
ਬੰਗਲਾਦੇਸ਼ ਅਤੇ ਭੁਟਾਨ ਦੀ ਸਰਹੱਦ ਨਾਲ ਲਗਦੇ ਭਾਰਤ ਦੇ ਉੱਤਰ-ਪੂਰਬੀ ਸੂਬੇ ਆਸਾਮ ਦੇ ਜ਼ਿਲ੍ਹਾ ਧੁਬੜੀ ’ਚ ਬ੍ਰਹਮਪੁੱਤਰ ਨਦੀ ਦੇ ਕਿਨਾਰੇ ’ਤੇ ਸੁਸ਼ੋਭਿਤ ਗੁਰਦੁਆਰਾ ਧੁਬੜੀ ਸਾਹਿਬ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਧਰਤੀ ਹੈ। ਇਸ ਮੁਕੱਦਸ ਅਸਥਾਨ ’ਤੇ 1505 ਈ: ਨੂੰ ਉਦਾਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਪਧਾਰੇ ਸਨ। ਗੁਰੂ ਸਾਹਿਬ ਲੋਕਾਈ ਦਾ ਭਲਾ ਕਰਦੇ ਹੋਏ ਜਦੋਂ ਬੰਗਲਾਦੇਸ਼ ਵਾਲੇ ਪਾਸਿਓਂ ਬ੍ਰਹਮਪੁੱਤਰ ਨਦੀ ਤੋਂ ਅੱਗੇ ਇਸ ਅਸਥਾਨ ’ਤੇ ਆ ਕੇ ਠਹਿਰੇ ਤਾਂ ਇੱਥੇ ਵੈਸ਼ਨਵ ਮਤ ਦੇ ਮੁਖੀ ਸ਼ੰਕਰ ਦੇਵ ਉਨ੍ਹਾਂ ਦੇ ਦਰਸ਼ਨਾਂ ਲਈ ਆਏ ਅਤੇ ਉਹ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਤੋਂ ਬੇਹੱਦ ਪ੍ਰਭਾਵਿਤ ਹੋਏ। ਪਹਿਲੀ ਪਾਤਿਸ਼ਾਹੀ ਤੋਂ ਲਗਭਗ 160 ਸਾਲ ਬਾਅਦ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਰਾਜਾ ਰਾਮ ਸਿੰਘ ਦੀ ਬੇਨਤੀ ’ਤੇ ਆਸਾਮ ਦੀ ਯਾਤਰਾ ਦੌਰਾਨ ਇੱਥੇ ਪਧਾਰੇ। ਨੌਵੇਂ ਪਾਤਿਸ਼ਾਹ ਨੇ ਗੁਰਤਾਗੱਦੀ ਸੰਭਾਲਣ ਤੋਂ ਬਾਅਦ ਪਟਨਾ ਸਾਹਿਬ (ਬਿਹਾਰ) ’ਚ ਆਪਣੇ ਪਰਿਵਾਰ ਨੂੰ ਛੱਡ ਕੇ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਹਿਤ ਪੂਰਬ ਦੀ ਯਾਤਰਾ ਕੀਤੀ ਤਾਂ ਉਸ ਦੌਰਾਨ ਆਸਾਮ ਦੇ ਰਾਜਾ ਚੱਕਰ ਧਵੱਜ ਅਤੇ ਰਾਜਾ ਰਾਮ ਸਿੰਘ ਦਰਮਿਆਨ ਚੱਲ ਰਹੀ ਜੰਗ ਨੂੰ ਰੋਕਿਆ ਅਤੇ ਸਮਝੌਤਾ ਕਰਵਾ ਕੇ ਇਲਾਕੇ ’ਚ ਸ਼ਾਂਤੀ ਬਹਾਲ ਕੀਤੀ। ਦੱਸਿਆ ਜਾਂਦਾ ਹੈ ਕਿ ਦਿੱਲੀ ਦਰਬਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮੁਗ਼ਲ ਫ਼ੌਜ ਇਸ ਤੋਂ ਪਹਿਲਾਂ ਆਸਾਮ ਦੇ ਇਲਾਕੇ ’ਚ ਅਨੇਕਾਂ ਵਾਰ ਵੱਡੇ ਹਮਲੇ ਕਰ ਚੁੱਕੀ ਸੀ, ਪਰ ਉਨ੍ਹਾਂ ਨੂੰ ਹਮੇਸ਼ਾ ਹਾਰ ਦਾ ਸਾਹਮਣਾ ਕਰਨਾ ਪਿਆ। ਮੰਨਿਆ ਜਾਂਦਾ ਹੈ ਕਿ ਆਸਾਮ ਕਬੀਲੇ ਦੇ ਲੋਕ ਆਪਣੀਆਂ ਜਾਦੂਈ ਸ਼ਕਤੀਆਂ ਨਾਲ ਵਿਰੋਧੀਆਂ ਦੀ ਇੱਕ ਨਹੀਂ ਚੱਲਣ ਦਿੰਦੇ ਸਨ। ਮੁਗ਼ਲ ਸਮਰਾਟ ਔਰੰਗਜ਼ੇਬ ਨੇ ਅਹੋਮ ਮੁਖੀ ਰਾਜਾ ਚੱਕਰ ਧਵੱਜ ਦੁਆਰਾ ਕੀਤੀ ਗਈ ਬਗ਼ਾਵਤ ਨੂੰ ਦਬਾਉਣ ਲਈ ਰਾਜਾ ਰਾਮ ਸਿੰਘ ਨੂੰ ਆਸਾਮ ਭੇਜਿਆ ਸੀ।
ਰਾਜਾ ਰਾਮ ਸਿੰਘ ਜੈਪੁਰ ਦੇ ਰਾਜਾ ਜੈ ਸਿੰਘ ਦਾ ਪੁੱਤਰ ਸੀ ਜੋ ਗੁਰੂ ਘਰ ਦਾ ਵੱਡਾ ਉਪਾਸ਼ਕ ਸੀ। ਰਾਜਾ ਰਾਮ ਸਿੰਘ ਨੂੰ ਇਲਮ ਸੀ ਕਿ ਉਸ ਦੀ ਇਹ ਵਿਸ਼ੇਸ਼ ਮੁਹਿੰਮ ਗੁਰੂ ਸਾਹਿਬ ਤੋਂ ਬਿਨਾਂ ਸਫ਼ਲ ਨਹੀਂ ਹੋ ਸਕਦੀ ਹੈ। ਅਜਿਹੇ ’ਚ ਉਸ ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਆਪਣੇ ਨਾਲ ਆਸਾਮ ਜਾਣ ਲਈ ਬੇਨਤੀ ਕੀਤੀ ਜਿਸ ਨੂੰ ਸਵੀਕਾਰ ਕਰਕੇ ਗੁਰੂ ਸਾਹਿਬ ਇੱਥੇ ਆਏ। ਗੁ: ਧੁਬੜੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵਿਦਵਾਨਾਂ ਅਨੁਸਾਰ ਇਹ ਸਮਝੌਤਾ ਹੋਣ ਤੋਂ ਪਹਿਲਾਂ ਰਾਜਾ ਚੱਕਰ ਧਵੱਜ ਮੁਗ਼ਲ ਫ਼ੌਜ ਨਾਲ ਲੜਦਿਆਂ ਜਿੱਥੇ ਗੁਰੀਲਾ ਨੀਤੀਆਂ ਅਪਣਾ ਰਿਹਾ ਸੀ, ਉੱਥੇ ਹੀ ਮੁਗ਼ਲ ਫ਼ੌਜਾਂ ਨੂੰ ਪਟਖਣੀ ਦੇਣ ਲਈ ਅਹੋਮ ਦੇ ਸਮੂਹ ਜਾਦੂਗਰ ਆਪਣੀਆਂ ਜਾਦੂਈ ਸ਼ਕਤੀਆਂ ਦਾ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਸਭ ਤੋਂ ਸ਼ਕਤੀਸ਼ਾਲੀ ਜਾਦੂਗਰਨੀ ਨੇਤਾਈ ਧੋਬਣ ਵੱਲੋਂ ਗੁਰੂ ਤੇਗ਼ ਬਹਾਦਰ ਸਾਹਿਬ ’ਤੇ ਮਿਜ਼ਾਈਲ ਨੁਮਾ ਪੱਥਰ ਦੀ ਸਿੱਲ੍ਹ ਅਤੇ ਪਿੱਪਲ ਦੇ ਰੁੱਖ ਨਾਲ ਹਮਲਾ ਕੀਤਾ, ਜਿਸ ਦਾ ਕੋਈ ਅਸਰ ਨਾ ਹੋਣ ਕਰਕੇ ਨੇਤਾਈ ਧੋਬਣ ਅਤੇ ਰਾਜਾ ਚੱਕਰ ਧਵੱਜ ਗੁਰੂ ਜੀ ਦੀ ਸ਼ਰਨ ’ਚ ਪਹੁੰਚੇ। ਵਾਅਦੇ ਅਨੁਸਾਰ ਗੁਰੂ ਜੀ ਨੇ ਆਪਸੀ ਸਤਿਕਾਰ ਤੇ ਸਹਿਹੋਂਦ ਦੀ ਵਕਾਲਤ ਕਰਦੇ ਹੋਏ ਦੋਵੇਂ ਪੱਖਾਂ ਵਿਚਕਾਰ ਸ਼ਾਂਤੀ ਵਾਰਤਾ ਤੇ ਵਿਚੋਲਗੀ ਕਰਦਿਆਂ ਇੱਕ ਸੰਧੀ ਸਥਾਪਤ ਕੀਤੀ, ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਯੁੱਧ ਤੋਂ ਪਹਿਲਾਂ ਦੀਆਂ ਖੇਤਰੀ ਸੀਮਾਵਾਂ ਬਰਕਰਾਰ ਰਹਿਣ ਅਤੇ ਹੋਰ ਖ਼ੂਨ-ਖ਼ਰਾਬੇ ਨੂੰ ਟਾਲਿਆ ਜਾਵੇ। ਗੁਰੂ ਜੀ ਦੇ ਸ਼ਾਂਤੀ ਯਤਨਾਂ ਦਾ ਸਨਮਾਨ ਕਰਨ ਲਈ ਦੋਵਾਂ ਫ਼ੌਜਾਂ ਦੇ ਸਿਪਾਹੀਆਂ ਨੇ ਆਪਣੀਆਂ ਢਾਲਾਂ ’ਚ ਲਾਲ ਮਿੱਟੀ ਭਰ ਕੇ ਨੇਤਾਈ ਧੋਬਣ ਵੱਲੋਂ ਸੁੱਟੇ ਗਏ ਪਿੱਪਲ ਦੇ ਰੁੱਖ ਦੀਆਂ ਜੜ੍ਹਾਂ ਦੇ ਆਲੇ-ਦੁਆਲੇ ਥੜ੍ਹਾ ਬਣਾ ਦਿੱਤਾ, ਜਿਸ ’ਤੇ ਬੈਠ ਕੇ ਗੁਰੂ ਸਾਹਿਬ ਨੇ ਸੰਗਤ ਨੂੰ ਉਪਦੇਸ਼ ਦਿੱਤਾ। ਗੁਰਦੁਆਰਾ ਸਾਹਿਬ ਵਿਖੇ ਅੱਜ ਵੀ ਜ਼ਮੀਨ ਤੋਂ ਤਕਰੀਬਨ 30 ਫੁੱਟ ਉੱਚਾ ਪਿੱਪਲ ਰੁੱਖ ਅਤੇ 100 ਮੀਟਰ ਦੂਰੀ ’ਤੇ ਪੱਥਰ ਦੀ ਉਕਤ ਸਿੱਲ੍ਹ ਮੌਜੂਦ ਹੈ। ਉੱਤਰ-ਪੂਰਬੀ ਖਿੱਤੇ ਦੇ ਵਿਦਵਾਨਾਂ ਮੁਤਾਬਿਕ ਗੁਰੂ ਜੀ ਦੇ ਬਚਨਾਂ ਅਨੁਸਾਰ ਨੇਤਾਈ ਧੋਬਣ ਦੇ ਨਾਂਅ ’ਤੇ ਹੀ ਇਲਾਕੇ ਦਾ ਨਾਂਅ ਧੁਬੜੀ ਪਿਆ। ਹਰ ਸਾਲ ਹੀ ਗੁਰਦੁਆਰਾ ਧੁਬੜੀ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। ਇੱਥੇ ਸੰਗਤ ਲਈ ਰਿਹਾਇਸ਼ ਬਣੀ ਹੋਈ ਹੈ ਤੇ ਲੰਗਰ ਦਾ 24 ਘੰਟੇ ਪ੍ਰਬੰਧ ਹੈ।
ਧੁਬੜੀ ’ਚ ਸਿਰਫ਼ 2-3 ਸਿੱਖ ਪਰਿਵਾਰ
ਗੁਰਦੁਆਰਾ ਧੁਬੜੀ ਸਾਹਿਬ ਦਾ ਪ੍ਰਬੰਧ ਸਿੱਖ ਪ੍ਰਤੀਨਿਧੀ ਬੋਰਡ ਈਸਟਰਨ ਜ਼ੋਨ ਵੱਲੋਂ ਕੀਤਾ ਜਾਂਦਾ ਹੈ, ਜਿਸ ’ਚ ਦੇਸ਼ ਦੇ ਉੱਤਰ-ਪੂਰਬੀ ਖਿੱਤੇ ਨਾਲ ਸੰਬੰਧਿਤ 7 ਸੂਬਿਆਂ ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਅਰੁਣਾਚਲ ਪ੍ਰਦੇਸ਼, ਸਿੱਕਮ ਤੇ ਪੱਛਮੀ ਬੰਗਾਲ (ਸਿਲੀਗੁੜੀ) ਨਾਲ ਸੰਬੰਧਿਤ ਸਿੱਖ ਭਾਈਚਾਰੇ ਦੇ ਲੋਕ ਸ਼ਾਮਿਲ ਹੁੰਦੇ ਹਨ। ਅੰਮ੍ਰਿਤਸਰ ਤੋਂ 2200 ਕਿੱਲੋਮੀਟਰ ਦੂਰ 126 ਵਿਧਾਨ ਸਭਾ ਹਲਕਿਆਂ ਵਾਲੇ ਆਸਾਮ ਸੂਬੇ ’ਚ ਭਾਵੇਂ ਕੁੱਲ 20 ਹਜ਼ਾਰ ਦੇ ਕਰੀਬ ਸਿੱਖ ਭਾਈਚਾਰੇ ਦੀ ਆਬਾਦੀ ਦੱਸੀ ਜਾਂਦੀ ਹੈ ਪਰ ਧੁਬੜੀ ’ਚ ਸਿੱਖ ਭਾਈਚਾਰੇ ਨਾਲ ਸੰਬੰਧਿਤ ਮਹਿਜ਼ 2-3 ਪਰਿਵਾਰ ਹੀ ਰਹਿੰਦੇ ਹਨ ਜਿਨ੍ਹਾਂ ਦਾ ਕਾਰੋਬਾਰ ਵੀ ਗੁਹਾਟੀ ’ਚ ਹੈ। ਬ੍ਰਹਮਪੁੱਤਰ ਨਦੀ ਦੇ ਕਿਨਾਰੇ ’ਤੇ ਘੁੱਗ ਵੱਸਦੇ ਸ਼ਹਿਰ ਧੁਬੜੀ ’ਚ 70 ਫ਼ੀਸਦੀ ਆਬਾਦੀ ਮੁਸਲਮਾਨਾਂ ਦੀ ਹੈ। ਧੁਬੜੀ ਤੋਂ ਬ੍ਰਹਮਪੁੱਤਰ ਨਦੀ ਦੇ ਦੂਜੇ ਕਿਨਾਰੇ ’ਤੇ ਬੰਗਲਾਦੇਸ਼ ਹੈ, ਜਿੱਥੋਂ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਲੋਕ ਬੇੜਿਆਂ ਰਾਹੀਂ ਨਦੀ ਪਾਰ ਕੇ ਧੁਬੜੀ ਆਪਣੇ ਕੰਮਕਾਰ ਕਰਨ ਅਤੇ ਬੱਚੇ ਪੜ੍ਹਨ ਲਈ ਆਉਂਦੇ ਹਨ। ਸਿੱਖ ਪ੍ਰਤੀਨਿਧ ਬੋਰਡ ਈਸਟਰਨ ਜ਼ੋਨ ਦੇ ਪ੍ਰਧਾਨ ਦਿਲਜੀਤ ਸਿੰਘ ਸੇਠੀ ਦੱਸਦੇ ਹਨ ਕਿ ਭਾਵੇਂ ਉੱਤਰ-ਪੂਰਬ ਖਿੱਤੇ ’ਚ ਸਿੱਖ ਭਾਈਚਾਰੇ ਦੀ ਗਿਣਤੀ ਘੱਟ ਹੈ ਪਰ ਮਾਣ-ਸਤਿਕਾਰ ਬਹੁਤ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਆਸਾਮੀ ਸਿੱਖਾਂ ਦੇ ਅਸੂਲ ਅਨੁਸਾਰ ਵਿਆਹ ਕਰਵਾਉਣ ਲਈ ਲੜਕੇ-ਲੜਕੀ ਦਾ ਅੰਮ੍ਰਿਤਧਾਰੀ ਹੋਣਾ ਬੇਹੱਦ ਲਾਜ਼ਮੀ ਹੈ। ਆਸਾਮ ਦੇ ਸਭ ਤੋਂ ਵੱਡੇ ਸ਼ਹਿਰ ਗੁਹਾਟੀ ’ਚ 175 ਸਾਲ ਪੁਰਾਣੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੈਂਸੀ ਬਾਜ਼ਾਰ ਗੁਹਾਟੀ ਦੀ ਪ੍ਰਬੰਧਕ ਕਮੇਟੀ ਔਰਤਾਂ ਨਾਲ ਸੰਬੰਧਿਤ ਹੈ, ਜਿਸ ’ਚ ਵੁਮੈਨ ਕਮੇਟੀ ਦੇ ਮੌਜੂਦਾ ਪ੍ਰਧਾਨ ਦਿਲਜੀਤ ਸਿੰਘ ਸੇਠੀ ਦੀ ਪਤਨੀ ਕੰਵਲ ਕੌਰ (ਨੀਰੂ) ਹਨ।
ਸਿੱਖ ਧਰਮ ਦੇ ਪ੍ਰਚਾਰ-ਪਸਾਰ ਦੀ ਘਾਟ
ਦਿਲਜੀਤ ਸਿੰਘ ਸੇਠੀ ਦਾ ਇਹ ਵੀ ਕਹਿਣਾ ਹੈ ਕਿ ਉੱਥੋਂ ਦੇ ਸਥਾਨਕ ਲੋਕਾਂ ’ਚ ਧਰਮ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਹੈ ਪਰ ਉਹ ਈਸਟਰਨ ਜ਼ੋਨ ’ਚ ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਦੀ ਵੱਡੀ ਕਮੀ ਮਹਿਸੂਸ ਕਰਦੇ ਹਨ, ਜਿਸ ਲਈ ਹੁਣ ਬੋਰਡ ਵੱਲੋਂ ਧਰਮ ਪ੍ਰਚਾਰ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਵੱਖ-ਵੱਖ ਇਲਾਕਿਆਂ ’ਚ ਸਮੇਂ-ਸਮੇਂ ਅਨੁਸਾਰ ਗੁਰਮਤਿ ਸਮਾਗਮ ਕਰਵਾ ਕੇ ਲੋਕਾਈ ਨੂੰ ਗੁਰੂ ਸਾਹਿਬ ਦੇ ਸਿਧਾਂਤ ਅਤੇ ਫ਼ਲਸਫ਼ੇ ਨਾਲ ਜੋੜਿਆ ਜਾ ਸਕੇ। ਉਨ੍ਹਾਂ ਮੁਤਾਬਿਕ ਪ੍ਰਚਾਰ ਦੀ ਕਮੀ ਦੇ ਚੱਲਦਿਆਂ ਗੁਰੂ ਸਾਹਿਬ ਨਾਲ ਸੰਬੰਧਿਤ ਕੁਝ ਅਸਥਾਨਾਂ ਅਤੇ ਨਿਸ਼ਾਨੀਆਂ ਬਾਰੇ ਇਤਿਹਾਸ ’ਚ ਜ਼ਿਕਰ ਤਾਂ ਮਿਲਦਾ ਹੈ ਪਰ ਖੋਜ ਕਾਰਜ ਨਾ ਹੋਣ ਕਰਕੇ ਇਹ ਅਸਥਾਨ ਅਜੇ ਵੀ ਅਲੋਪ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾਗੱਦੀ ਦਿਵਸ ਦੇ 350 ਸਾਲਾ ਮੌਕੇ ਪਹਿਲਾ ਇਤਿਹਾਸਕ ਨਗਰ ਕੀਰਤਨ ਆਸਾਮ ਤੋਂ ਆਰੰਭ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਹੈ ਤੇ ਆਸਾਮ ਸਮੇਤ ਹੋਰ ਨੇੜਲੇ ਸੂਬਿਆਂ ’ਚ ਵੀ ਅਜਿਹੇ ਵੱਡੇ ਸਮਾਗਮ ਕਰਵਾਉਣੇ ਲਾਜ਼ਮੀ ਹਨ ਤਾਂ ਜੋ ਸਿੱਖ ਧਰਮ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾ ਸਕੇ।