
ਚੰਡੀਗੜ੍ਹ/ਏ.ਟੀ.ਨਿਊਜ਼: ਭਾਰਤੀ ਤਕਨੀਕੀ ਸੰਸਥਾ (ਆਈ. ਆਈ. ਟੀ.) ਮਦਰਾਸ ਨੇ ਲਗਾਤਾਰ ਸੱਤਵੇਂ ਸਾਲ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨ. ਆਈ. ਆਰ. ਐੱਫ.) ਦਰਜਾਬੰਦੀ ’ਚ ਸਿਖਰਲਾ ਸਥਾਨ ਹਾਸਲ ਕੀਤਾ ਹੈ, ਜਦਕਿ ਭਾਰਤੀ ਵਿਗਿਆਨ ਸੰਸਥਾ (ਆਈ. ਆਈ. ਐੱਸ.) ਬੰਗਲੂਰੂ ਲਗਾਤਾਰ 10ਵੇਂ ਸਾਲ ਸਰਵੋਤਮ ਯੂਨੀਵਰਸਿਟੀ ਬਣਿਆ। ਮੈਡੀਕਲ ਸੰਸਥਾਵਾਂ ’ਚ ਪੀਜੀਆਈ ਚੰਡੀਗੜ੍ਹ ਦੂਜੇ ਤੇ ਫਾਰਮੇਸੀ ਸੰਸਥਾਵਾਂ ’ਚ ਪੰਜਾਬ ਯੂਨੀਵਰਸਿਟੀ ਤੀਜੇ ਸਥਾਨ ’ਤੇ ਰਹੇ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਪਿਛਲੇ ਦਿਨੀਂ ਦਰਜਾਬੰਦੀ ਦੇ ਦਸਵੇਂ ਐਡੀਸ਼ਨ ਦਾ ਐਲਾਨ ਕੀਤਾ ਹੈ। ਆਈ. ਆਈ. ਐੱਸ. ਬੰਗਲੂਰੂ ਨੇ ‘ਓਵਰਆਲ’ ਵਰਗ ’ਚ ਦੂਜਾ ਸਥਾਨ ਬਰਕਰਾਰ ਰੱਖਿਆ ਹੈ ਜਿਸ ਮਗਰੋਂ ਆਈ. ਆਈ. ਟੀ. ਬੰਬੇ ਤੇ ਆਈ. ਆਈ. ਟੀ. ਦਿੱਲੀ ਵੀ ਆਪੋ-ਆਪਣੇ ਸਥਾਨ ’ਤੇ ਬਰਕਰਾਰ ਰਹੇ। ਯੂਨੀਵਰਸਿਟੀਆਂ ਵਿਚੋਂ ਆਈ. ਆਈ. ਐੱਸ. ਬੰਗਲੂਰੂ ਨੇ ਪਹਿਲਾ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਨੇ ਦੂਜਾ ਤੇ ਕਰਨਾਟਕ ਦੀ ਮਨੀਪਾਲ ਅਕੈਡਮੀ ਆਫ ਹਾਇਰ ਐਜੂਕੇਸ਼ਨ ਨੇ ਤੀਜਾ ਸਥਾਨ ਹਾਸਲ ਕੀਤਾ। ਮਨੀਪਾਲ ਅਕੈਡਮੀ ਐੱਨ. ਆਈ. ਆਰ. ਐੱਫ. ਰੈਂਕਿੰਗ ਦੇ ਸਿਖਰਲੇ ਤਿੰਨ ’ਚ ਸ਼ਾਮਲ ਪਹਿਲੀ ਪ੍ਰਾਈਵੇਟ ਸੰਸਥਾ ਹੈ। ਕਾਲਜਾਂ ਦੇ ਵਰਗ ’ਚ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਤੇ ਮਿਰਾਂਡਾ ਹਾਊਸ ਪਹਿਲੇ ਤੇ ਦੂਜੇ ਜਦਕਿ ਹੰਸਰਾਜ ਕਾਲਜ ਤੇ ਕਿਰੋੜੀ ਮੱਲ ਕਾਲਜ ਤੀਜੇ ਤੇ ਚੌਥੇ ਸਥਾਨ ਰਹੇ। ਸੇਂਟ ਸਟੀਫਨ’ਜ਼ ਕਾਲਜ ਤੀਜੇ ਤੋਂ ਪੰੰਜਵੇਂ ਸਥਾਨ ’ਤੇ ਖਿਸਕ ਗਿਆ ਹੈ। ਇੰਜਨੀਅਰਿੰਗ ਕਾਲਜਾਂ ਦੇ ਸਿਖਰਲੇ 10 ਦੀ ਸੂਚੀ ਵਿੱਚ ਨੌਂ ਆਈ. ਆਈ. ਟੀ. ਸ਼ਾਮਲ ਹਨ ਜਿਨ੍ਹਾਂ ਵਿਚੋਂ ਆਈ. ਆਈ. ਟੀ. ਮਦਰਾਸ ਪਹਿਲੇ, ਆਈ. ਆਈ. ਟੀ. ਦਿੱਲੀ ਦੂਜੇ ਤੇ ਆਈ. ਆਈ. ਟੀ. ਬੰਬੇ ਤੀਜੇ ਸਥਾਨ ’ਤੇ ਹਨ। ਮੈਨਜਮੈਂਟ ਕਾਲਜਾਂ ਵਿੱਚੋਂ ਆਈ. ਆਈ. ਐੱਮ. ਅਹਿਮਦਾਬਾਦ, ਆਈ. ਆਈ. ਐੱਮ. ਬੰਗਲੌਰ ਤੇ ਆਈ. ਆਈ. ਐੱਮ. ਕੋਜ਼ੀਕੋੜ ਪਹਿਲੇ ਤਿੰਨ ਸਥਾਨਾਂ ’ਤੇ ਹਨ। ਫਾਰਮੇਸੀ ’ਚ ਜਾਮੀਆ ਹਮਦਰਦ ਜਦਕਿ ਕਾਨੂੰਨ ’ਚ ਨੈਸ਼ਨਲ ਲਾਅ ਸਕੂਲ ਆਫ ਯੂਨੀਵਰਸਿਟੀ, ਬੰਗਲੂਰੂ ਪਹਿਲੇ ਸਥਾਨ ’ਤੇ ਰਹੇ।
ਮੈਡੀਕਲ ਕਾਲਜਾਂ ’ਚ ਏਮਸ ਦਿੱਲੀ ਪਹਿਲੇ ਸਥਾਨ ’ਤੇ
ਮੈਡੀਕਲ ਕਾਲਜਾਂ ’ਚ ਏਮਸ ਨਵੀਂ ਦਿੱਲੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਿਸ ਮਗਰੋਂ ਪੀ. ਜੀ. ਆਈ. ਐੱਮ. ਆਰ ਚੰਡੀਗੜ੍ਹ ਦੂਜੇ ਅਤੇ ਸੀ. ਐੱਮ. ਸੀ. ਵੈਲੋਰ ਤੀਜੇ ਸਥਾਨ ’ਤੇ ਰਹੇ। ਓਪਨ ਯੂਨੀਵਰਸਿਟੀਆਂ ਵਿਚੋਂ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਪਹਿਲੇ ਤੇ ਕਰਨਾਟਕ ਸਟੇਟ ਓਪਨ ਯੂਨੀਵਰਸਿਟੀ, ਮੈਸੂਰ ਦੂਜੇ ਸਥਾਨ ’ਤੇ ਹੈ।