ਪਹਿਲਗਾਮ ਵਿਚ ਸੈਲਾਨੀਆਂ ‘ਤੇ ਜਿਹਾਦੀ ਹਮਲੇ ਦੌਰਾਨ 28 ਮੌਤਾਂ

In ਮੁੱਖ ਖ਼ਬਰਾਂ
April 23, 2025
ਨਵੀਂ ਦਿੱਲੀ: ਪਹਿਲਗਾਮ ਵਿੱਚ ਹੋਏ ਜਿਹਾਦੀ ਹਮਲੇ ਵਿੱਚ 28 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਹ ਘਟਨਾ 2000 ਅਤੇ 2002 ਵਿੱਚ ਹਾਈ-ਪ੍ਰੋਫਾਈਲ ਅਮਰੀਕੀ ਦੌਰੇ ਦੌਰਾਨ ਹੋਏ ਘਾਤਕ ਹਮਲਿਆਂ ਦੀ ਯਾਦ ਦਿਵਾਉਂਦੀ ਹੈ। ਕਸ਼ਮੀਰ ਵਿੱਚ ਸੁਰੱਖਿਆ ਚੁਣੌਤੀਆਂ ਕਦੇ ਵੀ ਘੱਟ ਨਹੀਂ ਹੋਈਆਂ ਹਨ। 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਜਿਹਾਦੀ ਹਮਲੇ ਨੇ ਨਾ ਸਿਰਫ਼ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ ਬਲਕਿ 2000 ਅਤੇ 2002 ਵਿੱਚ ਹੋਈਆਂ ਜਿਹਾਦੀ ਘਟਨਾਵਾਂ ਦੀਆਂ ਭਿਆਨਕ ਯਾਦਾਂ ਨੂੰ ਵੀ ਤਾਜ਼ਾ ਕਰ ਦਿੱਤਾ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਭਾਰਤ ਦੇ ਦੌਰੇ 'ਤੇ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਊਦੀ ਅਰਬ ਦੇ ਦੌਰੇ 'ਤੇ ਸਨ। ਇਸ ਹਮਲੇ ਵਿੱਚ ਘੱਟੋ-ਘੱਟ 28 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਦੋ ਵਿਦੇਸ਼ੀ ਸੈਲਾਨੀ, ਸਥਾਨਕ ਲੋਕ ਅਤੇ ਇੱਕ ਭਾਰਤੀ ਜਲ ਸੈਨਾ ਅਧਿਕਾਰੀ ਸ਼ਾਮਲ ਸੀ। ਇਸ ਘਟਨਾ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਆਪਣਾ ਸਾਊਦੀ ਅਰਬ ਦੌਰਾ ਅੱਧ ਵਿਚਕਾਰ ਛੱਡ ਕੇ ਭਾਰਤ ਵਾਪਸ ਆ ਗਏ ਹਨ। ਹੁਣ ਦਿੱਲੀ ਵਿੱਚ ਉੱਚ-ਪੱਧਰੀ ਮੀਟਿੰਗਾਂ ਚੱਲ ਰਹੀਆਂ ਹਨ। ਬੀਤੇ ਮੰਗਲਵਾਰ ਦੁਪਹਿਰ ਲਗਭਗ 1:30 ਵਜੇ, ਚਾਰ ਜਿਹਾਦੀਆਂ ਨੇ ਪਹਿਲਗਾਮ ਦੇ ਬੈਸਰਨ ਘਾਹ ਦੇ ਮੈਦਾਨ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸਨੂੰ ਇਸਦੀ ਕੁਦਰਤੀ ਸੁੰਦਰਤਾ ਲਈ "ਮਿੰਨੀ ਸਵਿਟਜ਼ਰਲੈਂਡ" ਕਿਹਾ ਜਾਂਦਾ ਹੈ। ਇਹ ਸਿਰਫ਼ ਪੈਦਲ ਜਾਂ ਘੋੜੇ ਦੀ ਸਵਾਰੀ ਕਰਕੇ ਹੀ ਪਹੁੰਚਿਆ ਜਾ ਸਕਦਾ ਹੈ, ਅਤੇ ਉਸ ਸਮੇਂ 1,000 ਤੋਂ 1,500 ਸੈਲਾਨੀ ਉੱਥੇ ਮੌਜੂਦ ਸਨ। ਹਾਲਾਂਕਿ, ਟੀਵੀ ਚੈਨਲ 2,000 ਸੈਲਾਨੀਆਂ ਦੀ ਰਿਪੋਰਟ ਕਰ ਰਹੇ ਹਨ। ਹਮਲੇ ਵਿੱਚ 28 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਇਸ ਸਮੇਂ ਦੌਰਾਨ ਉੱਥੇ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਨਹੀਂ ਸਨ। ਇਹ ਇੱਕ ਤੱਥ ਹੈ ਕਿ ਉੱਥੇ ਸੈਲਾਨੀਆਂ ਦੀ ਗਿਣਤੀ ਨਾਲੋਂ ਕਈ ਗੁਣਾ ਜ਼ਿਆਦਾ ਸੁਰੱਖਿਆ ਬਲ ਤਾਇਨਾਤ ਹਨ। ਫਿਰ ਵੀ ਇਹ ਘਟਨਾ ਵਾਪਰੀ। ਪੁਲਿਸ ਦੇ ਅਨੁਸਾਰ, ਜਿਹਾਦੀ ਫੌਜ ਦੀ ਵਰਦੀ ਵਿੱਚ ਸਨ ਅਤੇ ਉਨ੍ਹਾਂ ਨੇ ਇੱਕ ਖਾਸ ਧਰਮ ਦੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ। ਪੁਣੇ ਤੋਂ ਇੱਕ ਚਸ਼ਮਦੀਦ ਗਵਾਹ, ਆਸਾਵਰੀ ਜਗਦਾਲੇ ਨੇ ਕਿਹਾ ਕਿ ਜਿਹਾਦੀਆਂ ਨੇ ਉਸਦੇ ਪਿਤਾ ਅਤੇ ਚਾਚੇ ਨੂੰ ਕਲਮਾ ਪੜ੍ਹਨ ਲਈ ਕਿਹਾ, ਜੋ ਉਹ ਨਹੀਂ ਕਰ ਸਕੇ। ਫਿਰ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। -ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਜਿਹਾਦੀਆਂ ਵਲੋਂ ਸੈਲਾਨੀਆਂ 'ਤੇ ਕੀਤੇ ਹਮਲੇ ਦੌਰਾਨ ਮਰਨ ਵਾਲਿਆਂ ਵਿਚ ਕਰਨਾਟਕ ਦੇ ਜ਼ਿਲ੍ਹਾ ਸ਼ਿਵਮੋਗਾ ਦਾ ਇਕ ਕਾਰੋਬਾਰੀ ਵੀ ਸ਼ਾਮਿਲ ਹੈ ।ਕਾਰੋਬਾਰੀ ਦੇ ਪਰਿਵਾਰ ਨੇ ਦੱਸਿਆ ਕਿ ਵਿਜੈਨਗਰ ਦਾ ਰਹਿਣ ਵਾਲਾ ਮੰਜੂਨਾਥ ਰਾਓ (47) ਆਪਣੀ ਪਤਨੀ ਪੱਲਵੀ ਅਤੇ ਪੁੱਤਰ ਅਭਿਜਯ ਨਾਲ ਪਹਿਲਗਾਮ ਗਿਆ ਸੀ । ਪੱਲਵੀ ਨੇ ਕਰਨਾਟਕ ਦੇ ਸਥਾਨਕ ਨਿਊਜ਼ ਚੈਨਲਾਂ ਨੂੰ ਫ਼ੋਨ 'ਤੇ ਦੱਸਿਆ ਕਿ ਮੇਰੇ ਪਤੀ ਨੂੰ ਜਿਹਾਦੀਆਂ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਗੋਲੀ ਮਾਰ ਦਿੱਤੀ ।ਪੱਲਵੀ ਨੇ ਦੱਸਿਆ ਕਿ ਉਸ ਨੇ ਜਿਹਾਦੀਆਂ ਨੂੰ ਕਿਹਾ ਕਿ ਮੈਨੂੰ ਵੀ ਗੋਲੀ ਮਾਰ ਦਿਓ, ਜਿਸ ਦਾ ਜਵਾਬ ਉਨ੍ਹਾਂ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਨੇਹਾ ਪਹੁੰਚਾਉਣ ਲਈ ਤੈਨੂੰ ਜ਼ਿੰਦਾ ਹੋਣਾ ਚਾਹੀਦਾ ਹੈ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਨਾਲ ਸਬੰਧਤ, ਦਾ ਰੈਜ਼ਿਸਟੈਂਸ ਫਰੰਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। 2019 ਵਿੱਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕੀਤੇ ਜਾਣ ਤੋਂ ਬਾਅਦ ਇਹ ਘਾਟੀ ਵਿੱਚ ਆਮ ਨਾਗਰਿਕਾਂ 'ਤੇ ਸਭ ਤੋਂ ਘਾਤਕ ਹਮਲਾ ਹੈ।

Loading