ਨਿਊਯਾਰਕ: ਜਹਾਜ਼ ਹਾਦਸੇ ’ਚ ਡਾਕਟਰ ਸਮੇਤ ਚਾਰ ਵਿਅਕਤੀ ਹਲਾਕ

In ਮੁੱਖ ਖ਼ਬਰਾਂ
April 15, 2025
ਨਿਊਯਾਰਕ/ਏ.ਟੀ.ਨਿਊਜ਼: ਇਥੇ ਵੀਕਐਂਡ ਦੌਰਾਨ ਨਿਊਯਾਰਕ ਵਿੱਚ ਵਾਪਰੇ ਜਹਾਜ਼ ਹਾਦਸੇ ਵਿੱਚ ਭਾਰਤੀ ਮੂਲ ਦੇ ਡਾਕਟਰ ਤੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਪਰਿਵਾਰ ਜਨਮ ਦਿਨ ਦੇ ਜਸ਼ਨਾਂ ਲਈ ਕੈਟਸਕਿਲਜ਼ ਪਹਾੜੀਆਂ ਵੱਲ ਜਾ ਰਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਡਬਲ ਇੰਜਨ ਵਾਲਾ ਜਹਾਜ਼ ਹਾਦਸਾਗ੍ਰਸਤ ਹੋਣ ਕਰਕੇ ਉੱਘੇ ਯੁਰੋਗਾਇਨੇਕਾਲੋਜਿਸਟ ਡਾ.ਜੌਏ ਸੈਣੀ, ਉਨ੍ਹਾਂ ਦੀ ਪਤਨੀ ਤੇ ਨਿਊਰੋਵਿਗਿਆਨੀ ਡਾ.ਮਿਸ਼ੇਲ ਗਰੌਫ਼, ਧੀ ਕਰੀਨਾ ਗਰੌਫ਼ (ਸਾਬਕਾ ਐੱਮ.ਆਈ.ਟੀ. ਸੌਕਰ ਖਿਡਾਰੀ ਤੇ 2022 ਐੱਨ.ਸੀ.ਏ.ਏ. ਵਿਮੈੱਨ ਆਫ਼ ਦਿ ਯੀਅਰ) ਤੇ ਪੁੱਤਰ ਜੇਅਰਡ ਗਰੌਫ, ਪੈਰਾਲੀਗਲ ਦੀ ਮੌਤ ਹੋ ਗਈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ (ਐੱਨ.ਟੀ.ਐੱਸ.ਬੀ.) ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਦਿਨੀਂ ਦੁਪਹਿਰੇ 12:06 ਵਜੇ ਮਿਤਸੂਬਿਸ਼ੀ ਐੱਮ.ਯੂ.-2ਬੀ-40 ਐੱਨ635ਟੀ.ਏ. ਨਿਊ ਯਾਰਕ ਵਿੱਚ ਕਰੇਰੀਵਿਲੇੇ ਨੇੇੜੇ ਹਾਦਸਾਗ੍ਰਸਤ ਹੋ ਗਿਆ। ਪਰਿਵਾਰ ਨਿਊ ਯਾਰਕ ਦੇ ਵ੍ਹਾਈਟ ਪਲੇਨਸ ਤੋਂ ਵੈਸਟਚੈਸਟਰ ਕਾਊਂਟੀ ਹਵਾਈ ਅੱਡੇ ਤੋਂ ਨਿੱਜੀ ਜਹਾਜ਼ ’ਤੇ ਸਵਾਰ ਹੋਇਆ ਸੀ। ਐੱਨ.ਟੀ.ਐੱਸ.ਬੀ. ਨੇ ਕਿਹਾ ਕਿ ਤਫ਼ਤੀਸ਼ਕਾਰਾਂ ਵੱਲੋਂ ਸਬੂਤ ਇਕੱਤਰ ਕੀਤੇ ਜਾ ਰਹੇ ਹਨ ਤੇ ਗਵਾਹਾਂ ਤੋਂ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

Loading