
ਪਾਣੀਪਤ, 6 ਦਸੰਬਰ:
ਇੱਥੋਂ ਦੀ ਧਾਗਾ ਫੈਕਟਰੀ ਵਿਚ ਅੱਗ ਲੱਗਣ ਕਾਰਨ ਦੋ ਮੁਲਾਜ਼ਮ ਜ਼ਿੰਦਾ ਸੜ ਗਏ ਜਦਕਿ ਤਿੰਨ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪਰ ਉਨ੍ਹਾਂ ਵਿਚੋਂ ਦੋ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇਹ ਪਤਾ ਲੱਗਿਆ ਹੈ ਕਿ ਇਸ ਫੈਕਟਰੀ ਵਿਚ ਦੇਰ ਰਾਤ ਅੱਗ ਲੱਗੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਤੇ ਫੈਕਟਰੀ ਵਿਚੋਂ ਪੰਜ ਜਣਿਆਂ ਨੂੰ ਬਾਹਰ ਕੱਢਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪਿੰਡ ਬਲਾਨਾ ਵਿਚ ਵਾਪਰੀ।
ਹਾਲੇ ਤਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਜਿਸ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਸੁਮਿਤ ਤੇ ਤਸਮਿਲ ਵਜੋਂ ਹੋਈ ਹੈ। ਅੱਗ ਲੱਗਣ ਨਾਲ ਮਸ਼ੀਨਰੀ ਵੀ ਨੁਕਸਾਨੀ ਗਈ।