ਪਾਕਿਸਤਾਨ ਵਿੱਚ ਘੱਟਗਿਣਤੀ ਭਾਈਚਾਰਿਆਂ, ਖਾਸ ਕਰਕੇ ਹਿੰਦੂ ਅਤੇ ਇਸਾਈ ਬੱਚਿਆਂ ਨੂੰ ਵੱਡੇ ਪੱਧਰ ’ਤੇ ਸ਼ੋਸ਼ਣ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੇ ਬਾਲ ਅਧਿਕਾਰਾਂ ਲਈ ਰਾਸ਼ਟਰੀ ਕਮਿਸ਼ਨ ਦੀ ਇੱਕ ਰਿਪੋਰਟ ਵਿੱਚ ਇਸ ਦਾ ਖ਼ੁਲਾਸਾ ਹੋਇਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬੱਚਿਆਂ ਨੂੰ ਜਬਰੀ ਧਰਮ ਤਬਦੀਲੀ, ਬੰਧੂਆ ਮਜ਼ਦੂਰੀ ਅਤੇ ਬਾਲ ਵਿਆਹ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਜ਼ਾਰਾਂ ਬੱਚੇ ਰੋਜ਼ਾਨਾ ਇਸ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ, ਜੋ ਕਿ ਸਿਰਫ਼ ਕਾਨੂੰਨੀ ਮੁੱਦਾ ਨਹੀਂ, ਬਲਕਿ ਮਨੁੱਖੀ ਅਧਿਕਾਰਾਂ ਦਾ ਇੱਕ ਵੱਡਾ ਸੰਕਟ ਹੈ।
ਘੱਟਗਿਣਤੀ ਬੱਚਿਆਂ ਨੂੰ ਸਕੂਲਾਂ ਵਿੱਚ ਵੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਰਿਪੋਰਟ ਅਨੁਸਾਰ, ਅਧਿਆਪਕ ਅਤੇ ਸਹਿਪਾਠੀ ਉਨ੍ਹਾਂ ਨਾਲ ਮਾੜਾ ਵਿਵਹਾਰ ਕਰਦੇ ਹਨ। ਧਰਮ ਦੇ ਆਧਾਰ ’ਤੇ ਉਨ੍ਹਾਂ ’ਤੇ ਤਾਅਨੇ-ਮਿਹਣੇ ਕੱਸੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਬਾਕੀ ਬੱਚਿਆਂ ਤੋਂ ਵੱਖ ਬਿਠਾਇਆ ਜਾਂਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਨੂੰ ਜਮਾਤ ਵਿੱਚ ਅੱਗੇ ਬੈਠਣ ਜਾਂ ਸਵਾਲ ਪੁੱਛਣ ਦੀ ਇਜਾਜ਼ਤ ਨਹੀਂ ਹੁੰਦੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਇੱਕੋ ਗਲਾਸ ਵਿੱਚੋਂ ਪਾਣੀ ਵੀ ਨਹੀਂ ਪੀ ਸਕਦੇ। ਅਪ੍ਰੈਲ 2023 ਤੋਂ ਦਸੰਬਰ 2024 ਦੌਰਾਨ ਐਨ.ਸੀ.ਆਰ.ਸੀ. ਕੋਲ ਬੱਚਿਆਂ ਨਾਲ ਜੁੜੇ ਕਤਲ, ਅਗਵਾ, ਜਬਰੀ ਧਰਮ ਪਰਿਵਰਤਨ ਅਤੇ ਬਾਲ ਵਿਆਹ ਦੇ 27 ਮਾਮਲੇ ਦਰਜ ਹੋਏ ਹਨ, ਪਰ ਅਸਲ ਅੰਕੜੇ ਇਸ ਤੋਂ ਕਿਤੇ ਵੱਧ ਹੋ ਸਕਦੇ ਹਨ ਕਿਉਂਕਿ ਕਈ ਪਰਿਵਾਰ ਡਰ ਕਾਰਨ ਸ਼ਿਕਾਇਤ ਦਰਜ ਨਹੀਂ ਕਰਵਾਉਂਦੇ। ਪੰਜਾਬ ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ, ਜਿੱਥੇ 40% ਮਾਮਲੇ ਦਰਜ ਕੀਤੇ ਗਏ ਹਨ।