ਪਰਵਾਸੀ ਮਜ਼ਦੂਰ ਸਿਖਣ ਲਗੇ ਪੰਜਾਬੀ ਤੇ ਅਪਨਾਉਣ ਲਗੇ ਪੰਜਾਬੀ ਸਭਿਆਚਾਰ

In ਮੁੱਖ ਖ਼ਬਰਾਂ
February 08, 2025
ਪੰਜਾਬੀ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਨੇ ਤੇ ਦੇਸ਼ ਦੇ ਪਰਵਾਸੀ ਮਜ਼ਦੂਰ ਪੰਜਾਬ ਸੰਭਾਲੀ ਜਾ ਰਹੇ ਨੇ। ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ ਤਾਂ ਕਿਸੇ ਨੇ ਨਹੀਂ ਕੀਤੀ ਪਰ ਅਨੁਮਾਨ ਹੈ ਕਿ ਉਹ ਤੀਹ-ਪੈਂਤੀ ਲੱਖ ਹੋਣਗੇ। ਜੇ ਇਹੋ ਸਿਲਸਿਲਾ ਜਾਰੀ ਰਿਹਾ ਤਾਂ ਵੀਹ ਤੀਹ ਵਰ੍ਹਿਆਂ ਵਿਚ ਇੱਕ ਕਰੋੜ ਦੇ ਕਰੀਬ ਪੁੱਜ ਜਾਣਗੇ। ਇਨ੍ਹਾਂ ਦੇ ਬੱਚੇ ਪੰਜਾਬ ਨੂੰ ਹੀ ਆਪਣੀ ਜਨਮ ਭੋਇੰ ਸਮਝਣ ਲੱਗਣਗੇ ਜਿਵੇਂ ਵਿਦੇਸ਼ਾਂ ਵਿਚ ਜੰਮੇ ਪੰਜਾਬੀ ਵਿਦੇਸ਼ਾਂ ਨੂੰ ਸਮਝਦੇ ਹਨ। ਉਨ੍ਹਾਂ ਦੀ ਬੋਲੀ ਹਿੰਦੀ ਪੰਜਾਬੀ ਦਾ ਮਿਲਗੋਭਾ ਹੋਵੇਗੀ ਜਿਵੇਂ ਸ਼ਹਿਰੀ ਪੰਜਾਬੀਆਂ ਦੀ ਬਣ ਗਈ ਹੈ। ਉਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸਜ ਜਾਣਗੇ ਤੇ ਪਹਿਲੇ ਪੰਜਾਬੀਆਂ ਵਿਚ ਰਚ-ਮਿਚ ਜਾਣਗੇ।ਉਦੋਂ ਤਕ ਲੁਧਿਆਣਾ ਉਨ੍ਹਾਂ ਦੀ ਰਾਜਧਾਨੀ ਬਣ ਜਾਵੇਗੀ। ਜਿਹੜੇ ਅੱਜ ਰਿਕਸ਼ੇ ਚਲਾ ਜਾਂ ਰੇਹੜੀਆਂ ਲਾ ਰਹੇ ਨੇ ਉਨ੍ਹਾਂ ਦੀ ਆਪਣੀ ਟਰਾਂਸਪੋਰਟ ਹੋਵੇਗੀ ਅਤੇ ਆਪਣੇ ਮਕਾਨ ਤੇ ਦੁਕਾਨਾਂ। ਲੋਕਰਾਜ ਵਿੱਚ ਉਹ ਰਾਜ ਭਾਗ ਦੇ ਵੀ ਹਿੱਸੇਦਾਰ ਬਣਨਗੇ। ਜਦੋਂ ਤਕ ਪਰਵਾਸੀ ਮਜ਼ਦੂਰ ਪੰਜਾਬ ਵਿੱਚ ਕਰੋੜ ਤਕ ਪਹੁੰਚਣਗੇ ਉਦੋਂ ਤਕ ਪੰਜਾਬ ਛੱਡ ਕੇ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ਵੀ ਕਰੋੜ ਤੋਂ ਵਧ ਜਾਵੇਗੀ। ਕੈਨੇਡਾ ਵਿੱਚ ਉਨ੍ਹਾਂ ਦੀ ਗਿਣਤੀ ਵਾਹਵਾ ਹੋ ਗਈ ਹੈ ਤੇ ਉਹ ਰਾਜ-ਭਾਗ ਦੇ ਹਿੱਸੇਦਾਰ ਬਣ ਗਏ ਹਨ। ਇੰਗਲੈਂਡ ਵਿੱਚ ਉਹ ਮੇਅਰ ਹਨ ਤੇ ਅਮਰੀਕਾ ਵਿੱਚ ਗਵਰਨਰ। ਉਹ ਹੋਰ ਵੀ ਕਈ ਥਾਈਂ ਝੰਡੇ ਗੱਡਣਗੇ। ਪੰਜਾਬੀਆਂ ਨੇ ਪਰਦੇਸਾਂ ਵਿੱਚ ਕਈ ਪੰਜਾਬ ਵਸਾ ਲਏ ਹਨ। ਜੇਕਰ ਪੰਜਾਬੀ ਪੰਜਾਬ ਤੋਂ ਬਾਹਰ ਜਾ ਕੇ ਹੋਰਨਾਂ ਰਾਜਾਂ ਦੇ ਰਾਜ ਭਾਗ ‘ਚ ਸ਼ਰੀਕ ਹੋਣਾ ਆਪਣਾ ਹੱਕ ਸਮਝਦੇ ਹਨ ਤਾਂ ਉਹੋ ਜਿਹੇ ਸ਼ਰੀਕ ਹੋਣਾ ਪਰਵਾਸੀ ਮਜ਼ਦੂਰ ਵੀ ਆਪਣਾ ਹੱਕ ਸਮਝਣਗੇ। ਕੀ ਕਹਿੰਦੇ ਹਨ ਪਰਵਾਸੀ ਮਜ਼ਦੂਰਾਂ ਤੋਂ ਬਣੇ ਸਿੱਖ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦਾ ਲਖੇਂਦਰ ਇਸ ਸਮੇਂ ਉਹ ਸਿੰਘ ਸੱਜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵਜੋਂ ਕੰਮ ਕਰ ਰਹੇ ਹਨ। ਉਹ ਇਸ ਸਮੇਂ ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਪਰਿਵਾਰ ਨਾਲ ਰਹਿੰਦੇ ਹਨ।ਉਹ ਦੱਸਦੇ ਹਨ ਕਿ ਉਸਦੇ ਪਿਤਾ 1980 ਦੇ ਆਸ ਪਾਸ ਮਜ਼ਦੂਰੀ ਕਰਨ ਲਈ ਪੰਜਾਬ ਆਏ ਸਨ ਅਤੇ ਇੱਥੇ ਹੀ ਉਨ੍ਹਾਂ ਅੰਮ੍ਰਿਤ ਛਕ ਲਿਆ ਸੀ। ਲਖੇਂਦਰ ਸਿੰਘ ਦੇ ਪਿਤਾ ਵੀ ਸ਼੍ਰੋਮਣੀ ਕਮੇਟੀ ਵਿੱਚ ਮਾਲੀ ਦੀ ਨੌਕਰੀ ਕਰ ਕੇ ਸੇਵਾ ਮੁਕਤ ਹੋਏ ਹਨ।ਯੂਪੀ ਵਿੱਚ ਪੜਾਈ ਕਰਨ ਵਾਲੇ ਲਖੇਂਦਰ ਸਿੰਘ ਦੱਸਦੇ ਹਨ ਕਿ ਜਦੋਂ ਛੁੱਟੀਆਂ ਵਿੱਚ ਪਿਤਾ ਜੀ ਪਿੰਡ ਆਉਂਦੇ ਸਨ ਤਾਂ ਸਿੱਖ ਧਰਮ ਸਬੰਧੀ ਬਹੁਤ ਸਾਰੀਆਂ ਕਿਤਾਬਾਂ ਆਪਣੇ ਨਾਲ ਲੈ ਕੇ ਆਉਂਦੇ ਸਨ। ਲਖੇਂਦਰ ਸਿੰਘ ਮਾਣ ਨਾਲ ਆਖਦੇ ਹਨ ਕਿ ਜਦੋਂ ਉਹ ਆਜ਼ਮਗੜ੍ਹ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾਂਦੇ ਹਨ ਤਾਂ ਉੱਥੋਂ ਦੇ ਸਥਾਨਕ ਲੋਕ ਉਨ੍ਹਾਂ ਨੂੰ "ਸਰਦਾਰ ਜੀ" ਆਖ ਕੇ ਬੁਲਾਉਂਦੇ ਹਨ, ਜੋ ਉਨ੍ਹਾਂ ਨੂੰ ਚੰਗਾ ਲੱਗਦਾ ਹੈ। ਰੂਕਮ ਕੁਮਾਰੀ ਤੋਂ ਰੂਕਮ ਕੌਰ ਬਣੀ ਲਖੇਂਦਰ ਸਿੰਘ ਦੀ ਪਤਨੀ ਦੱਸਦੇ ਹਨ ਕਿ ਉਹ ਰੋਜ਼ਾਨਾ ਨਿਤਨੇਮ ਕਰਦੇ ਹਨ ਅਤੇ ਬੱਚੇ ਪੰਜਾਬੀ ਸਕੂਲਾਂ ਵਿੱਚ ਪੜ੍ਹਦੇ ਹਨ।ਉਨ੍ਹਾਂ ਦਾ ਕਹਿਣਾ ਹੈ, "ਭਾਵੇਂ ਲਖੇਂਦਰ ਅਤੇ ਮੈਂ ਘਰ ਵਿੱਚ ਭੋਜਪੁਰੀ ਜਾਂ ਹਿੰਦੀ ਵਿੱਚ ਗੱਲਬਾਤ ਕਰਦੇ ਹਾਂ, ਪਰ ਬੱਚੇ ਭੋਜਪੁਰੀ ਦੀ ਥਾਂ ਪੰਜਾਬੀ ਬੋਲਦੇ ਹਨ।ਉਨ੍ਹਾਂ ਦੱਸਿਆ ਕਿ ਹੁਣ ਉਹ ਯੂਪੀ ਵਾਲੇ ਨਹੀਂ, ਸਗੋਂ ਪੰਜਾਬੀ ਹਨ ਕਿਉਂਕਿ ਘਰ ਦਾ ਮਾਹੌਲ ਪੂਰੀ ਤਰਾਂ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਰੂਕਮ ਕੌਰ ਦੇ ਪੁੱਤਰ ਜਗਜੀਤ ਸਿੰਘ ਨੇ ਵੀ ਕੇਸ ਰੱਖੇ ਹੋਏ ਹਨ ਅਤੇ ਪੰਜਾਬੀਆਂ ਵਾਂਗ ਉਹ ਫਰਾਟੇਦਾਰ ਪੁਆਧੀ ਭਾਸ਼ਾ ਬੋਲਦੇ ਹਨ। ਸਮਾਜ ਸ਼ਾਸਤਰ ਵਿੱਚ ਐੱਮਏ ਪਾਸ ਲਖੇਂਦਰ ਸਿੰਘ ਨੇ ਦੱਸਿਆ, "ਮੈਂ ਸਿੱਖ ਧਰਮ ਦਾ ਅਧਿਐਨ ਕੀਤਾ ਅਤੇ ਫਿਰ ਪ੍ਰਭਾਵਿਤ ਹੋ ਕੇ 1990 ਵਿੱਚ ਪੰਜਾਬ ਆ ਗਿਆ। ਪੰਜਾਬ ਆ ਕੇ ਪੰਜਾਬੀ ਪੜ੍ਹਨੀ ਅਤੇ ਬੋਲਣੀ ਸਿੱਖੀ ਤੇ ਇਸ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ।" ਲਖੇਂਦਰ ਸਿੰਘ ਦੀ ਪਤਨੀ ਨੇ ਵੀ ਅੰਮ੍ਰਿਤ ਛਕਿਆ ਹੋਇਆ ਹੈ ਅਤੇ ਉਨ੍ਹਾਂ ਦੇ ਬੱਚਿਆਂ ਦੇ ਨਾਮ ਜਗਜੀਤ ਸਿੰਘ, ਰਮਨਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਹਨ। ਉਸਦਾ ਕਹਿਣਾ ਹੈ ਕਿ ਅਸੀਂ ਵਾਪਸ ਯੂਪੀ ਕਿੱਥੇ ਮੁੜਨਾ ਹੈ, ਪੰਜਾਬ ਵਿੱਚ ਹੀ ਰਹਿਣਾ ਹੈ, ਸਾਡਾ ਸਭ ਕੁਝ ਤਾਂ ਇੱਥੇ ਹੈ, ਪੰਜਾਬੀ ਬੋਲਦੇ ਹਾਂ, ਪੰਜਾਬੀ ਪੜ੍ਹਦੇ ਹਾਂ।" ਲਖੇਂਦਰ ਸਿੰਘ ਕਹਿੰਦੇ ਹਨ ਕਿ 'ਜਦੋਂ ਮੈਂ ਯੂਪੀ ਅਤੇ ਬਿਹਾਰ ਦੇ ਕਾਮਿਆਂ ਨੂੰ ਪੰਜਾਬ ਵਿਚੋਂ ਬਾਹਰ ਕਰਨ ਦੀਆਂ ਖ਼ਬਰਾਂ ਸੁਣਦਾ ਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ ਅਤੇ ਅਸੀਂ ਹੁਣ ਯੂਪੀ ਦੇ ਨਹੀਂ ਬਲਕਿ ਪੰਜਾਬ ਦੇ ਹਾਂ।''

Loading