ਨਾਨਕ ਜੋਤਿ ਦੇ ਚੌਥੇ ਵਾਰਿਸ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਚੂਨਾ ਮੰਡੀ ਲਾਹੌਰ ਦੇ ਵਸਨੀਕ ਪਿਤਾ ਸੋਢੀ ਹਰਿਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਯਾ ਕੌਰ ਦੇ ਉਦਰ ਤੋਂ 26 ਅੱਸੂ (ਕੱਤਕ ਵਦੀ 2) ਸੰਮਤ 1591 ਮੁਤਾਬਿਕ 24 ਸਤੰਬਰ ਸੰਨ 1534 ਨੂੰ ਅਵਤਾਰ ਧਾਰਿਆ। ਮਾਤਾ ਜੀ ਸ਼ਿਲੇ ਦੇ ਦਿਨਾਂ ਵਿੱਚ ਹੀ ਅਕਾਲ ਪੁਰਖ ਦੇ ਚਰਨਾਂ ਵਿੱਚ ਸਦੀਵੀ ਤੌਰ ’ਤੇ ਨਿਵਾਸ ਕਰ ਗਏ। (ਗੁਰੂ) ਰਾਮਦਾਸ ਜੀ ਦੀ ਉਮਰ ਸਿਰਫ਼ ਸੱਤ ਸਾਲ ਦੀ ਹੀ ਸੀ ਕਿ ਇਨ੍ਹਾਂ ਦੇ ਪਿਤਾ ਜੀ ਵੀ ਸਰੀਰਕ ਚੋਲਾ ਤਿਆਗ ਗਏ। ਬਾਲ ਉਮਰ ਦੀ ਇਸ ਅਸਹਿ ਤੇ ਦਰਦ-ਪਰੁੱਚੀ ਘੜੀ ਸਮੇਂ ਦਾਦਕਿਆਂ ਦੇ ਕਿਸੇ ਸਬੰਧੀ ਨੇ ਇਨ੍ਹਾਂ ਦੀ ਬਾਂਹ ਨਾ ਫ਼ੜੀ ਤਾਂ ਨਾਨੀ ਆ ਕੇ ਇਨ੍ਹਾਂ ਨੂੰ ਲਾਹੌਰ ਤੋਂ ਆਪਣੇ ਪਿੰਡ ਬਾਸਰਕੇ ਗਿੱਲਾਂ (ਅੰਮ੍ਰਿਤਸਰ) ਲੈ ਆਈ। ਲਾਹੌਰ ਨੂੰ ਛੱਡਣ ਦੀ ਕਰੁਣਾਮਈ, ਤ੍ਰਾਸਦਿਕ ਤੇ ਸੰਵੇਦਨਸ਼ੀਲ ਛਾਪ (ਗੁਰੂ) ਰਾਮਦਾਸ ਜੀ ਦੇ ਬਾਲ-ਮਨ ’ਤੇ ਸਦੀਵੀ ਤੌਰ ’ਤੇ ਉਕਰੀ ਗਈ। ਨਾਨੀ ਜੀ ਦੇ ਘਰੇਲੂ ਹਾਲਾਤ ਬਹੁਤੇ ਸੌਖੇ ਨਹੀਂ ਸਨ। ਘਰ ਦਾ ਗੁਜ਼ਾਰਾ ਚਲਾਉਣ ਲਈ ਬਾਲ ਜੇਠਾ ਜੀ ਨੂੰ ਨਾਨੀ ਜੀ ਨੇ ਵੇਚਣ ਲਈ ਘੁੰਙਣੀਆਂ ਬਣਾ ਦੇਣੀਆਂ ਜੋ ਉਨ੍ਹਾਂ ਦਿਨ ਭਰ ਹੋਕਾ ਦੇ ਕੇ ਵੇਚ ਆਉਣੀਆਂ। ਸਤਾ ਬਲਵੰਡ ਜੀ ਰਾਮਕਲੀ ਦੀ ਵਾਰ ਵਿਚ ਆਪ ਜੀ ਉਸਤਤ ਵਿੱਚ ਫ਼ੁਰਮਾਉਂਦੇ ਹਨ-
‘ਧੰਨੁ ਧੰਨੁ ਰਾਮਦਾਸ ਗੁਰੁ ਜਿਨ ਸਿਰਿਆ ਤਿਨੈ ਸਵਾਰਿਆ॥’ (ਪੰਨਾ 968)
ਗੁਰੂ ਜੀ ਦਾ ਖਡੂਰ ਸਾਹਿਬ ਜਾਣਾ
(ਗੁਰੂ) ਅਮਰਦਾਸ ਜੀ ਸੰਨ 1541 ’ਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ’ਚ ਖਡੂਰ ਸਾਹਿਬ ਚਲੇ ਗਏ। ਜਦੋਂ ਵੀ ਉਹ ਖਡੂਰ ਸਾਹਿਬ ਤੋਂ ਪਿੰਡ ਬਾਸਰਕੇ ਗਿੱਲਾਂ ਆਉਂਦੇ,ਜੇਠਾ ਜੀ ਨੂੰ ਦੁਲਾਰ ਕੇ ਹੀ ਵਾਪਸ ਜਾਂਦੇ। ਉਮਰ ਦਾ ਤਾਂ ਭਾਵੇਂ ਕਾਫ਼ੀ ਫ਼ਰਕ ਸੀ ਪਰ ਇੱਕ ਰੂਹਾਨੀ ਕਸ਼ਿਸ਼ ਦੋਵਾਂ ਰੂਹਾਂ ’ਚ ਘਰ ਕਰ ਗਈ ਸੀ। ਸੰਨ 1546 ’ਚ ਗੋਂਦੇ ਖੱਤ੍ਰੀ ਦੀ ਅਰਜ਼ ਪ੍ਰਵਾਨ ਕਰ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ (ਗੁਰੂ) ਅਮਰਦਾਸ ਜੀ ਨੂੰ ਨਗਰ ਗੋਇੰਦਵਾਲ ਵਸਾਉਣ ਦੀ ਆਗਿਆ ਕੀਤੀ। ਨਗਰ ਵਸਾਉਣ ਉਪਰੰਤ (ਗੁਰੂ) ਅਮਰਦਾਸ ਜੀ ਨੇ ਆਪਣੇ ਪਿੰਡ ਬਾਸਰਕੇ ਗਿੱਲਾਂ ਤੋਂ ਸਕੇ-ਸਬੰਧੀਆਂ, ਭਾਈ ਜੇਠਾ ਜੀ ਤੇ ਉਨ੍ਹਾਂ ਦੀ ਨਾਨੀ ਜੀ ਦਾ ਵੀ ਗੋਇੰਦਵਾਲ ਵਿਖੇ ਵਸੇਬਾ ਕਰਵਾ ਦਿੱਤਾ। ਗੁਰੂ ਅੰਗਦ ਦੇਵ ਜੀ 29 ਮਾਰਚ ਸੰਨ 1552 ਵਾਲੇ ਦਿਨ ਖਡੂਰ ਸਾਹਿਬ ਵਿਖੇ ਗੁਰਿਆਈ ਜੋਤਿ ਗੁਰੂ ਅਮਰਦਾਸ ’ਚ ਟਿਕਾ ਕੇ ਜੋਤੀ ਜੋਤਿ ਸਮਾ ਗਏ। ਗੁਰੂ ਆਗਿਆ ਦਾ ਪਾਲਣ ਕਰਦੇ ਹੋਏ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਆ ਗਏ। ਗੁਰੂ ਅਮਰਦਾਸ ਜੀ ਨੇ ਊਚ-ਨੀਚ, ਛੂਤ-ਛਾਤ ਤੇ ਜਾਤੀ ਭੇਦ-ਭਾਵ ਮਿਟਾਉਣ ਲਈ ਸੰਗਤਾਂ ਨੂੰ ਇਹ ਆਗਿਆ ਕੀਤੀ ਸੀ ਕਿ ਗੁਰੂ-ਦਰਬਾਰ ’ਚ ਹਾਜ਼ਰੀ ਭਰਨ ਤੋਂ ਪਹਿਲਾਂ ਪੰਗਤ ’ਚ ਬੈਠ ਕੇ ਲੰਗਰ ਛਕਿਆ ਜਾਵੇ, ਬੀਬੀਆਂ ਘੁੰਡ ਤੋਂ ਬਿਨਾਂ ਸੰਗਤ ਵਿੱਚ ਸ਼ਾਮਿਲ ਹੋਣ। ਇਨ੍ਹਾਂ ਕ੍ਰਾਂਤੀਕਾਰੀ ਸਮਾਜਿਕ ਸੁਧਾਰਾਂ ਦੇ ਪ੍ਰਚਾਰ ਪ੍ਰਸਾਰ ਤੋਂ ਔਖੇ ਜਾਤਿ-ਅਭਿਮਾਨੀਆਂ ਨੇ ਗੁਰੂ ਜੀ ਅਤੇ ਸ਼ਰਧਾਵਾਨ ਸਿੱਖਾਂ ਦਾ ਕਰੜਾ ਵਿਰੋਧ ਕੀਤਾ। ਉਨ੍ਹਾਂ ਵੱਲੋਂ ਗੁਰੂ ਘਰ ਦੀ ਵਰਤੋਂ ਲਈ ਪਾਣੀ ਭਰਨ ਲਈ ਦਰਿਆ ਬਿਆਸ ਜਾਂਦੇ ਸਿੱਖਾਂ ਤੇ ਬੀਬੀਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ। ਗੁਰੂ ਜੀ ਨੇ ਸਮੱਸਿਆ ਦੇ ਸਦੀਵ ਹੱਲ ਲਈ ਬਾਉਲੀ ਸਾਹਿਬ ਦੀ ਸੇਵਾ ਸ਼ੁਰੂ ਕਰਵਾ ਦਿੱਤੀ। ਸੰਗਤਾਂ ਦੇ ਨਾਲ (ਗੁਰੂ) ਰਾਮਦਾਸ ਜੀ ਵੀ ਖ਼ੁਦ ਸਿਰ ’ਤੇ ਮਿੱਟੀ ਦੀਆਂ ਭਰੀਆਂ ਟੋਕਰੀਆਂ ਚੁੱਕ ਕੇ ਸੇਵਾ ਕਰਦੇ। ਭਾਈ ਜੇਠਾ ਜੀ ਸਵੇਰ ਵੇਲੇ ਅਤੇ ਸੰਧਿਆ ਸਮੇਂ ਗੁਰੂ ਦਰਬਾਰ ’ਚ ਗੁਰਬਾਣੀ ਤੇ ਇਲਾਹੀ ਕੀਰਤਨ ਵਿੱਚ ਸੁਰਤਿ ਜੋੜਦੇ। ਸਮਰੱਥ ਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਅਕਾਲ ਪੁਰਖ ਦੇ ਸੱਚੇ ਨਾਮ ’ਚ ਹਿਰਦਾ ਲੀਨ ਹੋ ਗਿਆ। ‘ਸਮਰਥ ਗੁਰੂ ਸਿਰਿ ਹਥੁ ਧਰਿਅਉ॥ ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ॥’ ਸਤਿਗੁਰ ਸ੍ਰੀ ਗੁਰੂ ਅਮਰਦਾਸ ਜੀ ਦੀ ਰੱਬੀ ਸੰਗਤ ਵਿੱਚ (ਗੁਰੂ) ਰਾਮਦਾਸ ਜੀ ਆਨੰਦਤ ਆਤਮਿਕ ਅਵਸਥਾ ’ਚ ਮਖ਼ਮੂਰ ਰਹਿੰਦੇ। ਗੁਰੂ ਅਮਰਦਾਸ ਜੀ ਦੀ ਅਪਾਰ ਕਿਰਪਾ ਸਹਿਤ ਬਿਆਸ ਦੇ ਕੰਢੇ ’ਤੇ ਗੋਇੰਦਵਾਲ ਬੈਕੁੰਠ ਸਮਾਨ ਹੋ ਗਿਆ। ‘ਗੋਬਿੰਦਵਾਲੁ ਗੋਬਿੰਦਪੁਰੀ ਸਮ ਜਲ੍ਹਨ ਤੀਰਿ ਬਿਪਾਸ ਬਨਾਯਉ॥’ ਗੁਰੂ ਅਮਰਦਾਸ ਜੀ ਦੀ ਮਿਹਰ ਸਦਕਾ (ਗੁਰੂ) ਰਾਮਦਾਸ ਜੀ ਦਾ ਹਿਰਦਾ ਗੁਰਬਾਣੀ ਤੇ ਰਾਗਬੱਧ ਕੀਰਤਨ ਦੇ ਅਨਹਦੁ ਨਾਦ ਸੰਗ ਇੱਕ ਰਸ ਲੀਨ ਹੋ ਗਿਆ। ਗੁਰੂ ਬਚਨਾਂ ਨੂੰ ਰੂਹ ਆਤਮਾ ਵਿੱਚ ਧਾਰਨ ਕਰ ਗੁਰੂ-ਆਸ਼ੇ ਦੇ ਮਾਰਗ ’ਤੇ ਚੱਲਣ ਦੇ ਸਮਰੱਥ ਹੋ ਗਏ।
‘ਗੁਰੂ ਕਾ ਚੱਕ’ ਨਗਰ ਵਸਾਇਆ
ਸਿੱਖ ਧਰਮ ਦੇ ਕੇਂਦਰੀ ਅਸਥਾਨ ਦੀ ਸਥਾਪਨਾ ਦੇ ਆਸ਼ੇ ਨੂੰ ਪੂਰਾ ਕਰਨ ਲਈ ਗੁਰੂ ਅਮਰਦਾਸ ਜੀ ਨੇ ਮਾਝੇ ਦੇ ਪਿੰਡਾਂ ਗੁੰਮਟਾਲਾ, ਤੁੰਗ, ਸੁਲਤਾਨਵਿੰਡ ਤੇ ਗਿਲਵਾਲੀ ਦੇ ਵਿਚਕਾਰ ਜ਼ਮੀਨ ਲੈ ਕੇ ਸੰਨ 1570 ਵਿੱਚ (ਗੁਰੂ) ਰਾਮਦਾਸ ਜੀ ਨੂੰ ਨਵਾਂ ਨਗਰ ‘ਗੁਰੂ ਕਾ ਚੱਕ’ ਵਸਾਉਣ ਦਾ ਵਡੇਰਾ ਕਾਰਜ ਕਰਨ ਦੀ ਆਗਿਆ ਕੀਤੀ। (ਗੁਰੂ) ਰਾਮਦਾਸ ਜੀ ਬਾਰਾਂ ਸਾਲ ਤੋਂ ਵੱਧ ਸਮੇਂ ਲਈ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਰਹਿ ਕੇ ਉਨ੍ਹਾਂ ਦੀ ਬਖ਼ਸ਼ਿਸ਼ ਹਾਸਿਲ ਕੀਤੀ। ਗੁਰੂ ਅਮਰਦਾਸ ਜੀ ਨੇ ਸਰਬ ਗੁਣਾਂ ਦੇ ਧਾਰਨੀ (ਗੁਰੂ) ਰਾਮਦਾਸ ਜੀ ਨਾਲ ਸੰਨ 1553 ਵਿੱਚ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਕਰ ਦਿੱਤਾ।
ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਿਤ ਮਰਿਆਦਾ ਅਨੁਸਾਰ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿੱਚ ਪਹਿਲੀ ਅੱਸੂ ਸੰਮਤ 1631 ਮੁਤਾਬਕ ਪਹਿਲੀ ਸਤੰਬਰ ਸੰਨ 1574 ਨੂੰ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਪਾਸੋਂ (ਗੁਰੂ) ਰਾਮਦਾਸ ਜੀ ਨੂੰ ਗੁਰਿਆਈ ਦੇਣ ਦੀ ਰਸਮ ਅਦਾ ਕੀਤੀ। ਜਿਸ ਵੇਲੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਵੱਛ ਗੱਦੀ ’ਤੇ ਬੈਠੇ (ਗੁਰੂ) ਰਾਮਦਾਸ ਜੀ ਦੇ ਚਰਨਾਂ ’ਚ ਪੰਜ ਪੈਸੇ ਇੱਕ ਨਾਰੀਅਲ ਰੱਖ ਨੀਵੀਂ ਜਗ੍ਹਾ ਤੋਂ ਮੱਥਾ ਟੇਕ ਕੇ ਪਰਿਕਰਮਾ ਕੀਤੀਆਂ ਤਾਂ ਸੋਢੀ ਸੁਲਤਾਨ ਨੂੰ ਲਾਹੌਰ ’ਚ ਹੰਢਾਇਆ ਨਿਆਸਰਾ ਬਚਪਨ ਚੇਤੇ ਆ ਗਿਆ। ਮਨ ’ਚ ਉਪਜੇ ਵੈਰਾਗ ਨੂੰ ਸਤਿਗੁਰਾਂ, ‘ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥ ਹਮ ਰੁਲਤੇ ਫ਼ਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥’ ਸ਼ਬਦ ਵਿੱਚ ਬਿਆਨਿਆ ਹੈ। ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਸੰਮਤ 1631 ਵਿੱਚ ਆਪ ਜੀ ਨੇ “ਗੁਰੂ ਕਾ ਚੱਕ” ਨਗਰ ਵਸਾਇਆ ਤੇ ਆਪਣੀ ਰਿਹਾਇਸ਼ ਲਈ ਮਕਾਨ ਬਣਵਾਏ ਜਿਥੇ ਗੁਰਦੁਆਰਾ ‘ਗੁਰੂ ਕੇ ਮਹਿਲ’ ਸੁਸ਼ੋਭਿਤ ਹੈ। ਸਿਫ਼ਤੀ ਦਾ ਘਰ ਇਹ ਨਗਰ ਬਾਅਦ ’ਚ ਚੱਕ ਰਾਮਦਾਸ ਤੇ ਫ਼ਿਰ ਸ੍ਰੀ ਅੰਮ੍ਰਿਤਸਰ ਸਾਹਿਬ ਅਖਵਾਇਆ। ਨਗਰ ਦੀ ਭਵਿੱਖਮੁਖੀ ਤਰੱਕੀ ਲਈ ਪੱਟੀ, ਕਸੂਰ, ਕਲਾਨੌਰ ਆਦਿ ਥਾਂਵਾਂ ਤੋਂ ਬਵੰਜਾ ਕਿੱਤਿਆਂ ਦੇ ਕਾਰੋਬਾਰੀਆਂ ਲਈ ਮੁਫ਼ਤ ਰਿਹਾਇਸ਼ ਅਤੇ ਕਾਰੋਬਾਰੀ ਟਿਕਾਣਿਆਂ ਦਾ ਇੰਤਜ਼ਾਮ ਕਰਕੇ ਵੱਸਣ ਲਈ ਸੱਦਿਆ।
ਗੁਰਦੇਵ ਪਿਤਾ ਜੀ ਨੇ ਸਿੱਖ ਸੰਗਤਾਂ ਦੇ ਦਸਵੰਧ ਨੂੰ ਇਕੱਤਰ ਕਰਕੇ ਗੁਰੂ ਘਰ ਪਹੁੰਚਾਉਣ ਤੇ ਧਰਮ ਦਾ ਪ੍ਰਚਾਰ ਪ੍ਰਚੰਡ ਕਰਨ ਲਈ ਸਿਆਣੇ ਸਿੱਖਾਂ ਨੂੰ ‘ਮਸੰਦ’ ਥਾਪਿਆ। ਸੰਗਤ ਦੇ ਇਸ਼ਨਾਨ ਤੇ ਨਗਰ ਨਿਵਾਸੀਆਂ ਦੀ ਪਾਣੀ ਸਬੰਧੀ ਜ਼ਰੂਰਤ ਪੂਰੀ ਕਰਨ ਲਈ ਅੰਮ੍ਰਿਤ ਸਰੋਵਰ ਤੇ ਸੰਤੋਖਸਰ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ, ਜੋ ਗੁਰੂ ਅਰਜਨ ਦੇਵ ਜੀ ਨੇ ਪੂਰੀ ਕੀਤੀ। ਸ਼ਰਧਾਲੂ ਗੁਰਮੁਖਾਂ ਸਹਿਤ ਨਗਰ ਗੁਰੂ ਕਾ ਚੱਕ, ਜੋ ਬਾਅਦ ਵਿੱਚ ਅੰਮ੍ਰਿਤਸਰ ਵਜੋਂ ਪ੍ਰਸਿੱਧ ਹੋਇਆ ਦੀ ਤਾਮੀਰ ਦੀ ਵਿਉਂਤਬੰਦੀ, ਸਰੋਵਰ ਦੀ ਖੁਦਵਾਈ ਕਰਵਾਉਣ ਤੇ ਸੰਗਤ ਦੇ ਲੰਗਰ ਪ੍ਰਸ਼ਾਦੇ ਦੇ ਪ੍ਰਬੰਧ ਕਰਨ ਦੇ ਨਾਲ-ਨਾਲ ਆਪ ਜੀ ਨੇ ਧੁਰ ਕੀ ਬਾਣੀ ਦੀ ਰਚਨਾ ਕੀਤੀ।
ਨਿਮਰਤਾ ਦੀ ਮੂਰਤ ਸਨ ਚੌਥੇ ਪਾਤਸ਼ਾਹ
ਗੁਰਦੇਵ ਪਾਤਸ਼ਾਹ ਜੀ ਨੇ 30 ਰਾਗਾਂ ਵਿੱਚ 246 ਸ਼ਬਦ, 33 ਅਸ਼ਟਪਦੀਆਂ , 28 ਛੰਤ ਤੇ 135 ਸਲੋਕ, ਵਾਰਾਂ ਦੀਆਂ 183 ਪੌੜੀਆਂ, ਵਣਜਾਰਾ (ਇੱਕ ਸ਼ਬਦ), ਘੋੜੀਆਂ (ਦੋ ਸ਼ਬਦ), ਪਹਰੇ (ਇੱਕ ਸ਼ਬਦ), ਕਰਹਲੇ (ਦੋ ਸ਼ਬਦ) ਅਤੇ ਸੋਲਹੇ (ਦੋ ਸ਼ਬਦ) ਦੀ ਰਚਨਾ ਕੀਤੀ। ਸਿੱਖ ਪਰਿਵਾਰਾਂ ਵਿੱਚ ਅਨੰਦ ਕਾਰਜ ਦੀ ਰਸਮ ਸੰਪੂਰਨ ਕਰਨ ਲਈ ਲਾਵਾਂ ਕਰਦੇ ਸਮੇਂ ਆਪ ਜੀ ਦੀ ਰਾਗ ਸੂਹੀ ਵਿੱਚ ਰਚੀ ਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ। ਇੱਕ ਸਮੇਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਅੰਮ੍ਰਿਤਸਰ ਚਰਨ ਪਾਏ ਤਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਉਨ੍ਹਾਂ ਪ੍ਰਤੀ ਆਪਣਾ ਹਾਰਦਿਕ ਸਤਿਕਾਰ ਭੇਟ ਕੀਤਾ। ਮੁੱਠੀ ਚਾਪੀ ਕਰਦਿਆਂ ਨੂੰ ਬਾਬਾ ਸ੍ਰੀ ਚੰਦ ਜੀ ਨੇ ਪੁੱਛਿਆ ਕਿ ਇਹ ਦਾੜ੍ਹਾ ਇਤਨਾ ਲੰਬਾ ਕਿਉਂ ਵਧਾਇਆ ਹੈ ਤਾਂ ਨਿਮਰਤਾ ਦੇ ਪੁੰਜ ਸਤਿਗੁਰੂ ਜੀ ਨੇ ਬੜੀ ਹਲੀਮੀ ਤੇ ਅਦਬ ਸਹਿਤ ਜਵਾਬ ਦਿੱਤਾ ਕਿ ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ। ਸਤਿਗੁਰ ਜੀ ਨੇ ਅੰਤ ਸਮਾਂ ਨੇੜੇ ਜਾਣ ਕੇ ਭਾਦਰੋਂ ਸੰਮਤ 1638 ਮੁਤਾਬਿਕ ਅਗਸਤ ਸੰਨ 1581 ਨੂੰ ਸੰਗਤ ਇਕੱਠੀ ਕਰਕੇ ਬਾਬਾ ਬੁੱਢਾ ਜੀ ਦੇ ਕਰ ਕਮਲਾਂ ਸਹਿਤ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਸੌਂਪ ਦਿੱਤੀ। ਗੁਰੂ ਅਰਜਨ ਦੇਵ ਜੀ ਨੂੰ ਨਾਲ ਲੈ ਕੇ ਸ੍ਰੀ ਗੁਰੂ ਰਾਮਦਾਸ ਜੀ ਮੁੜ ਗੋਇੰਦਵਾਲ ਸਾਹਿਬ ਆ ਗਏ ਜਿਥੇ ਆਪ ਜੀ 2 ਅੱਸੂ ਸੰਮਤ 1638 (ਪਹਿਲੀ ਸਤੰਬਰ 1581) ਨੂੰ ਜੋਤੀ ਜੋਤਿ ਸਮਾ ਗਏ।੍ਹ
-ਪ੍ਰਿੰ. ਕੁਲਵੰਤ ਸਿੰਘ ਅਣਖੀ
![]()
