
ਮੈਨਪੁਰੀ (ਯੂਪੀ), 15 ਫਰਵਰੀ:
ਉੱਤਰ ਪ੍ਰਦੇਸ਼ ਪੁਲੀਸ ਨੇ ਮੈਨਪੁਰੀ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਕਰੀਬ ਨੌਂ ਮਹੀਨੇ ਪਹਿਲਾਂ ਅਗਵਾ ਕੀਤੀ ਗਈ 17 ਸਾਲਾ ਲੜਕੀ ਨੂੰ ਰਾਜਸਥਾਨ ਦੇ ਅਜਮੇਰ ਤੋਂ ਛੁਡਾਇਆ ਹੈ, ਜਿੱਥੇ ਉਸਨੂੰ ਕਥਿਤ ਤੌਰ ’ਤੇ ਇੱਕ ਵਿਅਕਤੀ ਨੂੰ ਵੇਚ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਨਾਲ ਵਿਆਹ ਕਰ ਲਿਆ ਸੀ। ਪੁਲੀਸ ਨੇ ਦੱਸਿਆ ਕਿ ਨੇੜਲੇ ਪਿੰਡ ਵਿੱਚ ਰਹਿਣ ਵਾਲੇ ਨੀਰਜ ਨੇ ਲੜਕੀ ਨੂੰ ਮੈਨਪੁਰੀ ਵਿੱਚ ਇੱਕ ਕੋਚਿੰਗ ਸੈਂਟਰ ਜਾ ਰਹੀ ਸੀ ਤਾਂ ਅਗਵਾ ਕਰ ਲਿਆ, ਉਸਨੂੰ ਅਜਮੇਰ ਲੈ ਗਿਆ ਅਤੇ ਕਥਿਤ ਤੌਰ ‘ਤੇ ਵਿਸ਼ਨੂੰ ਮਾਲੀ ਨਾਮਕ ਵਿਅਕਤੀ ਨੂੰ ਵੇਚ ਦਿੱਤਾ। ਉਨ੍ਹਾਂ ਦੱਸਿਆ ਕਿ ਲੜਕੀ ਅਤੇ ਮਾਲੀ ਨੂੰ ਇੱਥੇ ਲਿਆਂਦਾ ਗਿਆ ਹੈ, ਨੀਰਜ ਅਜੇ ਫਰਾਰ ਹੈ।
ਪੁਲੀਸ ਨੇ ਦੱਸਿਆ ਕਿ ਮਾਲੀ ਨੇ ਫੇਸਬੁੱਕ ’ਤੇ ਉਨ੍ਹਾਂ ਦੇ ਵਿਆਹ ਦੀਆਂ ਫੋਟੋਆਂ ਸਾਂਝੀਆਂ ਕਰਨ ਤੋਂ ਬਾਅਦ ਲੜਕੀ ਦੀ ਲੋਕੇਸ਼ਨ ਅਜਮੇਰ ਤੱਕ ਟਰੇਸ ਕੀਤੀ ਗਈ ਸੀ। ਕੁਰੜਾ ਥਾਣੇ ਦੇ ਐਸਐਚਓ ਅਰਵਿੰਦ ਸਿੰਘ ਨੇ ਪੀਟੀਆਈ ਨੂੰ ਦੱਸਿਆ, “17 ਸਾਲਾ ਲੜਕੀ ਮਈ 2024 ਵਿੱਚ ਗਾਇਬ ਹੋ ਗਈ ਸੀ। ਉਸ ਨੂੰ ਅਜਮੇਰ ਲਿਜਾਇਆ ਗਿਆ, ਜਿੱਥੇ ਉਸ ਨੂੰ ਮਾਲੀ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧੀ ਲੜਕੀ ਦੇ ਪਿਤਾ ਨੇ ਕੁਰੜਾ ਪੁਲੀਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।