ਅੰਮ੍ਰਿਤਸਰ/ਏ.ਟੀ.ਨਿਊਜ਼ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦੇਸ਼ੀ ਸਿੱਖ ਸੰਗਤ ਨੇ ਪਾਕਿਸਤਾਨ ਵਿੱਚ ਸਥਿਤ ਗੁਰਧਾਮਾਂ ਦੇ ਦਰਸ਼ਨ ਕੀਤੇ ਹਨ। ਇਸ ਦੌਰਾਨ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਬਹੁਤ ਖਰਾਬ ਹਾਲਤ ਵੇਖ ਕੇ ਗਹਿਰੀ ਚਿੰਤਾ ਪ੍ਰਗਟਾਈ ਹੈ। ਪ੍ਰਵਾਸੀ ਸਿੱਖ ਭਾਈਚਾਰੇ ਨੇ ਕਿਹਾ ਕਿ ਇਹ ਗੁਰਦੁਆਰੇ ਸਿੱਖ ਇਤਿਹਾਸ ਅਤੇ ਵਿਰਾਸਤ ਦਾ ਅਨਮੋਲ ਭੰਡਾਰ ਹਨ, ਪਰ ਅਣਗਹਿਲੀ ਅਤੇ ਘੱਟ ਰੱਖ-ਰਖਾਅ ਕਾਰਨ ਉਹ ਖੰਡਰਾਂ ਵਿੱਚ ਬਦਲ ਰਹੇ ਹਨ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਖੱਤ ਲਿਖ ਕੇ ਤੁਰੰਤ ਕਾਰਵਾਈ ਅਤੇ ਵਿਸ਼ੇਸ਼ ਫੰਡ ਦੇਣ ਦੀ ਅਪੀਲ ਕੀਤੀ ਹੈ। ਭਾਰਤ-ਪਾਕਿ ਸਰਹੱਦ ਨੇੜੇ ਵਾਲੇ ਇਲਾਕਿਆਂ ਵਿੱਚ ਲਗਭਗ 150 ਤੋਂ ਵੱਧ ਗੁਰਦੁਆਰੇ ਤਰਸਯੋਗ ਹਾਲਤ ਵਿੱਚ ਹਨ, ਜੋ ਨਾ ਸਿਰਫ਼ ਸਿੱਖਾਂ ਲਈ ਬਲਕਿ ਪਾਕਿਸਤਾਨ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਲਈ ਵੀ ਖਤਰਾ ਬਣ ਰਹੇ ਹਨ।
ਵਿਦੇਸ਼ੀ ਸਿੱਖਾਂ ਨੇ ਦੱਸਿਆ ਕਿ ਜ਼ਿਲ੍ਹਾ ਗੁੱਜਰਾਂਵਾਲਾ ਦੇ ਵਜ਼ੀਰਾਬਾਦ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਕੋਠਾ ਸਾਹਿਬ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਵਾਪਸੀ ਦੌਰਾਨ ਠਹਿਰੇ ਸਨ, ਦਾ ਵੱਡਾ ਹਿੱਸਾ ਪੂਰੀ ਤਰ੍ਹਾਂ ਢਹਿ ਗਿਆ ਹੈ। ਇਹ ਇਮਾਰਤ ਹੁਣ ਸ਼ਰਨਾਰਥੀਆਂ ਦੇ ਕਬਜ਼ੇ ਵਿੱਚ ਹੈ ਅਤੇ ਕੋਈ ਵੀ ਰੱਖਿਆ ਨਹੀਂ ਹੋ ਰਹੀ। ਇਸੇ ਤਰ੍ਹਾਂ, ਜ਼ਿਲ੍ਹਾ ਕਸੂਰ ਦੇ ਪਿੰਡ ਕੰਗਣਪੁਰ ਵਿੱਚ ਗੁਰਦੁਆਰਾ ਮਾਲ ਜੀ ਸਾਹਿਬ ਦੇ ਵੱਡੇ ਭਾਗ ਨੂੰ ਇੱਕ ਪੁਲਿਸ ਅਧਿਕਾਰੀ ਨੇ ਆਪਣੀ ਨਿੱਜੀ ਰਿਹਾਇਸ਼ ਬਣਾ ਲਿਆ ਹੈ, ਜਦਕਿ ਬਾਕੀ ਹਿੱਸਾ ਬਰਬਾਦ ਹੋਣ ਦੀ ਕਗਾਰ ’ਤੇ ਹੈ। ਕਸੂਰ ਦੇ ਪਿੰਡ ਕਾਦੀਵਿੰਡ ਵਿੱਚ ਗੁਰੂ ਅਮਰਦਾਸ ਜੀ ਨਾਲ ਜੁੜੀ ਯਾਦਗਾਰੀ ਇਮਾਰਤ ਵੀ ਘਟੀਆ ਸੇਵਾ-ਸੰਭਾਲ ਕਾਰਨ ਪੂਰੀ ਤਰ੍ਹਾਂ ਖੰਡਹਰ ਬਣ ਗਈ ਹੈ। ਨੇੜਲੇ ਹੀ ਕਸੂਰ-ਫ਼ਿਰੋਜ਼ਪੁਰ ਰੋਡ ’ਤੇ ਬੀ.ਆਰ.ਬੀ. ਨਹਿਰ ਪਾਰ ਪਿੰਡ ਤਰਗੇ ਵਿਚਲਾ ਇਤਿਹਾਸਕ ਅਸਥਾਨ ਵੀ ਇਸੇ ਹਾਲ ਵਿੱਚ ਪਿਆ ਹੈ।
ਲਾਹੌਰ ਦੇ ਥਾਣਾ ਬਰਕੀ ਅਧੀਨ ਆਉਣ ਵਾਲੇ ਪਿੰਡ ਜਾਹਮਣ ਵਿੱਚ ਗੁਰਦੁਆਰਾ ਰੋੜੀ ਸਾਹਿਬ ਦੀ ਢਾਈ ਮੰਜ਼ਿਲਾਂ ਵਾਲੀ ਵਿਸ਼ਾਲ ਅਤੇ ਸੁੰਦਰ ਇਮਾਰਤ ਦਾ ਵੱਡਾ ਭਾਗ ਵੀ ਢਹਿ ਚੁੱਕਾ ਹੈ। ਇਸ ਤੋਂ ਵਿਚਲੇ ਪਿੰਡ ਪਢਾਣਾ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸਬੰਧਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਵੀ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ। ਸਰਹੱਦੀ ਪਿੰਡਾਂ ਵਿੱਚ ਗੁਰਦੁਆਰਾ ਮੰਜੀ ਸਾਹਿਬ (ਢਿਲਵਾਂ), ਗੁਰਦੁਆਰਾ ਹਰਿਗੋਬਿੰਦ ਸਾਹਿਬ (ਰਾਮਪੁਰਾ ਖੁਰਦ) ਅਤੇ ਗੁਰਦੁਆਰਾ ਹਰਿਗੋਬਿੰਦ ਸਾਹਿਬ (ਝੱਲੀਆਂ) ਵਰਗੇ ਮਹੱਤਵਪੂਰਨ ਅਸਥਾਨ ਵੀ ਧਿਆਨ ਨਾ ਦੇਣ ਕਾਰਨ ਬਰਬਾਦ ਹੋ ਰਹੇ ਹਨ। ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਗੁਰਦੁਆਰੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਪਵਿੱਤਰ ਯਾਦਾਂ ਨਾਲ ਜੁੜੇ ਹਨ। ਉਹਨਾਂ ਨੂੰ ਬਚਾਉਣਾ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਜ਼ਿੰਮੇਵਾਰੀ ਹੈ। ਪਾਕਿਸਤਾਨ ਸਰਕਾਰ ਨੂੰ ਅੰਤਰਰਾਸ਼ਟਰੀ ਸਹਿਯੋਗ ਨਾਲ ਇਹ ਕੰਮ ਕਰਨਾ ਚਾਹੀਦਾ ਹੈ।
ਪ੍ਰਵਾਸੀ ਸਿੱਖ ਭਾਈਚਾਰੇ ਨੇ ਨਨਕਾਣਾ ਸਾਹਿਬ ਵਰਗੇ ਵੱਡੇ ਗੁਰਦੁਆਰਿਆਂ ਦੀ ਸੰਭਾਲ ਦੀ ਸ਼ਲਾਘਾ ਵੀ ਕੀਤੀ, ਪਰ ਛੋਟੇ ਅਤੇ ਸਰਹੱਦੀ ਗੁਰਦੁਆਰਿਆਂ ਨੂੰ ਭੁੱਲ ਨਾ ਜਾਣ ਦੀ ਅਪੀਲ ਦਿੱਤੀ। ਸਿੱਖ ਮਾਹਿਰਾਂ ਮੁਤਾਬਕ, ਜੇਕਰ ਤੁਰੰਤ ਕਾਰਵਾਈ ਨਾ ਹੋਈ ਤਾਂ ਇਹ ਵਿਰਾਸਤ ਹਮੇਸ਼ਾ ਲਈ ਗੁਆਚ ਸਕਦੀ ਹੈ।
![]()
