ਨਿਊਜ਼ੀਲੈਂਡ ਵਿੱਚ ਸਿੱਖ ਨਗਰ ਕੀਰਤਨ ’ਤੇ ਵਿਘਨ ਦਾ ਮਾਮਲਾ

In ਖਾਸ ਰਿਪੋਰਟ
February 07, 2026

ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਵੱਲੋਂ ਆਯੋਜਿਤ ਨਗਰ ਕੀਰਤਨਾਂ ਨੂੰ ਦੋ ਵਾਰ ਵਿਘਨ ਪਾਉਣ ਦੇ ਮਾਮਲੇ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਭਾਰਤ ਸਰਕਾਰ ਨੇ ਇਸ ਮੁੱਦੇ ਨੂੰ ਨਿਊਜ਼ੀਲੈਂਡ ਸਰਕਾਰ ਨਾਲ ਡਿਪਲੋਮੈਟਿਕ ਤੌਰ ’ਤੇ ਉਠਾਇਆ ਹੈ। ਵਿਦੇਸ਼ ਰਾਜ ਮੰਤਰੀ ਪਬਿੱਤਰਾ ਮਾਰਗਰੀਟਾ ਨੇ ਸੰਸਦ ਵਿੱਚ ਲਿਖਤੀ ਜਵਾਬ ਵਿੱਚ ਦੱਸਿਆ ਕਿ ਭਾਰਤੀ ਵਿਦੇਸ਼ ਮੰਤਰਾਲੇ ਨੂੰ ਟੌਰੰਗਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਨਗਰ ਕੀਰਤਨ ’ਤੇ ਵਿਘਨ ਪਾਉਣ ਦੀ ਜਾਣਕਾਰੀ ਮਿਲੀ ਸੀ। ਇਹ ਵਿਘਨ ‘ਦ ਟਰੂ ਪੈਟਰੀਅਟਸ ਆਫ਼ ਨਿਊਜ਼ੀਲੈਂਡ’ ਨਾਂਅ ਦੇ ਸਮੂਹ ਨੇ ਪਾਇਆ ਸੀ, ਜੋ ਆਪਣੀ ਨਸਲਵਾਦੀ ਸੋਚ ਲਈ ਜਾਣਿਆ ਜਾਂਦਾ ਹੈ ਅਤੇ ਡੈਸਟਨੀ ਚਰਚ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ। ਇਹ ਸਮੂਹ ਆਪਣੇ ਆਪ ਨੂੰ ‘ਕਿਵੀ ਜੀਵਨ ਸ਼ੈਲੀ ਦੇ ਰੱਖਵਾਲੇ, ਵਿਸ਼ਵਾਸ, ਝੰਡੇ ਅਤੇ ਪਰਿਵਾਰ ਦੇ ਰੱਖਿਅਕ’ ਵਜੋਂ ਪੇਸ਼ ਕਰਦਾ ਹੈ।
ਘਟਨਾ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹਾਕਾ (ਮਾਓਰੀ ਵਿਰੋਧ ਪ੍ਰਦਰਸ਼ਨ) ਕੀਤਾ ਅਤੇ ਬੈਨਰ ਲਗਾਏ ਜਿਨ੍ਹਾਂ ’ਤੇ ਲਿਖਿਆ ਸੀ ‘ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ’। ਨਗਰ ਕੀਰਤਨ ਨੂੰ ਟੌਰੰਗਾ ਸਿਟੀ ਕੌਂਸਲ ਦੀ ਪਹਿਲਾਂ ਮਨਜ਼ੂਰੀ ਮਿਲ ਚੁੱਕੀ ਸੀ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਨਿਊਜ਼ੀਲੈਂਡ ਪੁਲਿਸ ਮੌਕੇ ’ਤੇ ਮੌਜੂਦ ਸੀ ਅਤੇ ਬਿਨਾਂ ਕਿਸੇ ਟਕਰਾਅ ਦੇ ਪ੍ਰੋਸੈਸ਼ਨ ਜਾਰੀ ਰਿਹਾ। ਇਹ ਘਟਨਾ ਦਸੰਬਰ 2025 ਵਿੱਚ ਸਾਊਥ ਆਕਲੈਂਡ (ਮਨੂਰੇਵਾ) ਵਿੱਚ ਨਾਨਕਸਰ ਗੁਰਦੁਆਰਾ ਵੱਲੋਂ ਆਯੋਜਿਤ ਨਗਰ ਕੀਰਤਨ ’ਤੇ ਵਿਘਨ ਪਾਉਣ ਤੋਂ ਬਾਅਦ ਦੂਜੀ ਵਾਰ ਵਾਪਰੀ ਹੈ, ਜਿੱਥੇ ਵੀ ਇਸੇ ਸਮੂਹ ਨੇ ਹਾਕਾ ਕੀਤਾ ਸੀ ਅਤੇ ਲਗਭਗ 50 ਵਿਅਕਤੀ ਸ਼ਾਮਲ ਸਨ।
ਭਾਰਤੀ ਹਾਈ ਕਮਿਸ਼ਨ ਵੈਲਿੰਗਟਨ ਵਿੱਚ ਸਥਾਨਕ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਨੇੜਲੇ ਸੰਪਰਕ ਵਿੱਚ ਹੈ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਅਤੇ ਭਲਾਈ ਯਕੀਨੀ ਬਣਾਈ ਜਾ ਸਕੇ। ਦੋਵੇਂ ਘਟਨਾਵਾਂ ਤੋਂ ਬਾਅਦ ਨਿਊਜ਼ੀਲੈਂਡ ਪੁਲਿਸ ਨੇ ਨਗਰ ਕੀਰਤਨ ਆਯੋਜਕਾਂ, ਸਿੱਖ ਨੇਤਾਵਾਂ ਅਤੇ ਭਾਰਤੀ ਹਾਈ ਕਮਿਸ਼ਨ ਨਾਲ ਮੀਟਿੰਗਾਂ ਕੀਤੀਆਂ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਪੁਲਿਸ ਨੇ ਸੁਰੱਖਿਆ ਵਧਾਈ ਸੀ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਕਦਮ ਚੁੱਕਣ ਦਾ ਵਾਅਦਾ ਕੀਤਾ ਸੀ।

Loading