ਪਲਾਸਟਿਕ ਕਚਰਾ ਸਮੁੰਦਰ,ਹਵਾ ,ਪਾਣੀ ਤੇ ਮਨੁੱਖ ਲਈ ਬਣਿਆ ਖਤਰਨਾਕ

In ਮੁੱਖ ਲੇਖ
August 27, 2024
ਪਲਾਸਟਿਕ ਕਚਰਾ ਸਰਵ-ਵਿਆਪੀ ਸਮੱਸਿਆ ਹੈ ਜੋ ਕਿ ਹਿਮਾਲਿਆ ਦੀ ਚੋਟੀ ਤੋਂ ਲੈ ਕੇ ਸਮੁੰਦਰ ਦੇ ਗਰਭ ਤੱਕ ਫੈਲ ਚੁੱਕਾ ਹੈ । ਹਵਾ, ਪਾਣੀ, ਸਬਜ਼ੀਆਂ, ਅਨਾਜ, ਮਾਸ, ਫਲ ਤੇ ਜੰਗਲੀ ਜੀਵਾਂ ਤੱਕ ਕੋਈ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕਿਆ ।ਮਨੁੱਖੀ ਸਰੀਰ ਦਾ ਹਰ ਅੰਗ, ਮਾਸਪੇਸ਼ੀਆਂ, ਖੂਨ, ਦਿਲ, ਕਿਡਨੀ, ਫੇਫੜੇ, ਅੰਤੜੀਆਂ ਤੇ ਹੱਡੀਆਂ ਦੀ ਮਿੱਝ ਤੱਕ ਵਿੱਚ ਇਹ ਮੌਜੂਦ ਹੈ ।ਹੁਣ ਇਸ ਨੇ ਸਾਡੇ ਸਰੀਰ ਦੇ ਸਭ ਤੋਂ ਸੁਰੱਖਿਅਤ ਹਿੱਸੇ ਦਿਮਾਗ਼ ਨੂੰ ਵੀ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਵਿਗਿਆਨੀ ਇਹ ਮੰਨਦੇ ਰਹੇ ਹਨ ਕਿ ਸਾਡੇ ਸਰੀਰ ਅੰਦਰ ਦਿਮਾਗ਼ ਅਜਿਹਾ ਅੰਗ ਹੈ, ਜਿਸ ਨੂੰ ਹਾਨੀਕਾਰਕ ਰਸਾਇਣ, ਵਾਇਰਸ, ਬੈਕਟੀਰੀਆ ਤੇ ਹੋਰ ਪਦਾਰਥ ਸੁਖਾਲਿਆਂ ਪ੍ਰਭਾਵਤ ਨਹੀਂ ਕਰ ਸਕਦੇ, ਪਰ ਪਲਾਸਟਿਕ ਦੀ ਮਾਰ ਤੋਂ ਇਹ ਵੀ ਨਹੀਂ ਬਚ ਸਕਿਆ । ਯੂਨੀਵਰਸਿਟੀ ਆਫ ਨਿਊ ਮੈਕਸੀਕੋ ਦੇ ਵਿਗਿਆਨੀ ਮੈਥਿਊ ਕੈਂਪੇਨ ਦੀ ਅਗਵਾਈ ਵਿੱਚ ਵਿਗਿਆਨੀਆਂ ਦੀ ਇੱਕ ਟੀਮ ਨੇ ਨੈਸ਼ਨਲ ਇੰਸਟੀਚਿਊਟ ਆਫ਼ ਹੈੱਲਥ ਦੇ ਪਰਚੇ ਵਿੱਚ ਇੱਕ ਅਧਿਐਨ ਰਿਪੋਰਟ ਛਾਪੀ ਹੈ ।ਵਿਗਿਆਨੀਆਂ ਦੀ ਇਸ ਟੀਮ ਦਾ ਮਕਸਦ ਮਨੁੱਖੀ ਸਰੀਰ ‘ਤੇ ਪਲਾਸਟਿਕ ਦੇ ਪ੍ਰਭਾਵਾਂ ਦਾ ਅਧਿਐਨ ਕਰਨਾ ਸੀ | ਇਸ ਟੀਮ ਨੇ ਵੱਖ-ਵੱਖ ਹਸਪਤਾਲਾਂ ਵਿੱਚ ਜਾ ਕੇ 91 ਮਨੁੱਖੀ ਲਾਸ਼ਾਂ ਦੀ ਪੜਤਾਲ ਕੀਤੀ ਸੀ ।ਇਨ੍ਹਾਂ ਸਾਰੀਆਂ ਲਾਸ਼ਾਂ ਵਿੱਚ ਸਰੀਰ ਦੇ ਕਿਸੇ ਵੀ ਅੰਗ—ਜਿਵੇਂ ਮਿਹਦਾ, ਫੇਫੜੇ ਤੇ ਕਿਡਨੀ ਆਦਿ ਨਾਲੋਂ ਦਿਮਾਗ ਵਿੱਚ ਪਲਾਸਟਿਕ ਦੀ ਮਾਤਰਾ 10 ਤੋਂ 20 ਗੁਣਾ ਵੱਧ ਸੀ ।ਸਾਲ 2024 ਵਿੱਚ ਮਰੇ 24 ਵਿਅਕਤੀਆਂ ਵਿੱਚ ਤਾਂ ਇਹ ਹੋਰ ਵੀ ਵੱਧ ਸੀ | ਇਸ ਦਾ ਮਤਲਬ ਹੈ ਕਿ ਸਾਲ-ਦਰ-ਸਾਲ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ।ਸਾਲ 2016 ਵਿੱਚ ਮਰੇ ਵਿਅਕਤੀ ਦੇ ਦਿਮਾਗ ਨਾਲੋਂ 2024 ਵਿੱਚ ਮਰੇ ਵਿਅਕਤੀ ਦੇ ਦਿਮਾਗ ਵਿੱਚ ਇਹ 50 ਫ਼ੀਸਦੀ ਵੱਧ ਸੀ । ਅਧਿਐਨ ਕਰਨ ਵਾਲੇ ਵਿਗਿਆਨੀਆਂ ਅਨੁਸਾਰ ਦਿਮਾਗ ਵਿੱਚ ਪਲਾਸਟਿਕ ਦੀ ਮਾਤਰਾ ਉਨ੍ਹਾਂ ਦੀ ਕਲਪਨਾ ਤੋਂ ਪਰ੍ਹੇ ਸੀ । ਇਸ ਤੋਂ ਸਪੱਸ਼ਟ ਹੈ ਕਿ ਮਨੁੱਖੀ ਸਰੀਰ ਵਿੱਚ ਦਿਮਾਗ ਸਭ ਤੋਂ ਵੱਧ ਪਲਾਸਟਿਕ ਪ੍ਰਦੂਸ਼ਣ ਤੋਂ ਪੀੜਤ ਹੈ ।ਅਧਿਐਨ ਵਿੱਚ ਇਕ ਹੋਰ ਗੱਲ ਸਾਹਮਣੇ ਆਈ ਕਿ ਪਾਗਲ ਜਾਂ ਮਾਨਸਿਕ ਰੋਗੀ ਵਿਅਕਤੀਆਂ ਦੀਆਂ ਲਾਸ਼ਾਂ ਦੇ ਦਿਮਾਗਾਂ ਵਿੱਚ ਪਲਾਸਟਿਕ ਦੀ ਮਾਤਰਾ ਆਮ ਵਿਅਕਤੀਆਂ ਨਾਲੋਂ 10 ਗੁਣਾ ਵੱਧ ਸੀ ।ਇਸ ਦਾ ਮਤਲਬ ਇਹ ਹੈ ਕਿ ਵਿਅਕਤੀ ਦੇ ਮਾਨਸਿਕ ਰੋਗੀ ਹੋ ਜਾਣ ਵਿੱਚ ਪਲਾਸਟਿਕ ਦੀ ਵੀ ਭੂਮਿਕਾ ਹੋ ਸਕਦੀ ਹੈ। ਪਲਾਸਟਿਕ ਕਚਰਾ ਭਾਵੇਂ ਸੰਸਾਰਵਿਆਪੀ ਸਮੱਸਿਆ ਬਣ ਚੁੱਕਾ ਹੈ, ਪਰ ਇਸ ਦਾ ਉਤਪਾਦਨ ਲਗਾਤਾਰ ਵਧ ਰਿਹਾ ਹੈ ।ਇਸ ਸਮੱਸਿਆ ਪ੍ਰਤੀ ਨਾ ਸਰਕਾਰਾਂ ਗੰਭੀਰ ਹਨ ਤੇ ਨਾ ਸਾਡਾ ਸਮਾਜ । ਕੁਝ ਸਾਲ ਪਹਿਲਾਂ ਜਦੋਂ ਪਲਾਸਟਿਕ ਕਚਰਾ ਖਾ ਕੇ ਮਰੀਆਂ ਗਾਵਾਂ ਦੇ ਪੋਸਟ-ਮਾਰਟਮ ਬਾਅਦ ਉਨ੍ਹਾਂ ਦੇ ਪੇਟ ਵਿੱਚ ਪਲਾਸਟਿਕ ਮਿਲਿਆ ਤਾਂ ਇਸ ਨੂੰ ਬੰਦ ਕਰਨ ਦੀ ਚਰਚਾ ਸ਼ੁਰੂ ਹੋਈ ਸੀ ।ਬਰਸਾਤਾਂ ਸਮੇਂ ਸੀਵਰੇਜ ਬੰਦ ਹੋਣ ਬਾਅਦ ਵੀ ਪਲਾਸਟਿਕ ਬੰਦ ਕੀਤੇ ਜਾਣ ਦੇ ਸਰਕਾਰੀ ਬਿਆਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਰਹਿੰਦੇ ਹਨ ।ਇਸ ਤੋਂ ਬਾਅਦ ਕੁਝ ਦਿਨ ਛਾਪੇ ਪੈਂਦੇ ਹਨ, ਜਿਹੜੇ ਰਿਸ਼ਵਤ ਦੇ ਦਿੰਦੇ ਹਨ, ਉਹ ਬਚ ਜਾਂਦੇ ਹਨ ਤੇ ਜਿਹੜੇ ਨਹੀਂ ਦਿੰਦੇ ਉਨ੍ਹਾਂ ਦੇ ਚਲਾਨ ਕੱਟ ਦਿੱਤੇ ਜਾਂਦੇ ਹਨ ।ਕੁਝ ਦਿਨ ਤਮਾਸ਼ਾ ਹੋਣ ਤੋਂ ਬਾਅਦ ਫਿਰ ਹਾਲਾਤ ਪਹਿਲਾਂ ਵਾਂਗ ਹੋ ਜਾਂਦੇ ਹਨ। ਅਸਲ ਵਿੱਚ ਵਾਤਾਵਰਨ ਪ੍ਰਦੂਸ਼ਣ ਬਾਰੇ ਸਭ ਤੋਂ ਵੱਡੀ ਸਮੱਸਿਆ ਸਰਕਾਰਾਂ ਦੀਆਂ ਕਾਰਪੋਰੇਟ-ਪੱਖੀ ਨੀਤੀਆਂ ਹਨ ।ਹਵਾ ਪ੍ਰਦੂਸ਼ਣ ਰੋਕਣ ਲਈ ਪੈਟਰੋਲੀਅਮ ਪਦਾਰਥਾਂ ਨਾਲ ਚੱਲਣ ਵਾਲੇ ਵਾਹਨਾਂ ਨੂੰ ਬੰਦ ਕਰਨਾ ਪਵੇਗਾ, ਪਰ ਇਸ ਨਾਲ ਕਾਰਪੋਰੇਟਾਂ ਦੇ ਕਾਰਖਾਨੇ ਬੰਦ ਹੋ ਜਾਣਗੇ । ਇਸ ਦਾ ਹੱਲ ਬਿਜਲਈ ਵਾਹਨਾਂ ਦੇ ਉਤਪਾਦਨ ਨੂੰ ਤੇਜ਼ ਕਰਨਾ ਹੈ, ਪਰ ਸਰਕਾਰ ਨੇ 15 ਸਾਲ ਪੁਰਾਣੇ ਵਾਹਨਾਂ ਨੂੰ ਬੰਦ ਕਰਨ ਦਾ ਹੁਕਮ ਚਾੜ੍ਹ ਦਿੱਤਾ ਹੈ । ਇਹ ਹਵਾ ਪ੍ਰਦੂਸ਼ਣ ਦਾ ਹੱਲ ਨਹੀਂ, ਸਗੋਂ ਵਾਤਾਵਰਨ ਪ੍ਰਦੂਸ਼ਣ ਦਾ ਬਹਾਨਾ ਬਣਾ ਕੇ ਕਾਰਪੋਰੇਟਾਂ ਦੇ ਮੁਨਾਫ਼ੇ ਨੂੰ ਨਵੀਂਆਂ ਉਚਾਈਆਂ ਉੱਤੇ ਪੁਚਾਉਣਾ ਹੈ । ਅੱਜ ਦੇਸ਼ ਦੀ ਕੋਈ ਵੀ ਨਦੀ ਜਾਂ ਜਲ ਸਰੋਤ ਪਾਣੀ ਦੇ ਪ੍ਰਦੂਸ਼ਣ ਤੋਂ ਬਚੇ ਹੋਏ ਨਹੀਂ ।ਇਹ ਲਗਾਤਾਰ ਵਧਦਾ ਜਾ ਰਿਹਾ ਹੈ । ਦੁਨੀਆ ਦੇ ਵਿਕਸਤ ਦੇਸ਼ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਕੇ ਖੇਤਾਂ ਤੋਂ ਲੈ ਕੇ ਘਰ ਦੀਆਂ ਲੋੜਾਂ ਤੱਕ ਲਈ ਵਰਤ ਰਹੇ ਹਨ, ਪਰ ਸਾਡੇ ਦੇਸ਼ ਅੰਦਰ ਕਾਰਪੋਰੇਟਾਂ ਦੇ ਕਾਰਖਾਨੇ ਬਿਨਾਂ ਸਾਫ਼ ਕੀਤਿਆਂ ਤੇਜ਼ਾਬੀ ਪਾਣੀ ਤੱਕ ਨਦੀਆਂ ‘ਚ ਸੁੱਟ ਰਹੇ ਹਨ । ਪ੍ਰਦੂਸ਼ਣ ਕੰਟਰੋਲ ਬੋਰਡ ਰਿਸ਼ਵਤ ਇਕੱਠੀ ਕਰਨ ਦੇ ਮਹਿਕਮੇ ਬਣ ਚੁੱਕੇ ਹਨ ।ਪੰਜਾਬ ਦੇ ਲੱਗਭੱਗ ਹਰ ਪਿੰਡ ਵਿੱਚ ਸੀਵਰੇਜ ਦੇ ਛੱਪੜ ਪਿੰਡ ਵਾਲਿਆਂ ਲਈ ਨਰਕ ਕੁੰਡ ਬਣ ਚੁੱਕੇ ਹਨ ।ਇਨ੍ਹਾਂ ਵਿਚਲਾ ਪਾਣੀ ਆਧੁਨਿਕ ਯੂਨਿਟਾਂ ਰਾਹੀਂ ਸਾਫ਼ ਕਰਕੇ ਖੇਤਾਂ ਲਈ ਵਰਤਣਾ ਇੱਕ ਜ਼ਰੂਰੀ ਕਾਰਜ ਹੈ । ਇਸ ਨਾਲ ਰੁਜ਼ਗਾਰ ਦੇ ਮੌਕੇ ਵੀ ਵਧਣਗੇ ਤੇ ਗੰਦਗੀ ਦੀ ਪ੍ਰੋਸੈਸਿੰਗ ਰਾਹੀਂ ਤਿਆਰ ਕੀਤੀ ਖਾਦ ਵੀ ਮਿਲੇਗੀ ।ਸਰਕਾਰਾਂ ਇਨ੍ਹਾਂ ਕਾਰਜਾਂ ਨੂੰ ਏਜੰਡੇ ‘ਤੇ ਲਿਆਉਣ, ਉਸ ਲਈ ਜਨਤਾ ਨੂੰ ਸੰਘਰਸ਼ ਕਰਨਾ ਪਵੇਗਾ । ਜਿੱਥੋਂ ਤੱਕ ਪਲਾਸਟਿਕ ਦੇ ਕਚਰੇ ਦਾ ਸੰਬੰਧ ਹੈ, ਇਹ ਭਵਿੱਖੀ ਪੀੜ੍ਹੀਆਂ ਨਾਲ ਵੀ ਜੁੜਿਆ ਹੋਇਆ ਹੈ, ਕਿਉਂਕਿ ਮਾਂਵਾਂ ਦੇ ਦੁੱਧ ਵੀ ਇਸ ਤੋਂ ਪ੍ਰਭਾਵਤ ਹਨ । ਇਸ ਵਿੱਚ ਸਰਕਾਰਾਂ ਦੇ ਨਾਲ-ਨਾਲ ਜਨਤਾ ਵੀ ਜ਼ਿੰਮੇਵਾਰ ਹੈ । ਜੇ ਸਰਕਾਰ ਦੀ ਮਨਸ਼ਾ ਹੋਵੇ ਤਾਂ ਉਹ ਪਲਾਸਟਿਕ ਬਣਾਉਣ ਵਾਲੇ ਕਾਰਖਾਨਿਆਂ ‘ਤੇ ਪਾਬੰਦੀ ਲਾ ਸਕਦੀ ਹੈ।

Loading