ਫਤਹਿਗੜ੍ਹ ਸਾਹਿਬ/ਏ.ਟੀ.ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦਸਤਾਰ ਸਿੱਖਾਂ ਦੀ ਅਟੁੱਟ ਪਛਾਣ ਹੈ। ਜਥੇਦਾਰ ਗੜਗੱਜ ਜੋ ਕਿ ਜ਼ਿਲ੍ਹਾ ਅਕਾਲੀ ਦਲ ਫਤਹਿਗੜ੍ਹ ਸਾਹਿਬ ਅਤੇ ਯੂਥ ਵਿੰਗ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦੋ ਰੋਜ਼ਾ ‘ਮੇਰੀ ਦਸਤਾਰ, ਮੇਰੀ ਸ਼ਾਨ’- ਦਸਤਾਰਾਂ ਦਾ ਲੰਗਰ (ਮੁਫ਼ਤ ਦਸਤਾਰ ਬੰਨ੍ਹਣ ਕੈਂਪ) ਵਿੱਚ ਸ਼ਿਰਕਤ ਕਰਨ ਆਏ ਸਨ, ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਦੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ, ਧਰਮ ਅਤੇ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ‘ਮੇਰੀ ਦਸਤਾਰ, ਮੇਰੀ ਸ਼ਾਨ’ ਵਰਗੇ ਕੈਂਪ ਲਗਾਉਣਾ ਬਹੁਤ ਹੀ ਸਰਾਹਣਯੋਗ ਕਦਮ ਹੈ, ਜੋ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ।
ਜਥੇਦਾਰ ਨੇ ਕਿਹਾ ਕਿ ਅਜਿਹੇ ਉਪਰਾਲੇ ਸਿਰਫ਼ ਦਸਤਾਰ ਸਜਾਉਣ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਨੌਜਵਾਨਾਂ ਦੇ ਮਨਾਂ ਵਿੱਚ ਸਿੱਖ ਇਤਿਹਾਸ, ਕੁਰਬਾਨੀ ਅਤੇ ਸਵੈਮਾਣ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਜਥੇਦਾਰ ਨੇ ਕਿਹਾ ਕਿ ਸਰਬਜੀਤ ਸਿੰਘ ਝਿੰਜਰ ਨੇ ਸਿਰਫ਼ ਰਾਜਨੀਤਿਕ ਆਗੂ ਹੋਣ ਦੀ ਨਹੀਂ, ਸਗੋਂ ਇੱਕ ਜ਼ਿੰਮੇਵਾਰ ਸਿੱਖ ਨੌਜਵਾਨ ਆਗੂ ਵਜੋਂ ਆਪਣੀ ਭੂਮਿਕਾ ਨਿਭਾਉਾਂਦੇਹੋਏ ਸਿੱਖ ਇਤਿਹਾਸ, ਦਸਤਾਰ ਅਤੇ ਮਰਿਆਦਾ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਜਥੇਦਾਰ ਗੜਗੱਜ ਨੇ ਆਪਣੇ ਸੰਬੋਧਨ ਦੌਰਾਨ ਇਹ ਵੀ ਜ਼ਿਕਰ ਕੀਤਾ ਕਿ ‘ਮੇਰੀ ਦਸਤਾਰ, ਮੇਰੀ ਸ਼ਾਨ’ ਕੈਂਪ ਕੋਈ ਇੱਕ ਦਿਨ ਜਾਂ ਇਕ ਸਾਲ ਦਾ ਉਪਰਾਲਾ ਨਹੀਂ, ਬਲਕਿ ਯੂਥ ਅਕਾਲੀ ਦਲ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਅਤੇ ਨਿਰੰਤਰ ਤੌਰ ‘ਤੇ ਚਲਾਈ ਜਾ ਰਹੀ ਇਕ ਮਹੱਤਵਪੂਰਣ ਮੁਹਿੰਮ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਰਾਹੀਂ ਹਜ਼ਾਰਾਂ ਨੌਜਵਾਨਾਂ ਅਤੇ ਬੱਚਿਆਂ ਨੂੰ ਸਿੱਖ ਪਛਾਣ ਨਾਲ ਜੋੜਿਆ ਗਿਆ ਹੈ, ਜੋ ਬੇਹੱਦ ਸ਼ਲਾਘਾਯੋਗ ਹੈ।
ਉਨ੍ਹਾਂ ਕਿਹਾ ਕਿ ‘ਮੇਰੀ ਦਸਤਾਰ, ਮੇਰੀ ਸ਼ਾਨ’ ਵਰਗੇ ਕੈਂਪ ਸਿਰਫ਼ ਇੱਕ ਸਮਾਗਮ ਨਹੀਂ, ਸਗੋਂ ਇੱਕ ਲਗਾਤਾਰ ਚਲ ਰਹੀ ਸੋਚ ਅਤੇ ਅੰਦੋਲਨ ਹਨ, ਜੋ ਸਿੱਖ ਕੌਮ ਵਿੱਚ ਸਵੈਮਾਣ, ਏਕਤਾ ਅਤੇ ਚੜ੍ਹਦੀ ਕਲਾ ਦੀ ਭਾਵਨਾ ਨੂੰ ਪ੍ਰਚੰਡ ਕਰ ਰਹੇ ਹਨ। ਜਥੇਦਾਰ ਗੜਗੱਜ ਨੇ ਆਸ ਪ੍ਰਗਟਾਈ ਕਿ ਯੂਥ ਅਕਾਲੀ ਦਲ ਅੱਗੇ ਵੀ ਇਸੇ ਜਜ਼ਬੇ ਨਾਲ ਇਹ ਕੈਂਪ ਲਗਾਉਂਦਾ ਰਹੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦਾ ਇਹ ਸਿਲਸਿਲਾ ਹੋਰ ਵਧੇਗਾ। ਇਸ ਮੌਕੇ ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਇਹ ਕੈਂਪ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਲਗਾਇਆ ਗਿਆ ਹੈ, ਜਿਨ੍ਹਾਂ ਨੇ ਬਾਲ ਉਮਰ ਵਿੱਚ ਅਸਹਿਨਸ਼ੀਲ ਅਤਿਆਚਾਰ ਸਹਿਦੇ ਹੋਏ ਵੀ ਆਪਣੇ ਧਰਮ, ਆਪਣੇ ਵਿਸ਼ਵਾਸ ਅਤੇ ਸਿੱਖ ਮਰਿਆਦਾ ਤੋਂ ਟੱਸ ਤੋਂ ਮੱਸ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਇਹ ਸ਼ਹਾਦਤਾਂ ਸਿੱਖ ਕੌਮ ਦੇ ਇਤਿਹਾਸ ਦਾ ਚਿਰਾਗ ਹਨ, ਜੋ ਸਦੀਵਾਂ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੱਚ, ਸਬਰ ਅਤੇ ਸਵੈਮਾਣ ਦੀ ਪ੍ਰੇਰਨਾ ਦਿੰਦੀਆਂ ਰਹਿਣਗੀਆਂ।
ਝਿੰਜਰ ਨੇ ਕਿਹਾ ਕਿ ਸ੍ਰੀ ਫਤਿਹਗੜ੍ਹ ਸਾਹਿਬ ਸਿੱਖ ਇਤਿਹਾਸ ਦਾ ਉਹ ਪਵਿੱਤਰ ਸਥਾਨ ਹੈ ਜਿੱਥੇ ਧਰਮ ਅਤੇ ਅਸੂਲਾਂ ਦੀ ਖਾਤਰ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਗਈਆਂ। ਇੱਥੇ ਲੱਗੇ ਇਸ ਕੈਂਪ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਸਿੱਖ ਜੜ੍ਹਾਂ ਨਾਲ ਜੋੜਨਾ, ਉਨ੍ਹਾਂ ਨੂੰ ਦਸਤਾਰ ਦੀ ਮਹੱਤਤਾ, ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜਾਣੂ ਕਰਵਾਉਣਾ ਅਤੇ ਮਾਣ ਨਾਲ ਸਿੱਖ ਪਛਾਣ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਨੌਜਵਾਨਾਂ ਨੂੰ ਸਿਰਫ਼ ਦਸਤਾਰ ਬੰਨ੍ਹਾਉਣਾ ਹੀ ਨਹੀਂ, ਸਗੋਂ ਉਨ੍ਹਾਂ ਦੇ ਮਨਾਂ ਵਿੱਚ ਸਿੱਖੀ ਦੇ ਮੂਲ ਸਿਧਾਂਤ, ਸਵੈਮਾਣ, ਏਕਤਾ ਅਤੇ ਕੁਰਬਾਨੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਸ ਮੌਕੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਐਸਜੀਪੀਸੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਥਲ, ਐਸਜੀਪੀਸੀ ਮੈਂਬਰ ਅਵਤਾਰ ਸਿੰਘ ਰਿਆ, ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ, ਹਰਪ੍ਰੀਤ ਸਿੰਘ ਰਿੱਚੀ ਅਤੇ ਹਰਬੀਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ। ਪ੍ਰਬੰਧਕਾਂ ਅਨੁਸਾਰ ਇਸ ਕੈਂਪ ਦੌਰਾਨ ਦੋ ਦਿਨਾਂ ਵਿੱਚ 1500 ਤੋਂ ਵੱਧ ਸ਼ਰਧਾਲੂਆਂ ਨੂੰ ਦਸਤਾਰਾਂ ਬੰਨ੍ਹੀਆਂ ਗਈਆਂ। ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਵੱਡੇ ਉਤਸ਼ਾਹ ਨਾਲ ਭਾਗ ਲਿਆ ਗਿਆ।
![]()
