਾਰ ਵਿੱਚ ਸਾਹਸੀ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਜਿਵੇਂ ਹੀ ਸਹਾਸੀ ਆਪਣੀ ਕਾਰ ਵਿੱਚ ਚੜਿ੍ਹਆ, ਹਮਲਾਵਰ, ਸੜਕ ਦੇ ਪਾਰ ਇੱਕ ਹੋਰ ਕਾਰ ਵਿੱਚ ਖੜ੍ਹਾ ਸੀ, ਨੇ ਕਈ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜ ਗਿਆ।ਐਬਟਸਫੋਰਡ ਪੁਲਿਸ ਵਿਭਾਗ ਨੂੰ ਸਵੇਰੇ ਗੋਲੀਬਾਰੀ ਦੀ ਰਿਪੋਰਟ ਮਿਲੀ ਅਤੇ ਮੌਕੇ ’ਤੇ ਪਹੁੰਚਣ ’ਤੇ, ਸਾਹਸੀ ਗੰਭੀਰ ਹਾਲਤ ਵਿੱਚ ਪਾਇਆ ਗਿਆ। ਬਚਾਅ ਕਰਮਚਾਰੀਆਂ ਨੇ ਕਥਿਤ ਤੌਰ ’ਤੇ ਕਾਰੋਬਾਰੀ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਕਰਨ ਵਿੱਚ ਅਸਮਰੱਥ ਰਹੇ।
ਪੁਲਿਸ ਵੱਲੋਂ ਕਤਲ ਦੀ ਜਾਂਚ ਜਾਰੀ ਹੈ। ਇਸ ਹੱਤਿਆ ਤੋਂ ਬਾਅਦ ਸਥਾਨਕ ਭਾਈਚਾਰਾ ਗਹਿਰੇ ਸਦਮੇ ਵਿੱਚ ਹੈ। ਬਹੁ-ਰਾਸ਼ਟਰੀ ਕੱਪੜਾ ਰੀਸਾਈਕਲਿੰਗ ਕੰਪਨੀ ਕੈਨਮ ਗਰੁੱਪ ਦੇ ਮਾਲਕ, ਦਰਸ਼ਨ ਸਿੰਘ ਸਾਹਸੀ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਾਇਲ ਹਲਕੇ ’ਚ ਦੁਰਾਹੇ ਨੇੜਲੇ ਦੇ ਰਾਜਗੜ੍ਹ ਪਿੰਡ ਦੇ ਰਹਿਣ ਵਾਲੇ ਸਨ। ਉਹ ਸਾਢੇ ਤਿੰਨ ਦਹਾਕੇ ਪਹਿਲਾਂ 1991 ਵਿੱਚ ਕੈਨੇਡਾ ਆ ਵਸੇ ਸਨ।
ਐਬਸਫੋਰਡ ਸਿਟੀ ਕੌਂਸਲ ਤੋਂ ਲੈ ਕੇ ਪ੍ਰੋਵਿੰਸ਼ਿਅਲ ਅਤੇ ਫੈਡਰਲ ਪੱਧਰ ਦੇ ਸਿਆਸਤਦਾਨ ਵੀ ਨਿੱਜੀ ਤੌਰ ’ਤੇ ਦਰਸ਼ਨ ਸਿੰਘ ਸਾਹਸੀ ਹੁਰਾਂ ਦੇ ਭਾਈਚਾਰਕ ਤੌਰ ’ਤੇ ਮੋਹਰੀ ਸੁਭਾਅ ਤੋਂ ਭਲੀ ਭਾਂਤ ਵਾਕਫ ਸਨ। ਇਉਂ ਇਹ ਕਤਲ ਮਹਿਜ਼ ਵਾਰਦਾਤ ਨਾ ਹੋ ਕੇ, ਸਿਆਸੀ ਹਲਕਿਆਂ ਵਿੱਚ ਵੀ ਗਹਿਰੀ ਚਿੰਤਾ ਦਾ ਵਿਸ਼ਾ ਹੈ। ਦਰਸ਼ਨ ਸਿੰਘ ਸਾਹਸੀ ਦੀ ਦਰਦਨਾਕ ਮੌਤ ਕਾਰਨ ਭਾਈਚਾਰੇ ਅੰਦਰ ਮਾਹੌਲ ਗਮਗੀਨ ਹੈ। ਉਹਨਾਂ ਦੇ ਘਰ ਨੇੜੇ ਸਥਿਤ ਪਾਰਕ ਵਿੱਚ ਜਦੋਂ ਭਾਈਚਾਰੇ ਦੇ ਵੱਡੀ ਗਿਣਤੀ ’ਚ ਹਾਜ਼ਰ ਲੋਕਾਂ ਨੂੰ ਪੱਤਰਕਾਰ ਮਿਲੇ, ਤਾਂ ਲੋਕ ਕਾਨੂੰਨ ਤੇ ਪ੍ਰਸ਼ਾਸਨ ਕੈਨੇਡਾ ਵਿੱਚ ਭਾਰੀ ਢਿਲ ਮੱਠ ਅਤੇ ਦਿਨ ਦਿਹਾੜੇ ਵਾਪਰ ਰਹੀਆਂ ਵਾਰਦਾਤਾਂ ਨੂੰ ਲੈ ਕੇ ਤਿੱਖੇ ਬੇਹੱਦ ਨਿਰਾਸ਼ ਅਤੇ ਰੋਹ ਵਿੱਚ ਸਨ।
ਸਾਹਸੀ ਪਰਿਵਾਰ ਵਲੋਂ ਕਿਸੇ ਵੀ ਫਿਰੌਤੀ ਦੀ ਧਮਕੀ ਤੋਂ ਇਨਕਾਰ :
ਸੋਸ਼ਲ ਮੀਡੀਆ ’ਤੇ ਇੱਕ ਅਣ-ਪ੍ਰਮਾਣਿਤ ਪੋਸਟ ਵਿੱਚ, ਲਾਰੈਂਸ ਬਿਸ਼ਨੋਈ ਸਮੂਹ ਦੇ ਗੈਂਗਸਟਰ ਗੋਲਡੀ ਢਿੱਲੋਂ ਨੇ ਕਥਿਤ ਤੌਰ ’ਤੇ ਸਾਹਸੀ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਹੈ ਕਿ ਸਾਹਸੀ ਨੇ ‘ਉਨ੍ਹਾਂ ਦੀਆਂ ਜਬਰੀ ਵਸੂਲੀ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਸੀ।’ ਇਸ ਸਬੰਧ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ, ਦਰਸ਼ਨ ਸਿੰਘ ਸਾਹਸੀ ਦੇ ਪੁੱਤਰ ਅਰਪਨ ਸਾਹਸੀ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਸਬੰਧ ਵਿੱਚ ਅਜਿਹੀ ਕਿਸੇ ਵੀ ਧਮਕੀ/ਜਬਰੀ ਵਸੂਲੀ ਦੇ ਕਾਲ ਆਉਣ ਦੇ ਦਾਅਵਿਆਂ ਨੂੰ ਸਖ਼ਤੀ ਨਾਲ ਨਕਾਰਦੇ ਹਨ। ਉਸ ਨੇ ਕਿਹਾ ਕਿ ਸਾਹਸੀ ਪਰਿਵਾਰ ਉਸ ਦੇ ਪਿਤਾ ਦੇ ‘ਨਾਮ ਨੂੰ ਬਦਨਾਮ ਨਹੀਂ ਹੋਣ ਦੇਵੇਗਾ।’
‘ਅਸੀਂ ਅਜੇ ਵੀ ਜਵਾਬ ਲੱਭ ਰਹੇ ਹਾਂ। ਅਸੀਂ ਅਜਿਹੀਆਂ ਸਾਰੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਇਨਕਾਰ ਕਰਦੇ ਹਾਂ, ਜੋ ਫੈਲਾਈਆਂ ਜਾ ਰਹੀਆਂ ਹਨ। ਮੇਰੇ ਪਿਤਾ ਜਾਂ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕਦੇ ਵੀ ਕਿਸੇ ਗੈਂਗਸਟਰ ਆਦਿ ਤੋਂ ਕੋਈ ਧਮਕੀ, ਜਬਰੀ ਵਸੂਲੀ ਜਾਂ ਫਿਰੌਤੀ ਦੀ ਕਾਲ ਨਹੀਂ ਮਿਲੀ। ਮੇਰੇ ਪਿਤਾ ਨੂੰ ਮਾਰਨ ਨਾਲ ਕਿਸੇ ਨੂੰ ਵੀ, ਬਿਲਕੁਲ ਫਾਇਦਾ ਨਹੀਂ ਹੁੰਦਾ। ਉਹ ਇੱਕ ਅਜਿਹਾ ਆਦਮੀ ਸੀ, ਜਿਸ ਨੇ ਹਮੇਸ਼ਾ ਸਮਾਜ ਸੇਵਾ ਵਿਚ ਯੋਗਦਾਨ ਪਾਇਆ। ਜੋ ਲੋਕ ਮੇਰੇ ਪਿਤਾ ਨੂੰ ਜਾਣਦੇ ਹਨ, ਉਹ ਸੱਚਮੁੱਚ ਜਾਣਦੇ ਹਨ ਕਿ ਉਹ ਕੌਣ ਸਨ”, ਅਰਪਨ ਆਪਣੇ ਪਿਤਾ ਦੀ ਕੰਪਨੀ ਵਿੱਚ ਮੈਨੇਜਿੰਗ ਡਾਇਰੈਕਟਰ ਵਜੋਂ ਵੀ ਕੰਮ ਕਰਦਾ ਹੈ। ਅਰਪਨ ਨੇ ਕਿਹਾ ਕਿ ਸੋਮਵਾਰ ਸਵੇਰੇ, ਉਸ ਦੇ ਪਿਤਾ ਰੁਟੀਨ ਵਾਂਗ ਕੰਮ ’ਤੇ ਜਾ ਰਹੇ ਸਨ ਅਤੇ ‘ਬਿਲਕੁਲ ਕੁਝ ਵੀ ਅਸਾਧਾਰਨ ਨਹੀਂ ਸੀ’। ਅਰਪਨ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਅਜਿਹੀ ਕੋਈ ਧਮਕੀ ਮਿਲਦੀ, ਤਾਂ ਉਹ ਸਾਡੇ ਨਾਲ ਸਾਂਝਾ ਕਰਦੇ। ਉਸ ਦਿਨ ਉਹਨਾਂ ਵਿਵਹਾਰ ਵਿੱਚ ਜਾਂ ਆਲੇ-ਦੁਆਲੇ ਕੁਝ ਵੀ ਅਸਾਧਾਰਨ ਨਹੀਂ ਸੀ। ਉਹ ਸਿਰਫ਼ ਆਪਣੀ ਗੱਡੀ ਵਿੱਚ ਕੰਮ ’ਤੇ ਜਾ ਰਹੇ ਸਨ, ਜਦੋਂ ਅਣਪਛਾਤੇ ਹਮਲਾਵਰ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ। ਜੇਕਰ ਉਹਨਾਂ ਨੂੰ ਅਜਿਹੀ ਕੋਈ ਧਮਕੀ ਮਿਲਦੀ, ਤਾਂ ਉਹ ਇਸ ਬਾਰੇ ਚੁੱਪ ਰਹਿਣ ਜਾਂ ਇਸ ਨੂੰ ਅਣਦੇਖਿਆ ਕਰਨ ਵਾਲੇ ਨਹੀਂ ਸਨ। ਉਹ ਆਪਣੀ ਸਾਰੀ ਤਾਕਤ ਇਸ ਦੀ ਜਾਂਚ ਪੜਤਾਲ ਪਿੱਛੇ ਲਗਾ ਦਿੰਦੇ।

ਸਾਹਿਤਕ ਅਤੇ ਸੱਭਿਆਚਾਰਕ ਹਲਕਿਆਂ ਵਿੱਚ ਬੇਹਦ ਮਕਬੂਲ ਸਨ ਦਰਸ਼ਨ ਸਿੰਘ ਸਾਹਸੀ :
ਮਰਹੂਮ ਦਰਸ਼ਨ ਸਿੰਘ ਸਾਹਸੀ ਸਾਹਿਤਕ ਅਤੇ ਸੱਭਿਆਚਾਰਕ ਹਲਕਿਆਂ ਵਿੱਚ ਵੀ ਸਤਿਕਾਰਯੋਗ ਜਾਂਦੇ ਸਨ। ਨਾਮਵਰ ਪੰਜਾਬੀ ਲਿਖਾਰੀ, ਗਾਇਕ ਅਤੇ ਹੋਰ ਸ਼ਖਸੀਅਤਾਂ ਅਕਸਰ ਉਹਨਾਂ ਦੇ ਘਰੇ ਇਕੱਠੀਆਂ ਹੁੰਦੀਆਂ ਅਤੇ ਘਰ ਵਿੱਚ ਸਾਹਿਤਕ ਮੇਲੇ ਵਰਗਾ ਮਾਹੌਲ ਹੁੰਦਾ। ਦਰਸ਼ਨ ਸਿੰਘ ਤੇ ਉਨਾਂ ਦੀ ਸੁਪਤਨੀ ਦੋਵੇਂ ਜਣੇ, ਸਾਹਿਤਕ ਮਹਿਮਾਨਾਂ ਦੀ ਹੱਦੋਂ ਵੱਧ ਆਓ ਭਗਤ ਕਰਦੇ ਅਤੇ ਖੁੱਲ ਦਿਲੀ ਨਾਲ ਸੇਵਾਵਾਂ ਵਿੱਚ ਜੁੱਟ ਜਾਂਦੇ। ਉਹਨਾਂ ਦੇ ਦਰਦਨਾਕ ਵਿਛੋੜੇ ਨਾਲ ਕੈਨੇਡਾ ਵਿੱਚ ਹੀ ਨਹੀਂ, ਪੰਜਾਬ ਵਿੱਚ ਵੀ ਸਾਹਿਤਕ ਅਤੇ ਸੱਭਿਆਚਾਰਕ ਹਸਤੀਆਂ ਅੰਦਰ ਗਹਿਰਾ ਸੋਗ ਛਾ ਗਿਆ ਹੈ।
ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਭੇਜੇ ਸੋਗਮਈ ਸੁਨੇਹੇ ਵਿੱਚ ਉਹਨਾਂ ਲਿਖਿਆ ਹੈ; ‘ਦਰਸ਼ਨ ਸਿੰਘ ਸਾਹਸੀ ਦਰਿਆ ਦਿਲ ਇਨਸਾਨ ਸੀ। ਮੁਹੱਬਤੀ ਬੰਦਿਆਂ ਦੇ ਮੁੱਕਣ ਨਾਲ ਜ਼ਿੰਦਗੀ ਜਿਉਣ ਯੋਗ ਨਹੀਂ ਰਹਿੰਦੀ। ਸ਼ਬਦ ਹਾਰ ਗਏ ਨੇ ਦਰਸ਼ਨ ਦੇ ਜਾਣ ’ਤੇ। ਮੈਂ ਉਸ ਦੇ ਮੋਹ ਦਾ ਰਹਿੰਦੀ ਉਮਰ ਕਰਜ਼ਦਾਰ ਰਹਾਂਗਾ। ਦਰਸ਼ਨ ਦਾ ਗੋਤ ਹੀ ਸਾਹਸੀ ਨਹੀਂ ਸੀ , ਸੁਭਾਅ ਵੀ ਸਾਹਸ ਭਰਪੂਰ ਸੀ। ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹਾਂ।’ ਪੰਜਾਬੀ ਸਾਹਿਤ ਸਭਾ ਮੁਢਲੀ ਰਜਿ, ਐਬਸਫੋਰਡ ਦੇ ਸਮੂਹ ਮੈਂਬਰ, ਪੰਜਾਬੀ ਵਿਚਾਰ ਮੰਚ ਵੈਨਕੂਵਰ ਤੋਂ ਮੋਹਨ ਸਿੰਘ ਗਿੱਲ, ਅੰਗਰੇਜ਼ ਸਿੰਘ ਬਰਾੜ ਤੇ ਹੋਰ ਸ਼ਖਸੀਅਤਾਂ, ਜੀਵੇ ਪੰਜਾਬ ਆਦਮੀ ਸੰਗਤ ਅਤੇ ਸਾਊਥ ਏਸ਼ੀਅਨ ਰਿਵਿਊ ਤੋਂ ਭੁਪਿੰਦਰ ਸਿੰਘ ਮੱਲੀ ਸਮੇਤ ਮੈਂਬਰਾਨ ਤੇ ਕਈ ਹੋਰਨਾਂ ਸਾਹਿਤਕ ਸੰਸਥਾਵਾਂ ਨੇ ਦਰਸ਼ਨ ਸਿੰਘ ਸਾਹਸੀ ਦੀ ਹੱਤਿਆ ਦੀ ਪਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਭਾਈਚਾਰੇ ਅਤੇ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਹੈ।
ਮਰਹੂਮ ਦਰਸ਼ਨ ਸਿੰਘ ਸਾਹਸੀ ਆਪਣੇ ਪਿੱਛੇ ਪਤਨੀ ਮਨਜੀਤ ਕੌਰ ਅਤੇ ਦੋ ਪੁੱਤਰ- ਨਵੀ ਸਾਹਸੀ ਅਤੇ ਅਰਪਨ ਸਾਹਸੀ ਸਮੇਤ, ਭਰਾਵਾਂ ਭੈਣਾਂ ਤੇ ਰਿਸ਼ਤੇਦਾਰਾਂ ਦਾ ਵੱਡਾ ਪਰਿਵਾਰ ਛੱਡ ਗਏ ਹਨ। ਉਹਨਾਂ ਦੇ ਦੋਵੇਂ ਪੁੱਤਰ ਆਪਣੇ ਪਿਤਾ ਦੀ ਕੱਪੜਾ ਰੀਸਾਈਕਲਿੰਗ ਫਰਮ ਵਿੱਚ ਕੰਮ ਕਰਦੇ ਹਨ। ਦਰਸ਼ਨ ਸਿੰਘ ਸਾਹਸੀ ਦੀ ਦਰਦਨਾਕ ਮੌਤ ਪੰਜਾਬੀ ਭਾਈਚਾਰੇ ਲਈ ਵੱਡਾ ਦੁੱਖ ਅਤੇ ਘਾਟਾ ਹੈ।

Loading