
ਪਟਿਆਲਾ ਦਾ ਜੌਰਜ ਤਸਪ੍ਰੀਤ ਸਿੰਘ ਗਿੱਲ ਓਹੀਓ ਕਲੀਵਲੈਂਡ ਅਮਰੀਕਾ ਸ਼ਹਿਰ ਦਾ ਪਹਿਲਾ ਪੰਜਾਬੀ ਸਾਬਤ ਸੂਰਤ ਸਿੱਖ ਪੁਲਿਸ ਅਫ਼ਸਰ ਬਣਨ ਦਾ ਮਾਣ ਹਾਸਲ ਕਰ ਚੁੱਕਾ ਹੈ।
ਜੌਰਜ ਤਸਪ੍ਰੀਤ ਸਿੰਘ ਗਿੱਲ ਸਾਲ 2019 ਵਿੱਚ ਪਟਿਆਲਾ ਤੋਂ ਅਮਰੀਕਾ ਗਿਆ ਸੀ। ਪਹਿਲਾਂ ਉਸ ਨੇ ਯੂ.ਐਸ.ਏ. ਆਰਮੀ ਜੁਆਇਨ ਕੀਤੀ ਅਤੇ ਹੁਣ ਪੁਲਿਸ ਜੁਆਇਨ ਕਰ ਲਈ ਹੈ। ਤਸਪ੍ਰੀਤ ਸਿੰਘ ਗਿੱਲ ਨੇ ਐਫ਼.ਬੀ.ਆਈ. ਦਾ ਵੀ ਟੈਸਟ ਕਲੀਅਰ ਕਰ ਲਿਆ ਸੀ ਪਰ ਉਸ ਨੇ ਪੁਲਿਸ ਵਿੱਚ ਸੇਵਾ ਨਿਭਾਉਣ ਦਾ ਫ਼ੈਸਲਾ ਕੀਤਾ। ਗਿੱਲ ਪਰਿਵਾਰ ਸ਼ਾਹੀ ਸ਼ਹਿਰ ਦਾ ਨਾਮੀ ਪਰਿਵਾਰ ਹੈ। ਤਸਪ੍ਰੀਤ ਸਿੰਘ ਗਿੱਲ ਦੇ ਵੱਡੇ ਭਰਾ ਐਡਵੋਕੇਟ ਕੰਵਰ ਗਿੱਲ ਨਾਮੀ ਸਾਈਕਲਿਸਟ ਹਨ ਅਤੇ ਦੂਜੇ ਵੱਡੇ ਭਰਾ ਕੰਵਰ ਹਰਪ੍ਰੀਤ ਸਿੰਘ ਗਿੱਲ ਉੱਘੇ ਸਮਾਜ ਸੇਵਕ ਅਤੇ ਨਾਮੀ ਕਾਰੋਬਾਰੀ ਹਨ।
ਜੌਰਜ ਦੇ ਪਿਤਾ ਮਰਹੂਮ ਗੁਰਮੀਤ ਸਿੰਘ ਗਿੱਲ ਨਾਮੀ ਸਪੋਰਟਸ ਪ੍ਰਮੋਟਰ ਅਤੇ ਲੋਕ ਸੇਵਾ ਕਰ ਰਹੇ ਸਨ। ਪਰਿਵਾਰ ਨੂੰ ਵੀ ਜੌਰਜ ਦੀ ਇਸ ਪ੍ਰਾਪਤੀ ਉੱਤੇ ਵੱਡਾ ਮਾਣ ਹੈ। ਤਸਪ੍ਰੀਤ ਸਿੰਘ ਗਿੱਲ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਉਹ ਸਾਲ 2019 ਵਿੱਚ ਅਮਰੀਕਾ ਪਹੁੰਚੇ ਤਾਂ ਉਨ੍ਹਾਂ ਨੇ ਸੋਚ ਲਿਆ ਸੀ ਕਿ ਉਹ ਸੁਰੱਖਿਆ ਫ਼ੋਰਸ ਵਿੱਚ ਹੀ ਕੰਮ ਕਰਨਗੇ ਅਤੇ ਅੱਜ ਉਨ੍ਹਾਂ ਨੇ ਇਹ ਮੁਕਾਮ ਹਾਸਲ ਕਰ ਲਿਆ ਹੈ ਅਤੇ ਓਹੀਓ ਕਲੀਵਲੈਂਡ ਸ਼ਹਿਰ ਵਿੱਚ ਉਹ ਪਹਿਲੇ ਸਾਬਤ ਸੂਰਤ ਸਿੱਖ ਪੁਲਿਸ ਅਫ਼ਸਰ ਬਣ ਗਏ ਹਨ। ਇਸ ਗੱਲ ਦਾ ਵੀ ਉਨ੍ਹਾਂ ਮਾਣ ਜਤਾਇਆ ਕਿ ਪਰਿਵਾਰ ਵਿਚੋਂ ਸਭ ਤੋਂ ਛੋਟੇ ਹੁੰਦਿਆਂ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ।