ਮਨੁੱਖ ਅਤੇ ਮਿੱਟੀ ਦਾ ਰਿਸ਼ਤਾ ਬਹੁਤ ਗੂੜ੍ਹਾ ਹੈ। ਮਨੁੱਖ ਮਿੱਟੀ ਵਿੱਚ ਹੀ ਜੰਮਿਆ ਅਤੇ ਖੇਡਿਆ ਹੈ। ਮਿੱਟੀ ਅਜਿਹੀ ਤਾਕਤਵਰ ਹੈ ਕਿ ਮਨੁੱਖ ਦੇ ਜਿਉਂਦੇ ਰਹਿਣ ’ਚ ਇਹ ਸਹਾਈ ਹੁੰਦੀ ਹੈ। ਧਰਤੀ ਉੱਤੇ ਤੁਰਨ ਲਈ ਮਿੱਟੀ ਦੇ ਕਣਾਂ ਕਰ ਕੇ ਹੀ ਅਸੀਂ ਅਗਾਂਹ ਕਦਮ ਪੁੱਟਦੇ ਹਾਂ। ਢਿੱਡ ਭਰਨ ਲਈ ਅੰਨ ਵੀ ਮਿੱਟੀ ਵਿੱਚ ਹੀ ਉੱਗਦਾ ਹੈ। ਮਨੁੱਖ ਦੇ ਜਿਉਂਦੇ ਰਹਿਣ ਲਈ ਰੁੱਖਾਂ ਦਾ ਵੀ ਬਹੁਤ ਯੋਗਦਾਨ ਹੈ ਪਰ ਇਹ ਸਭ ਮਿੱਟੀ ਕਰ ਕੇ ਹੀ ਸੰਭਵ ਹੈ। ਰੁੱਖ ਵੀ ਮਿੱਟੀ ਵਿਚ ਪੈਦਾ ਹੁੰਦੇ ਹਨ। ਧਰਤੀ ਨੂੰ ਮਾਤਾ ਇਸ ਲਈ ਕਿਹਾ ਜਾਂਦਾ ਹੈ ਕਿ ਇਹ ਮਨੁੱਖ ਦੀਆਂ ਅਣਗਿਣਤ ਲੋੜਾਂ ਨੂੰ ਪੂਰੀਆਂ ਕਰਦੀ ਹੈ। ਮਿੱਟੀ ਦਾ ਸਾਡੇ ਜੀਵਨ ਵਿੱਚ ਅਹਿਮ ਯੋਗਦਾਨ ਹੈ।
ਪਾਣੀ ਵਰਗੀ ਅਣਮੋਲ ਦਾਤ ਨੂੰ ਸੰਭਾਲਣ ਲਈ ਮਿੱਟੀ ਦਾ ਘੜਾ ਮਹੱਤਵਪੂਰਨ ਪਾਤਰ ਹੈ। ਘੜੇ ਨੂੰ ਬਣਾਉਣ ਲਈ ਮਹਾਨ ਕਾਰੀਗਰ ਕੁੰਭਕਾਰ ਦਾ ਮਹੱਤਵਪੂਰਨ ਯੋਗਦਾਨ ਹੈ। ਜਿਸ ਦੀ ਕਾਰਜ-ਕੁਸ਼ਲਤਾ ਦਾ ਪ੍ਰਤੱਖ ਪ੍ਰਮਾਣ ਕੁੰਭ ਭਾਵ ਘਾੜਾ ਕੁੰਭਕਾਰ ਦੁਆਰਾ ਬਣਾਇਆ ਗਿਆ। ਕੁੰਭਕਾਰ ਸ਼ਬਦ ਤੋਂ ਵਿਗੜ ਕੇ ਨਵਾਂ ਸ਼ਬਦ ਹੋਂਦ ਵਿੱਚ ਆਇਆ ਜਿਸ ਨੂੰ ਹਿੰਦੀ ’ਚ ਕੁਮਹਾਰ ਤੇ ਪੰਜਾਬੀ ਵਿੱਚ ਘੁਮਿਆਰ ਕਿਹਾ ਜਾਂਦਾ ਹੈ। ਗਰਮੀ ਚੜ੍ਹਦਿਆਂ ਹੀ ਘੜੇ ਵਰਗੇ ਮਹੱਤਵਪੂਰਨ ਭਾਂਡੇ ਦੀ ਲੋੜ ਮਹਿਸੂਸ ਹੁੰਦੀ ਹੈ। ਦੇਸੀ ਮਹੀਨਿਆਂ ਮੁਤਾਬਿਕ ਜਾਂ ਬਿਕਰਮੀ ਸੰਮਤ ਅਨੁਸਾਰ ਹਿੰਦੂ ਰਹਿਤ ਮੁਤਾਬਕ ਨਵਾਂ ਸੰਮਤ ਸ਼ੁਰੂ ਹੋਣ ’ਤੇ ਘਰ ਵਿੱਚ ਨਵਾਂ ਘੜਾ ਭਰਿਆ ਜਾਂਦਾ ਹੈ। ਇਸ ਨੂੰ ਚੰਗਾ ਸ਼ਗਨ ਸਮਝ ਕੇ ਭਰਿਆ ਜਾਂਦਾ ਹੈ। ਘਰ ਵਿੱਚ ਪਾਣੀ ਦਾ ਭਰਿਆ ਘੜਾ ਵੱਸਦੇ ਘਰ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਜਿਸ ਘਰ ’ਚ ਸਿਰਫ਼ ਮਰਦ ਮੈਂਬਰ ਹੀ ਹੋਣ,ਉਨ੍ਹਾਂ ਦੇ ਘੜੇ ਖ਼ਾਲੀ ਵੀ ਰਹਿ ਜਾਂਦੇ ਹਨ-
ਚੁੱਲ੍ਹੇ ਅੱਗ ਨਾ, ਘੜੇ ਵਿੱਚ ਪਾਣੀ,
ਛੜਿਆਂ ਦੀ ਜੂਨ ਬੁਰੀ।
ਬਹੁਤ ਸਮਾਂ ਪਹਿਲਾਂ ਘਰਾਂ ਵਿੱਚ ਕਈ-ਕਈ ਘੜੇ ਰਿੜਕਣੇ ਮੱਟੀਆਂ ਤੇ ਮੱਟ ਪਾਣੀ ਦੇ ਭਰੇ ਹੁੰਦੇ ਸਨ। ਇਕ ਮੱਟੀ ਵਿੱਚ ਤਿੰਨ ਘੜੇ ਪਾਣੀ ਦੇ ਪੈਂਦੇ ਹਨ ਤੇ ਮੱਟ ਵਿੱਚ ਉਸਦੇ ਆਕਾਰ ਮੁਤਾਬਿਕ ਪਾਣੀ ਪੈਂਦਾ ਹੈ। ਠੰਡਾ ਪਾਣੀ ਰੱਖਣ ਲਈ ਘੜਿਆਂ ਨੂੰ ਕੱਕੇ ਰੇਤ ਉੱਤੇ ਰੱਖਿਆ ਜਾਂਦਾ ਤੇ ਇਨ੍ਹਾਂ ਦੁਆਲੇ ਬੋਰੀ(ਜੂਟ ਦੀ) ਪਾੜ ਕੇ ਲਪੇਟੀ ਜਾਂਦੀ ਤਾਂ ਕਿ ਲੋਅ ਦਾ ਅਸਰ ਨਾ ਪਵੇ। ਜੇਠ ਹਾੜ੍ਹ ਦੀਆਂ ਲੋਆਂ ਤੋਂ ਇਨ੍ਹਾਂ ਭਾਂਡਿਆਂ ਨੂੰ ਬਚਾਉਣਾ ਸਿਆਣਪ ਮੰਨੀ ਜਾਂਦੀ ਸੀ। ਅਜਿਹੇ ਭਾਂਡੇ ਲਗਪਗ ਇਕ ਸਾਲ ਤੱਕ ਰੱਖੇ ਜਾਂਦੇ ਅਤੇ ਨਵਾਂ ਸਾਲ ਚੜ੍ਹਨ ’ਤੇ ਨਵੇਂ ਭਾਂਡੇ ਲਾਏ ਜਾਂਦੇ। ਇਨ੍ਹਾਂ ਖ਼ਾਲੀ ਕੀਤੇ ਭਾਂਡਿਆਂ ਨੂੰ ਘਰ ’ਚ ਸੰਭਾਲ ਕੇ ਰੱਖਿਆ ਜਾਂਦਾ। ਵਰਤੇ ਹੋਏ ਮਿੱਟੀ ਦੇ ਭਾਂਡਿਆਂ ਨੂੰ ਰੂੜ੍ਹੇ ਭਾਂਡੇ ਕਿਹਾ ਜਾਂਦਾ ਹੈ। ਨਵੇਂ ਘੜਿਆਂ ਜਾਂ ਤੌੜਿਆਂ ਨੂੰ ਕੋਰੇ ਤੌੜੇ ਕਿਹਾ ਜਾਂਦਾ ਹੈ।
ਸੁੱਕੀਆਂ ਚੀਜ਼ਾਂ ਸੰਭਾਲਣ ਵਾਸਤੇ ਘੜੇ ਦੀ ਵਰਤੋ
ਸੁੱਕੀਆਂ ਦਾਲਾਂ ਤੇ ਸੇਵੀਆਂ ਵੀ ਘੜੇ ’ਚ ਸਾਂਭ ਕੇ ਰੱਖੀਆਂ ਜਾਂਦੀਆਂ ਸਨ। ਗਰਮੀ ਵਿੱਚ ਹੋਣ ਵਾਲੀਆਂ ਸਬਜ਼ੀਆਂ ਨੂੰ ਵੀ ਸੁਕਾ ਕੇ ਰੱਖਿਆ ਜਾਂਦਾ ਹੈ ਜਿਵੇਂ, ਗੁਆਰੇ ਦੀਆਂ ਫਲੀਆਂ,ਟਿੰਢੀਆਂ ਭਾਵ ਟੀਂਡੇ, ਜੰਡਾਂ ਦੀਆਂ ਫਲੀਆਂ ਪੱਕੀਆਂ ਵੀ ਤੇ ਕੱਚੀਆਂ ਵੀ। ਕੱਚੀਆਂ ਭਾਵ ਹਰੀਆਂ ਫਲੀਆਂ ਨੂੰ ਕੱਟ ਕੇ ਸੁਕਾਉਣ ਤੋਂ ਬਾਅਦ ਉਨ੍ਹਾਂ ਨੂੰ ਸੰਭਾਲਿਆ ਜਾਂਦਾ ਹੈ ਕਿਉਂਕਿ ਇਹ ਫਲੀਆਂ ਮਨੁੱਖ ਦੀ ਅੰਦਰੂਨੀ ਗਰਮੀ ਨੂੰ ਦੂਰ ਕਰਦੀਆਂ ਹਨ। ਇਸ ਲਈ ਇਨ੍ਹਾਂ ਨੂੰ ਲੋੜ ਵੇਲੇ ਉਬਾਲ ਕੇ ਰਾਇਤੇ ਵਿੱਚ ਪਾਇਆ ਜਾਂਦਾ ਹੈ। ਜੰਡਾਂ ਦੀਆਂ ਸੁੱਕੀਆਂ ਫਲੀਆਂ ਨੂੰ ਖੋਖੇ ਕਿਹਾ ਜਾਂਦਾ ਹੈ। ਉਹ ਵੀ ਸੰਭਾਲ ਕੇ ਰੱਖੇ ਜਾਂਦੇ ਹਨ।
ਦੁੱਧ ਕਾੜ੍ਹਨ ਲਈ ਛੋਟੇ ਘੜੇ ਤੋਂ ਹੀ ਕਾੜ੍ਹਨੀ ਤਿਆਰ ਕਰਨਾ ਛੋਟੇ ਘੜੇ ਨੂੰ ਪਹਿਲਾਂ ਠੰਡੇ ਪਾਣੀ ਲਈ ਵਰਤਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਰੂੜ੍ਹਾ ਹੋਣ ’ਤੇ ਉਸਦੀ ਯੋਗ ਵਰਤੋਂ ਕਰਨ ਲਈ ਉਸ ਨੂੰ ਮਾਹਿਆ ਜਾਂਦਾ ਹੈ। ਉਸ ਨੂੰ ਮਾਹਣ ਲਈ ਪਾਣੀ ਵਿੱਚ ਗੁੜ ਤੇ ਕੁਝ ਚੌਲ ਪਾ ਕੇ ਹਾਰੇ ਵਿੱਚ ਗੋਹਿਆਂ ਦੀ ਅੱਗ ਉੱਤੇ ਗਰਮ ਕੀਤਾ ਜਾਂਦਾ ਹੈ ਜਾਂ ਕਈ ਵਾਰ ਉਸ ਵਿੱਚ ਛੋਲੇ ਵੀ ਰਿੰਨ੍ਹਣ ਲਈ ਰੱਖੇ ਜਾਂਦੇ ਹਨ। ਇਹ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਇਹ ਕਾੜ੍ਹਨੀ ਅੰਦਰੋਂ-ਬਾਹਰੋਂ ਤਿਆਰ ਹੋ ਜਾਵੇ ਤੇ ਉਸਦਾ ਹੇਠਲਾ ਹਿੱਸਾ ਗੋਹਿਆਂ ਦੀ ਅੱਗ ਦੇ ਸੇਕ ਤੇ ਧੂੰਏਂ ਨਾਲ ਹੇਠਾਂ ਤੋਂ ਅੱਗ ਸਹਿਣ ਦੇ ਯੋਗ ਹੋ ਜਾਵੇ। ਇਸ ਤਰ੍ਹਾਂ ਦੀਆਂ ਕੁਝ ਗੱਲਾਂ ਸਾਡੇ ਸੱਭਿਆਚਾਰ ’ਚ ਇਸ ਤਰ੍ਹਾਂ ਸਮਾਈਆਂ ਹਨ ਕਿ ਲੋਕ ਗੀਤਾਂ ਵਿੱਚ ਵੀ ਇਹ ਅਣਛੋਹੀਆਂ ਨਹੀਂ ਰਹਿ ਸਕੀਆਂ। ਇਸ ਦੀ ਵਰਤੋਂ ਨਾ ਕਰਨ ਵਾਲਿਆਂ ਉੱਤੇ ਵੀ ਕਟਾਖਸ਼ ਇੰਝ ਕੀਤਾ ਜਾਂਦਾ ਹੈ-
‘ਆਉਂਦੀ ਕੁੜੀਏ, ਜਾਂਦੀ ਕੁੜੀਏ,
ਮਾਹਾ ਲੈ ਕੋਰੀ ਤੌੜੀ।
ਕਰੇਲੇ ਉਬਲ ਜਾਣਗੇ
ਭਾਗ ਛੜਿਆਂ ਦੇ ਮਾੜੇ
ਨੀ ਪਿੰਡੋਂ ਉਜੜ ਜਾਣਗੇ।’
ਅੱਜ ਤੋਂ ਕੁਝ ਸਮਾਂ ਪਹਿਲਾਂ ਪਾਣੀ ਦੀ ਬੜੀ ਕਿੱਲਤ ਹੁੰਦੀ ਸੀ। ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਖ਼ੂਹ ਹੀ ਸਨ। ਖ਼ੂਹ ’ਚੋਂ ਪਾਣੀ ਕੱਢਣ ਲਈ ਡੋਲ ਅਤੇ ਬੋਕੇ ਦੀ ਵਰਤੋਂ ਕੀਤੀ ਜਾਂਦੀ ਸੀ। ਕੁਝ ਘਰਾਂ ’ਚ ਉਨ੍ਹਾਂ ਦੀਆਂ ਆਪਣੀਆਂ ਖ਼ੂਹੀਆਂ ਵੀ ਸਨ। ਔਰਤਾਂ ਵਿੱਚ ਘੜਾ ਚੱਕਣ ਦੀ ਮੁਹਾਰਤ ਇਹੋ ਜਿਹੀ ਸੀ ਕਿ ਉਹ ਇਹ ਨੂੰ ਸਿਰ ’ਤੇ ਟਿਕਾ ਕੇ ਆਰਾਮ ਨਾਲ ਹੱਥ ਛੱਡ ਕੇ ਘਰਾਂ ਨੂੰ ਆਉਾਂਦੀਆਂਸਨ। ਕਈ ਵਾਰ ਇੱਕ ਘੜਾ ਸਿਰ ’ਤੇ ਅਤੇ ਇੱਕ ਢਾਕ ’ਤੇ ਲਾ ਕੇ ਲਿਆਂਦਾ ਜਾਂਦਾ ਸੀ। ਇਸ ਸਮੇਂ ਔਰਤਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ ਪਰ ਨਲਕਾ ਯੁੱਗ ਆਉਣ ’ਤੇ ਪਾਣੀ ਭਾਵੇਂ ਆਸਾਨੀ ਨਾਲ ਭਰਿਆ ਜਾ ਸਕਦਾ ਸੀ ਲੇਕਿਨ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਦਾ ਜੋ ਸਾਧਨ ਉਸ ਸਮੇਂ ਉਨ੍ਹਾਂ ਨੂੰ ਮਿਲਿਆ ਹੋਇਆ ਸੀ, ਉਹ ਬੰਦ ਹੋ ਗਿਆ। ਔਰਤਾਂ ਨੇ ਨਲਕੇ ਦੇ ਆਉਣ ਨੂੰ ਆਪਣੀ ਨਿੱਜੀ ਆਜ਼ਾਦੀ ਵਿੱਚ ਵਿਘਨ ਮੰਨਿਆ ਕਿਉਂਕਿ ਉਨ੍ਹਾਂ ਕੋਲ ਹੱਸਣ ਖੇਡਣ ਦਾ ਇਹ ਮੌਕਾ ਹੱਥੋਂ ਖੁੰਝ ਚੁੱਕਾ ਸੀ। ਸਵੇਰ ਵੇਲੇ ਪਾਣੀ ਭਰਦਿਆਂ ਕਈ ਵਾਰ ਉਹ ਭਜਨ ਗਾਉਂਦੀਆਂ ਜਾਂਦੀਆਂ ਅਤੇ ਕਿਸੇ ਸਮੇਂ ਉਹ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਗੀਤ ਵੀ ਗਾਉਂਦੀਆਂ। ਕਈ ਵਾਰ ਮਨਚਲੇ ਕੁੜੀਆਂ ਨੂੰ ਦੇਖ ਕੇ ਕਿਸੇ ਕੁੜੀ ਵੱਲ ਇਸ਼ਾਰਾ ਕਰਕੇ ਇਹ ਵੀ ਕਹਿ ਦਿੰਦੇ ਕਿ ਇਸ ਨੂੰ ਘੜਾ ਨਾ ਚਕਾਇਓ। ਇਸ ਬਾਰੇ ਗੀਤ ਰਾਹੀਂ ਕਿਹਾ ਜਾਂਦਾ
‘ਨੀ ਘੜਾ ਨਾ ਚਕਾਇਓ ਕੁੜੀਓ,
ਇਹਦੀ ਪਿੰਡ ’ਚ ਮਲਾਜੇਦਾਰੀ।’
ਕੁੜੀ ਵੀ ਅੱਗੋਂ ਘੱਟ ਨਹੀਂ ਸੀ ਹੁੰਦੀ ਉਸਨੂੰ ਵੀ ਜਵਾਬ ਦੇਣ ਦਾ ਵੱਲ ਹੁੰਦਾ। ਉਹ ਵੀ ਬੜੇ ਸੁਲਝੇ ਸ਼ਬਦਾਂ ਵਿੱਚ ਉੱਤਰ ਦੇ ਦਿੰਦੀ-
‘ਘੜਾ ਚੁੱਕ ਲੂੰ ਮੌਨ ’ਤੇ ਰੱਖ ਕੇ,
ਵੇ ਖ਼ਸਮਾਂ ਨੂੰ ਖਾਣ ਕੁੜੀਆਂ।’
ਉਦੋਂ ਕੁੜੀਆਂ ਲਈ ਘੜਾ ਜਾਂ ਤੌੜਾ ਚੁੱਕਣਾ ਕੋਈ ਅਲੋਕਾਰੀ ਗੱਲ ਨਹੀਂ ਸੀ ਕਿਉਂਕਿ ਉਸ ਟਾਈਮ ਤਾਂ ਕਈ ਵਾਰ ਕੁੜੀਆਂ ਸਿਰ ਉੱਤੇ ਘੜਾ ਚੁੱਕ ਕੇ ਆਪਣੇ ਭਤੀਜੇ ਜਾਂ ਭਤੀਜੀ ਨੂੰ ਗੋਦੀ ਚੁੱਕ ਕੇ ਜਿਸ ਨੂੰ ਢਾਕੇ ਲਾਉਣਾ ਵੀ ਕਿਹਾ ਜਾਂਦਾ ਹੈ, ਲੈ ਕੇ ਪਾਣੀ ਭਰਨ ਜਾਂਦੀਆਂ ਸਨ।
ਸੇਵੀਆਂ ਵੱਟਣ ਲਈ ਰੂੜ੍ਹੇ ਤੋੜਿਆਂ ਦੀ ਵਰਤੋਂ
ਸਾਡੇ ਸੱਭਿਆਚਾਰ ਵਿਚ ਮਿੱਠੇ ਪਦਾਰਥਾਂ ਵਿਚ ਸੇਵੀਆਂ ਦਾ ਬਹੁਤ ਮਹੱਤਵ ਹੈ ਤੇ ਸੇਵੀਆਂ ਮਨ ਚਾਹਿਆ ਪਕਵਾਨ ਹੈ। ਸੇਵੀਆਂ ਤਿੰਨ ਤਰ੍ਹਾਂ ਨਾਲ ਪਕਾਈਆਂ ਜਾਂਦੀਆਂ ਹਨ। ਗੁੜ ਦੇ ਗੁੜਾਣੇ ਵਾਲੀਆਂ ਸੇਵੀਆਂ, ਖੰਡ ਵਾਲੀਆਂ ਸੇਵੀਆਂ, ਦੁੱਧ ਵਾਲੀਆਂ ਮਿੱਠੀਆਂ ਸੇਵੀਆਂ। ਘਰ ਆਏ ਮਹਿਮਾਨ ਲਈ ਮਿੱਠਾ ਬਣਾਉਣਾ ਪੇਂਡੂ ਸੱਭਿਆਚਾਰ ਦੀ ਰੀਤ ਹੈ। ਖੀਰ, ਮਿੱਠੀਆਂ ਸੇਵੀਆਂ ਤੇ ਕੜਾਹ ਬਣਾ ਕੇ ਮਹਿਮਾਨ ਦਾ ਆਦਰ ਕੀਤਾ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦੇ ਸੱਟ ਵੱਜੀ ਹੋਵੇ ਤਾਂ ਉਸ ਨੂੰ ਦੁੱਧ ਵਿੱਚ ਸੇਵੀਆਂ ਪਾ ਕੇ ਖਵਾਈਆਂ ਜਾਂਦੀਆਂ ਹਨ ਅਤੇ ਕਈ ਵਾਰ ਤਾਜ਼ੀ ਪੇੜੀ ਵੱਟ ਕੇ ਵੀ ਸੇਵੀਆਂ ਬਣਾਈਆਂ ਜਾਂਦੀਆਂ ਹਨ। ਲੋਕ ਅਖਾਣ ਮੁਤਾਬਕ ਕਿਹਾ ਜਾਂਦਾ ਹੈ ਕਿ ‘ਖਾਣਾ ਆਪ ਅਤੇ ਨਾ ਪਿੱਤਰਾਂ ਦਾ’, ਦੇ ਵਿਚਾਰ ਅਨੁਸਾਰ ਸੇਵੀਆਂ ਗੁਗਾ ਨੌਮੀ ਦਾ ਮੱਥਾ ਟੇਕਣ ਤੋਂ ਇੱਕ ਦਿਨ ਪਹਿਲਾਂ ਵੱਟੀਆਂ ਜਾਂਦੀਆਂ ਹਨ।
ਰੂਹੜੇ ਤੌੜਿਆਂ ਉੱਤੇ ਘਿਉ ਜਾਂ ਤੇਲ ਦਾ ਹੱਥ ਲਾ ਕੇ ਸੇਵੀਆਂ ਵੱਟੀਆਂ ਜਾਂਦੀਆਂ ਅਤੇ ਫਿਰ ਉਨ੍ਹਾਂ ਗੁੱਛਿਆਂ ਨੂੰ ਕਰੀਰ ਦੀਆਂ ਢਿਗਰੀਆਂ ਉੱਤੇ ਸੁੱਟਿਆ ਜਾਂਦਾ। ਇਹ ਸੇਵੀਆਂ ਦੋ ਤਿੰਨ ਦਿਨਾਂ ਵਿਚ ਵਧੀਆਂ ਸੁੱਕ ਜਾਂਦੀਆਂ। ਸੇਵੀਆਂ ਮੈਦੇ ਦੀਆਂ ਵੱਟੀਆਂ ਜਾਂਦੀਆਂ ਹਨ ਪ੍ਰੰਤੂ ਅੱਜ ਕੱਲ੍ਹ ਮਸ਼ੀਨਾਂ ਵਾਲੇ ਕਣਕ ਦੇ ਆਟੇ ਦੀਆਂ ਸੇਵੀਆਂ ਵੀ ਵੱਟਦੇ ਹਨ। ਪਹਿਲਾਂ ਘਰਾਂ ਵਿਚ ਜ਼ਿਆਦਾ ਸੇਵੀ ਵੱਟਣ ਲਈ ਜਿੰਦੀ ਜਾਂ ਜੰਦ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਮਸ਼ੀਨਾਂ ਦੀ ਵਰਤੋਂ ਹੱਥਾਂ ਨਾਲ ਕੀਤੀ ਜਾਂਦੀ ਸੀ।
ਟੁੱਟੇ ਹੋਏ ਤੌੜਿਆਂ ਦੀ ਵਰਤੋਂ
ਸੁਗੜ ਔਰਤਾਂ ਟੁੱਟੇ ਹੋਏ ਘੜਿਆਂ ਦੇ ਗਲੇ ਜਿਨ੍ਹਾਂ ਨੂੰ ਕਰੀਡਲ ਵੀ ਕਿਹਾ ਜਾਂਦਾ ਹੈ, ਉਸ ਦੀ ਵੀ ਵਰਤੋਂ ਕਰਦੀਆਂ ਸਨ। ਇਸ ਉੱਤੇ ਚੋਲਾ ਵੀ ਬਣਾ ਲੈਂਦੀਆਂ ਸਨ ਅਤੇ ਹਾਰਾ ਵੀ। ਚੱਕਵਾਂ ਚੁੱਲਾ ਤੇ ਚਕਵਾਂ ਹਾਰਾ ਕਿਹਾ ਜਾਂਦਾ ਹੈ। ਪੀੜ੍ਹ-ਦਰ-ਪੀੜ੍ਹੀ ਚੱਲੀ ਆ ਰਹੀ ਰਿਵਾਇਤ ਅਨੁਸਾਰ ਜਦੋਂ ਵੀ ਕੋਈ ਨਵਾਂ ਘਰ ਪਾਇਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਘਰ ਦੇ ਵਿੱਚ ਪਾਣੀ ਦਾ ਘੜਾ ਰੱਖਿਆ ਜਾਂਦਾ ਹੈ। ਸਨਾਤਨ ਧਰਮ ਅਨੁਸਾਰ ਪਾਠ ਪੂਜਾ ਕਰਨ ਵੇਲੇ ਪਾਣੀ ਦਾ ਘੜਾ ਰੱਖਿਆ ਜਾਂਦਾ ਹੈ ਜਿਸ ਨੂੰ ਕਲਸ਼ ਕਿਹਾ ਜਾਂਦਾ ਹੈ ਅਤੇ ਸਿਫਧਰ ਅਨੁਸਾਰ ਸਹਿਜ ਪਾਠ ਕਰਵਾਉਣ ਵੇਲੇ ਜਾਂ ਅਖੰਡ ਪਾਠ ਵੇਲੇ ਵੀ ਕੁੰਭ ਭਰ ਕੇ ਰੱਖਿਆ ਜਾਂਦਾ ਹੈ। ਮੁਰਦੇ ਦਾ ਸਸਕਾਰ ਕਰਨ ਤੋਂ ਪਹਿਲਾਂ ਘੜਾ ਭੰਨਿਆ ਜਾਂਦਾ ਹੈ ਸ਼ਾਇਦ ਇਸ ਦਾ ਮਤਲਬ ਇਹ ਹੈ ਕਿ ਹੁਣ ਇਸ ਆਦਮੀ ਦਾ ਅੰਨ ਜਲ ਖ਼ਤਮ ਹੋ ਚੁੱਕਿਆ ਹੈ।
ਕਣਕਾਂ ਪੱਕਣ ’ਤੇ ਜਦੋਂ ਵਾਢੀ ਸ਼ੁਰੂ ਹੋ ਜਾਂਦੀ ਹੈ ਤਾਂ ਪਿੰਡ ਦੇ ਘੁਮਿਆਰ ਹਾੜੀ ਵੱਢਣ ਵਾਲਿਆਂ ਵਾਸਤੇ ਘੜੇ ਲੈ ਕੇ ਜਾਂਦੇ ਹਨ ਤਾਂ ਇਸ ਦੇ ਬਦਲੇ ਵਿੱਚ ਉਨ੍ਹਾਂ ਨੂੰ ਕਣਕ ਦਾ ਲਾਂਗਾ ਦਿੱਤਾ ਜਾਂਦਾ ਸੀ ਪਰ ਅੱਜ ਕੱਲ੍ਹ ਕੰਬਾਈਨਾਂ ਨਾਲ ਕਟਾਈ ਹੋਣ ਕਰ ਕੇ ਦਾਣੇ ਹੀ ਪਾ ਦਿੱਤੇ ਜਾਂਦੇ ਹਨ। ਪਿੰਡਾਂ ਵਿੱਚ ਪਹਿਲਾਂ ਘੜੇ ਜਾਂ ਹੋਰ ਮਿੱਟੀ ਦੇ ਭਾਂਡੇ ਲਿਆਉਣ ਬਦਲੇ ਕਮਿਆਰਾ ਨੂੰ ਸੇਪੀ ਦੇ ਦਾਣੇ ਦਿੱਤੇ ਜਾਂਦੇ ਸਨ ਜੋ ਸਵਾ ਹਾੜੀ ਅਤੇ ਸਵਾ ਮਣ ਸਾਉਣੀ। ਇਸ ਤਰ੍ਹਾਂ ਲੋਕ ਲੋੜ ਪੈਣ ’ਤੇ ਕਮਰਾ ਦੋ ਭਾਂਡੇ ਲੈ ਆਉਾਂਦੇਸਨ। ਘੜਿਆਂ ਤੋਂ ਇਲਾਵਾ ਤੌੜੇ ਤੌੜੀਆਂ, ਕੁੱਜੇ, ਬਠਲੇ, ਚਾਪੜ, ਕਨਾਲੀਆਂ ਆਦਿ।
ਦਿਵਾਲੀ ਦੇ ਚੂੰਗੜੇ, ਕਰਵਾ ਚੌਥ ਦੇ ਵਰਤ ਲਈ ਕਰਵੇ ਤੇ ਅਹੋਈ ਅਸ਼ਟਮੀ ਦੇ ਵਰਤ ਵੇਲੇ ਝੱਕਰੀਆਂ ਦੇਣ ਵੇਲੇ ਘਰੋਂ ਖਾਲੀ ਨਹੀਂ ਮੋੜਿਆ ਜਾਂਦਾ ਬਲਕਿ ਜੇ ਕਿਸੇ ਘਰ ਲੜਕਾ ਹੋਇਆ ਹੋਵੇ ਤਾਂ ਦਾਣਿਆਂ ਤੇ ਗੁੜ ਦੇ ਨਾਲ-ਨਾਲ ਸੂਟ ਵੀ ਦਿੱਤਾ ਜਾਂਦਾ ਹੈ। ਮਿੱਟੀ ਦੇ ਬਰਤਨ ਬਣਾਉਣਾ ਕੋਈ ਆਸਾਨ ਕੰਮ ਨਹੀਂ। ਪਹਿਲਾਂ ਕਾਲੀ ਮਿੱਟੀ ਲਿਆ ਕੇ ਉਸ ਨੂੰ ਕੁੱਟ ਕੇ ਛਾਣਿਆ ਜਾਂਦਾ ਹੈ। ਫਿਰ ਉਸ ਨੂੁੰ ਗੁੰਨ੍ਹ ਕੇ ਮੁਲਾਇਮ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਚੱਕ ’ਤੇ ਚੜ੍ਹ ਕੇ ਬਰਤਨ ਘੜੇ ਤਿਆਰ ਕੀਤੇ ਜਾਂਦੇ ਹਨ। ਇੰਨੀ ਮਿਹਨਤ ਨਾਲ ਪਕਾਏ ਇਹ ਘੜੇ ਮਨੁੱਖ ਦੀ ਪਿਆਸ ਬੁਝਾਉਣ ਵਿਚ ਸਹਾਈ ਹੁੰਦੇ ਹਨ। ੍ਹ
ਰੂੜ੍ਹੇ ਭਾਂਡਿਆਂ ਦੀ ਵਰਤੋਂ
ਇਹ ਰੂੜੇ ਭਾਂਡੇ ਬਹੁਤ ਕੰਮ ਦੀ ਚੀਜ਼ ਹਨ। ਇਨ੍ਹਾਂ ਵਿਚ ਤੌੜੀਆਂ, ਤੌੜੇ ਅਤੇ ਰਿੜਕਣਿਆਂ ਨੂੰ ਵੱਖ-ਵੱਖ ਚੀਜ਼ਾਂ ਦੇ ਲਈ ਵਰਤਿਆ ਜਾਂਦਾ ਹੈ। ਰਿੜਕਣਿਆਂ ਵਿਚ ਭਿੰਨ-ਭਿੰਨ ਕਿਸਮ ਦੇ ਅਚਾਰ ਪਾਏ ਜਾਂਦੇ। ਜਿਵੇਂ ਨਿੰਬੂ ਦਾ ਅਚਾਰ, ਮਿਰਚਾਂ ਦਾ ਅਚਾਰ, ਅਦਰਕ ਦਾ ਅਚਾਰ, ਗਲਗਲ ਦਾ ਅਚਾਰ , ਡੇਲਿਆਂ ਦਾ ਅਚਾਰ, ਤੁੱਕਿਆਂ ਦਾ ਅਚਾਰ, ਅੰਬ ਦਾ ਅਚਾਰ ਆਦਿ। ਇਸ ਤੋਂ ਬਿਨਾਂ ਰਿੜਕਣਿਆਂ ਨੂੰ ਦੁੱਧ ਜਮਾਉਣ ਅਤੇ ਰਿੜਕਣ ਲਈ ਵੀ ਵਰਤਿਆ ਜਾਂਦਾ। ਰਿੜਕਣੇ ਨੂੰ ਢੱਕਣ ਲਈ ਪਹਿਲਾਂ ਇਸ ਉੱਤੇ ਵਲਣੀ ਦਿੱਤੀ ਜਾਂਦੀ ਸੀ ਤੇ ਉਸ ਤੋਂ ਬਾਅਦ ਚੱਪਣ ਦਿੱਤਾ ਜਾਣ ਲੱਗਾ। ਵਲਣੀ ਗੋਲ ਅਤੇ ਡੂੰਘਾਈ ਵਾਲਾ ਭਾਂਡਾ ਹੁੰਦਾ ਸੀ। ਸੁਕੀਆਂ ਚੀਜ਼ਾਂ ਲਈ ਘੜੇ ਦੀ ਵਰਤੋਂ ਰੂੜ੍ਹੇ ਭਾਂਡਿਆਂ ਨੂੰ ਸੁੱਕੀਆਂ ਚੀਜ਼ਾਂ ਸੰਭਾਲਣ ਲਈ ਵਰਤਿਆ ਜਾਂਦਾ ਸੀ ਕਿਉਂਕਿ ਉਸ ਸਮੇਂ ਸਟੀਲ ਅਤੇ ਪਲਾਸਟਿਕ ਨਹੀਂ ਹੁੰਦਾ ਸੀ। ਘੜਿਆਂ ਵਿਚ ਸੁੱਕੀਆਂ ਦਾਲਾਂ, ਸੇਵੀਆਂ, ਗਰਮ ਅਤੇ ਸਰਦੀ ਦੀਆਂ ਸੁਕਾਈਆਂ ਸਬਜ਼ੀਆਂ ਸਾਂਭ ਕੇ ਰੱਖੀਆਂ ਜਾਂਦੀਆਂ ਸਨ ।
ਤੌੜੀ ਦੀ ਵਰਤੋਂ
ਸਿਰਫ਼ ਦੁੱਧ ਕਾੜਣ ਲਈ ਹੀ ਤੌੜੀ ਵਰਤੀ ਜਾਂਦੀ ਹੈ ਲੇਕਿਨ ਜਦੋਂ ਅਜਿਹੇ ਭਾਂਡੇ ਨੂੰ ਥੋੜੀ ਕਿਹਾ ਜਾਵੇ ਤਾਂ ਉਸ ਵਿੱਚ ਕਈ ਹੋਰ ਪਕਵਾਨ ਵੀ ਪਕਾਏ ਜਾਂਦੇ ਹਨ ਜਿਵੇਂ ਖਿਚੜੀ ਬਣਾਉਣਾ ਅਤੇ ਸਾਗ ਬਣਾਉਣਾ। ਹਾਰੇ ਵਿਚ ਮਿੱਟੀ ਦੀ ਤੋੜੀ ਵਿਚ ਗੋਹਿਆਂ ਦੀ ਮੱਠੀ-ਮੱਠੀ ਅੱਗ ’ਤੇ ਖਿਚੜੀ ਬਣਦੀ ਹੈ ਜਿਸ ਨਾਲ ਸਮੇਂ ਦੀ ਬੱਚਤ ਵੀ ਹੁੰਦੀ ਹੈ। ਧਾਤਾਂ ਦੇ ਭਾਂਡਿਆਂ ਦੀ ਅਣਹੋਂਦ ਵਿੱਚ ਭਾਵੇਂ ਵੱਖ-ਵੱਖ ਪਦਾਰਥਾਂ ਨੂੰ ਬਣਾਉਣ ਲਈ ਵੱਖ ਵੱਖ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਖਿਚੜੀ ਵਾਲੀ ਤੌੜੀ ਅੱਡ ਹੁੰਦੀ ਸੀ ਅਤੇ ਸਾਗ ਵਾਲੀ ਅੱਡ। ਔਰਤਾਂ ਘੱਟ ਸਾਗ ਬਣਾਉਣ ਵਾਸਤੇ ਕੁੱਜਾ ਵਰਤਿਆ ਜਾਂਦਾ ਸੀ ਜਿਸ ਨੂੰ ਤਪਲਾ ਵੀ ਕਹਿੰਦੇ ਸਨ। ਪਿੰਡਾਂ ਵਿੱਚ ਅੱਜ ਵੀ ਕੁਝ ਘਰਾਂ ਵਿਚ ਕੁੱਜੇ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਸਾਗ ਕੁੱਜੇ ’ਚ ਬਣਾਉਣਾ ਹੋਵੇ ਅਤੇ ਚੁੱਲ੍ਹੇ ’ਤੇ ਬਣਾਉਣਾ ਹੋਵੇ ਤਾਂ ਕੁੱਜੇ ਨੂੰ ਲਿਓ ਲਾਇਆ ਜਾਂਦਾ ਹੈ। ਕੁੱਜੇ ਨੂੰ ਇਹ ਲਿਓ ਮਿੱਟੀ ਦਾ ਵੀ ਲਾਇਆ ਜਾ ਸਕਦਾ ਹੈ ਅਤੇ ਸੁਆਹ ਦਾ ਵੀ ਲਗਾਇਆ ਜਾ ਸਕਦਾ ਹੈ ।
-ਜੋਗਿੰਦਰ ਕੌਰ ਅਗਨੀਹੋਤਰੀ
![]()
