ਪਰਮਾਣੂ ਯੁੱਧ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਦੁਨੀਆ ਭਰ ਵਿੱਚ ਚੱਲ ਰਹੀਆਂ ਚਰਚਾਵਾਂ ਦੇ ਵਿਚਕਾਰ ਇੱਕ ਨਵੀਂ ਖੋਜ ਸਾਹਮਣੇ ਆਈ ਹੈ, ਜਿਸ ਨੇ ਪਰਮਾਣੂ ਯੁੱਧ ਦੇ ਭਿਆਨਕ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ ਹੈ। ਪੈੱਨ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਰਿਪੋਰਟ, ਜੋ ‘ਐਨਵਾਇਰਮੈਂਟਲ ਰਿਸਰਚ ਲੈਟਰਜ਼’ ਵਿੱਚ ਛਪੀ ਹੈ, ਦੱਸਦੀ ਹੈ ਕਿ ਭਾਵੇਂ ਸੀਮਤ ਪਰਮਾਣੂ ਸੰਘਰਸ਼ ਹੋਵੇ, ਇਹ ਵੀ ਧਰਤੀ ਨੂੰ ਅਕਾਲ ਅਤੇ ਤਬਾਹੀ ਦੇ ਮੂੰਹ ਵਿੱਚ ਧੱਕ ਦੇਵੇਗਾ। ਇਹ ਅਧਿਐਨ ਦੱਸਦਾ ਹੈ ਕਿ ਪਰਮਾਣੂ ਯੁੱਧ ਦੇ ਨਤੀਜੇ ਸਿਰਫ਼ ਸੈਨਿਕ ਜਾਂ ਸਿਆਸੀ ਨਹੀਂ, ਸਗੋਂ ਵਾਤਾਵਰਣ ਅਤੇ ਮਨੁੱਖੀ ਸਭਿਅਤਾ ਨੂੰ ਤਬਾਹ ਕਰਨ ਵਾਲੇ ਹੋਣਗੇ।
ਕਾਲਖ ਦਾ ਗੁਬਾਰ ਅਤੇ ਸੂਰਜ ਦੀ ਰੌਸ਼ਨੀ ’ਤੇ ਪਰਦਾ
ਖੋਜਕਰਤਾਵਾਂ ਨੇ ਦੱਸਿਆ ਕਿ ਪਰਮਾਣੂ ਯੁੱਧ ਦੌਰਾਨ ਸ਼ਹਿਰਾਂ ਅਤੇ ਉਦਯੋਗਿਕ ਖੇਤਰਾਂ ਵਿੱਚ ਲੱਗੀਆਂ ਅੱਗਾਂ ਨਾਲ ਨਿਕਲਣ ਵਾਲੀ ਕਾਲਖ ਵਾਯੂਮੰਡਲ ਵਿੱਚ ਫ਼ੈਲ ਜਾਵੇਗੀ। ਇਹ ਕਾਲਖ ਸੂਰਜ ਦੀ ਰੌਸ਼ਨੀ ਨੂੰ ਧਰਤੀ ਤੱਕ ਪਹੁੰਚਣ ਤੋਂ ਰੋਕ ਦੇਵੇਗੀ, ਜਿਸ ਨਾਲ ਇੱਕ ‘ਸੂਰਜ-ਅਵਰੋਧਕ’ ਪਰਤ ਬਣ ਜਾਵੇਗੀ। ਇਹ ਪਰਤ ਕਈ ਸਾਲਾਂ ਤੱਕ ਬਣੀ ਰਹੇਗੀ, ਜਿਸ ਨਾਲ ਗਲੋਬਲ ਤਾਪਮਾਨ ਘਟੇਗਾ, ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚੇਗਾ ਅਤੇ ਖੇਤੀਬਾੜੀ ਤਬਾਹ ਹੋ ਜਾਵੇਗੀ। ਇਸ ਦੇ ਨਤੀਜੇ ਵਜੋਂ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭੁੱਖਮਰੀ ਅਤੇ ਅਕਾਲ ਦੀ ਸਥਿਤੀ ਪੈਦਾ ਹੋ ਜਾਵੇਗੀ। ਖੋਜਕਰਤਾਵਾਂ ਨੇ ‘ਸਾਈਕਲਜ਼ ਐਗਰੋਇਕੋਸਿਸਟਮ ਮਾਡਲ’ ਦੀ ਵਰਤੋਂ ਕਰਕੇ ਮੱਕੀ ਵਰਗੀਆਂ ਮੁੱਖ ਫ਼ਸਲਾਂ ’ਤੇ ਪਰਮਾਣੂ ਯੁੱਧ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ। ਨਤੀਜਿਆਂ ਮੁਤਾਬਕ, ਘੱਟ ਸੂਰਜੀ ਰੌਸ਼ਨੀ ਅਤੇ ਠੰਡੇ ਮੌਸਮ ਕਾਰਨ ਫ਼ਸਲਾਂ ਦੀ ਪੈਦਾਵਾਰ ਵਿੱਚ ਭਾਰੀ ਕਮੀ ਆਵੇਗੀ।
ਹਾਲ ਦੇ ਭੂ-ਰਾਜਨੀਤਕ ਤਣਾਅ ਨੂੰ ਵੇਖਦਿਆਂ, ਪਰਮਾਣੂ ਸੰਘਰਸ਼ ਦਾ ਖ਼ਤਰਾ ਅਮਰੀਕਾ-ਰੂਸ, ਅਮਰੀਕਾ-ਚੀਨ, ਜਾਂ ਭਾਰਤ-ਪਾਕਿਸਤਾਨ ਵਰਗੇ ਦੇਸ਼ਾਂ ਵਿਚਕਾਰ ਵਧੇਰੇ ਸੰਭਾਵੀ ਹੈ। ਇਸ ਤੋਂ ਇਲਾਵਾ, ਉੱਤਰੀ ਕੋਰੀਆ ਵਰਗੇ ਦੇਸ਼ਾਂ ਦੀਆਂ ਪਰਮਾਣੂ ਸਮਰੱਥਾਵਾਂ ਵੀ ਚਿੰਤਾ ਦਾ ਵਿਸ਼ਾ ਹਨ। ਇਹ ਸੰਘਰਸ਼ ਭਾਵੇਂ ਛੋਟੇ ਪੱਧਰ ’ਤੇ ਸ਼ੁਰੂ ਹੋਣ, ਪਰ ਇਸ ਦੇ ਨਤੀਜੇ ਵਿਸ਼ਵਵਿਆਪੀ ਹੋਣਗੇ। ਉਦਾਹਰਣ ਵਜੋਂ, ਭਾਰਤ-ਪਾਕਿਸਤਾਨ ਵਿਚਕਾਰ ਸੀਮਤ ਪਰਮਾਣੂ ਯੁੱਧ ਵੀ ਵਾਯੂਮੰਡਲ ਵਿੱਚ ਲੱਖਾਂ ਟਨ ਕਾਲਖ ਛੱਡ ਸਕਦਾ ਹੈ, ਜੋ ਸਾਰੀ ਦੁਨੀਆਂ ਦੀਆਂ ਫ਼ਸਲਾਂ ਨੂੰ ਪ੍ਰਭਾਵਿਤ ਕਰੇਗਾ।