ਕਨੈਟੀਕਟ/ਏ.ਟੀ.ਨਿਊਜ਼: ਨਿਊਜ਼ੀਲੈਂਡ ਵਿੱਚ ਹਾਲ ਹੀ ਵਿੱਚ ਵਾਪਰੀ ਘਟਨਾ ਬਾਰੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਪੰਥਕ ਆਗੂ ਸਵਰਨਜੀਤ ਸਿੰਘ ਖ਼ਾਲਸਾ ਮੇਅਰ, ਨੌਰਵਿਚ, ਕਨੈਕਟੀਕਟ, ਅਮਰੀਕਾ ਨੇ ਕਿਹਾ ਕਿ ਪਿਛਲੇ ਦਿਨੀਂ ਨਿਊਜੀਲੈਂਡ ਵਿਖੇ ਨਾਨਕਸਰ ਸਿੱਖ ਟੈਂਪਲ ਵੱਲੋਂ ਆਯੋਜਿਤ ਨਗਰ ਕੀਰਤਨ ਨੂੰ ‘ਟਰੂ ਪੈਟ੍ਰੀਓਟਸ ਆਫ਼ ਐੱਨਜ਼ੈੱਡ’ ਨਾਂਅ ਦੇ ਨਸਲਵਾਦੀ ਗਰੁੱਪ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਰਵਾਇਤੀ ਹਾਕਾ ਨਾਚ ਕੀਤਾ ਅਤੇ ਬੈਨਰ ਲਾਏ ਜਿਸ ਉੱਤੇ ਲਿਖਿਆ ਸੀ: “ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ ਜੋ ਕਿ ਨਾ ਸਿਰਫ਼ ਸਿੱਖ ਪੰਥ ਵਿਰੁੱਧ ਹਮਲਾ ਹੈ, ਸਗੋਂ ਮਨੁੱਖਤਾ ਵਿਰੁਧ ਗੰਭੀਰ ਵਾਇਰਸ ਨਸਲਵਾਦ ਹੈ ਅਤੇ ਬਹੁਸਭਿਆਚਾਰ ਤੇ ਮਨੁੱਖਤਾ ਵਿਰੁੱਧ ਖੁੱਲ੍ਹੀ ਚੁਣੌਤੀ ਹੈ।
ਖਾਲਸਾ ਨੇ ਕਿਹਾ ਕਿ ਨਗਰ ਕੀਰਤਨ ਸਿੱਖ ਧਰਮ ਦੀ ਸਾਂਝੀਵਾਲਤਾ, ਸੇਵਾ ਅਤੇ ਸਾਂਝੀਵਾਲਤਾ, ਸਾਝੇ ਭੋਜਨ ਲੰਗਰ ਦੀ ਸੁੰਦਰ ਪਰੰਪਰਾ ਹੈ। ਇਸ ਵਿੱਚ ਕਿਸੇ ਨੂੰ ਵੀ ਜਾਤ-ਪਾਤ ਜਾਂ ਧਰਮ ਦੇ ਆਧਾਰ ਉੱਤੇ ਛੋਟਾ ਨਹੀਂ ਮੰਨਿਆ ਜਾਂਦਾ। ਫਿਰ ਵੀ ਅਜਿਹੇ ਨਸਲਵਾਦੀ ਗਰੁੱਪ ਵੱਲੋਂ ਇਸ ਨੂੰ ਨਿਸ਼ਾਨਾ ਬਣਾਇਆ ਜਾਣਾ ਬਹੁਤ ਹੀ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਇਹ ਨਸਲਵਾਦੀ ਗਰੁੱਪ ਡੈਸਟਿਨੀ ਚਰਚ ਨਾਲ ਜੁੜਿਆ ਹੋਇਆ ਹੈ ਅਤੇ ਇਸ ਦੇ ਆਗੂ ਬ੍ਰਾਇਨ ਤਮਾਕੀ ਵੱਲੋਂ ਪਹਿਲਾਂ ਵੀ ਇਮੀਗ੍ਰੈਂਟਸ ਅਤੇ ਗ਼ੈਰ-ਇਸਾਈ ਧਰਮਾਂ ਵਿਰੁੱਧ ਨਫ਼ਰਤ ਫੈਲਾਈ ਸੀ। ਜਦ ਕਿ ਇਸਾਈ ਧਰਮ ਸਿੱਖ ਧਰਮ ਵਾਂਗ ਬਹੁਵਾਦ ਤੇ ਸ਼ਾਤੀ ਦਾ ਪ੍ਰਗਟਾਵਾ ਕਰਦਾ ਹੈ।
ਖਾਲਸਾ ਨੇ ਕਿਹਾ ਕਿ ਸਿੱਖ ਭਾਈਚਾਰਾ ਵਿਦੇਸ਼ਾਂ ਵਿੱਚ ਮਿਹਨਤ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਤਰੱਕੀ ਕਰ ਰਿਹਾ ਹੈ। ਕੋਵਿਡ ਮਹਾਂਮਾਰੀ ਦੌਰਾਨ ਵੀ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂ. ਕੇ. ਅਤੇ ਯੂਰਪ ਵਿੱਚ ਸਿੱਖਾਂ ਨੇ ਲੰਗਰ ਵੰਡ ਕੇ ਅਤੇ ਸਾਰੇ ਭਾਈਚਾਰਿਆਂ ਦੀ ਮਦਦ ਕਰਕੇ ਸਮਾਜ ਨੂੰ ਇੱਕਜੁੱਟ ਕੀਤਾ। ਇਸ ਦੇ ਬਾਵਜੂਦ ਨਸਲਵਾਦੀ ਹਮਲੇ ਸਾਡੇ ਲਈ ਅਸਹਿਣਸ਼ੀਲ ਹਨ।
ਉਨ੍ਹਾਂ ਕਿਹਾ ਕਿ ਮੈਂ ਨਿਊਜ਼ੀਲੈਂਡ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਅਜਿਹੇ ਨਫ਼ਰਤ ਫੈਲਾਉਣ ਵਾਲੇ ਗਰੁੱਪਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਸਲਵਾਦੀ ਗਰੱੁਪ ਨੂੰ “ਆਜ਼ਾਦੀ ਦੀ ਆਵਾਜ਼” ਵਜੋਂ ਨਹੀਂ ਮੰਨਿਆ ਜਾ ਸਕਦਾ। ਇਹੋ ਜਿਹਾ ਅਖੌਤੀ ਰਾਸ਼ਟਰਵਾਦ ਮਨੁੱਖਤਾ ਲਈ ਖਤਰਾ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਬਹੁ-ਸੱਭਿਆਚਾਰਕ ਸਮਾਜ ਤੇ ਦੇਸ ਹੈ। ਇਸ ਵਿੱਚ ਹਰ ਧਰਮ ਅਤੇ ਸੰਸਕ੍ਰਿਤੀ ਨੂੰ ਬਰਾਬਰ ਦੇ ਅਧਿਕਾਰ ਹਨ। ਸੋ ਇਹ ਮਨੁੱਖੀ ਹੋਂਦ ਤਾਂ ਹੀ ਕਾਇਮ ਰਹਿ ਸਕਦੀ ਹੈ ਜੇ ਨਿਊਜੀਲੈਂਡ ਸਰਕਾਰ ਨਸਲੀ ਗਰੁਪਾਂ ਉੱਪਰ ਸਖ਼ਤ ਕਾਰਵਾਈ ਕਰੇ।
ਸਵਰਨਜੀਤ ਸਿੰਘ ਖ਼ਾਲਸਾ ਨੇ ਸਿੱਖ ਪੰਥ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਆਪਣੇ ਤੇ ਮਨੁੱਖੀ ਅਧਿਕਾਰਾਂ ਲਈ ਡਟ ਕੇ ਲੜੀਏ, “ਸਰਬੱਤ ਦਾ ਭਲਾ” ਦੇ ਸਿਧਾਂਤ ਉੱਤੇ ਪੱਕੇ ਰਹੀਏ ਅਤੇ ਨਫ਼ਰਤ ਨੂੰ ਸ਼ਾਂਤੀ ਨਾਲ ਜਵਾਬ ਦੇ ਕੇ ਸੱਚੀ ਸਾਂਝੀਵਾਲਤਾ ਦਾ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਫੈਲਾਈਏ।
![]()
