
ਨਿਊਯਾਰਕ ਸਟੇਟ ਦੀ ਵਿਧਾਇਕ ਜੈਨੀਫ਼ਰ ਰਾਜਕੁਮਾਰ ਨੇ ਨਿਊਯਾਰਕ ਸਿਟੀ ਪੁਲਿਸ ਵਿਭਾਗ ਦੇ 102ਵੇਂ ਪ੍ਰੀਸਿੰਕਟ ਦੀ ਕਮਾਂਡਿੰਗ ਅਫ਼ਸਰ ਕੈਪਟਨ ਪ੍ਰਤਿਮਾ ਭੁੱਲਰ ਮਾਲਡੋਨਾਡੋ ਨੂੰ ਸਨਮਾਨਿਤ ਕੀਤਾ ਗਿਆ। ਪ੍ਰਤਿਮਾ ਨੇ ਇਸ ਸਾਲ ਫ਼ਰਵਰੀ ਵਿੱਚ ਪਹਿਲੀ ਸਿੱਖ ਔਰਤ ਅਤੇ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਵਜੋਂ ਪ੍ਰੀਸਿੰਕਟ ਕਮਾਂਡਰ ਬਣ ਕੇ ਇਤਿਹਾਸ ਰਚਿਆ। ਉਹ ਬੀਤੇ ਦਿਨੀਂ ਕੁਈਨਜ਼ ਦੇ ਸਾਊਥ ਰਿਚਮੰਡ ਹਿੱਲ ਵਿੱਚ 102ਵੇਂ ਪ੍ਰੀਸਿੰਕਟ ਦੀ ਅਗਵਾਈ ਕਰ ਰਹੀ ਸੀ, ਜੋ ਸ਼ਹਿਰ ਦੇ ਸਭ ਤੋਂ ਵਿਭਿੰਨ ਇਲਾਕਿਆਂ ’ਚੋਂ ਇੱਕ ਹੈ।
ਜੈਨੀਫ਼ਰ ਰਾਜਕੁਮਾਰ ਨੇ ਪ੍ਰਤਿਮਾ ਨੂੰ ‘ਪੰਜਾਬੀ ਯੋਧਾ’ ਕਹਿ ਕੇ ਸ਼ਲਾਘਾ ਕੀਤੀ। ਐਕਸ ’ਤੇ ਇੱਕ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਪ੍ਰਤਿਮਾ ਨੇ ਵੁੱਡਹੇਵਨ ਅਤੇ ਰਿਚਮੰਡ ਹਿੱਲ ਨੂੰ ਸੁਰੱਖਿਅਤ ਰੱਖਣ, ਲੋਕਾਂ ਅਤੇ ਪੁਲਿਸ ਵਿਚਕਾਰ ਵਿਸ਼ਵਾਸ ਵਧਾਉਣ ਅਤੇ ਔਰਤਾਂ ਤੇ ਘੱਟ-ਗਿਣਤੀਆਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਪੰਜਾਬ ਦੇ ਇੱਕ ਪਿੰਡ ਵਿੱਚ ਜਨਮੀ ਪ੍ਰਤਿਮਾ 9 ਸਾਲ ਦੀ ਉਮਰ ਵਿੱਚ ਪਰਿਵਾਰ ਨਾਲ ਅਮਰੀਕਾ ਆਈ ਸੀ। ਕੁਈਨਜ਼ ਵਿੱਚ ਵੱਡੀ ਹੋਈ, ਉਸ ਨੇ ਹਮੇਸ਼ਾ ਭਾਈਚਾਰੇ ਦੀ ਸੇਵਾ ਦਾ ਸੁਪਨਾ ਵੇਖਿਆ। ਉਹ ਪੁਲਿਸ ਵਿਭਾਗ ਵਿੱਚ ਪਹਿਲੀ ਸਿੱਖ ਮਹਿਲਾ ਸਾਰਜੈਂਟ, ਪਹਿਲੀ ਭਾਰਤੀ ਮਹਿਲਾ ਲੈਫ਼ਟੀਨੈਂਟ ਅਤੇ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਵਰਦੀਧਾਰੀ ਐਗਜ਼ਿਕਿਊਟਿਵ ਬਣੀ। 2023 ਵਿੱਚ ਉਸ ਨੂੰ ਕੈਪਟਨ ਦਾ ਰੈਂਕ ਮਿਲਿਆ ਅਤੇ 2025 ਵਿੱਚ ਉਸ ਨੇ 102ਵੇਂ ਪ੍ਰੀਸਿੰਕਟ ਦੀ ਕਮਾਨ ਸੰਭਾਲੀ।
ਚਾਰ ਬੱਚਿਆਂ ਦੀ ਮਾਂ ਪ੍ਰਤਿਮਾ ਸ਼ਹਿਰ ਦੀਆਂ ਮੁਸ਼ਕਿਲ ਜ਼ਿੰਮੇਵਾਰੀਆਂ ਨੂੰ ਸੰਭਾਲਦੀ ਹੈ। ਉਹ ਮੰਨਦੀ ਹੈ ਕਿ ਵਿਭਿੰਨ ਪੁਲਿਸ ਫ਼ੋਰਸ ਹੀ ਭਾਈਚਾਰਿਆਂ ਨਾਲ ਮਜ਼ਬੂਤ ਸਬੰਧ ਬਣਾ ਸਕਦੀ ਹੈ। ਉਸ ਦੀ ਨਿਯੁਕਤੀ ਨੂੰ ਪੁਲਿਸ ਵਿੱਚ ਨੁਮਾਇੰਦਗੀ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।
ਰਾਜਕੁਮਾਰ, ਜੋ ਪਹਿਲੀ ਭਾਰਤੀ-ਅਮਰੀਕੀ ਮਹਿਲਾ ਵਿਧਾਇਕ ਹੈ, ਨੇ ਕਿਹਾ ਕਿ ਪ੍ਰਤਿਮਾ ਨੌਜਵਾਨਾਂ ਨੂੰ ਜਨਤਕ ਸੇਵਾ ਵਿੱਚ ਕੈਰੀਅਰ ਲਈ ਪ੍ਰੇਰਿਤ ਕਰਦੀ ਹੈ ਅਤੇ ਅੰਡਰ-ਰਿਪ੍ਰਜ਼ੈਂਟਿਡ ਗਰੁੱਪਾਂ ਲਈ ਮੈਂਟਰਸ਼ਿਪ ਨੂੰ ਉਤਸ਼ਾਹਿਤ ਕਰਦੀ ਹੈ। ਪ੍ਰਤਿਮਾ ਦੀ ਅਗਵਾਈ ਸੁਨੇਹਾ ਦਿੰਦੀ ਹੈ ਕਿ ਸਮਝ ਅਤੇ ਸ਼ਮੂਲੀਅਤ ਨਾਲ ਭਾਈਚਾਰੇ ਸੁਰੱਖਿਅਤ ਅਤੇ ਮਜ਼ਬੂਤ ਹੋ ਸਕਦੇ ਹਨ।