ਨਿਊਯਾਰਕ ਲਈ ਨੁਕਸਾਨਦੇਹ ਹੋਵੇਗਾ ਟਰੰਪ ਤੇ ਮਮਦਾਨੀ ਵਿਚਾਲੇ ਟਕਰਾਓ

In ਅਮਰੀਕਾ
November 13, 2025

ਜ਼ੋਹਰਾਨ ਮਮਦਾਨੀ ਦੀ ਨਿਊਯਾਰਕ ’ਚ ਮੇਅਰ ਅਹੁਦੇ ’ਤੇ ਜਿੱਤ ਨੂੰ ਅਮਰੀਕੀ ਪ੍ਰਗਤੀਸ਼ੀਲ ਸਿਆਸਤ ਦੀ ਇਕ ਵੱਡੀ ਉਪਲੱਬਧੀ ਦੇ ਰੂਪ ’ਚ ਪੇਸ਼ ਕੀਤਾ ਜਾ ਰਿਹਾ ਹੈ ਤੇ ਇਸੇ ਕਾਰਨ ਪੂਰੀ ਦੁਨੀਆ ’ਚ ਉਨ੍ਹਾਂ ਦੀ ਚਰਚਾ ਹੈ, ਪਰ ਇਸ ਜਿੱਤ ਦੇ ਨਾਲ-ਨਾਲ ਰਾਸ਼ਟਰਪਤੀ ਟਰੰਪ ਦੇ ਨਾਲ ਉਨ੍ਹਾਂ ਦਾ ਜੋ ਸਿਆਸੀ ਟਕਰਾਅ ਉੱਭਰ ਰਿਹਾ ਹੈ, ਉਹ ਸਿਰਫ਼ ਸ਼ਹਿਰ ਦੇ ਸ਼ਾਸਨ ਲਈ ਨਹੀਂ, ਬਲਕਿ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ’ਤੇ ਵੀ ਡੂੰਘੀ ਹਲਚਲ ਦਾ ਸੰਕੇਤ ਦਿੰਦਾ ਹੈ। ਮਮਦਾਨੀ ਨੇ ਚੋਣ ਜਿੱਤਦੇ ਹੀ ਰਾਸ਼ਟਰਪਤੀ ਟਰੰਪ ਨੂੰ ਲਲਕਾਰਦੇ ਹੋਏ ਖ਼ੁਦ ਨੂੰ ਉਨ੍ਹਾਂ ਦੇ ‘ਸਭ ਤੋਂ ਵੱਡੇ ਬੁਰੇ ਸੁਪਨੇ’ ਦੇ ਰੂਪ ’ਚ ਪੇਸ਼ ਕੀਤਾ ਹੈ। ਇਸ ਨਾਲ ਉਹ ਨੌਜਵਾਨਾਂ ’ਚ ਹੋਰ ਹਰਮਨਪਿਆਰੇ ਹੋ ਸਕਦੇ ਹਨ, ਪਰ ਸੰਘੀ ਸੱਤਾ ਨਾਲ ਟਕਰਾਅ ਦੀ ਇਹ ਰਣਨੀਤੀ ਆਖ਼ਰ ਨਿਊਯਾਰਕ ਲਈ ਆਤਮਘਾਤੀ ਸਿੱਧ ਹੋ ਸਕਦੀ ਹੈ। ਮਮਦਾਨੀ ਦੇ ਐਲਾਨਨਾਮੇ ’ਚ ਨੀਤੀਗਤ ਹੌਸਲਾ ਜ਼ਰੂਰ ਹੈ। ਉਨ੍ਹਾਂ ਨੇ ਮੁਫ਼ਤ ਪਬਲਿਕ ਟਰਾਂਸਪੋਰਟ, ਕਿਰਾਇਆ ਕੰਟਰੋਲ, ਟਰਾਂਸਜੈਂਡਰ ਅਧਿਕਾਰਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ ਹੈ, ਪਰ ਇਨ੍ਹਾਂ ਨੂੰ ਲਾਗੂ ਕਰਨ ਲਈ ਸੰਘੀ ਸਰਕਾਰ ਤੋਂ ਸਾਧਨਾਂ ਦੀ ਜ਼ਰੂਰਤ ਪਵੇਗੀ। ਟਰੰਪ ਪਹਿਲਾਂ ਹੀ ਜਨਤਕ ਰੂਪ ਨਾਲ ਮਮਦਾਨੀ ਨੂੰ ‘ਕਮਿਊਨਿਸਟ’ ਕਹਿ ਚੁੱਕੇ ਹਨ ਤੇ ਨਿਊਯਾਰਕ ਸ਼ਹਿਰ ਨੂੰ ਮਿਲਣ ਵਾਲੇ ਸੰਘੀ ਫੰਡ ਨੂੰ ਘੱਟ ਕਰਨ ਦੀ ਧਮਕੀ ਦੇ ਚੁੱਕੇ ਹਨ। ਇਹ ਸਿਰਫ਼ ਬਿਆਨਬਾਜ਼ੀ ਨਹੀਂ ਹੈ। ਟਰੰਪ ਦਾ ਪ੍ਰਸ਼ਾਸਨ ਪਹਿਲਾਂ ਵੀ ਡੈਮੋਕ੍ਰੇਟਿਕ ਸੂਬਿਆਂ ਤੇ ਸ਼ਹਿਰਾਂ ਪ੍ਰਤੀ ਦੰਡਾਤਮਕ ਰੁਖ਼ ਅਪਣਾਉਂਦਾ ਰਿਹਾ ਹੈ। ਇਸ ਕਾਰਨ ਇਕ ਅਜਿਹੇ ਰਾਸ਼ਟਰਪਤੀ ਨਾਲ ਸਿੱਧੇ ਟਕਰਾਅ ਦੀ ਨੀਤੀ ਨੂੰ ਅਪਨਾਉਣਾ, ਜੋ ਸਿਆਸੀ ਬਦਲਾਖੋਰੀ ਤੋਂ ਸੰਕੋਚ ਨਹੀਂ ਕਰਦਾ, ਕੀ ਵਿਹਾਰਕ ਹੈ?
ਨਿਊਯਾਰਕ ਦੀ ਬਜਟ ਵਿਵਸਥਾ ਸੰਘੀ ਗ੍ਰਾਂਟ ’ਤੇ ਨਿਰਭਰ ਹੈ-ਸਿੱਖਿਆ, ਰਿਹਾਇਸ਼, ਸਮਾਜਿਕ ਸੇਵਾਵਾਂ ਦੇ ਕਈ ਵਿਭਾਗਾਂ ਨੂੰ ਆਪਣੇ ਕੁੱਲ ਬਜਟ ਦਾ ਵੱਡਾ ਹਿੱਸਾ ਵਾਸ਼ਿੰਗਟਨ ਤੋਂ ਪ੍ਰਾਪਤ ਹੁੰਦਾ ਹੈ। ਜੇ ਸੰਘੀ ਸਰਕਾਰ ਸਹਿਯੋਗੀ ਨਾ ਰਹੀ ਤਾਂ ਸਥਾਨਕ ਸਰਕਾਰ ਦੀਆਂ ਯੋਜਨਾਵਾਂ ਦਾ ਧਰਾਤਲ ’ਤੇ ਉਤਰਨਾ ਨਾਮੁਮਕਿਨ ਹੋ ਸਕਦਾ ਹੈ। ਇਸੇ ਸੰਦਰਭ ’ਚ, ਅੰਤਰਰਾਸ਼ਟਰੀ ਤਜਰਬਾ ਵੀ ਚਿਤਾਵਨੀ ਵਾਂਗ ਹੈ। ਬਾਰਸੀਲੋਨਾ ਦੀ ਸਾਬਕਾ ਮੇਅਰ ਅਦਾ ਕੋਲਾਊ ਨੇ ਜਦ ‘ਨਾਗਰਿਕ ਮੰਚ’ ਤੇ ਸਮਾਜਿਕ ਅੰਦੋਲਨ ਦੇ ਦਮ ’ਤੇ ਸੱਤਾ ਸੰਭਾਲੀ ਸੀ, ਤਦ ਉਨ੍ਹਾਂ ਨੇ ਪੂੰਜੀਵਾਦ ਖ਼ਿਲਾਫ਼ ਇੱਕ ਨਵੇਂ ਨਗਰ ਪ੍ਰਸ਼ਾਸਨ ਦੀ ਕਲਪਨਾ ਕੀਤੀ ਸੀ, ਪਰ ਰਾਸ਼ਟਰੀ ਸਰਕਾਰ ਦੇ ਵਿੱਤੀ ਅੜਿੱਕਿਆਂ ਤੇ ਯੂਰਪੀ ਸੰਘ ਦੀਆਂ ਸਖ਼ਤ ਨੀਤੀਆਂ ਦੇ ਅੱਗੇ ਉਨ੍ਹਾਂ ਦੇ ਜ਼ਿਆਦਾਤਰ ਵਾਅਦੇ ਅਧੂਰੇ ਰਹਿ ਗਏ। ਆਖ਼ਰ ਉਨ੍ਹਾਂ ਨੂੰ ਜਨਤਾ ਨੇ ਹਟਾ ਦਿੱਤਾ। ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਵੀ ਕੰਜ਼ਰਵੇਟਿਵ ਸਰਕਾਰਾਂ ਨਾਲ ਲਗਾਤਾਰ ਟਕਰਾਅ ਦੀ ਨੀਤੀ ਅਪਣਾਈ, ਖਾਸ ਕਰ ਕੇ ਪਬਲਿਕ ਟਰਾਂਸਪੋਰਟ ਤੇ ਕਿਰਾਇਆ ਕੰਟਰੋਲ ਵਰਗੇ ਮੁੱਦਿਆਂ ’ਤੇ, ਪਰ ਉਹ ਵੀ ਕੇਂਦਰ ਸਰਕਾਰ ਦੀਆਂ ਕਾਨੂੰਨੀ ਹੱਦਾਂ ਤੋਂ ਬਾਹਰ ਕੁਝ ਕਰ ਨਹੀਂ ਸਕੇ। ਨਤੀਜੇ ਵਜੋਂ ਉਨ੍ਹਾਂ ਦੀਆਂ ਕਈ ਨੀਤੀਆਂ ਜਾਂ ਤਾਂ ਰੁਕੀਆਂ ਰਹੀਆਂ ਜਾਂ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕੀਆਂ। ਸਪੱਸ਼ਟ ਹੈ ਕਿ ਨਗਰ ਸਿਆਸਤ ’ਚ ਵਿਚਾਰਕ ਊਰਜਾ ਕਾਫ਼ੀ ਨਹੀਂ ਹੁੰਦੀ, ਪ੍ਰਸ਼ਾਸਨਿਕ ਅਧਿਕਾਰ ਤੇ ਸਾਧਨ ਉਸ ਦੀਆਂ ਜ਼ਰੂਰੀ ਸ਼ਰਤਾਂ ਹਨ।
ਟਰੰਪ ਦੇ ਨਜ਼ਰੀਏ ਨਾਲ ਦੇਖੀਏ ਤਾਂ ਮਮਦਾਨੀ ਦਾ ਉਭਾਰ ਉਨ੍ਹਾਂ ਨੂੰ ਇੱਕ ਨਵਾਂ ਪ੍ਰਤੀਕ ਦਿੰਦਾ ਹੈ, ਜਿਸ ਰਾਹੀਂ ਉਹ ਡੈਮੋਕ੍ਰੇਟਿਕ ਪਾਰਟੀ ਨੂੰ ਕੱਟੜਵਾਦੀ ਦੇ ਰੂਪ ’ਚ ਪੇਸ਼ ਕਰ ਸਕਦੇ ਹਨ। ਮਮਦਾਨੀ ਦੇ ਸਮਾਜਵਾਦੀ ਰੁਖ਼, ਖੁੱਲ੍ਹੇ ਟਰਾਂਸਜੈਂਡਰ ਸਮਰਥਨ ਤੇ ਜਨ-ਕਲਿਆਣਕਾਰੀ ਐਲਾਨਾਂ ਨੂੰ ਲੈ ਕੇ ਟਰੰਪ ਉਨ੍ਹਾਂ ਨੂੰ ‘ਸ਼ਹਿਰੀ ਖੱਬੇ ਪੱਖੀ’ ਦੇ ਰੂਪ ’ਚ ਪੇਸ਼ ਕਰ ਰਹੇ ਹਨ। ਇਸ ਨਾਲ ਉਹ ਆਪਣੇ ਰੂੜ੍ਹੀਵਾਦੀ ਗ੍ਰਾਮੀਣ ਤੇ ਸਬ-ਅਰਬਨ ਆਧਾਰ ਨੂੰ ਮੁੜ ਸੰਗਠਤ ਕਰ ਸਕਦੇ ਹਨ। ਜੇ ਮਮਦਾਨੀ ਇਸ ਜਾਲ ’ਚ ਫਸਦੇ ਹਨ ਤੇ ਟਰੰਪ ਨਾਲ ਨਿਰੰਤਰ ਭਿੜਦੇ ਰਹਿੰਦੇ ਹਨ ਤਾਂ ਇਸ ਨਾਲ ਟਰੰਪ ਨੂੰ ਹੀ ਲਾਭ ਹੋਵੇਗਾ। ਇਤਿਹਾਸ ਗਵਾਹ ਹੈ ਕਿ ਜਦ ਵੀ ਟਰੰਪ ਨੂੰ ਕੋਈ ਮਜ਼ਬੂਤ ਵਿਚਾਰਕ ਵਿਰੋਧੀ ਮਿਲਿਆ ਹੈ, ਉਨ੍ਹਾਂ ਨੇ ਉਸ ਨੂੰ ਰਾਸ਼ਟਰੀ ਚਰਚਾ ’ਚ ਪ੍ਰਤੀਕਾਤਮਕ ‘ਦੁਸ਼ਮਣ’ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਟਰੰਪ ਤੇ ਉਨ੍ਹਾਂ ਦੇ ਬੁਲਾਰੇ ਖੁੱਲ੍ਹੇ ਤੌਰ ’ਤੇ ਨਿਊਯਾਰਕ ਨੂੰ ਇੱਕ ‘ਨਾਕਾਮ ਸ਼ਹਿਰ’ ਕਹਿਣ ਲੱਗੇ ਹਨ। ਮਮਦਾਨੀ ਦੇ ਭੜਕਾਊ ਭਾਸ਼ਣ ਤੇ ਟਰੰਪ ਵਿਰੋਧੀ ਪ੍ਰਤੀਕਾਂ ਦੀ ਵਰਤੋਂ ਇਸ ਧਰੁਵੀਕਰਨ ਨੂੰ ਹੋਰ ਵੀ ਤੇਜ਼ ਕਰੇਗੀ। ਮਮਦਾਨੀ ਨੂੰ ਚਾਹੀਦਾ ਹੈ ਕਿ ਉਹ ਟਰੰਪ ਦੀ ਨਿੰਦਾ ਤੋਂ ਵੱਧ ਆਪਣੇ ਬਦਲਵੇਂ ਨਜ਼ਰੀਏ ’ਤੇ ਧਿਆਨ ਕੇਂਦਰਿਤ ਕਰਨ। ਜੇ ਉਹ ਟਰੰਪ ਦੇ ਹਰ ਬਿਆਨ ’ਤੇ ਪ੍ਰਤੀਕਿਰਿਆ ਦੇਣਗੇ ਤਾਂ ਉਨ੍ਹਾਂ ਦਾ ਪ੍ਰਸ਼ਾਸਨਿਕ ਏਜੰਡਾ ਗੁਆਚ ਜਾਵੇਗਾ। ਉਨ੍ਹਾਂ ਨੂੰ ਇਹ ਦਿਖਾਉਣਾ ਪਵੇਗਾ ਕਿ ਉਹ ਸਿਰਫ਼ ਵਿਰੋਧੀ ਨਹੀਂ, ਬਲਕਿ ਸਮਰੱਥ ਪ੍ਰਸ਼ਾਸਕ ਵੀ ਹਨ। ਉਨ੍ਹਾਂ ਨੇ ਜੋਸ਼ ਤੇ ਵਿਚਾਰਧਾਰਾ ਦੇ ਤਾਲਮੇਲ ਨਾਲ ਇਕ ਨਵਾਂ ਮਤਦਾਤਾ ਵਰਗ ਉਭਾਰਿਆ ਹੈ, ਪਰ ਇਹੀ ਵਰਗ ਹੁਣ ਉਨ੍ਹਾਂ ਤੋਂ ਅਜਿਹੀਆਂ ਯੋਜਨਾਵਾਂ ਚਾਹੁੰਦਾ ਹੈ, ਜੋ ਅਸਲ ’ਚ ਲਾਗੂ ਕੀਤੀਆਂ ਜਾ ਸਕਣ।
ਨਿਊਯਾਰਕ ਦੀ ਨਗਰ ਪ੍ਰਸ਼ਾਸਨਿਕ ਮਸ਼ੀਨਰੀ ਨੂੰ ਸੰਭਾਲਣਾ ਇੱਕ ਵੱਡੀ ਚੁਣੌਤੀ ਹੈ। ਉਥੇ ਦੀ ਨੌਕਰਸ਼ਾਹੀ, ਸੰਘੀ ਗ੍ਰਾਂਟਾਂ ਦੀ ਪੇਚੀਦਗੀ ਤੇ ਨਿਆਇਕ ਪ੍ਰਕਿਰਿਆਵਾਂ ਇਕ ਆਦਰਸ਼ਵਾਦੀ ਆਗੂ ਦੀਆਂ ਕਲਪਨਾਵਾਂ ਨੂੰ ਕਸੌਟੀ ’ਤੇ ਪਰਖਣਗੀਆਂ। ਬਿਨਾਂ ਵਾਸ਼ਿੰਗਟਨ ਦੇ ਸਹਿਯੋਗ ਨਾਲ ਵੱਡੇ ਬੁਨਿਆਦੀ ਸੁਧਾਰ ਕਰਨਾ ਲਗਪਗ ਨਾਮੁਮਕਿਨ ਹੈ। ਸਿਆਸਤ ’ਚ ਪ੍ਰਤੀਕਾਂ ਦਾ ਬਹੁਤ ਮਹੱਤਵ ਹੁੰਦਾ ਹੈ, ਪਰ ਸ਼ਹਿਰਾਂ ਨੂੰ ਨਾਅਰੇ ਨਹੀਂ ਚਲਾਉਾਂਦੇ,ਉਨ੍ਹਾਂ ਨੂੰ ਚਲਾਉਾਂਦੀਆਂਹਨ ਵਿਵਹਾਰਕ ਨੀਤੀਆਂ, ਵਿੱਤੀ ਅਨੁਸ਼ਾਸਨ ਤੇ ਕੇਂਦਰ-ਰਾਜ ਤਾਲਮੇਲ ਦੀ ਸਮਝ। ਜੇ ਮਮਦਾਨੀ ਪ੍ਰਸ਼ਾਸਨਿਕ ਵਿਹਾਰਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਤੇ ਸਿਰਫ਼ ਟਰੰਪ-ਵਿਰੋਧੀ ਪ੍ਰਤੀਕ ਬਣੇ ਰਹਿੰਦੇ ਹਨ ਤਾਂ ਇਹ ਨਾ ਸਿਰਫ਼ ਉਨ੍ਹਾਂ ਦੀ ਨਾਕਾਮੀ ਹੋਵੇਗੀ, ਬਲਕਿ ਇਹ ਪੂਰੇ ਡੈਮੋਕ੍ਰੇਟਿਕ ਅੰਦੋਲਨ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਮਮਦਾਨੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਰਣਨੀਤੀ ਨੂੰ ਟਕਰਾਅ ਦੀ ਥਾਂ ਹੱਲ ਦੀ ਦਿਸ਼ਾ ’ਚ ਮੋੜਨ। ਉਨ੍ਹਾਂ ਨੂੰ ਸ਼ਹਿਰੀ ਪ੍ਰਸ਼ਾਸਨ ਦੇ ਤੌਰ-ਤਰੀਕਿਆਂ ਨੂੰ ਗਹਿਰਾਈ ਨਾਲ ਸਮਝਣਾ ਪਵੇਗਾ। ਨਹੀਂ ਤਾਂ ਉਹ ਨਾ ਤਾਂ ਟਰੰਪ ਨੂੰ ਟੱਕਰ ਦੇ ਸਕਣਗੇ, ਨਾ ਹੀ ਨਿਊਯਾਰਕ ਨੂੰ ਉਹ ਤਬਦੀਲੀ ਦੇ ਸਕਣਗੇ, ਜਿਸ ਦਾ ਉਨ੍ਹਾਂ ਨੇ ਵਾਅਦਾ ਕੀਤਾ ਹੈ।
ਡਾ. ਮਨੀਸ਼ ਦਾਭਾਡੇ

(ਲੇਖਕ ਜੇ.ਐੱਨ.ਯੂ. ’ਚ ਐਸੋਸੀਏਟ ਪ੍ਰੋਫੈਸਰ ਹੈ)

Loading