ਪਹਿਲਗਾਮ ਜਿਹਾਦੀ ਹਮਲੇ ਦਾ ਪਾਕਿ ਜਾਣ ਵਾਲੇ ਧਾਰਮਿਕ ਜਥਿਆਂ ’ਤੇ ਪਵੇਗਾ ਅਸਰ

In ਮੁੱਖ ਖ਼ਬਰਾਂ
April 26, 2025
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਾਜੈਕਟ ਦਾ ਭਵਿੱਖ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਹਾਲਾਂ ਕਿ, ਭਾਰਤ ਸਰਕਾਰ ਨੇ ਹਾਲੇ ਤੱਕ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਪ੍ਰਾਜੈਕਟ ਜਾਰੀ ਰਹੇਗਾ ਜਾਂ ਮੁਅੱਤਲ ਕੀਤਾ ਜਾਵੇਗਾ।ਪਹਿਲਗਾਮ ਵਿਚ ਹੋਏ ਜਿਹਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ ਹੈ ਜਿਸਦੇ ਚਲਦਿਆਂ ਪਾਕਿਸਤਾਨ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ ਅਤੇ ਨਾਲ ਹੀ ਅਟਾਰੀ ਪੋਸਟ ਵੀ ਬੰਦ ਕਰ ਦਿੱਤੀ ਗਈ ਹੈ। ਇੱਥੋਂ ਤੱਕ ਕਿ ਅੰਬੈਸਡਰਾਂ ਨੂੰ ਵੀ ਵਾਪਸ ਜਾਣ ਦੇ ਹੁਕਮ ਦੇ ਦਿੱਤੇ ਹਨ।ਇਹ ਸਭ ਦੇ ਚੱਲਦੇ ਕਰਤਾਰਪੁਰ ਕੋਰੀਡੋਰ ਜਿਸ ਰਸਤੇ ਤੋਂ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਜਾ ਰਹੇ ਹਨ ਉਸ 'ਤੇ ਫਿਲਹਾਲ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਸੰਗਤਾਂ ਆਮ ਦਿਨਾਂ ਵਾਂਗ ਹੀ ਪਾਕਿਸਤਾਨ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਜਾ ਰਹੀਆਂ ਹਨ ।ਹਾਲਾਂ ਕਿ ਯਾਤਰੀਆਂ ਦੀ ਗਿਣਤੀ ਵਿੱਚ ਕੁਝ ਗਿਰਾਵਟ ਆਈ ਹੈ। ਸੂਤਰ ਦੱਸਦੇ ਹਨ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਇਸ ਪ੍ਰਾਜੈਕਟ ਦੇ ਭਵਿੱਖ ਬਾਰੇ ਕੋਈ ਵੀ ਸਖ਼ਤ ਫੈਸਲਾ ਲੈਣ ਸਬੰਧੀ ਔਖੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗ਼ੌਰਤਲਬ ਹੈ ਕਿ ਪਾਰਟੀ ਪੰਜਾਬ ਵਿੱਚ ਆਪਣਾ ਆਧਾਰ ਮਜ਼ਬੂਤ ​​ਕਰਨ ਲਈ ਉਤਸੁਕ ਹੈ, ਜਿੱਥੇ ਸਿੱਖ ਸਮਰਥਨ ਬਹੁਤ ਅਹਿਮੀਅਤ ਰੱਖਦਾ ਹੈ।ਇਸ ਕਦਮ ਨਾਲ ਭਾਰਤ ਸਰਕਾਰ ਵਿਰੁੱਧ ਵਿਸ਼ਵ ਪੱਧਰ ਉਪਰ ਸਿੱਖਾਂ ਵਿਚ ਰੋਸ ਪੈਦਾ ਹੋ ਸਕਦਾ ਹੈ। ਸਿੱਖਾਂ ਅਤੇ ਸਿੱਖ ਧਰਮ ਲਈ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਮਹੱਤਤਾ ਨੂੰ ਦੇਖਦੇ ਹੋਏ, ਇਸਦੀ ਸਥਿਤੀ ਨੂੰ ਬਦਲਣ ਨਾਲ ਸਿੱਖ ਭਾਈਚਾਰੇ ਨਾਲ ਪਾਰਟੀ ਦੇ ਰਿਸ਼ਤੇ ਪ੍ਰਭਾਵਿਤ ਹੋ ਸਕਦੇ ਹਨ। ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਆਸਥਾ ਦਾ ਸਥਾਨ ਹੈ, ਲੋਕ ਸ਼ਰਧਾ ਭਾਵਨਾ ਨਾਲ ਇੱਥੇ ਆਉਂਦੇ ਹਨ। ਉਨ੍ਹਾਂ ਕਿਹਾ ਹਾਲਾਤ ਕੁਝ ਵੀ ਬਣਨ ਪਰ ਕਰਤਾਰਪੁਰ ਕੋਰੀਡੋਰ ਬੰਦ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਆਸਥਾ ਦਾ ਕੇਂਦਰ ਦੇ ਨਾਲ ਨਾਲ ਵਿਸ਼ਵ ਸ਼ਾਂਤੀ ਦਾ ਕੇਂਦਰ ਹੈ ਅਤੇ ਇਹ ਦੋਵੇਂ ਦੇਸ਼ਾਂ ਵਿਚਕਾਰ ਵਿਸ਼ਵਾਸ-ਨਿਰਮਾਣ ਦਾ ਇੱਕ ਸਾਧਨ ਹੋ ਸਕਦਾ ਹੈ। ।ਇਹ ਜੰਗੀ ਮਾਹੌਲ ਵਿਚ ਸ਼ਾਂਤੀ ਦਾ ਸੁਨੇਹਾ ਦਿੰਦਾ ਹੈ। ਪਾਕਿ ’ਚ ਗੁਰੂਧਾਮਾਂ ਦੀ ਯਾਤਰਾ ਤੋਂ ਹੋ ਸਕਦੈ ਨੇ ਭਾਰਤੀ ਸਿੱਖ ਵਾਂਝੇ ਪਹਿਲਗਾਮ ਵਿਖੇ ਹੋਏ ਜਿਹਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਜਾਣ ਵਾਲੇ ਧਾਰਮਿਕ ਜਥਿਆਂ ’ਤੇ ਇਸ ਦਾ ਅਸਰ ਪੈ ਸਕਦਾ ਹੈ ,ਕਿਉਂਕਿ ਅਟਾਰੀ ਚੈੱਕ ਪੋਸਟ ਤੁਰੰਤ ਬੰਦ ਕਰਨ ਦਾ ਫੈਸਲੇ ਲਿਆ ਗਿਆ ਹੈ। ਧਾਰਮਿਕ ਯਾਤਰੀਆਂ ’ਤੇ ਵੀ ਪਾਕਿਸਤਾਨ ’ਤੇ ਜਾਣ ’ਤੇ ਰੋਕ ਲੱਗਦੀ ਹੈ ਤਾਂ ਸਿੱਖ ਜਥਿਆਂ ਦੇ ਨਾਲ ਹਿੰਦੂ ਜਥੇ ਵੀ ਪਾਕਿਸਤਾਨ ਵਿਖੇ ਗੁਰੂਧਾਮਾਂ ਦੀ ਯਾਤਰਾ ਤੋਂ ਵਾਂਝੇ ਹੋ ਜਾਣਗੇ। ਭਾਰਤ ਵੱਲੋਂ ਪਾਕਿਸਤਾਨੀ ਦੂਤਾਵਾਸ ਦੇ ਮੈਂਬਰਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ। ਯਾਦ ਰਹੇ ਕਿ ਸ਼੍ਰੋਮਣੀ ਕਮੇਟੀ ਸਮੇਤ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਪਾਕਿਸਤਾਨ ਵਿਚ ਸਾਲ ਵਿਚ ਚਾਰ ਵਾਰ ਸਿੱਖ ਤੇ ਇਕ ਹਿੰਦੂ ਯਾਤਰੀਆਂ ਦਾ ਜਥਾ ਜਾਂਦਾ ਹੈ। ਸਿੱਖ ਜਥਿਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ, ਵਿਸਾਖੀ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਾਲ ਵਿਚ ਚਾਰ ਵਾਰ 3000 ਤੋਂ ਲੈ ਕੇ 7 ਹਜ਼ਾਰ ਯਾਤਰੀ 10 ਦਿਨਾਂ ਦੇ ਵੀਜ਼ੇ ’ਤੇ ਪਾਕਿਸਤਾਨ ਵਿਖੇ ਗੁਰੂ ਘਰਾਂ ਦੇ ਦਰਸ਼ਨਾਂ ਲਾਈ ਜਾਂਦੇ ਸਨ। ਆਉਣ ਵਾਲੇ ਸਮੇਂ ਵਿਚ ਜੂਨ ਦੇ ਮਹੀਨੇ 2 ਸਿੱਖ ਜਥੇ ਪਾਕਿਸਤਾਨ ਵਿਖੇ 16 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਤੇ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਜਾਣਾ ਸੀ ਪਰ ਬਣੇ ਮੌਜੂਦਾ ਹਾਲਾਤ ਵਿਚ ਇਹ ਜਥੇ ਜਾਣ ਦੇ ਹਾਲਾਤ ਬਣਦੇ ਦਿਖਾਈ ਨਹੀਂ ਦੇ ਰਹੇ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਜਾਣ ਵਾਲੇ ਜਥੇ ਵਿਚ ਸਿੱਖ ਸ਼ਰਧਾਲੂਆਂ ਨੇ ਆਪਣੇ ਪਾਸਪੋਰਟ ਵੀ ਜਥੇ ਦੇ ਆਗੂਆਂ ਨੂੰ ਜਮਾਂ ਕਰਵਾਏ ਹਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਿਖੇ ਵੰਡ ਸਮੇਂ ਵਿਛੜੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਹਰ ਸਿੱਖ ਦਾ ਮਨ ਲੋਚਦਾ ਹੈ। ਹੁਣ ਵੀ 324 ਸ਼ਰਧਾਲੂਆਂ ਦੇ ਪਾਸਪੋਰਟ ਯਾਤਰਾ ਵਿਭਾਗ ਵਿਖੇ ਆਏ ਹਨ, ਜਿਨਾਂ ਦੇ ਵੀਜਿਆਂ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ, ਸਰਕਾਰਾਂ ਨੂੰ ਲਿਸਟਾਂ ਭੇਜੀਆਂ ਜਾ ਚੁੱਕੀਆਂ ਹਨ। ਜੇਕਰ ਜਥੇ ਪਾਕਿਸਤਾਨ ਜਾਣ ਤੋਂ ਰੋਕ ਦਿੱਤੇ ਜਾਣਗੇ ਤਾਂ ਇਸ ਨਾਲ ਸਿੱਖ ਆਪਣੇ ਵਿਛੜੇ ਗੁਰੂਧਾਮਾਂ ਦੇ ਦਰਸ਼ਨ ਕਿਵੇਂ ਕਰ ਸਕਣਗੇ? ਉਨ੍ਹਾਂ ਭਾਰਤ ਸਰਕਾਰ ਨੂੰ ਕਿਹਾ ਕਿ ਯਾਤਰੂਆਂ ਦਾ ਇਹ ਹੱਕ ਖਤਮ ਨਹੀਂ ਕਰਨਾ ਚਾਹੀਦਾ, ਇਸ ਦਾ ਧਿਆਨ ਰੱਖਿਆ ਜਾਵੇ ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਸ ਵਾਰ ਜਥਿਆਂ ਦੇ ਪਾਕਿਸਤਾਨ ਜਾਣ ਦੀ ਕੋਈ ਸੰਭਾਵਨਾ ਨਹੀਂ ।

Loading