ਨਾਰੀ ਅੰਦੋਲਨਾਂ ਦੀ ਠੀਕ ਦਿਸ਼ਾ ਨਿਰਧਾਰਿਤ ਕਰਨ ਦੀ ਲੋੜ

In ਮੁੱਖ ਲੇਖ
April 03, 2025
ਡਾ. ਅਰਵਿੰਦਰ ਕੌਰ ਕਾਕੜਾ : ਸਾਡਾ ਸਮਾਜ ਜਮਾਤੀ ਹੈ ਜਿਸ ਵਿੱਚ ਅਮੀਰੀ ਗ਼ਰੀਬੀ ਤੇ ਜਾਤ ਪਾਤ ਦਾ ਕੋਹੜ ਤਾਂ ਹੈ, ਨਾਲ ਹੀ ਪਿਤਰਕੀ ਸੋਚ ਵੀ ਗਹਿਰੇ ਰੂਪ ਵਿੱਚ ਸਮਾਜਿਕ ਜੜ੍ਹਾਂ ਜਮਾਈ ਬੈਠੀ ਹੈ। ਇਸੇ ਕਾਰਨ ਔਰਤ ਨੂੰ ਮਰਦ ਦੇ ਮੁਕਾਬਲੇ ਦੂਜਾ ਦਰਜਾ ਦਿੱਤਾ ਗਿਆ ਹੈ। ਔਰਤਾਂ ਦੇ ਦਮਨ ਅਤੇ ਵਿਤਕਰੇ ਨੂੰ ਰੋਜ਼ਮੱਰਾ ਜ਼ਿੰਦਗੀ ਵਿਚੋਂ ਪਛਾਣਿਆ ਜਾ ਸਕਦਾ ਹੈ ਜਿਸ ਦੇ ਅਨੇਕ ਪੱਖ ਇਸ ਪਿਤਰਕੀ ਸੱਤਾ ਦੀ ਪੈਦਾਵਾਰ ਹਨ। ਔਰਤ ਨੂੰ ਬੌਧਿਕ ਤੌਰ ’ਤੇ ਮਰਦ ਬਰਾਬਰ ਨਹੀਂ ਸਮਝਿਆ ਜਾਂਦਾ। ਔਰਤ ਮਰਦ ਇੱਕ ਦੂਜੇ ਦੇ ਪੂਰਕ ਹੁੰਦੇ ਹੋਏ ਸਮਾਜ ਦੇ ਵਿਕਾਸ ਵਿੱਚ ਬਰਾਬਰ ਦਾ ਯੋਗਦਾਨ ਪਾ ਰਹੇ ਹਨ। ਸੰਵਿਧਾਨਕ ਤੌਰ ’ਤੇ ਤਾਂ ਭਾਵੇਂ ਔਰਤ ਨੂੰ ਕਈ ਹੱਕ ਪ੍ਰਾਪਤ ਹਨ ਪਰ ਅਸਲ ਵਿੱਚ ਸਥਿਤੀ ਕੁਝ ਹੋਰ ਹੈ। ਘਰ ਤੋਂ ਸ਼ੁਰੂ ਹੋ ਕੇ ਪੜ੍ਹਾਈ, ਨੌਕਰੀ ਅਤੇ ਸਮਾਜ ਵਿੱਚ ਉਸ ਨੂੰ ਆਰਥਿਕ, ਸਰੀਰਕ ਅਤੇ ਮਾਨਸਿਕ ਤੇ ਲਿੰਗਕ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅੱਜ ਸਥਿਤੀ ਇਹ ਹੈ ਕਿ ਔਰਤਾਂ/ਕੁੜੀਆਂ ਨਾਲ ਹੋ ਰਹੀਆਂ ਜਬਰ ਜਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਕਿਤੇ ਔਰਤ ਨੂੰ ਨੀਵਾਂ ਦਿਖਾਉਂਦਿਆਂ ਗੀਤ ਵਿੱਚ ਭੇਡ ਕਿਹਾ ਗਿਆ ਤੇ ਕਿਤੇ ਡਾਂਸਰ ਕੁੜੀ ਦੀ ਅਸਹਿਮਤੀ ’ਤੇ ਮਰਦਾਵੀਂ ਹੈਂਕੜ ਸ਼ਰਾਬ ਦਾ ਗਲਾਸ ਉਸ ਵੱਲ ਵਗ੍ਹਾ ਮਾਰਦੀ ਹੈ। ਵਧ ਰਹੇ ਬਲਾਤਕਾਰ, ਕਿਤੇ ਅਣਖ ਦੇ ਨਾਂ ’ਤੇ ਕਤਲ ਸਮਾਜ ਦੇ ਮੂੰਹ ’ਤੇ ਦਾਗ਼ ਹਨ। ਅਜਿਹੀਆਂ ਘਟਨਾਵਾਂ ਲਈ ਜਿੱਥੇ ਜਗੀਰੂ ਮਾਨਸਿਕਤਾ ਤੇ ਮਰਦਾਵੀਂ ਸੱਤਾ ਜ਼ਿੰਮੇਵਾਰ ਹੈ, ਉਥੇ ਦੇਸ਼ ਦੇ ਹਾਕਮ ਵੀ ਔਰਤਾਂ ਖ਼ਿਲਾਫ਼ ਹੋ ਰਹੇ ਅਪਰਾਧਾਂ ਨੂੰ ਰੋਕਣ ਵਿੱਚ ਅਸਫਲ ਰਹੇ ਹਨ। ਇਹ ਪ੍ਰਬੰਧ ਔਰਤਾਂ ਨੂੰ ਸੁਰੱਖਿਅਤ ਮਾਹੌਲ ਦੇਣ ਵਿੱਚ ਨਾਕਾਮ ਰਿਹਾ ਹੈ ਜਿਸ ਕਾਰਨ ਔਰਤਾਂ ਖ਼ਿਲਾਫ਼ ਜ਼ੁਲਮ ਵਧ ਰਿਹਾ ਹੈ। ਅਸਲ ਵਿੱਚ ਔਰਤ ਨੂੰ ਮਹਿਜ਼ ਭੋਗ ਦੀ ਵਸਤੂ ਸਮਝਿਆ ਜਾ ਰਿਹਾ ਹੈ। ਮੰਡੀ ਸੱਭਿਆਚਾਰ ਨੇ ਤਾਂ ਕੁੜੀ ਨੂੰ ਨੁਮਾਇਸ਼ ਦੀ ਵਸਤ ਬਣਾ ਕੇ ਉਸ ਦਾ ਬਿੰਬ ਹੋਰ ਵਿਗਾੜ ਦਿੱਤਾ ਹੈ। ਜਦੋਂ ਵੀ ਕੋਈ ਲੜਾਈ, ਦੰਗਾ ਹੋਵੇ ਜਾਂ ਬਦਲਾ ਲੈਣਾ ਹੋਵੇ ਤਾਂ ਔਰਤ ਨਾਲ ਜ਼ਿਆਦਤੀ ਕੀਤੀ ਜਾਂਦੀ ਹੈ। ਉਂਝ ਵੀ ਸਮਾਜ ਦਾ ਨਜ਼ਰੀਆ ਇਹ ਬਣਿਆ ਹੋਇਆ ਹੈ ਕਿ ਔਰਤ ਤੇ ਮਰਦ ਦੋਹਾਂ ਦੇ ਕਸੂਰਵਾਰ ਹੋਣ ’ਤੇ ਦੋਸ਼ ਔਰਤ ਸਿਰ ਮੜਿ੍ਹਆ ਜਾਂਦਾ ਹੈ। ਅਣਖ ਦੇ ਨਾਂ ’ਤੇ ਹੋ ਰਹੇ ਕਤਲ ਵੀ ਜ਼ਿਆਦਾਤਰ ਔਰਤ ਕੇਂਦਰਿਤ ਹਨ। ਇਸ ਸਮਾਜ ਨੇ ਅਣਖ ਦਾ ਸਵਾਲ ਵੀ ਔਰਤ ਨਾਲ ਜੋੜ ਦਿੱਤਾ ਹੈ। ਅਸਲ ਵਿੱਚ ਅਜੋਕੇ ਮਨੁੱਖ ਦੀਆਂ ਪਦਾਰਥਕ ਰੁਚੀਆਂ ਨੇ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੱਤਾ। ਮਨੁੱਖੀ ਰਿਸ਼ਤਿਆਂ ਦੇ ਨਿਘਾਰ ਦਾ ਕਾਰਨ ਮਨੁੱਖ ਅੰਦਰੋਂ ਨੈਤਿਕ, ਸਦਾਚਾਰਕ ਕਦਰਾਂ ਕੀਮਤਾਂ ਦਾ ਖ਼ਾਤਮਾ ਹੈ। ਇੱਕ ਪਾਸੇ ਉਪਰੋਂ ਪੈ ਰਿਹਾ ਆਧੁਨਿਕਤਾ ਦਾ ਪ੍ਰਭਾਵ, ਦੂਜੇ ਪਾਸੇ ਮੱਧਯੁਗ ਦੀ ਚੱਕੀ ਵਿੱਚ ਪਿਸ ਰਹੀ ਲੁਕਾਈ ਨੇ ਗੈਰ-ਜ਼ਿੰਮੇਵਾਰਾਨਾ ਸਥਿਤੀ ਨੂੰ ਜਨਮ ਦਿੱਤਾ ਹੈ। ਅਜਿਹੇ ਹਾਲਾਤ ਵਿੱਚ ਨਵੀਂ ਤੇ ਪੁਰਾਣੀ ਪੀੜ੍ਹੀ ਦੇ ਸੋਚਣ ਵਿਚਰਨ ਦਾ ਫਾਸਲਾ ਕਈ ਘਟਨਾਵਾਂ ਨੂੰ ਜਨਮ ਦੇ ਰਿਹਾ ਹੈ। ਮਾਪੇ ਜਦੋਂ ਪਿਛਾਂਹਖਿੱਚੂ ਸੋਚ ਦੇ ਧਾਰਨੀ ਬਣਦੇ ਤੇ ਬੱਚੇ ਆਜ਼ਾਦੀ ਦੇ ਭਰਮ ਨੂੰ ਅੰਤਿਮ ਸੱਚ ਮੰਨ ਲੈਂਦੇ ਤਾਂ ਇਹ ਟਕਰਾਵੀ ਸਥਿਤੀ ਕਿਸੇ ਨਾ ਕਿਸੇ ਪਾਸੇ ਮੋੜ ਲੈਂਦੀ ਹੈ। ਜੇ ਪਿਆਰ ਵਿਆਹ ਵਿੱਚ ਦੋਹਾਂ ਧਿਰਾਂ ਦੀ ਸਹਿਮਤੀ ਬਣਦੀ ਹੈ ਤਾਂ ਅਣਸੁਖਾਵੀਂ ਘਟਨਾ ਦਾ ਡਰ ਨਹੀਂ ਰਹਿੰਦਾ। ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਕਰਵਾਏ ਵਿਆਹ ਬਾਰੇ ਪੰਜਾਬੀ/ਭਾਰਤੀ ਸਮਾਜ ਦੁਬਿਧਾ ਵਿੱਚ ਹੈ। ਇਹ ਪਿਛਾਖੜੀ ਸੋਚ ਕਿਸੇ ਨਾਲ ਅਸਹਿਮਤੀ, ਬਦਲਾ ਲੈਣਾ, ਨੀਚਾ ਦਿਖਾਉਣ, ਬਰਬਾਦ ਕਰਨ ਆਦਿ ਕਈ ਰੂਪਾਂ ਵਿੱਚ ਪ੍ਰਗਟਦੀ ਹਿੰਸਕ ਘਟਨਾ ਤੱਕ ਪਹੁੰਚ ਜਾਂਦੀ ਹੈ। ਔਰਤ ਨੂੰ ਨਿੱਜੀ ਜਾਇਦਾਦ ਸਮਝਣ ਵਾਲਾ ਇਹ ਸਮਾਜ ਰਿਸ਼ਤੇ, ਵਿਆਹ, ਇੱਜ਼ਤ ਤੇ ਰੁਤਬੇ ’ਤੇ ਟਿਕਿਆ ਹੈ। ਦੂਜੇ ਪਾਸੇ, ਨਵੀਂ ਪੀੜ੍ਹੀ ਖਪਤਕਾਰੀ ਸੱਭਿਆਚਾਰ ਦੇ ਪ੍ਰਭਾਵ ਹੇਠ ਆਜ਼ਾਦੀ ਦੇ ਨਾਂ ’ਤੇ ਖੁੱਲ੍ਹਾਂ ਲੈ ਰਹੀ ਹੈ। ਕਾਮੁਕਤਾ ਅਤੇ ਜਿਸਮਾਨੀ ਖਿੱਚ ਦੇ ਬੁਰੇ ਵੀ ਨਤੀਜੇ ਆ ਰਹੇ ਹਨ। ਪਿਆਰ ਵਿਆਹ ਪ੍ਰਤੀ ਸਮਾਜ ਦਾ ਦ੍ਰਿਸ਼ਟੀਕੋਣ, ਜਾਗੀਰੂ/ਪਿਛਾਖੜੀ ਮਾਨਸਿਕਤਾ, ਮਰਦਾਵੀਂ ਹੈਂਕੜ, ਔਰਤ ਦੀ ਸਥਿਤੀ ਨਾਲ ਜੁੜਿਆ ਹੋਇਆ ਹੈ। ਔਰਤਾਂ ਖ਼ਿਲਾਫ਼ ਜੁਰਮ ਰੋਕਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲੋਕ ਸੰਘਰਸ਼ਾਂ ਨਾਲ ਸਰਕਾਰ ਤੇ ਨਿਆਂ ਪ੍ਰਣਾਲੀ ’ਤੇ ਦਬਾਅ ਬਣਾਉਣਾ ਚਾਹੀਦਾ ਹੈ। ਜੇ ਔਰਤ ਨੇ ਦਾਬੇ ਅਤੇ ਵਿਤਕਰੇ ਵਾਲੇ ਸਮਾਜ ਤੋਂ ਮੁਕਤੀ ਲੈਣੀ ਹੈ ਤਾਂ ਨਾਰੀ ਅੰਦੋਲਨਾਂ ਦੀ ਠੀਕ ਦਿਸ਼ਾ ਨਿਰਧਾਰਿਤ ਕਰਨੀ ਹੋਵੇਗੀ। ਨਾਰੀ ਨੂੰ ਆਪਣੀ ਹੋਂਦ ਅਤੇ ਪਛਾਣ ਸਥਾਪਿਤ ਕਰਨ ਲਈ ਖ਼ੁਦ ਅੱਗੇ ਆਉਣਾ ਪਵੇਗਾ। ਸਮਾਜ ਵਿਚਲੀਆਂ ਪਿੱਛਾਂਹਖਿਚੂ ਤੇ ਢਾਹੂ ਕਦਰਾਂ-ਕੀਮਤਾਂ ਖ਼ਤਮ ਕਰਨ ਲਈ ਲਗਾਤਾਰ ਆਵਾਜ਼ ਉਠਾਉਣ ਦੀ ਲੋੜ ਹੈ। ਇਹ ਲੜਾਈ ਵੱਡੇ ਪੱਧਰ ’ਤੇ ਕਰਨ ਦੀ ਲੋੜ ਹੈ ਜਿਸ ਵਿੱਚ ਸਮੁੱਚਾ ਨਾਰੀ ਵਰਗ, ਹੋਰ ਸ਼ੋਸ਼ਿਤ ਧਿਰਾਂ ਅਤੇ ਚਿੰਤਨਸ਼ੀਲ ਲੋਕਾਂ ਨੂੰ ਵੀ ਸ਼ਾਮਿਲ ਕਰਨਾ ਪਵੇਗਾ। ਇਸੇ ਦਿਸ਼ਾ ਵੱਲ ਅੱਗੇ ਵਧਦੇ ਹੋਏ ਅਸੀਂ ਸਿਹਤਮੰਦ ਅਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਕਰ ਸਕਦੇ ਹਾਂ।

Loading