ਪਟਿਆਲਾ ਜੇਲ੍ਹ ਵਿੱਚ ਪੰਜਾਬ ਸੰਤਾਪ ਦਾ ਬਦਲਾ

In ਪੰਜਾਬ
September 17, 2025

ਪਟਿਆਲਾ/ਏ.ਟੀ.ਨਿਊਜ਼ : ਪੰਜਾਬ ਦੇ ਇਤਿਹਾਸ ਵਿੱਚ 1990 ਦੇ ਦਹਾਕੇ ਨੂੰ ‘ਸੰਤਾਪ ਦਾ ਦੌਰ’ ਕਿਹਾ ਜਾਂਦਾ ਹੈ, ਜਦੋਂ ਪੁਲਿਸ ਨੇ ਖਾੜਕੂਵਾਦ ਦੇ ਨਾਂ ’ਤੇ ਹਜ਼ਾਰਾਂ ਬੇਗੁਨਾਹ ਨੌਜਵਾਨਾਂ ਨੂੰ ਫ਼ਰਜ਼ੀ ਮੁਕਾਬਲਿਆਂ ਵਿੱਚ ਖ਼ਤਮ ਕੀਤਾ ਸੀ। ਉਹਨਾਂ ਪਰਿਵਾਰਾਂ ਦੇ ਜ਼ਖ਼ਮ ਅੱਜ ਵੀ ਤਾਜ਼ੇ ਨੇ, ਤੇ ਹੁਣੇ ਜਿਹੀ ਘਟਨਾ ਨੇ ਉਹਨਾਂ ਨੂੰ ਫਿਰ ਖੋਲ੍ਹ ਦਿੱਤੇ। ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਉਰਫ਼ ਸੰਨੀ ਨੇ ਉਹਨਾਂ ਸਾਬਕਾ ਪੁਲਿਸ ਅਧਿਕਾਰੀਆਂ ’ਤੇ ਹਮਲਾ ਕੀਤਾ, ਜਿਹਨਾਂ ਨੂੰ ਬੇਗੁਨਾਹਾਂ ਦੇ ਕਤਲਾਂ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ। ਇਹ ਨਿੱਜੀ ਵੈਰ-ਵਿਰੋਧ ਨਹੀਂ, ਸਗੋਂ ਉਹਨਾਂ ਬੁੱਚੜ ਪੁਲਸੀਆਂ ਵਿਰੁੱਧ ਇੱਕ ਕੌਮੀ ਪ੍ਰਤੀਕਰਮ ਸੀ, ਜਿਨ੍ਹਾਂ ਨੇ ਪੰਜਾਬ ਨੂੰ ਬੇਗੁਨਾਹ ਸਿੱਖਾਂ ਦੇ ਖੂਨ ਨਾਲ ਲਾਲ ਕਰ ਦਿੱਤਾ ਸੀ। ਸੰਨੀ ਹਿੰਦੂ ਆਗੂ ਸੁਧੀਰ ਸੂਰੀ ਹੱਤਿਆ ਮਾਮਲੇ ਵਿੱਚ ਬੰਦ ਹੈ।
ਘਟਨਾ ਬੀਤੇ ਬੁੱਧਵਾਰ ਨੂੰ ਵਾਪਰੀ ਸੀ, ਜਦੋਂ ਜੇਲ੍ਹ ਦੀ ਬੈਰਕ ਵਿੱਚ ਸੰਨੀ ਨੇ ਸਾਬਕਾ ਡੀ.ਐੱਸ.ਪੀ. ਗੁਰਬਚਨ ਸਿੰਘ, ਇੰਸਪੈਕਟਰ ਸੂਬਾ ਸਿੰਘ ਤੇ ਇੰਸਪੈਕਟਰ ਇੰਦਰਜੀਤ ਸਿੰਘ ’ਤੇ ਪਾਈਪ ਨਾਲ ਹਮਲਾ ਕੀਤਾ ਸੀ। ਤਿੰਨੇ ਗੰਭੀਰ ਜ਼ਖ਼ਮੀ ਹੋਏ, ਤੇ ਸੂਬਾ ਸਿੰਘ ਦੀ ਹਾਲਤ ਨਾਜ਼ੁਕ ਹੈ – ਉਸ ਨੂੰ ਸਿਰ ਦੀ ਸਰਜਰੀ ਵੀ ਕਰਵਾਉਣੀ ਪਈ ਸੀ। ਪੁਲਿਸ ਨੇ ਤ੍ਰਿਪੜੀ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 109(ਕਤਲ ਦੀ ਕੋਸ਼ਿਸ਼) ਅਧੀਨ ਕੇਸ ਦਰਜ ਕੀਤਾ ਹੈ। ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਜਾਂਚ ਜਾਰੀ ਹੈ। ਸੰਨੀ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਵਿੱਚ ਉਸ ਨੂੰ ਤਸੀਹੇ ਦਿੱਤੇ ਜਾ ਰਹੇ ਨੇ, ਤੇ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਜਾ ਰਹੀ।
ਪਰ ਇਸ ਘਟਨਾ ਦਾ ਅਸਲੀ ਪਿਛੋਕੜ ਪੰਜਾਬ ਦੇ ਉਸ ਕਾਲੇ ਅਧਿਆਏ ਵਿੱਚ ਲੁਕਿਆ ਹੈ, ਜਦੋਂ ਪੁਲਿਸ ਨੇ ਬੇਗੁਨਾਹਾਂ ਨੂੰ ਖਾੜਕੂ ਬਣਾ ਕੇ ਮਾਰਨਾ ਸ਼ੁਰੂ ਕਰ ਦਿੱਤਾ ਸੀ। ਗੁਰਬਚਨ ਸਿੰਘ ਨੂੰ 2024 ਵਿੱਚ ਸੀ.ਬੀ.ਆਈ. ਅਦਾਲਤ ਨੇ 1993 ਦੇ ਫ਼ਰਜ਼ੀ ਮੁਕਾਬਲੇ ਵਿੱਚ ਉਮਰ ਕੈਦ ਸੁਣਾਈ ਸੀ। ਉਹ ਤਰਨ ਤਾਰਨ ਸ਼ਹਿਰ ਥਾਣੇ ਦਾ ਐੱਸ.ਐੱਚ.ਓ. ਸੀ, ਜਿਸ ਨੇ ਨਿਰਦੋਸ਼ ਜਗਦੀਪ ਸਿੰਘ ਮੱਖਣ ਤੇ ਗੁਰਨਾਮ ਸਿੰਘ ਪਾਲੀ ਨੂੰ ਅਗਵਾ ਕੀਤਾ ਸੀ, ਤਿੰਨ ਦਿਨ ਤਸੀਹੇ ਦਿੱਤੇ ਤੇ ਬਹਿਲਾ ਬਾਗ ਵਿੱਚ ਫ਼ਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਉਹਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੀ ਕਹਿ ਕੇ ਸਾੜ ਦਿੱਤਾ ਗਿਆ ਸੀ। ਇਸੇ ਤਰ੍ਹਾਂ, ਸੂਬਾ ਸਿੰਘ ਨੂੰ 5 ਅਗਸਤ 2025 ਨੂੰ 1993 ਦੇ ਫ਼ਰਜ਼ੀ ਮੁਕਾਬਲੇ ਵਿੱਚ ਉਮਰ ਕੈਦ ਹੋਈ ਸੀ, ਜਿੱਥੇ ਉਸ ਨੇ ਤਰਨ ਤਾਰਨ ਦੇ ਸੱਤ ਨੌਜਵਾਨਾਂ ਨੂੰ ਅਗਵਾ ਕੀਤਾ ਸੀ ਤੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿਤਾ ਸੀ। ਉਹ ਨੌਜਵਾਨ ਕੋਈ ਖਾੜਕੂ ਨਹੀਂ ਸਨ -ਐੱਸਪੀਓਜ਼ ਸਨ ਜੋ ਇੱਕ ਕਾਂਟਰੈਕਟਰ ਲਈ ਕੰਮ ਕਰ ਰਹੇ ਸਨ, ਤੇ ਤਿੰਨ ਹੋਰ ਨੌਜਵਾਨ ਪੁਲਿਸ ਵਿੱਚ ਨੌਕਰੀ ਕਰ ਰਹੇ ਸਨ। ਸੀ.ਬੀ.ਆਈ. ਨੇ ਮੈਡੀਕਲ ਰਿਪੋਰਟਾਂ ਰਾਹੀਂ ਸਾਬਤ ਕੀਤਾ ਕਿ ਉਹਨਾਂ ਨੂੰ ਤਸੀਹੇ ਦਿੱਤੇ ਗਏ ਸਨ। ਇੰਦਰਜੀਤ ਸਿੰਘ ਵੀ 2017 ਵਿੱਚ ਨਸ਼ੇ ਤੇ ਹਥਿਆਰਾਂ ਦੇ ਵੱਡੇ ਕੇਸ ਵਿੱਚ ਫ਼ਸਿਆ ਹੋਇਆ ਹੈ।
ਸੰਨੀ ਦਾ ਹਮਲਾ ਪੰਜਾਬ ਸੰਤਾਪ ਦਾ ਪ੍ਰਤੀ ਕਰਮ ਜਾਪਦਾ ਹੈ। ਸੰਨੀ ਖ਼ੁਦ ਵੀ ਇੱਕ ਮੁਸੀਬਤ ਵਿੱਚ ਫ਼ਸਿਆ ਹੈ। 4ਨਵੰਬਰ 2022 ਨੂੰ ਅੰਮ੍ਰਿਤਸਰ ਦੇ ਗੋਪਾਲ ਮੰਦਰ ਨੇੜੇ ਉਸ ਨੂੰ ਸੁਧੀਰ ਸੂਰੀ ਦੇ ਕਤਲ ਵਿੱਚ ਫ਼ਸਾਇਆ ਗਿਆ ਸੀ। ਉਸ ਦੇ ਘਰਵਾਲੇ ਕਹਿੰਦੇ ਨੇ ਕਿ ਇਹ ਸਿਆਸੀ ਸਾਜ਼ਿਸ਼ ਹੈ – ਸੰਨੀ ਇੱਕ ਆਮ ਵਪਾਰੀ ਸੀ, ਤੇ ਉਸ ਨੂੰ ਫਸਾਇਆ ਗਿਆ ਸੀ। ਉਹ ਨਿਰਦੋਸ਼ ਹੈ, ਤੇ ਜੇਲ੍ਹ ਵਿੱਚ ਉਸ ਨੂੰ ਵੀ ਤਸੀਹੇ ਦਿੱਤੇ ਜਾ ਰਹੇ ਨੇ। ਪਹਿਲਾਂ ਵੀ ਉਸ ਨਾਲ ਝਗੜੇ ਹੋਏ ਨੇ, ਜਿਸ ਕਰਕੇ ਉਸ ਨੂੰ ਹਾਈ ਸਕਿਓਰਿਟੀ ਬੈਰਕ ਵਿੱਚ ਬਦਲਿਆ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀਆਂ ਜਥੇਬੰਦੀਆਂ ਨੇ ਸੰਨੀ ਨੂੰ ਮਿਲਣ ਲਈ ਜੇਲ੍ਹ ਪਹੁੰਚ ਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਘਟਨਾ ਪੰਜਾਬ ਦੇ ਪੁਰਾਣੇ ਅਪਰਾਧਾਂ ਨੂੰ ਯਾਦ ਕਰਾਉਂਦੀ ਹੈ ਤੇ ਸੰਨੀ ਵਰਗੇ ਸਿੱਖ ਬੰਦੀਆਂ ਨੂੰ ਨਿਆਂ ਮਿਲਣਾ ਚਾਹੀਦਾ ਹੈ।

Loading