ਨਿਸ਼ਾਨ ਸਾਹਿਬ ਜੀ ਦੇ ਰੰਗਾਂ ਬਾਰੇ ਬੇਲੋੜਾ ਵਾਦ – ਵਿਵਾਦ ਕਿਉਂ?

In ਮੁੱਖ ਲੇਖ
August 13, 2024
ਮਨਜੀਤ ਸਿੰਘ ( ਗਤਕਾ ਮਾਸਟਰ ) ਸਿੱਖ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦਾ ਹੈ, ਉੱਥੇ ਉਸਦਾ ਸੀਸ ਨਿਸ਼ਾਨ ਸਾਹਿਬ ਜੀ ਅੱਗੇ ਵੀ ਝੁਕਦਾ ਹੈ ਕਿਉਂਕਿ ਨਿਸ਼ਾਨ ਸਾਹਿਬ ਦੇ ਰੂਪ ਵਿੱਚ ਇਹ ਅਕਾਲ ਧਵਜਾ ਸਿੱਖ ਪੰਥ ਦੀ ਆਨ, ਸ਼ਾਨ, ਮਾਣ ਤੇ ਸਤਿਕਾਰ ਦਾ ਪ੍ਰਤੀਕ ਹੈ। ਇਸ ਤੋਂ ਇਲਾਵਾ ਗੁਰੂ ਘਰ ਵਿੱਖੇ ਝੂਲਦੇ ਨਿਸ਼ਾਨ ਸਾਹਿਬ ਨੂੰ ਵੇਖ ਕੇ ਜਰੂਰਤਮੰਦ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਇਸ ਅਸਥਾਨ ’ਤੇ ਉਸਦੀ ਰਿਹਾਇਸ਼ ਤੇ ਲੰਗਰ ਤੋਂ ਇਲਾਵਾ ਅਧਿਆਤਮਕ ਤ੍ਰਿਪਤੀ ਦੀ ਵੀ ਜਰੂਰਤ ਪੂਰੀ ਹੋਵੇਗੀ। ਇਤਿਹਾਸ ਵਿੱਚ ਕੋਈ ਪੁਖ਼ਤਾ ਜਾਣਕਾਰੀ ਤਾਂ ਨਹੀਂ ਮਿਲਦੀ ਪਰ ਕਈ ਲਿਖਾਰੀਆਂ ਅਨੁਸਾਰ ਤੇ ਸੀਨਾ ਬ ਸੀਨਾ ਚਲੀਆਂ ਆ ਰਹੀਆਂ ਕਥਾਵਾਂ ਅਨੁਸਾਰ ਜਿਕਰ ਆਉਂਦਾ ਹੈ ਕਿ ਪੰਜਵੇਂ ਪਾਤਿਸ਼ਾਹ ਜੀ ਤੱਕ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਖੇ ਚਿੱਟਾ ਨਿਸ਼ਾਨ ਸਾਹਿਬ ਝੁਲਦਾ ਰਿਹਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿੱਖੇ ਵਲਾ ਬਾਈਪਾਸ ੳੁੱਪਰ ਇੱਕ ਗੁਰੂ ਘਰ ਗੁਰੂ ਸਰ ਸੰਤ ਬਾਬਾ ਤਾਰਾ ਸਿੰਘ ਜੀ ਸਥਿਤ ਹੈ, ਜਿੱਥੇ ਚਿੱਟਾ ਨਿਸ਼ਾਨ ਸਾਹਿਬ ਝੁਲ ਰਿਹਾ ਹੈ। ਇਸ ਅਸਥਾਨ ਉੱਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੈ। ਦਾਸ ਨੇ ਜਦ ਉੱਥੇ ਮੌਜੂਦ ਗੁਰਸਿੱਖਾਂ ਨੂੰ ਚਿੱਟੇ ਰੰਗ ਦੇ ਨਿਸ਼ਾਨ ਸਾਹਿਬ ਬਾਰੇ ਇਤਿਹਾਸ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸੰਨ 1996 ਵਿੱਚ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਸੰਨ 1995 ਵਿੱਚ ਬਾਬਾ ਤਾਰਾ ਸਿੰਘ ਜੀ ਇਹ ਨਿਸ਼ਾਨ ਸਾਹਿਬ ਖ਼ੁਦ ਝੁਲਾ ਕੇ ਗਏ ਹਨ। ਇਤਿਹਾਸ ਅਨੁਸਾਰ ਮੀਰੀ - ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਨ ਤੋਂ ਬਾਅਦ ਛੇਵੇਂ ਪਾਤਿਸ਼ਾਹ ਜੀ ਨੇ ਅਕਾਲ ਬੁੰਗਾ ( ਸ੍ਰੀ ਅਕਾਲ ਤਖ਼ਤ ਸਾਹਿਬ ) ਵਿੱਖੇ ਦੋ ਨਿਸ਼ਾਨ ਸਾਹਿਬ ਇੱਕਠੇ ਝੁਲਵਾਏ। ਜੋਕਿ ਹੁਣ ਦੇ ਨਿਸ਼ਾਨ ਸਾਹਿਬ ਨਾਲੋਂ ਉੱਚਾਈ ਵਿੱਚ ਛੋਟੇ ਸਨ। ਗੁਰੂ ਕਾਲ ਸਮੇਂ ਇਨ੍ਹਾਂ ਦਾ ਰੰਗ ਬਸੰਤੀ ਹੋਣ ਦਾ ਜ਼ਿਕਰ ਮਿਲਦਾ ਹੈ ਪਰ ਸਿੱਖ ਰਾਜ ਤੇ ਮਿਸਲ ਕਾਲ ਦੌਰਾਨ ਇੱਥੇ ਨੀਲੇ ਰੰਗ ਝੁਲਣ ਦਾ ਵੀ ਜ਼ਿਕਰ ਮਿਲਦਾ ਹੈ। ਸੰਨ 1908 ਦੀ ਦੋਵੇਂ ਨਿਸ਼ਾਨ ਸਾਹਿਬ ਦੀ ਇੱਕ ਫ਼ੋਟੋ ਮਿਲਦੀ ਹੈ,ਜਿਸ ਵਿੱਚ ਇਕ ਨਿਸ਼ਾਨ ਸਾਹਿਬ ਨੀਲਾ ਤੇ ਇੱਕ ਨਿਸ਼ਾਨ ਸਾਹਿਬ ਬਸੰਤੀ ਰੰਗ ਦਾ ਹੈ ਤੇ ਇਨ੍ਹਾਂ ਉੱਪਰ ਕ੍ਰਿਪਾਨ, ਢਾਲ ਤੇ ਕਟਾਰ ਦੀ ਫ਼ੋਟੋ ਹੈ। ਇੰਝ ਹੀ ਸੰਨ 1924 ਵਿੱਚ ਜਿਹੜੇ ਸਿੰਘ ਜੈਤੋ ਦੇ ਮੋਰਚੇ ਲਈ ਨਿਸ਼ਾਨ ਸਾਹਿਬ ਜੀ ਦੀ ਅਗਵਾਈ ਹੇਠ ਚੱਲੇ ਸਨ, ਉਹ ਨਿਸ਼ਾਨ ਸਾਹਿਬ ਵੀ ਨੀਲੇ ਸਨ ਤੇ ਉਨ੍ਹਾਂ ਉੱਪਰ ਵੀ ਸ਼ਸਤਰਾਂ ਦੀ ਹੀ ਫ਼ੋਟੋ ਸੀ। ਇਸ ਗੱਲ ਵਿੱਚ ਇਤਿਹਾਸਕ ਸੱਚਾਈ ਹੈ ਕਿ ਸਿੱਖਾਂ ਨੇ ਇਤਿਹਾਸ ਤਾਂ ਬਣਾਇਆ ਪਰ ਉਸਨੂੰ ਸਹੀ ਢੰਗ ਨਾਲ ਸੰਭਾਲਨ ਤੇ ਰੱਖ ਰਖਾਅ ਦਾ ਉੱਚਿਤ ਮੌਕਾ ਨਹੀਂ ਮਿਲਿਆ, ਕਿਉਂਕਿ ਪਹਿਲਾਂ ਮੁਗਲਾਂ ਨਾਲ ਤੇ ਫ਼ੇਰ ਅੰਗਰੇਜ਼ਾਂ ਨਾਲ ਉਲਝਦਿਆਂ ਸਿੱਖ ਸ਼ਹੀਦ ਤਾਂ ਹੁੰਦੇ ਰਹੇ ਪਰ ਆਪਣੇ ਵਿਰਸੇ ਨੂੰ ਸੰਭਾਲਣ ਤੋਂ ਖੁੰਝ ਗਏ,ਜਿਸ ਦਾ ਅਸਰ ਅਜੋਕੇ ਸਮੇਂ ਕਈ ਰੂਪਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇਤਿਹਾਸਕ ਲਿਖਤਾਂ ਅਨੁਸਾਰ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਤਕਰੀਬਨ 60 ਸਾਲ ਮਹੰਤਾਂ ਦਾ ਕਬਜ਼ਾ ਰਿਹਾ, ਇਸ ਦੌਰਾਨ ਜਿੱਥੇ ਸਿੱਖ ਰਹੁ ਰੀਤਾਂ ਦਾ ਘਾਣ ਹੋਇਆ ,ਉੱਥੇ ਸਿੱਖੀ ਸਿਧਾਂਤ ਵੀ ਆਪਣੀ ਮਰਜ਼ੀ ਅਨੁਸਾਰ ਚਲਾਏ ਗਏ। ਇਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਜੀ ਦੀ 13ਵੀ ਪੀੜ੍ਹੀ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਵੀ ਰਹੇ ਬਾਬਾ ਖੇਮ ਸਿੰਘ ਬੇਦੀ ਨੇ ਆਪਣੇ - ਆਪ ਨੂੰ ਜਿੱਥੇ ਸਿੱਖਾਂ ਦਾ 12ਵਾਂ ਗੁਰੂ ਵੀ ਐਲਾਨਿਆ, ਉੱਥੇ ਉਸ ਦੀ ਅਗਵਾਈ ਹੇਠ ਨਿਸ਼ਾਨ ਸਾਹਿਬ ਜੀ ਦੇ ਰੰਗ, ਮਰਿਯਾਦਾ ਤੇ ਸਿਧਾਂਤ ਵੀ ਬਦਲੇ ਗਏ। ਅੰਗ੍ਰੇਜ਼ ਹਕੂਮਤ ਦੇ ਜ਼ਰਖਰੀਦ ਇਸ ਮਹੰਤ ਬੇਦੀ ਨੇ ਬੇਸ਼ੱਕ ਉਪਰੋਂ ਗਾਤਰੇ ਸ੍ਰੀ ਸਾਹਿਬ ਧਾਰਨ ਕੀਤੀ ਹੋਈ ਸੀ ਪਰ ਥੱਲੇ ਜਨੇਊ ਵੀ ਪਾਇਆ ਹੋਇਆ ਸੀ ਤੇ ਇਸੀ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਪ੍ਰਕਰਮਾ ਵਿੱਚ ਮੂਰਤੀਆਂ ਰੱਖ ਕੇ ਪੰਡਿਤਾਂ ਨੇ ਟੇਵੇ,ਕੁੰਡਲੀਆਂ ਦੇਖਣ ਦੀ ਰੀਤ ਸ਼ੁਰੂ ਕੀਤੀ। ਇਹ ਜਿਹੜੀ ਗੱਦੀ ਲਾ ਕੇ ਉੱਪਰ ਬੈਠ ਆਪਣੇ - ਆਪ ਨੂੰ ਗੁਰੂ ਸਮਝੀ ਬੈਠਾ ਸੀ,ਉਹ ਗੱਦੀ ਪੰਥ ਦੀ ਮਹਾਨ ਸ਼ਖ਼ਸੀਅਤ ਗਿਆਨੀ ਦਿੱਤ ਸਿੰਘ ਜੀ ਨੇ ਸਰੋਵਰ ਵਿੱਚ ਵਗਾਹ ਮਾਰੀ ਸੀ। ਕਹਿਣ ਦਾ ਭਾਵ ਕਿ ਕਈ ਸਿੱਖਾਂ ਨੂੰ ਵੀ ਅਜੋਕੇ ਸਮੇਂ ਇਹ ਹੋ ਰਿਹਾ ਬਦਲਾਅ ਠੀਕ ਨਹੀਂ ਲੱਗ ਰਿਹਾ ਕਿਉਂਕਿ ਉਹ ਦਹਾਕਿਆਂ ਤੋਂ ਜੋ ਦੇਖ ਰਹੇ ਹਨ,ਉਹੀ ਉਨ੍ਹਾਂ ਦੇ ਦਿਲ - ਦਿਮਾਗ ਵਿੱਚ ਬੈਠ ਗਿਆ, ਜੋ ਕਿ ਬਾਹਰ ਕੱਢਣ ਨੂੰ ਤਿਆਰ ਨਹੀਂ ਪਰ ਬੇਨਤੀ ਹੈ ਕਿ ਬੇਸ਼ੱਕ ਦਹਾਕਿਆਂ ਤੱਕ ਕੋਈ ਗ਼ਲਤੀ ਲਗਾਤਾਰ ਹੁੰਦੀ ਰਹੇ,ਜਦੋਂ ਜਾਗ੍ਰਤੀ ਆ ਜਾਵੇ ਤਾਂ ਉਹ ਗ਼ਲਤੀ ਸੁਧਾਰ ਕਰਨ ਵਿਚ ਹੀ ਕੌਮਾਂ ਦਾ ਭਲਾ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਪਿਛਲੇ ਦਿਨਾਂ ਤੋਂ ਸਿੱਖ ਪੰਥ ਦੇ ਨਿਸ਼ਾਨ ਸਾਹਿਬ ਜੀ ਦੇ ਰੰਗਾਂ ਨੂੰ ਲੈ ਕੇ ਸ਼ੁਰੂ ਹੋਏ ਬੇਲੋੜੇ ਵਾਦ - ਵਿਵਾਦ ਬਾਰੇ ਕਿ ਇਹ ਕਿਉਂ ਸ਼ੁਰੂ ਹੋਇਆ। ਸਿੱਖ ਰਹਿਤ ਮਰਿਯਾਦਾ ਦਾ ਹਵਾਲਾ ਦਿੰਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ੳੁੱਪਰ ਪਹਿਰਾ ਦਿੰਦਿਆਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਅਹਿਮ ਵਿਭਾਗ ਧਰਮ ਪ੍ਰਚਾਰ ਕਮੇਟੀ ਨੇ ਇੱਕ ਸਰਕੂਲਰ ਜਾਰੀ ਕਰਕੇ ਆਪਣੇ ਪ੍ਰਚਾਰਕਾਂ, ਢਾਡੀਆਂ, ਕਵੀਸ਼ਰਾਂ ਨੂੰ ਇਸ ਸੰਬੰਧੀ ਜਾਣਕਾਰੀ ਮੁਹਈਆ ਕਰਵਾਉਣ ਨੂੰ ਕਿਹਾ। ਇਸ ਬਾਬਤ ਪੁਰਾਤਨ ਸ੍ਰੋਤਾਂ, ਦਸਤਾਵੇਜਾਂ ਤੇ ਪੁਰਾਤਨ ਲਿਖਤਾਂ ਦੀ ਮਦਦ ਨਾਲ ਖ਼ੋਜ ਕਰਕੇ ਪੰਥ ਦੇ ਵਿਦਵਾਨਾਂ ਦੀ ਇਕਮੱਤ ਰਾਏ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸਲੀ ਬਸੰਤੀ ਰੰਗ ਪੰਥ ਦੇ ਸਾਹਮਣੇ ਪ੍ਰਗਟ ਕਰਨ ਹੋਵੇਗਾ ਤੇ ਹੋ ਸਕੇ ਤਾਂ ਇਤਿਹਾਸਕ ਗੁਰੂ ਘਰਾਂ ਵਿੱਖੇ ਵਿਸ਼ੇਸ਼ ਕਾਉਂਟਰ ਲਾ ਕੇ ਇਸ ਰੰਗ ਦੇ ਨਿਸ਼ਾਨ ਸਾਹਿਬ ਜੀ ਦੇ ਪੋਸ਼ਾਕੇ ਤੇ ਦਸਤਾਰਾਂ ਉੱਚਿਤ ਭਾਅ ਉੱਪਰ ਸੰਗਤਾਂ ਨੂੰ ਦੇਣੀਆਂ ਚਾਹੀਦੀਆਂ ਹਨ। ਸਿੱਖ ਰਹਿਤ ਮਰਿਯਾਦਾ ਮੁਤਾਬਿਕ ਦੂਸਰਾ ਰੰਗ ਸੁਰਮਈ ਹੈ ਪਰ ਇੱਥੇ ਵੀ ਬਹੁਤ ਵੱਡੀ ਦੁਬਿੱਧਾ ਹੈ ਕਿ ਸੁਰਮਈ ਰੰਗ ਹੈ ਕਿਹੜਾ...? ਕਿਉਂਕਿ ਅਸੀਂ ਨੀਲੇ ਰੰਗ ਨੂੰ ਹੀ ਸੁਰਮਈ ਰੰਗ ਕਹਿ ਰਹੇ ਹਾਂ,ਜਦਕਿ ਅੱਖਾਂ ਵਿੱਚ ਪਾਏ ਜਾਣ ਵਾਲੇ ਸੁਰਮੇ ਨੂੰ ਉਸਦੇ ਸੁਰਮਈ ਰੰਗ ਕਰਕੇ ਸੁਰਮਾ ਕਿਹਾ ਜਾਂਦਾ ਹੈ। ਪੰਜਾਬ ਕੋਸ਼ ਮੁਤਾਬਿਕ ਸੁਰਮਈ ਰੰਗ ਹਲਕਾ ਨੀਲਾ, ਗ੍ਰੇਇਸ ਨੀਲਾ ਤੇ ਸਟੀਲ ਗ੍ਰੇ ਹੁੰਦਾ ਹੈ। ਇਹ ਗੱਲ ਤੇ ਬਿਲਕੁਲ ਸਪਸ਼ਟ ਹੈ ਕਿ ਸੁਰਮਈ ਰੰਗ ਅਕਾਲੀ ਫ਼ੌਜ ਨਿਹੰਗ ਸਿੰਘਾਂ ਵੱਲੋਂ ਵਰਤੇ ਜਾਣ ਵਾਲੇ ਨੀਲੇ ਰੰਗ ਦੇ ਬਿਲਕੁਲ ਵੀ ਨੇੜੇ ਨਹੀਂ ਤਾਂ ਫ਼ੇਰ ਸੁਰਮਈ ਰੰਗ ਕਿਹੜਾ ਹੈ...? ਸਿੱਖ ਇਤਿਹਾਸ ਅਨੁਸਾਰ ਸੰਨ 1699 ਦੀ ਵਿਸਾਖੀ ਨੂੰ ਜਦੋਂ ਪੰਜ ਪਿਆਰਿਆਂ ਤੋਂ ਬਾਅਦ ਦਸਵੇਂ ਪਾਤਿਸ਼ਾਹ ਜੀ ਨੇ ਖੰਡੇ ਬਾਟੇ ਦੀ ਪਾਹੁਲ ਹਾਸਿਲ ਕੀਤੀ ਤਾਂ ਦੂਜੇ ਜੱਥੇ ਵਿੱਚ ਗੁਰੂ ਸਾਹਿਬ ਜੀ ਦੇ ਚਵਰ ਬਰਦਾਰ ਭਾਈ ਰਾਮ ਸਿੰਘ ਨੇ ਆਪਣੇ ਚਾਰ ਸਾਥੀਆਂ ਭਾਈ ਦੇਵਾ ਸਿੰਘ , ਭਾਈ ਟਹਿਲ ਸਿੰਘ , ਭਾਈ ਈਸ਼ਰ ਸਿੰਘ ਤੇ ਭਾਈ ਫ਼ਤਿਹ ਸਿੰਘ ਸਹਿਤ ਅੰਮ੍ਰਿਤ ਦੀ ਦਾਤ ਹਾਸਿਲ ਕੀਤੀ ਤੇ ਪੰਜ ਮੁਕਤੇ ਕਹਾਏ। ਦਸਵੇਂ ਪਾਤਿਸ਼ਾਹ ਜੀ ਨੇ ਭਾਈ ਰਾਮ ਸਿੰਘ ਮੁਕਤਾ ਨੂੰ ਇੱਕ ਨਿਸ਼ਾਨ ਸਾਹਿਬ ਬਖਸ਼ਿਸ਼ ਕੀਤਾ। ਇੰਝ ਤੱਤ ਖ਼ਾਲਸਾ ਤੇ ਬੰਦਈ ਖ਼ਾਲਸਾ ਦੇ ਆਪਸੀ ਮਨ ਮੁਟਾਵ ਦੌਰਾਨ ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਨੇ ਭਾਈ ਰਾਮ ਸਿੰਘ ਮੁਕਤਾ ਨੂੰ ਪਹਿਲੇ ਵਰਗਾ ਹੀ ਇੱਕ ਹੋਰ ਨਿਸ਼ਾਨ ਸਾਹਿਬ ਦੇ ਕੇ ਭਾਈ ਮਨੀ ਸਿੰਘ ਜੀ ਨਾਲ ਸ੍ਰੀ ਦਰਬਾਰ ਸਾਹਿਬ ਜੀ ਵਿੱਖੇ ਸੇਵਾ ਸੰਭਾਲ ਤੇ ਆਪਸੀ ਝਗੜਾ ਖ਼ਤਮ ਕਰਨ ਲਈ ਦਿੱਲੀ ਤੋਂ ਭੇਜਿਆ। ਇਨ੍ਹਾਂ ਦੋਨਾਂ ਨਿਸ਼ਾਨ ਸਾਹਿਬ ਜੀ ਉੱਪਰ ਕ੍ਰਿਪਾਨ, ਢਾਲ ਤੇ ਕਟਾਰ ਭਾਵ ਸ਼ਸਤ੍ਰ ਅੰਕਿਤ ਸਨ। ਇਹ ਨਿਸ਼ਾਨ ਸਾਹਿਬ ਹਰੇਕ ਸਾਲ ਹੋਲੇ ਮਹੱਲੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਕਲਦੇ ਮਹੱਲੇ ਦੌਰਾਨ ਭਾਈ ਰਾਮ ਸਿੰਘ ਮੁਕਤਾ ਦੀ ਅੰਸ਼ ਬੰਸ ਵੱਲੋਂ ਝੁਲਾਏ ਜਾਂਦੇ ਹਨ, ਜਿਨ੍ਹਾਂ ਦਾ ਰੰਗ ਸੁਰਮੇ ਦੇ ਕਾਲੇ ਰੰਗ ਵਰਗਾ ਹੈ ਨਾ ਕਿ ਨਿਹੰਗ ਸਿੰਘਾਂ ਦੇ ਨਿਸ਼ਾਨ ਸਾਹਿਬ ਵਰਗਾ ਨੀਲੇ ਰੰਗ ਦਾ। ਦੂਸਰੇ ਪਾਸੇ ਇਤਿਹਾਸ ਦੱਸਦਾ ਹੈ ਕਿ ਜਦੋਂ ਦਸਵੇਂ ਪਾਤਿਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਨਾਂਦੇੜ ਤੋਂ ਪੰਜਾਬ ਨੂੰ ਭਾਈ ਬਿਨੋਦ ਸਿੰਘ , ਭਾਈ ਕਾਹਨ ਸਿੰਘ , ਭਾਈ ਬਾਜ ਸਿੰਘ , ਭਾਈ ਭਗਵੰਤ ਸਿੰਘ ਬੰਗੇਸ਼ਰੀ ਤੇ ਭਾਈ ਰਣ ਸਿੰਘ ਦੀ ਅਗਵਾਈ ਹੇਠ ਨਗਾਰਾ ਤੇ ਨਿਸ਼ਾਨ ਸਾਹਿਬ ਦੇ ਕੇ ਭੇਜਿਆ ਤਾਂ ਉਸ ਦਾ ਰੰਗ ਨੀਲਾ ਸੀ,ਜਿਸ ਉੱਪਰ ਕ੍ਰਿਪਾਨ ,ਢਾਲ ਤੇ ਕਟਾਰ ਅੰਕਿਤ ਸੀ। ਇਸ ਤੋਂ ਇਲਾਵਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸੰਨ 1698 ਦੀ ਮਾਰਚ ਨੂੰ ਗੁਰੂ ਕਾ ਚੱਕ ( ਸ੍ਰੀ ਅੰਮ੍ਰਿਤਸਰ ਸਾਹਿਬ ) ਦੀ ਸੰਗਤ ਦਸਵੇਂ ਪਾਤਿਸ਼ਾਹ ਜੀ ਦੇ ਦਰਸ਼ਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਵਿੱਖੇ ਆਈ ਤੇ ਉਨ੍ਹਾਂ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਪ੍ਰਿਥੀ ਚੰਦ ਦੇ ਵਾਰਸ ਮੀਣੇ ਗੁਰੂ ਕਾ ਚੱਕ ਛੱਡ ਗਏ ਹਨ, ਇਸ ਲਈ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਸਹੀ ਨਹੀਂ ਹੋ ਰਹੀ। ਗੁਰੂ ਸਾਹਿਬ ਜੀ ਨੇ ਉਸੀ ਸਮੇਂ ਭਾਈ ਮਨੀ ਸਿੰਘ ਦੀ ਅਗਵਾਈ ਹੇਠ ਭਾਈ ਭੂਪਤ ਸਿੰਘ , ਭਾਈ ਗੁਲਜ਼ਾਰ ਸਿੰਘ , ਭਾਈ ਕੋਇਰ ਸਿੰਘ , ਭਾਈ ਕਾਹਨ ਸਿੰਘ ਅਤੇ ਭਾਈ ਕੀਰਤ ਸਿੰਘ ਨੂੰ ਇੱਕ ਨੀਲਾ ਨਿਸ਼ਾਨ ਸਾਹਿਬ, ਇੱਕ ਨਗਾਰਾ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਮਦਮੀ ਸਰੂਪ ਦਾ ਇੱਕ ਉਤਾਰਾ ਦੇ ਕੇ ਭੇਜਿਆ। ਇਹ ਸਾਰੇ ਗੁਰਸਿੱਖ ਸ੍ਰੀ ਦਰਬਾਰ ਸਾਹਿਬ ਵਿੱਖੇ ਪਹੁੰਚੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨੀਲਾ ਸਾਹਿਬ ਝੁਲਾਇਆ। ਗੁਰੂ ਸਾਹਿਬ ਜੀ ਨੇ ਜਿਹੜਾ ਨਿਸ਼ਾਨ ਸਾਹਿਬ ਨਾਂਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇ ਕੇ ਭੇਜਿਆ ਸੀ, ਇਹ ਅੱਜ ਵੀ ਨੀਲੇ ਰੰਗ ਵਾਲਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਕੋਲ ਸੁਰੱਖਿਅਤ ਹੈ,ਜਿਸ ਦੇ ਸਮੇਂ - ਸਮੇਂ ਅਨੁਸਾਰ ਸੰਗਤਾਂ ਨੂੰ ਉਸਦੇ ਦਰਸ਼ਨ ਕਰਵਾਏ ਜਾਂਦੇ ਹਨ। ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਵੱਲੋਂ ਜੋ ਨਿਸ਼ਾਨ ਸਾਹਿਬ ਝੁਲਾਏ ਜਾਂਦੇ ਹਨ,ਉਨ੍ਹਾਂ ਦਾ ਰੰਗ ਵੀ ਨੀਲਾ ਹੁੰਦਾ ਹੈ ਤੇ ਜੋ ਫ਼ਰਲਾ ਸੀਸ ਉੱਪਰ ਸਜਾਇਆ ਜਾਂਦਾ ਹੈ, ਉਸ ਦਾ ਰੰਗ ਵੀ ਨੀਲਾ ਹੁੰਦਾ ਹੈ। ਇਨ੍ਹਾਂ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਤੇ ਹੋਲੇ ਮਹੱਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਕੱਢੇ ਜਾਂਦੇ ਮਹੱਲੇ ਦੌਰਾਨ ਝੁਲਾਏ ਜਾਂਦੇ ਨਿਸ਼ਾਨ ਸਾਹਿਬ ਦੇ ਰੰਗ ਦੀ ਆਪਸੀ ਦੂਰ ਤੱਕ ਕੋਈ ਸਾਂਝ ਨਹੀਂ। ਕਹਿਣ ਨੂੰ ਇਹ ਦੋਨੋ ਰੰਗ ਸੁਰਮਈ ਹਨ ਪਰ ਪੰਥ ਨੂੰ ਇਹ ਸਪਸ਼ਟ ਕਰਨਾ ਹੋਵੇਗਾ ਕਿ ਅਸਲੀ ਸੁਰਮਈ ਰੰਗ ਕਿਹੜਾ ਹੈ ਤਾਂ ਜੋ ਮੌਜੂਦਾ ਤੇ ਭਵਿੱਖ ਵਿੱਚ ਹੋਰ ਕੋਈ ਉਲਝਣ ਪੈਦਾ ਨਾ ਹੋਵੇ ਤੇ ਮੌਜੂਦਾ ਸਮੇਂ ਵਾਂਗ ਇਹ ਵੀ ਵਾਦ - ਵਿਵਾਦ ਦਾ ਵਿਸ਼ਾ ਨਾ ਬਣ ਜਾਵੇ। ਅਗਲੀ ਗੱਲ ਕਿ ਗੁਰੂ ਕਾਲ ਤੋਂ ਸਿੱਖ ਪੰਥ ਦੇ ਨਿਸ਼ਾਨ ਸਾਹਿਬ ਵਿੱਚ ਕ੍ਰਿਪਾਨ, ਢਾਲ ਤੇ ਕਟਾਰ ਇਹ ਤਿੰਨ ਸ਼ਸਤ੍ਰ ਉਕਰੇ ਹੋਏ ਹਨ, ਇਹ ਨਿਸ਼ਾਨ ਸਾਹਿਬ ਤੇ ਉਸ ਵਿੱਚ ਅੰਕਿਤ ਸ਼ਸਤ੍ਰ ਗੁਰੂ ਸਾਹਿਬ ਜੀ ਆਪ ਖੁਦ ਆਪਣੇ ਪੰਥ ਖ਼ਾਲਸੇ ਨੂੰ ਦੇ ਕੇ ਗਏ ਹਨ, ਜਿਸ ਵਿੱਚ ਤਬਦੀਲੀ ਕਰਨ ਜਾਂ ਬਦਲਣ ਦਾ ਹੱਕ ਕਿਸੇ ਨੂੰ ਨਹੀਂ ਹੈ। ਨਿਸ਼ਾਨ ਸਾਹਿਬ ਤੇ ਉਸ ਵਿਚਲੇ ਸ਼ਸਤ੍ਰ ਸਿੱਖ ਪੰਥ ਦੀ ਅਜ਼ਾਦ ਪ੍ਰਭੂਸੱਤਾ, ਗ਼ੈਰਤ, ਅਣਖ,ਸ਼ਾਨ, ਮਾਣ ਤੇ ਸੂਰਬੀਰਤਾ ਦਾ ਪ੍ਰਤੀਕ ਹਨ, ਇਹੀ ਗੱਲ ਅੰਗ੍ਰੇਜ਼ ਹਕੂਮਤ ਨੂੰ ਹਰ ਸਮੇਂ ਚੁੱਭਦੀ ਸੀ ਤੇ ਕਿਉਂਕਿ ਇਸੇ ਨਿਸ਼ਾਨ ਸਾਹਿਬ ਜੀ ਦੀ ਅਗਵਾਈ ਹੇਠ ਖ਼ਾਲਸਾ ਫ਼ੌਜ ਨੇ ਮੁਗ਼ਲ ਹਕੂਮਤ ਤੋਂ ਬਾਅਦ ਅੰਗ੍ਰੇਜ਼ ਹਕੂਮਤ ਨਾਲ ਬੇਅੰਤ ਯੁੱਧ ਲੜੇ ਤੇ ਫ਼ਤਿਹ ਹਾਸਿਲ ਕੀਤੀ। ਸਿੱਖ ਰਾਜ ਦੇ ਚੜ੍ਹਦੇ ਸੂਰਜ ਦੌਰਾਨ ਤਾਂ ਅੰਗ੍ਰੇਜ਼ ਦੇਸ਼ ਪੰਜਾਬ ਵੱਲ ਕਹਿਰੀ ਅੱਖ ਨਾਲ ਝਾਕ ਵੀ ਨਾ ਸਕਿਆ ਪਰ ਜਿਵੇਂ ਹੀ ਸਿੱਖ ਰਾਜ ਦਾ ਸੂਰਜ ਅਸਤ ਹੋਇਆ ਤਾਂ ਅੰਗ੍ਰੇਜ਼ ਹਕੂਮਤ ਨੇ ਆਪਣੇ ਖਰੀਦੇ ਹੋਏ ਪਾਸਿਆਂ ਨਾਲ ਉਹ ਚਾਲ ਖੇਡੀ ਕਿ ਜਿੱਥੇ ਸਿੱਖ ਰਾਜ ਦਾ ਪਤਨ ਹੋਇਆ,ਉੱਥੇ ਸਿੱਖ ਸਿਧਾਂਤ,ਸੱਭਿਆਚਾਰ, ਰਹੁ ਰੀਤਾਂ ਤੇ ਇਤਿਹਾਸ ਵਿਚ ਭਾਰੀ ਰਲਗੱਡ ਹੋ ਗਈ। ਇਨ੍ਹਾਂ ਵਿੱਚੋਂ ਹੀ ਜਿੱਥੇ ਇਕ ਨਿਸ਼ਾਨਾ ਸਿੱਖ ਪੰਥ ਦੇ ਨਿਸ਼ਾਨ ਸਾਹਿਬ ਨੂੰ ਬਣਾਇਆ ਗਿਆ ਤੇ ਉੱਥੇ ਇਨ੍ਹਾਂ ਵਿੱਚੋਂ ਸ਼ਸਤਰ ਇਕਦਮ ਖ਼ਤਮ ਕਰਕੇ ਆਪਣੇ ਵੱਲੋਂ ਡਿਜ਼ਾਇਨ ਕੀਤਾ ਖੰਡਾ ਲਗਾ ਦਿੱਤਾ ਗਿਆ। ਸੰਨ 1849 ਨੂੰ ਖ਼ਾਲਸਾ ਰਾਜ ’ਤੇ ਕਬਜ਼ਾ ਕਰਨ ਤੋਂ 37 ਸਾਲ ਬਾਅਦ ਅੰਗਰੇਜ਼ਾਂ ਨੇ ਸੰਨ 1886 ਵਿੱਚ 45 ਰੈਟਰੀ ਸਿੱਖ ਇਕ ਰੈਜਮੈਂਟ ਤਿਆਰ ਕੀਤੀ, ਜਿਨ੍ਹਾਂ ਦੀਆਂ ਦਸਤਾਰਾਂ ਉਪਰ ਲਾਉਣ ਲਈ ਇੱਕ ਗੋਲ ਚੱਕਰ ਤੇ ਉਸ ਉਪਰ ਦੋ ਧਾਰਾ ਖੰਡਾ ਡਿਜ਼ਾਇਨ ਕੀਤਾ ਗਿਆ,ਜੋਕਿ ਹਰੇਕ ਸਿੱਖ ਫੌਜੀ ਦੀ ਦਸਤਾਰ ਤੇ ਸਜਾਇਆ ਗਿਆ। ਹੁਣ ਸਿੱਖ ਫ਼ੌਜੀ ਅੰਗਰੇਜ਼ਾਂ ਵੱਲੋਂ ਵਿਸ਼ਵ ਯੁੱਧ ਲੜਨ ਵਿਦੇਸ਼ਾਂ ਨੂੰ ਗਏ। ਇੰਝ ਹੀ ਨਾਭਾ ਰਿਆਸਤ ਨੇ ਨਾਭਾ ਅਕਾਲ ਰੀਫਰੈਂਟਰੀ ਜੋ ਕਿ ਸੰਨ 1922 ਵਿੱਚ ਤਿਆਰ ਕੀਤੀ ਗਈ ਤੇ 1947 ਨੂੰ ਦੇਸ਼ ਵੰਡ ਤੱਕ ਚੱਲੀ, ਉਸ ਲਈ ਅੰਗਰੇਜ਼ਾਂ ਤੋਂ ਇਕ ਲੋਗੋ ਖੰਡੇ ਦੇ ਰੂਪ ਵਿੱਚ ਤਿਆਰ ਕਰਵਾਇਆ। ਫ਼ੇਰ ਫੂਲ ਰਿਆਸਤ ਜਿਸ ਦੇ ਅਧੀਨ ਨਾਭਾ, ਜਿੰਦ ਤੇ ਪਟਿਆਲਾ ਰਿਆਸਤ ਆਉਂਦੀ ਸੀ,ਉਨ੍ਹਾਂ ਨੇ ਵੀ ਇੱਕ ਲੋਗੋ ਡਿਜ਼ਾਇਨ ਕਰਵਾਇਆ ਜੋਕਿ ਅੱਜਕੱਲ ਦੇ ਉਸ ਖੰਡੇ ਵਰਗਾ ਹੈ। ਜਿਸ ਨੂੰ ਹੌਲੀ - ਹੌਲੀ ਸਿੱਖਾਂ ਨੇ ਅਗਿਆਨਤਾਵੱਸ ਅਪਣਾ ਲਿਆ, ਜਦਕਿ ਗੁਰੂ ਕਾਲ, ਬਾਬਾ ਬੰਦਾ ਸਿੰਘ ਬਹਾਦਰ, ਮਿਸਲ ਕਾਲ ਜਾਂ ਸਿੱਖ ਰਾਜ ਸਮੇਂ ਮੌਜੂਦਾ ਖੰਡੇ ਦਾ ਕੋਈ ਜ਼ਿਕਰ ਨਹੀਂ ਮਿਲਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਨਿਸ਼ਾਨ ਸਾਹਿਬ ਦੇ ਪੌਸ਼ਾਕੇ ਦੇ ਰੰਗ ਬਦਲਣ ਦੀ ਪਹਿਲ ਕੀਤੀ ਹੈ, ਉੱਥੇ ਲੱਗਦੇ ਹੱਥ ਮੌਜੂਦਾ ਖੰਡੇ ਦੀ ਜਗ੍ਹਾ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਸ਼ਸਤਰ ਨਿਸ਼ਾਨ ਸਾਹਿਬ ਵਿੱਚ ਲਾਉਣ ਦੀ ਪਹਿਲ ਵੀ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਸਵਾਲ ਖੜ੍ਹੇ ਨਾ ਹੋਣ। ਸਿੱਖ ਕੌਮ ਦਾ ਇਹ ਖੰਡਾ ਜਿਸ ਇੱਕ ਦੋ ਧਾਰਾ ਖੰਡਾ, ਇੱਕ ਚੱਕਰ ਤੇ ਦੋ ਕਿਰਪਾਨਾਂ ਹਨ, ਇਹ ਲੋਗੋ ’ਤੇ ਹੈ ਪਰ ਗੁਰੂ ਸਾਹਿਬ ਜੀ ਦਾ ਉਹ ਖੰਡਾ ਨਹੀਂ, ਜਿਹੜਾ ਗੁਰੂ ਸਾਹਿਬ ਜੀ ਨੇ ਸੰਨ 1699 ਦੀ ਵਿਸਾਖੀ ਨੂੰ ਅੰਮ੍ਰਿਤ ਤਿਆਰ ਕਰਨ ਲਗਿਆਂ ਬਾਟੇ ਵਿੱਚ ਫ਼ੇਰਿਆ ਸੀ। ਆਓ ਸਾਰੇ ਰਲ - ਮਿਲ ਕਿਸੇ ਵੀ ਦੁਬਿੱਧਾ ਨੂੰ ਸਿੱਖੀ ਸਿਧਾਂਤਾਂ ਤੇ ਇਤਿਹਾਸਕ ਪੱਖ ਤੋਂ ਵਿਚਾਰ ਕੇ ਪੰਥ ਦੇ ਭਲੇ ਹਿਤ ਦੂਰ ਕਰੀਏ ਤਾਂ ਜੋ ਪੰਥ ਦੀ ਚੜ੍ਹਦੀਕਲਾ ਹਮੇਸ਼ਾਂ ਸਦੀਵੀ ਕਾਇਮ ਰਹੇ।

Loading