ਅੰਮ੍ਰਿਤਸਰ : ਪਹਿਲਗਾਮ ਘਟਨਾ ਕਾਰਨ ਭਾਰਤ-ਪਾਕਿਸਤਾਨ ਵਿਚਕਾਰ ਬਣੇ ਤਣਾਅਪੂਰਨ ਮਾਹੌਲ ਦੀ ਦਹਿਸ਼ਤ ਨਾਲ ਅੰਮ੍ਰਿਤਸਰ ਦੀ ਟੂਰਿਜ਼ਮ ਇੰਡਸਟਰੀ ਕਾਫੀ ਪ੍ਰਭਾਵਿਤ ਹੋਈ ਹੈ।ਇਸ ਘਟਨਾ ਤੋਂ ਲੈ ਕੇ ਹੁਣ ਤਕ ਦੱਖਣ ਭਾਰਤ ਵੱਲ ਆਉਣ ਵਾਲੇ ਸੈਲਾਨੀਆਂ ਨੇ ਹੋਟਲਾਂ 'ਚ ਕਰਵਾਈ ਗਈ 60 ਫੀਸਦ ਬੁਕਿੰਗ ਰੱਦ ਕਰਵਾ ਦਿੱਤੀ ਹੈ। ਮੌਜੂਦਾ ਸਮੇਂ ਹੋਟਲਾਂ ਦੇ ਅੰਦਰ 15 ਫੀਸਦ ਸੈਲਾਨੀ ਹੀ ਰਹਿ ਗਏ ਹਨ।
ਹੋਟਲ ਕਾਰੋਬਾਰੀਆਂ ਅਨੁਸਾਰ ਅੰਮ੍ਰਿਤਸਰ 'ਚ ਔਸਤ ਰੋਜ਼ਾਨਾ 40 ਹਜ਼ਾਰ ਦੇ ਕਰੀਬ ਸੈਲਾਨੀ ਹੋਟਲਾਂ ਵਿਚ ਰੁਕਦੇ ਸਨ। ਪਿਛਲੇ ਸਾਲ ਸ਼੍ਰੀਰਾਮ ਮੰਦਰ ਕਾਰਨ ਸੈਲਾਨੀ ਅਯੁੱਧਿਆ ਵੱਲ ਚਲੇ ਗਏ ਤੇ ਅੰਮ੍ਰਿਤਸਰ 'ਚ ਔਸਤ 20 ਹਜ਼ਾਰ ਸੈਲਾਨੀ ਹੀ ਰੁਕੇ ਸਨ। ਇਸ ਸਾਲ ਪਹਿਲਾਂ ਕਿਸਾਨ ਅੰਦੋਲਨ ਤੇ ਫਿਰ ਮਹਾਕੁੰਭ ਕਾਰਨ ਸੈਲਾਨੀਆਂ ਦੀ ਗਿਣਤੀ ਘੱਟ ਰਹੀ।
ਕਿਸਾਨ ਆੰਦੋਲਨ ਅਤੇ ਮਹਾਕੁੰਭ ਖਤਮ ਹੋਣ ਦੇ ਬਾਅਦ ਇਕ ਵਾਰੀ ਫਿਰ ਸੈਲਾਨੀਆਂ ਨੇ ਅੰਮ੍ਰਿਤਸਰ ਵੱਲ ਰੁਖ਼ ਕੀਤਾ ਸੀ, ਪਰ ਹੁਣ ਪਹਿਲਗਾਮ 'ਚ ਹੋਏ ਆਤੰਕੀ ਹਮਲੇ ਤੋਂ ਬਾਅਦ ਸੈਲਾਨੀਆਂ ਦੀ ਗਿਣਤੀ 'ਚ ਮੁੜ ਕਮੀ ਆਈ ਹੈ। ਇਸ ਬਾਰੇ ਫੈਡਰੇਸ਼ਨ ਆਫ ਹੋਟਲ ਐਂਡ ਗੈਸਟ ਹਾਊਸ ਐਸੋਸੀਏਸ਼ਨ ਦੇ ਪ੍ਰਧਾਨ ਸੁਰੀੰਦਰ ਸਿੰਘ ਨੇ ਕਿਹਾ ਕਿ ਪਹਿਲਗਾਮ ਘਟਨਾ ਤੋਂ ਬਾਅਦ ਬਣੇ ਤਣਾਅਪੂਰਨ ਮਾਹੌਲ ਕਾਰਨ ਦੱਖਣ ਭਾਰਤ ਵੱਲੋਂ ਆਉਣ ਵਾਲੇ ਸੈਲਾਨੀਆਂ ਨੇ ਹੁਣ ਤਕ ਹੋਟਲਾਂ 'ਚ 60 ਫੀਸਦ ਬੁਕਿੰਗ ਰੱਦ ਕਰਵਾ ਦਿੱਤੀ ਹੈ। ਗਰਮੀ ਦੀਆਂ ਛੁੱਟੀਆਂ ਦੇ ਮੌਕੇ 'ਤੇ ਮਈ, ਜੂਨ, ਜੁਲਾਈ ਦੇ ਸੀਜ਼ਨ 'ਚ ਲੱਖਾਂ ਲੋਕ ਆ ਕੇ ਹੋਟਲਾਂ ਤੇ ਸਰਾਵਾਂ 'ਚ ਰਹਿੰਦੇ ਹਨ। ਪਰ ਇਸ ਸਮੇਂ ਜੋ ਹਾਲਾਤ ਹਨ, ਉਸ ਦੇ ਮੱਦੇਨਜ਼ਰ ਇਸ ਸੀਜ਼ਨ 'ਚ ਹੋਟਲ ਉਦਯੋਗ ਨੂੰ ਨੁਕਸਾਨ ਹੋਣਾ ਪੱਕਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਮਹਾਕੁੰਭ ਮੇਲੇ ਤੇ ਕਿਸਾਨ ਆੰਦੋਲਨ ਕਾਰਨ ਹੋਟਲ ਉਦਯੋਗ ਨੂੰ ਕਾਫੀ ਨੁਕਸਾਨ ਹੋਇਆ ਸੀ।
ਇਸ ਦੇ ਨਾਲ ਹੀ ਕਟਵਾਲ ਟ੍ਰੈਵਲ ਦੇ ਦਿਨੇਸ਼ ਪਠਾਨੀਆ ਨੇ ਦੱਸਿਆ ਕਿ ਸ਼ਹਿਰ 'ਚ 1500 ਦੇ ਕਰੀਬ ਟੈਕਸੀ ਚੱਲਦੀਆਂ ਹਨ। ਟੈਕਸੀ ਕਾਰੋਬਾਰ ਦੀ ਗੱਲ ਕਰੀਏ ਤਾਂ ਗਰਮੀ ਦੇ ਮੌਸਮ 'ਚ ਅਪ੍ਰੈਲ ਤੋਂ ਲੈ ਕੇ ਜੁਲਾਈ ਤਕ ਕਮਾਈ ਦਾ ਸੀਜ਼ਨ ਰਹਿੰਦਾ ਹੈ।
ਪਹਿਲਗਾਮ ਘਟਨਾ ਤੋਂ ਬਾਅਦ ਕੁਝ ਹੀ ਦਿਨਾਂ 'ਚ ਟੈਕਸੀ ਕਾਰੋਬਾਰ 70 ਫੀਸਦ ਘਟ ਚੁੱਕਾ ਹੈ। ਇਹੀ ਨਹੀਂ, ਆਟੋ ਰਿਕਸ਼ਾ ਵਾਲਿਆਂ ਦੇ ਗਾਹਕਾਂ 'ਚ ਵੀ ਗਿਰਾਵਟ ਆਈ ਹੈ।