ਪਾਕਿਸਤਾਨ ’ਚ ਦਲੀਪ ਕੁਮਾਰ ਤੇ ਰਾਜ ਕਪੂਰ ਦੇ ਪੁਸ਼ਤੈਨੀ ਘਰਾਂ ਨੂੰ ਮਿਊਜ਼ੀਅਮ ਬਨਾਉਣ ਦਾ ਐਲਾਨ

ਪਿਸ਼ਾਵਰ/ਏ.ਟੀ.ਨਿਊਜ਼: ਪਾਕਿਸਤਾਨ ਦੀ ਖ਼ੈਬਰ ਪਖ਼ਤੂਨਖ਼ਵਾ ਸੂਬਾਈ ਸਰਕਾਰ ਨੇ ਇੱਥੇ ਭਾਰਤ ਦੇ ਨਾਮੀ ਫਿਲਮ ਸਿਤਾਰਿਆਂ ਦਲੀਪ ਕੁਮਾਰ ਅਤੇ ਰਾਜ ਕਪੂਰ ਨਾਲ ਸਬੰਧਿਤ ਇਤਿਹਾਸਕ ਇਮਾਰਤਾਂ ਦੀ ਬਹਾਲੀ ਅਤੇ ਸੰਭਾਲ ਲਈ 3.38 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਹੈ। ਸੂਬੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਅਤੇ ਸੈਰ-ਸਪਾਟਾ ਤੇ ਪੁਰਾਤੱਤਵ ਸਲਾਹਕਾਰ ਜ਼ਾਹਿਦ ਖਾਨ ਸ਼ਿਨਵਾਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਹ ਮਨਜ਼ੂਰੀ ਦਿੱਤੀ ਗਈ ਹੈ।
ਮੀਟਿੰਗ ਨੇ ਸੰਸਾਰ ਬੈਂਕ ਪ੍ਰੋਗਰਾਮ ਤਹਿਤ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਵਿਰਾਸਤ ਸੰਭਾਲ ਅਤੇ ਸੈਰ-ਸਪਾਟਾ ਪ੍ਰਮੋਸ਼ਨ ਲਈ ਮੁੱਖ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਰਾਜ ਕਪੂਰ ਅਤੇ ਦਲੀਪ ਕੁਮਾਰ ਦੀਆਂ ਇਹ ਵਿਰਾਸਤੀ ਇਤਿਹਾਸਕ ਇਮਾਰਤਾਂ, ਜਿਨ੍ਹਾਂ ਨੂੰ ਪਾਕਿਸਤਾਨ ਸਰਕਾਰ ਵੱਲੋਂ ਪਹਿਲਾਂ ਹੀ ਕੌਮੀ ਵਿਰਾਸਤ ਐਲਾਨਿਆ ਜਾ ਚੁੱਕਾ ਹੈ, ਖਸਤਾ ਹਾਲਤ ਵਿੱਚ ਹਨ।
ਖ਼ੈਬਰ ਪਖ਼ਤੂਨਖ਼ਵਾ ਪੁਰਾਤੱਤਵ ਵਿਭਾਗ ਨੇ ਦੋਵਾਂ ਅਦਾਕਾਰਾਂ ਦੇ ਜੀਵਨ ਅਤੇ ਕਰੀਅਰ ਨੂੰ ਸਮਰਪਿਤ ਦੋਵਾਂ ਇਮਾਰਤਾਂ ਨੂੰ ਅਜਾਇਬ ਘਰਾਂ ਵਿੱਚ ਬਦਲਣ ਦੀ ਯੋਜਨਾ ਬਣਾਈ ਹੈ। ਤਤਕਾਲੀ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 13 ਜੁਲਾਈ, 2014 ਨੂੰ ਇਨ੍ਹਾਂ ਘਰਾਂ ਨੂੰ ਕੌਮੀ ਵਿਰਾਸਤ ਕਰਾਰ ਦਿੱਤਾ ਸੀ।
ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਡਾ. ਅਬਦੁਸ ਸਮਦ ਨੇ ਕਿਹਾ ਕਿ ਸਰਕਾਰ ਇਨ੍ਹਾਂ ਜਾਇਦਾਦਾਂ ਨੂੰ ਹਾਸਲ ਕਰਨ ਅਤੇ ਇਨ੍ਹਾਂ ਨੂੰ ਅਜਾਇਬ ਘਰਾਂ ਵਿੱਚ ਬਦਲਣ ਦਾ ਇਰਾਦਾ ਰੱਖਦੀ ਹੈ। ਅਜਾਇਬ ਘਰ ਦਲੀਪ ਕੁਮਾਰ ਅਤੇ ਰਾਜ ਕਪੂਰ ਦੀ ਪਿਸ਼ਾਵਰ ਤੋਂ ਮੁੰਬਈ ਤੱਕ ਦੀ ਯਾਤਰਾ ਨੂੰ ਪ੍ਰਦਰਸ਼ਿਤ ਕਰਨਗੇ, ਜਿਨ੍ਹਾਂ ਵਿੱਚ ਇੱਕ ਸਮਰਪਿਤ ਗੈਲਰੀ ਵੀ ਸ਼ਾਮਲ ਹੋਵੇਗੀ।

Loading