ਨੌਜਵਾਨਾਂ ਨੂੰ ਆਕਰਸ਼ਿਤ ਕਰ ਸਕਦੀ ਹੈ ਮਸਨੂਈ ਬੁੱਧੀ ਆਧਾਰਿਤ ਖੇਤੀ

In ਮੁੱਖ ਲੇਖ
March 26, 2026

ਡਾ. ਅੰਮ੍ਰਿਤ ਸਾਗਰ ਮਿੱਤਲ

ਇੱਕ ਡਾਕਟਰ, ਇੱਕ ਇੰਜੀਨੀਅਰ, ਇੱਕ ਵਕੀਲ, ਇੱਕ ਅਧਿਕਾਰੀ ਜਾਂ ਇੱਕ ਵਪਾਰੀ ਅਕਸਰ ਇਹ ਸੁਪਨਾ ਦੇਖਦਾ ਹੈ ਕਿ ਉਸ ਦੀ ਅਗਲੀ ਪੀੜ੍ਹੀ ਉਸ ਦੇ ਪੇਸ਼ੇ ਨੂੰ ਮਾਣ ਨਾਲ ਅੱਗੇ ਵਧਾਏ ਅਤੇ ਉਸ ਨੂੰ ਉੱਚ ਪੱਧਰ ’ਤੇ ਲੈ ਜਾਵੇ। ਪਰ ਇੱਕ ਕਿਸਾਨ ਇਸ ਸੰਦਰਭ ਵਿੱਚ ਇੱਕ ਨਿਰਾਸ਼ ਅਪਵਾਦ ਵਜੋਂ ਸ਼ਾਇਦ ਹੀ ਚਾਹਵੇ ਕਿ ਉਸ ਦਾ ਬੱਚਾ ਹਲ ਨੂੰ ਵਿਰਾਸਤ ਵਜੋਂ ਸੰਭਾਲ ਕੇ ਅੱਗੇ ਲਿਜਾਵੇ। ਇਹ ਸਹਿਜ ਤੇ ਸ਼ਕਤੀਸ਼ਾਲੀ ਸੱਚ, ਭਾਰਤੀ ਖੇਤੀ ਦੇ ਕੇਂਦਰ ’ਚ ਮੌਜੂਦ ਭਾਵਨਾਤਮਕ ਤੇ ਸੰਰਚਨਾਤਮਕ ਸੰਕਟ ਨੂੰ ਦਰਸਾਉਂਦਾ ਹੈ। ਭਾਰਤੀ ਖੇਤੀ ਦੇ ਸਾਹਮਣੇ ਖੜ੍ਹੇ ਮੌਨ ਸੰਕਟਾਂ ’ਚੋਂ ਇੱਕ ਨੌਜਵਾਨ ਪੀੜ੍ਹੀ ਤੇ ਖੇਤੀ ਵਿਚਕਾਰ ਵੱਧਦਾ ਪਾੜਾ ਹੈ। ਪੇਂਡੂ ਭਾਰਤ ਵਿੱਚ ਬਹੁਤੇ ਨੌਜਵਾਨ ਪਰੰਪਰਾਗਤ ਖੇਤੀ ਨੂੰ ਜਾਰੀ ਰੱਖਣ ਦੇ ਇੱਛੁਕ ਨਹੀਂ ਹਨ, ਕਿਉਂਕਿ ਉਹ ਇਸ ਨੂੰ ਅਨਿਸਚਿਤ ਆਮਦਨ, ਸਖ਼ਤ ਸਰੀਰਕ ਮਿਹਨਤ ਤੇ ਅਸਥਿਰ ਬਾਜ਼ਾਰਾਂ ਨਾਲ ਜੁੜਿਆ ਪੇਸ਼ਾ ਮੰਨਦੇ ਹਨ। ਪੱਕੇ ਰੁਜ਼ਗਾਰ ਦੀ ਖੋਜ ਵਿੱਚ ਸ਼ਹਿਰਾਂ ਤੇ ਵਿਦੇਸ਼ਾਂ ਵੱਲ ਵਧਦਾ ਪਲਾਇਨ ਉਨ੍ਹਾਂ ਲਈ ਪਸੰਦੀਦਾ ਰਾਹ ਬਣ ਗਿਆ ਹੈ, ਜਿਸ ਕਰਕੇ ਪਿੱਛੇ ਬਜ਼ੁਰਗ ਕਿਸਾਨ ਤੇ ਟੁੱਟੀਆਂ ਹੋਈਆਂ ਜੋਤਾਂ (ਜ਼ਮੀਨੀ ਵੰਡ) ਹੀ ਰਹਿ ਜਾਂਦੀਆਂ ਹਨ। ਫਿਰ ਵੀ ਖੇਤੀ ਭਾਰਤ ਦੀ ਆਰਥਿਕਤਾ ਤੇ ਸਮਾਜਕ ਸਥਿਰਤਾ ਦਾ ਕੇਂਦਰ ਰਹਿੰਦੀ ਹੈ, ਕਿਉਂਕਿ ਖੇਤੀ ਖੇਤਰ ਅਜੇ ਵੀ ਦੇਸ਼ ਦੇ ਲਗਭਗ 46 ਫ਼ੀਸਦੀ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਜਦਕਿ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿਚ ਲਗਭਗ 16 ਫ਼ੀਸਦੀ ਯੋਗਦਾਨ ਪਾਉਂਦਾ ਹੈ ਇੱਕ ਅਸੰਤੁਲਨ ਜੋ ਇਸ ਦੇ ਵਿਸ਼ਾਲ ਪੱਧਰ ਅਤੇ ਡੂੰਘੀਆਂ ਉਤਪਾਦਕਤਾ ਚੁਣੌਤੀਆਂ ਨੂੰ ਦਰਸਾਉਂਦਾ ਹੈ। ਇਸ ਪ੍ਰਸੰਗ ਵਿੱਚ ਮਸਨੂਈ ਬੁੱਧੀ (ਏ.ਆਈ.) ਸਿਰਫ਼ ਇੱਕ ਤਕਨੀਕੀ ਸੁਧਾਰ ਨਹੀਂ, ਸਗੋਂ ਇੱਕ ਬਦਲਾਅਕਾਰੀ ਤਾਕਤ ਵਜੋਂ ਸਾਹਮਣੇ ਆ ਸਕਦੀ ਹੈ। ਮਿਹਨਤ-ਕੇਂਦ੍ਰਿਤ ਗੁਜ਼ਾਰੇ ਵਾਲੀ ਖੇਤੀ ਨੂੰ ਡਾਟਾ-ਆਧਾਰਿਤ, ਸੁਚੇਤ ਤੇ ਬੁੱਧੀਮਾਨ ਖੇਤੀ ਵਿੱਚ ਬਦਲ ਕੇ ਏ.ਆਈ. ਖੇਤੀ ਨੂੰ ਹੋਰ ਲਾਭਕਾਰੀ, ਪ੍ਰਭਾਵਸ਼ਾਲੀ ਤੇ ਨੌਜਵਾਨ ਪੀੜ੍ਹੀ ਲਈ ਮੁੜ, ਆਕਰਸ਼ਕ ਬਣਾਉਣ ਦੀ ਸਮਰੱਥਾ ਰੱਖਦੀ ਹੈ।
ਰਵਾਇਤੀ ਖੇਤੀ ਤੋਂ ਬੁੱਧੀਮਾਨ ਖੇਤੀ ਵੱਲ- ਏ.ਆਈ ਹੌਲੀ-ਹੌਲੀ ਇਹ ਨਵੀਂ ਪਰਿਭਾਸ਼ਾ ਸਮਝਾ ਰਹੀ ਹੈ ਕਿ ਖੇਤੀ ਕਿਵੇਂ ਚਲਦੀ ਹੈ। ਮਸਨੂਈ ਬੁੱਧੀ ਨਾਲ ਸੰਚਾਲਿਤ ਪ੍ਰਣਾਲੀਆਂ ਉਪਗ੍ਰਹਿ ਚਿੱਤਰਾਂ, ਮਿੱਟੀ ਦੀ ਸਿਹਤ ਦੇ ਅੰਕੜਿਆਂ, ਵਰਖਾ ਦੇ ਰੁਝਾਨਾਂ ਤੇ ਫ਼ਸਲ ਵਾਧੇ ਦੇ ਸੰਕੇਤਾਂ ਦਾ ਵਿਸ਼ਲੇਸ਼ਣ ਕਰ ਸਕਦੀਆਂ ਹਨ ਤਾਂ ਜੋ ਤੁਰੰਤ ਖੇਤੀ ਸਲਾਹ ਪ੍ਰਦਾਨ ਕੀਤੀ ਜਾ ਸਕੇ। ਇਹ ਸਾਧਨ ਕਿਸਾਨਾਂ ਨੂੰ ਬਿਜਾਈ ਦੇ ਉਚਿਤ ਸਮੇਂ, ਖਾਦ ਦੇ ਪ੍ਰਯੋਗ, ਕੀਟ ਪ੍ਰਬੰਧਨ ਤੇ ਬਾਜ਼ਾਰ (ਮੰਡੀ) ਬਾਰੇ ਮਾਰਗਦਰਸ਼ਨ ਦੇ ਸਕਦੇ ਹਨ, ਜਿਸ ਨਾਲ ਕਿਸਾਨ ਅਨਿਸਚਿਤਾ ਦੀ ਥਾਂ ਡਾਟਾ ਦੇ ਆਧਾਰ ’ਤੇ ਸੋਚ-ਸਮਝ ਕੇ ਫ਼ੈਸਲੇ ਕਰ ਸਕਦੇ ਹਨ, ਕਿਉਂਕਿ ਵਿਸ਼ਵ ਪੱਧਰ ’ਤੇ ਸੁਚੇਤ ਖੇਤੀ ਤਕਨਾਲੋਜੀਆਂ ਪਹਿਲਾਂ ਹੀ ਮਜ਼ਬੂਤ ਨਤੀਜੇ ਦੇ ਚੁੱਕੀਆਂ ਹਨ। ਅਧਿਐਨ ਦਰਸਾਉਂਦੇ ਹਨ ਕਿ ਏ.ਆਈ. ਆਧਾਰਿਤ ਖੇਤੀ ਤਰੀਕੇ ਫ਼ਸਲ ਉਤਪਾਦਕਤਾ ਨੂੰ 20- 30 ਫ਼ੀਸਦੀ ਤੱਕ ਵਧਾ ਸਕਦੇ ਹਨ, ਜਦਕਿ ਪਾਣੀ ਤੇ ਰਸਾਇਣਾਂ ਦੀ ਵਰਤੋਂ ਨੂੰ ਕਾਫ਼ੀ ਘਟਾਉਂਦੇ ਹਨ। ਸਮਾਰਟਫੋਨ ਤੇ ਡਿਜ਼ੀਟਲ ਮੰਚਾਂ ਨਾਲ ਪਲ ਕੇ ਵੱਡੀ ਹੋਈ ਪੀੜ੍ਹੀ ਲਈ ਅਜਿਹੀਆਂ ਨਵੀਆਂ ਕਾਢਾਂ ਖੇਤੀ ਨੂੰ ਵੀ ਇੱਕ ਤਕਨੀਕ-ਸੰਚਾਲਿਤ ਉੱਦਮ ਵਿੱਚ ਬਦਲ ਦਿੰਦੀਆਂ ਹਨ, ਜਿੱਥੇ ਡਾਟਾ, ਵਿਸ਼ਲੇਸ਼ਣ ਤੇ ਡਿਜ਼ੀਟਲ ਸਾਧਨ ਟਰੈਕਟਰ ਤੇ ਸਿੰਚਾਈ ਵਾਂਗ ਹੀ ਮਹੱਤਵਪੂਰਨ ਹਨ।
ਭਾਰਤ ਦੀ ਖੇਤੀ ਪ੍ਰਣਾਲੀ ਮਸਨੂਈ ਬੁੱਧੀ ਦੇ ਅਪਣਾਏ ਜਾਣ ਲਈ ਵਿਸ਼ਾਲ ਮੌਕੇ ਤੇ ਸੰਰਚਨਾਤਮਕ ਚੁਣੌਤੀਆਂ ਦੋਵੇਂ ਪੇਸ਼ ਕਰਦੀ ਹੈ। ਦੇਸ਼ ਵੱਡੀ ਮਾਤਰਾ ਵਿਚ ਖੇਤੀ ਸੰਬੰਧੀ ਮੌਸਮ ਦੇ ਰਿਕਾਰਡ ਤੋਂ ਮਿੱਟੀ ਦੇ ਨਕਸ਼ਿਆਂ ਤੱਕ, ਉਪਗ੍ਰਹਿ ਚਿੱਤਰਾਂ ਤੋਂ ਫ਼ਸਲ ਸਰਵੇਖਣ ਤੱਕ ਡਾਟਾ ਪੈਦਾ ਕਰਦਾ ਹੈ। ਫਿਰ ਵੀ ਇਸ ਸਮੇਂ ਸਿਰਫ਼ 5 ਫ਼ੀਸਦੀ ਤੋਂ ਵੀ ਘੱਟ ਭਾਰਤੀ ਕਿਸਾਨ ਡਿਜ਼ੀਟਲ ਸਲਾਹ ਸਾਧਨਾਂ ਦੀ ਵਰਤੋਂ ਕਰਦੇ ਹਨ ਅਤੇ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਤਕਨਾਲੋਜੀ-ਚਲਿਤ ਉਤਪਾਦਕਤਾ ਵਾਧੇ ਦੀ ਸੰਭਾਵਨਾ ਅਜੇ ਵੀ ਕਾਫ਼ੀ ਹੱਦ ਤੱਕ ਪਿਛੜੀ ਹੋਈ ਹੈ, ਹਾਲਾਂਕਿ ਏ.ਆਈ. ਚਲਿਤ ਮੰਚ ਇਸ ਪਾੜੇ ਨੂੰ ਘਟਾਉਣ ਦੀ ਸ਼ੁਰੂਆਤ ਕਰ ਰਹੇ ਹਨ। ਬਹੁਭਾਸ਼ੀ ਸਲਾਹ ਸਾਧਨ ਰੋਜ਼ਾਨਾ ਹਜ਼ਾਰਾਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਸ਼ੁਰੂਆਤੀ ਪ੍ਰਯੋਗ ਦਰਸਾਉਂਦੇ ਹਨ ਕਿ ਇਹ ਪ੍ਰਣਾਲੀਆਂ ਖੇਤੀ ਲਾਗਤ ਨੂੰ 8 ਤੋਂ 12 ਪ੍ਰਤੀਸ਼ਤ ਘਟਾ ਸਕਦੀਆਂ ਹਨ ਅਤੇ ਖੇਤੀ ਉਤਪਾਦਨ ਨੂੰ 10 20 ਫ਼ੀਸਦੀ ਤੱਕ ਵਧਾ ਸਕਦੀਆਂ ਹਨ।
ਕੀ ਏ.ਆਈ. ਖੇਤੀ ਮਜ਼ਦੂਰੀ ਨੂੰ ਬਦਲੇਗੀ- ਅਕਸਰ ਚਿੰਤਾ ਪ੍ਰਗਟਾਈ ਜਾਂਦੀ ਹੈ ਕਿ ਏ.ਆਈ. ਤੇ ਸਵੈਚਾਲਨ ਖੇਤੀ ਮਜ਼ਦੂਰੀ ਨੂੰ ਬਦਲ ਸਕਦੇ ਹਨ। ਪਰ ਭਾਰਤ ਦੀ ਖੇਤੀ ਸੰਰਚਨਾ ਛੋਟੀਆਂ ਤੇ ਟੁੱਟੀਆਂ ਜੋਤਾਂ ਵੱਡੇ ਪੱਧਰ ਦੇ ਸਵੈਚਾਲਨ ਨੂੰ ਮੁਸ਼ਕਿਲ ਬਣਾਉਂਦੀਆਂ ਹਨ। ਰੁਜ਼ਗਾਰ ਨੂੰ ਖ਼ਤਮ ਕਰਨ ਦੀ ਬਜਾਏ ਏ.ਆਈ. ਪੇਂਡੂ ਰੁਜ਼ਗਾਰ ਦੇ ਸੁਭਾਅ ਨੂੰ ਬਦਲ ਸਕਦੀ ਹੈ। ਨਵੀਆਂ ਪੇਸ਼ਾਵਰ ਭੂਮਿਕਾਵਾਂ ਸਾਹਮਣੇ ਆ ਰਹੀਆਂ ਹਨ। ਖੇਤੀ ਨੂੰ ਮੁੜ ਆਕਰਸ਼ਕ ਬਣਾਉਣ ਲਈ ਭਾਰਤ ਵਿਚ ਖੇਤੀ ਦੀ ਅਗਲੀ ਖ਼ਾਮੋਸ਼ ਤਬਦੀਲੀ ਡਿਜ਼ੀਟਲ ਬੁੱਧੀ ਤੇ ਖੇਤੀ ਦੇ ਮਿਲਾਪ ਤੋਂ ਉਭਰ ਸਕਦੀ ਹੈ। ਮਸਨੂਈ ਬੁੱਧੀ ਮਿੱਟੀ ਦੀ ਸਿਹਤ, ਪਾਣੀ ਦੀ ਉਪਲੱਬਧਤਾ, ਮੌਸਮ ਤੇ ਬਾਜ਼ਾਰ ਦੀ ਮੰਗ ਦਾ ਵਿਸ਼ਲੇਸ਼ਣ ਕਰ ਕੇ ਕਿਸਾਨਾਂ ਨੂੰ ਉੱਚ ਮੁੱਲ ਵਾਲੀਆਂ ਫ਼ਸਲਾਂ ਵੱਲ ਪ੍ਰੇਰਿਤ ਕਰ ਸਕਦੀ ਹੈ। ਇਹ ਤਬਦੀਲੀ ਨਾ ਸਿਰਫ਼ ਆਮਦਨ ਵਧਾਏਗੀ, ਸਗੋਂ ਵਾਤਾਵਰਣ ਸਥਿਰਤਾ ਨੂੰ ਵੀ ਮਜ਼ਬੂਤ ਕਰੇਗੀ।
ਵਿਸ਼ਵ ਪੱਧਰੀ ਸਬਕ-ਤਕਨਾਲੋਜੀ ਹਮੇਸ਼ਾ ਨੌਜਵਾਨਾਂ ਨੂੰ ਆਕਰਸ਼ਿਤ ਕਰਦੀ ਹੈ। ਅੰਤਰਰਾਸ਼ਟਰੀ ਅਨੁਭਵ ਦਰਸਾਉਂਦੇ ਹਨ ਕਿ ਜਦੋਂ ਖੇਤੀ ਤਕਨਾਲੋਜੀ ਆਧਾਰਿਤ ਹੁੰਦੀ ਹੈ ਤਾਂ ਇਹ ਸੁਭਾਵਿਕ ਹੀ ਨੌਜਵਾਨਾਂ ਨੂੰ ਆਕਰਸ਼ਿਤ ਕਰਦੀ ਹੈ। ਚੀਨ ਦੀ ਉਦਾਹਰਣ ਦਰਸਾਉਂਦੀ ਹੈ ਕਿ ਥੋੜ੍ਹੀ ਜ਼ਮੀਨ ਨਾਲ ਵੀ ਵਧੇਰੇ ਉਤਪਾਦਕਤਾ ਹਾਸਲ ਕੀਤੀ ਜਾ ਸਕਦੀ ਹੈ। ਭਾਰਤ ਵਿੱਚ ਚਾਵਲ ਦੀ ਔਸਤ ਉਪਜ ਲਗਭਗ 2.3 ਟਨ ਪ੍ਰਤੀ ਹੈਕਟੇਅਰ ਹੈ, ਜਦਕਿ ਚੀਨ ’ਚ 4 ਟਨ ਪ੍ਰਤੀ ਹੈਕਟੇਅਰ ਹੁੰਦੀ ਹੈ। ਅਮਰੀਕਾ ਵਿੱਚ ਮਸਨੂਈ ਬੁੱਧੀ ਆਧਾਰਿਤ ਤਕਨਾਲੋਜੀਆਂ ਸਿਰਫ਼ ਲੋੜ ਵਾਲੇ ਸਥਾਨਾਂ ’ਤੇ ਹੀ ਛਿੜਕਾਅ ਕਰਦੀਆਂ ਹਨ। ਇਜ਼ਰਾਇਲ ਵਿੱਚ ਮਸਨੂਈ ਬੁੱਧੀ ਚਲਿਤ ਸਿੰਚਾਈ ਪ੍ਰਣਾਲੀਆਂ ਪਾਣੀ ਦੀ ਵਰਤੋਂ ਨੂੰ ਸੁਧਾਰਦੀਆਂ ਹਨ। ਜੋ ਸਪੱਸ਼ਟ ਕਰਦਾ ਹੈ ਕਿ ਤਕਨਾਲੋਜੀ-ਚਲਿਤ ਖੇਤੀ ਉਤਪਾਦਕਤਾ ਨੂੰ ਵਧਾਉਂਦੀ ਹੈ।
ਅੱਗੇ ਦਾ ਰਾਹ-ਸਪੱਸ਼ਟ ਹੈ ਕਿ ਮਸਨੂਈ ਬੁੱਧੀ (ਏ.ਆਈ) ਭਾਰਤੀ ਖੇਤੀ ਦੇ ਦ੍ਰਿਸ਼ ਨੂੰ ਨਵੀਂ ਪਰਿਭਾਸ਼ਾ ਦੇ ਸਕਦੀ ਹੈ। ਜੇਕਰ ਇਸ ਨੂੰ ਮਜ਼ਬੂਤ ਢਾਂਚੇ, ਹੁਨਰ ਵਿਕਾਸ ਤੇ ਅੱਗੇ ਤੱਕ ਦੇਖਣ ਵਾਲੀਆਂ ਨੀਤੀਆਂ ਦਾ ਸਹਿਯੋਗ ਮਿਲ ਜਾਵੇ ਤਾਂ ਇਹ ਖੇਤੀ ਨੂੰ ਇਕ ਆਧੁਨਿਕ ਗਿਆਨ-ਆਧਾਰਿਤ ਪੇਸ਼ਾ ਬਣਾ ਕੇ ਨੌਜਵਾਨਾਂ ਨੂੰ ਮੁੜ ਖੇਤਾਂ ਵੱਲ ਲਿਆ ਕੇ ਪੇਂਡੂ ਭਾਰਤ ਨੂੰ ਸਮਝਦਾਰੀ ਵਾਲੀ ਖੇਤੀ ਦੇ ਅਗਲੇ ਮੋਰਚੇ ’ਤੇ ਖੜ੍ਹਾ ਕਰ ਸਕਦੀ ਹੈ।

-(ਵਾਈਸ ਚੇਅਰਮੈਨ, ਸੋਨਾਲੀਕਾ)
(ਲੇਖਕ ਕੈਬਨਿਟ ਮੰਤਰੀ ਦੇ ਦਰਜੇ ਨਾਲ ਪੰਜਾਬ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਹਨ)।

Loading