ਨਿਕੀ ਹੈਲੀ ਦਾ ਪੁੱਤਰ ਨਲਿਨ ਬਚਪਨ ਵਿੱਚ ਧਰਮ ਅਪਨਾਉਣ ਦੇ ਵਿਵਾਦ ਵਿੱਚ ਕਿਉਂ ਫਸਿਆ?

In ਮੁੱਖ ਖ਼ਬਰਾਂ
November 11, 2025

ਖਾਸ ਖ਼ਬਰ

ਅਮਰੀਕੀ ਰਾਜਨੀਤੀ ਵਿੱਚ ਨਿਕੀ ਹੈਲੀ ਦਾ ਨਾਮ ਤਾਂ ਬਹੁਤ ਪਿਛਲੇ ਸਮੇਂ ਤੋਂ ਚਰਚਾ ਵਿੱਚ ਹੈ, ਪਰ ਅੱਜ ਉਸ ਦੇ ਪੁੱਤਰ ਨਲਿਨ ਹੈਲੀ ਦੀ ਕਹਾਣੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 24 ਸਾਲਾਂ ਦੇ ਨਲਿਨ, ਜੋ ਇੱਕ ਭਾਰਤੀ ਮੂਲ ਦੇ ਨੌਜਵਾਨ ਹਨ ਅਤੇ ਮੇਕ ਅਮਰੀਕਾ ਗ੍ਰੇਟ ਅਗੇਨ ਅਨੁਸਾਰੀ ਵੀ ਹਨ, ਨੇ ਆਪਣੇ ਬਚਪਨ ਵਿੱਚ ਧਰਮ ਨਾਲ ਜੁੜੇ ਆਪਣੇ ਭਰਮ ਦੀ ਇਬਾਰਤ ਨੂੰ ਖੁੱਲ੍ਹ ਕੇ ਸਾਂਝਾ ਕੀਤਾ। ਉਸ ਨੇ ਕਿਹਾ ਕਿ ਉਸ ਦੇ ਮਾਪੇ ਇਸਾਈ ਹਨ, ਜਦਕਿ ਨਾਨਾ-ਨਾਨੀ ਸਿੱਖ ਸਨ। ਇਸ ਵਿਚਕਾਰ ਉਹ ਧਰਮ ਦੇ ਵਿਵਾਦ ਵਿੱਚ ਫਸ ਗਿਆ ਸੀ ਕਿ ਕਿਹੜਾ ਧਰਮ ਅਪਨਾਵੇ ਅਤੇ ਅੰਤ ਵਿੱਚ ਇਸਾਈ ਧਰਮ ਨੂੰ ਅਪਣਾਉਣਾ ਪਸੰਦ ਕੀਤਾ।
ਨਲਿਨ ਨੇ ਯੂਨਹਰਡ ਨਾਮਕ ਪਲੇਟਫਾਰਮ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, ‘ਮੇਰੇ ਮਾਪੇ ਪ੍ਰੋਟੈਸਟੈਂਟ ਇਸਾਈ ਹਨ, ਪਰ ਨਾਨਾ-ਨਾਨੀ ਸਿੱਖ ਸਨ। ਬਚਪਨ ਵਿੱਚ ਮੈਂ ਬਹੁਤ ਭਰਮ ਵਿੱਚ ਪੈ ਗਿਆ ਸੀ। ਹੋਰ ਬੱਚੇ ਗੱਡੀਆਂ ਅਤੇ ਡਾਇਨੋਸੌਰਾਂ ਬਾਰੇ ਪੜ੍ਹਦੇ ਸਨ, ਪਰ ਮੈਂ ਵਿਸ਼ਵ ਧਰਮਾਂ ਬਾਰੇ ਕਿਤਾਬਾਂ ਵਿੱਚ ਡੁੱਬ ਗਿਆ।’ ਇਹ ਭਰਮ ਨੇ ਉਸ ਨੂੰ ਇੱਕ ਅਜੀਬ ਅਧਿਆਤਮਿਕ ਯਾਤਰਾ ਉੱਤੇ ਲੈ ਗਿਆ, ਜਿਸ ਨੇ ਅੰਤ ਵਿੱਚ ਉਸ ਨੂੰ ਇਸਾਈ ਧਰਮ ਵੱਲ ਖਿੱਚਿਆ। ਪਰ ਇਹ ਯਾਤਰਾ ਆਸਾਨ ਨਹੀਂ ਸੀ।
ਨਲਿਨ ਹੈਲੀ ਦਾ ਜਨਮ 2001 ਵਿੱਚ ਹੋਇਆ ਸੀ, ਜਦੋਂ ਨਿਕੀ ਹੈਲੀ ਯੂ.ਐੱਸ. ਰਾਜਨੀਤੀ ਵਿੱਚ ਤਰੱਕੀ ਕਰ ਰਹੀ ਸੀ। ਉਸ ਦੇ ਮਾਤਾ-ਪਿਤਾ, ਨਿਕੀ ਅਤੇ ਮਾਈਕਲ ਹੈਲੀ, ਬਾਪਟਿਸਟ ਚਰਚ ਨਾਲ ਜੁੜੇ ਹੋਏ ਸਨ। ਨਿਕੀ ਖੁਦ ਸਿੱਖ ਪਰਿਵਾਰ ਤੋਂ ਹੈ, ਪਰ ਉਹ ਇਸਾਈ ਬਣ ਗਈ ਸੀ। ਨਲਿਨ ਨੇ ਦੱਸਿਆ ਕਿ ਉਸ ਦੇ ਨਾਨਾ-ਨਾਨੀ, ਜੋ ਪੰਜਾਬੀ ਸਿੱਖ ਸਨ, ਨੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਤੇ ਸਿੱਖ ਇਤਿਹਾਸ ਨਾਲ ਜੋੜਿਆ। ਉਹ ਅਕਸਰ ਗੁਰਦੁਆਰੇ ਜਾਂਦੇ ਅਤੇ ਨਲਿਨ ਨੂੰ ‘ਸ਼ਬਦ’ ਅਤੇ ‘ਸੇਵਾ’ ਦੇ ਮਹੱਤਵ ਬਾਰੇ ਦੱਸਦੇ। ਪਰ ਘਰ ਵਿੱਚ ਚਰਚ ਜਾਣਾ ਅਤੇ ਬਾਈਬਲ ਪੜ੍ਹਨਾ ਵੀ ਰੋਜ਼ਾਨਾ ਦਾ ਹਿੱਸਾ ਸੀ।
ਇਸ ਵਿਚਕਾਰ ਨਲਿਨ ਨੂੰ ਲੱਗਦਾ ਸੀ ਕਿ ਉਹ ਦੋ ਧਰਮ ਵਿਚਕਾਰ ਫਸਿਆ ਹੋਇਆ ਹੈ। ਉਸਨੂੰ ਨਹੀਂ ਪਤਾ ਸੀ ਕਿ ਉਹ ਕਿਸ ਨੂੰ ਫੌਲੋ ਕਰਾਂ। ਨਲਿਨ ਦਾ ਕਹਿਣਾ ਹੈ ਕਿ ਸਿੱਖ ਧਰਮ ਵਿੱਚ ਇੱਕ ਅਕਾਲ ਪੁਰਖ ਦਾ ਵਿਸ਼ਵਾਸ ਅਤੇ ਸਮਾਨਤਾ ਦੀ ਗੱਲ ਹੈ, ਜਦਕਿ ਇਸਾਈ ਧਰਮ ਵਿੱਚ ਯੀਸੂ ਨੂੰ ਮੁਕਤੀ ਦਾ ਰਾਹ ਮੰਨਿਆ ਜਾਂਦਾ ਹੈ। ਉਸਦਾ ਕਹਿਣਾ ਹੈ ਕਿ ਬਚਪਨ ਵਿੱਚ ਇਹ ਸਭ ਇੱਕ ਰਹੱਸ ਵਾਂਗ ਲੱਗਦਾ ਸੀ। ਉਸ ਨੇ ਦੱਸਿਆ ਕਿ ਨਾਨਾ-ਨਾਨੀ ਨੇ ਉਸ ਨੂੰ ਪੰਜਾਬੀ ਵਿੱਚ ਕਹਾਣੀਆਂ ਸੁਣਾਈਆਂ, ਜਿਵੇਂ ਗੁਰੂ ਨਾਨਕ ਦੇਵ ਜੀ ਦੇ ਸਫ਼ਰ ਅਤੇ ਭਾਈ ਗੁਰਦਾਸ ਦੀਆਂ ਵਾਰਾਂ। ਇਸ ਨਾਲ ਉਸ ਵਿੱਚ ਭਾਰਤੀ ਜੜ੍ਹਾਂ ਨਾਲ ਜੁੜਾਅ ਵਧਿਆ, ਪਰ ਧਰਮ ਅਪਨਾਉਣ ਬਾਰੇ ਦੁਚਿਤੀ ਵਿੱਚ ਫਸ ਗਿਆ। ਇਹ ਸਮਾਂ ਨਲਿਨ ਲਈ ਭਾਵਨਾਤਮਕ ਤੌਰ ’ਤੇ ਚੁਣੌਤੀਪੂਰਨ ਸੀ, ਕਿਉਂਕਿ ਸਕੂਲ ਵਿੱਚ ਵੀ ਹੋਰ ਬੱਚੇ ਇੱਕੋ ਧਰਮ ਨੂੰ ਮੰਨਦੇ ਸਨ।
ਅੰਤ ਵਿੱਚ, ਨਲਿਨ ਨੇ ਫੈਸਲਾ ਕੀਤਾ ਕਿ ਉਹ ਖੁਦ ਖੋਜ ਕਰੇਗਾ। ਉਸ ਨੇ 12-13 ਸਾਲ ਦੀ ਉਮਰ ਵਿੱਚ ਵਿਸ਼ਵ ਧਰਮਾਂ ਉੱਤੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ – ਹਿੰਦੂ ਧਰਮ ਤੋਂ ਲੈ ਕੇ ਇਸਲਾਮ ਅਤੇ ਬੌਧ ਧਰਮ ਤੱਕ। ਇਹ ਉਸ ਦੀ ਯਾਤਰਾ ਦਾ ਸ਼ੁਰੂਆਤੀ ਪੜਾਅ ਸੀ, ਜਿਸ ਨੇ ਉਸ ਨੂੰ ਡੂੰਘੀ ਸੋਚ ਵੱਲ ਲਿਆਂਦਾ।
ਇਸਾਈ ਧਰਮ ਨੂੰ ਅਪਣਾਉਣ ਦਾ ਫੈਸਲਾ
ਨਲਿਨ ਦੀ ਧਾਰਮਿਕ ਖੋਜ ਨੇ ਉਸ ਨੂੰ ਇਸਾਈ ਧਰਮ ਦੇ ਇਤਿਹਾਸ ਵੱਲ ਖਿੱਚਿਆ। ਉਸ ਨੇ ਚਰਚ ਫਾਦਰਾਂ ਦੀਆਂ ਰਚਨਾਵਾਂ ਅਤੇ ਪ੍ਰਾਰੰਭਿਕ ਇਸਾਈ ਵਿਸ਼ਵਾਸਾਂ ਬਾਰੇ ਪੜਿਆ। ਨਲਿਨ ਕਹਿੰਦਾ ਹੈ ਕਿ ਮੈਨੂੰ ਲੱਗਾ ਕਿ ਜੋ ਵੀ ਇਹ ਖੋਜ ਕਰੇਗਾ, ਉਹ ਕੈਥਲਿਕ ਬਣ ਜਾਵੇਗਾ। ਇਸ ਫੈਸਲੇ ਤੋਂ ਪਹਿਲਾਂ ਉਸ ਨੂੰ ਇੱਕ ਅਧਿਆਤਮਿਕ ਅਨੁਭਵ ਹੋਇਆ, ਜਿਸ ਬਾਰੇ ਉਸ ਨੇ ਵਿਸਥਾਰ ਨਾਲ ਨਹੀਂ ਦੱਸਿਆ, ਪਰ ਇਹ ਉਸ ਲਈ ਟਰਨਿੰਗ ਪੁਆਇੰਟ ਸੀ।
ਨਲਿਨ ਖੁਦ ਨੂੰ ਕੈਥਲਿਕ ਇਸਾਈ ਮੰਨਦਾ ਹੈ, ਜੋ ਪ੍ਰੋਟੈਸਟੈਂਟ ਇਸਾਈ ਤੋਂ ਵੱਖਰਾ ਹੈ। ਉਹ ਕਹਿੰਦਾ ਹੈ ਕਿ ਸਿੱਖ ਪਰੰਪਰਾਵਾਂ ਨੇ ਉਸ ਨੂੰ ਸਹਿਣਸ਼ੀਲਤਾ ਅਤੇ ਨੈਤਿਕਤਾ ਸਿਖਾਈ, ਪਰ ਈਸਾਈ ਧਰਮ ਨੇ ਉਸ ਨੂੰ ਅੰਤਰਮੁੱਖ ਸ਼ਾਂਤੀ ਦਿੱਤੀ। ਇਹ ਫੈਸਲਾ ਉਸ ਦੇ ਪਰਿਵਾਰ ਲਈ ਵੀ ਅਹਿਮ ਸੀ, ਕਿਉਂਕਿ ਨਿਕੀ ਹੈਲੀ ਖੁਦ ਧਾਰਮਿਕ ਵਿਵਾਦਾਂ ਵਿੱਚ ਘਿਰੀ ਰਹੀ ਹੈ। ਅਮਰੀਕਾ ਵਿੱਚ ਭਾਰਤੀ-ਮੂਲ ਵਾਲੇ ਹਿੰਦੂ ਰਾਜਨੀਤਿਕਾਂ ਉੱਤੇ ਹਮਲੇ ਵਧ ਰਹੇ ਹਨ। ਉਦਾਹਰਨ ਵਜੋਂ, ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਨੇ ਆਪਣੀ ਪਤਨੀ ਉਸ਼ਾ ਵੈਂਸ ਨੂੰ ਇਸਾਈ ਬਣਨ ਲਈ ਕਿਹਾ ਸੀ, ਹਾਲਾਂਕਿ ਉਸ਼ਾ ਨੇ ਇਨਕਾਰ ਕੀਤਾ। ਨਲਿਨ ਦੀ ਕਹਾਣੀ ਇਸ ਵਿਵਾਦ ਉੱਪਰ ਰੌਸ਼ਨੀ ਪਾਉਂਦੀ ਹੈ।
ਨਲਿਨ ਨੇ ਧਰਮ ਵਾਂਗ ਰਾਜਨੀਤੀ ਵਿੱਚ ਵੀ ਆਪਣਾ ਵੱਖਰਾ ਰਾਹ ਚੁਣਿਆ। ਉਹ ਕਹਿੰਦਾ ਹੈ ਕਿ ਉਸ ਨੇ ਧਰਮ ਨੂੰ ਮਾਪਿਆਂ ਦੇ ਵਿਚਾਰ ਅਨੁਸਾਰ ਨਹੀਂ ਅਪਣਾਇਆ। 2024 ਦੀ ਰਿਪਬਲਿਕਨ ਪ੍ਰਾਇਮਰੀ ਵਿੱਚ ਉਸ ਨੇ ਨਿਕੀ ਹੈਲੀ ਨੂੰ ਸਮਰਥਨ ਦਿੱਤਾ ਸੀ, ਪਰ ਸਿਰਫ਼ ‘ਚੰਗੇ ਪੁੱਤਰ’ ਵਜੋਂ। ਅੱਜ ਉਹ ਡੋਨਾਲਡ ਟਰੰਪ ਨਾਲ ਜੁੜਿਆ ਹੈ। ਉਹ ਕਹਿੰਦਾ ਹੈ, ‘ਮੈਂ ਆਪਣੇ ਵਿਚਾਰਾਂ ਨੂੰ ਨਹੀਂ ਬਦਲਾਂਗਾ। ਅਮਰੀਕਾ ਨੂੰ ਕਾਨੂੰਨੀ ਇਮੀਗ੍ਰੇਸ਼ਨ ਬੰਦ ਕਰਨੀ ਚਾਹੀਦੀ ਹੈ, ਹਾਲਾਂਕਿ ਮੇਰਾ ਪਰਿਵਾਰ ਇਮੀਗ੍ਰੈਂਟ ਹੈ।’
ਭਵਿੱਖ ਵਿੱਚ ਨਲਿਨ ਰਾਜਨੀਤੀ ਵਿੱਚ ਵਧੇਰੇ ਸਰਗਰਮ ਹੋਣਾ ਚਾਹੁੰਦਾ ਹੈ। ਉਹ ਆਪਣੀ ਧਾਰਮਿਕ ਯਾਤਰਾ ਨੂੰ ਕਿਤਾਬ ਜਾਂ ਪੌਡਕਾਸਟ ਵਿੱਚ ਸਾਂਝਾ ਕਰਨਾ ਚਾਹੁੰਦਾ ਹੈ, ਤਾਂ ਜੋ ਹੋਰ ਨੌਜਵਾਨ ਭਾਰਤੀ-ਮੂਲ ਵਾਲੇ ਬੱਚੇ ਆਪਣੀ ਪਛਾਣ ਬਣਾ ਸਕਣ।

Loading