ਜਿਹੜਾ ਪਾਸਟਰ ਬਜਿੰਦਰ ਸਿੰਘ ਜਾਦੂਈ ਸ਼ਕਤੀਆਂ ਦਾ ਦਾਅਵਾ ਕਰਦਾ ਸੀ ਕਿ ਉਹ ਲੋਕਾਂ ਦੇ ਰੋਗ ਦੂਰ ਕਰ ਸਕਦਾ ਹੈ।ਮੁਰਦਿਆਂ ਵਿਚ ਜਾਨ ਫੂਕ ਸਕਦਾ ਹੈ,ਜੇਲਾਂ ਵਿਚੋਂ ਬੰਦੇ ਛੁਡਾ ਸਕਦਾ ਹੈ,ਪਰ ਅਦਾਲਤ ਸਾਹਮਣੇ ਉਸਦਾ ਜਾਦੂ ਨਹੀਂ ਚਲ ਸਕਿਆ।ਬਲਾਤਕਾਰ ਦੇ ਕੇਸ ਵਿਚ ਮੋਹਾਲੀ ਦੀ ਅਦਾਲਤ ਨੇ ਉਮਰ ਕੈਦ ਸੁਣਾ ਦਿੱਤੀ। ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 1 ਲੱਖ ਰੁਪਏ ਜ਼ਰੁਮਾਨਾ ਵੀ ਲਗਾਇਆ ਗਿਆ ਹੈ। ਜਾਣਕਾਰੀ ਅਨੁਸਾਰ, ਪਾਸਟਰ ਬਜਿੰਦਰ ‘ਤੇ ਬਲਾਤਕਾਰ ਦੇ ਗੰਭੀਰ ਦੋਸ਼ ਸਨ, ਜਿਸ ਦੀ ਸ਼ਿਕਾਇਤ ਪੀੜਤਾ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਗਈ ਸੀ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਾਰੇ ਸਬੂਤਾਂ ਅਤੇ ਗਵਾਹੀਆਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਖ਼ਤ ਫੈਸਲਾ ਸੁਣਾਇਆ।ਇਸ ਫੈਸਲੇ ਨੂੰ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਨਿਆਂ ਪ੍ਰਣਾਲੀ ਦੀ ਮਜ਼ਬੂਤੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਸਥਾਨਕ ਲੋਕਾਂ ਅਤੇ ਸਮਾਜਿਕ ਸੰਗਠਨਾਂ ਨੇ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਅਪਰਾਧੀਆਂ ਲਈ ਸਖ਼ਤ ਸੁਨੇਹਾ ਕਰਾਰ ਦਿੱਤਾ ਹੈ। ਇਸ ਫੈਸਲੇ ਨਾਲ ਪੀੜਤ ਪਰਿਵਾਰ ਨੂੰ ਵੀ ਇਨਸਾਫ ਮਿਲਣ ਦੀ ਉਮੀਦ ਜਾਗੀ ਹੈ।
2018 ਦਾ ਹੈ ਇਹ ਮਾਮਲਾ
ਬਜਿੰਦਰ ਪਾਸਟਰ ਵਿਰੁੱਧ 2018 ਵਿੱਚ ਮੋਹਾਲੀ ਦੇ ਜ਼ੀਰਕਪੁਰ ਪੁਲਿਸ ਸਟੇਸ਼ਨ ਵਿੱਚ ਬਲਾਤਕਾਰ, ਹਮਲੇ ਅਤੇ ਧਮਕੀਆਂ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ। ਔਰਤ ਨੇ ਕਿਹਾ ਕਿ ਉਹ ਵਿਦੇਸ਼ ਵਿੱਚ ਸੈਟਲ ਹੋਣਾ ਚਾਹੁੰਦੀ ਹੈ। ਇਸ ਲਈ ਉਸਨੇ ਬਜਿੰਦਰ ਨਾਲ ਸੰਪਰਕ ਕੀਤਾ। ਬਜਿੰਦਰ ਉਸਨੂੰ ਮੋਹਾਲੀ ਦੇ ਸੈਕਟਰ 63 ਵਾਲੇ ਆਪਣੇ ਘਰ ਲੈ ਗਿਆ। ਜਿੱਥੇ ਉਸਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾਈ।
ਇਸ ਮਾਮਲੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ, ਬਜਿੰਦਰ ਸਿੰਘ ਨੂੰ 2018 ਵਿੱਚ ਹੀ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਬਜਿੰਦਰ ਨੂੰ ਬਾਅਦ ਵਿੱਚ ਜ਼ਮਾਨਤ ‘ਤੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਇਸ ਮਹੀਨੇ ਦੇ ਸ਼ੁਰੂ ਵਿੱਚ, 3 ਮਾਰਚ ਨੂੰ, ਅਦਾਲਤ ਨੇ ਬਜਿੰਦਰ ਅਤੇ ਪੰਜ ਹੋਰ ਮੁਲਜ਼ਮਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।
28 ਮਾਰਚ ਨੂੰ ਮੋਹਾਲੀ ਅਦਾਲਤ ਨੇ ਇਸ ਮਾਮਲੇ ਵਿੱਚ ਬਜਿੰਦਰ ਸਿੰਘ ਨੂੰ ਦੋਸ਼ੀ ਪਾਇਆ। ਬਾਕੀ ਪੰਜ ਦੋਸ਼ੀਆਂ ਪਾਸਟਰ ਜਤਿੰਦਰ ਕੁਮਾਰ ਅਤੇ ਅਕਬਰ ਭੱਟੀ, ਰਾਜੇਸ਼ ਚੌਧਰੀ, ਸਿਤਾਰ ਅਲੀ ਅਤੇ ਸੰਦੀਪ ਪਹਿਲਵਾਨ ਨੂੰ ਬਰੀ ਕਰ ਦਿੱਤਾ ਗਿਆ। ਇੱਕ ਦੋਸ਼ੀ, ਸੁੱਚਾ ਸਿੰਘ, ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਹੈ।
ਜਥੇਦਾਰ ਅਕਾਲ ਤਖਤ ਪੀੜਤ ਬੀਬੀਆਂ ਦੇ ਹੱਕ ਵਿਚ ਡਟੇ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਖੌਤੀ ਪਾਸਟਰ ਬਜਿੰਦਰ ਵੱਲੋਂ ਪੀੜਤ ਦੋ ਬੀਬੀਆਂ ਨਾਲ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਲਾਕਾਤ ਕੀਤੀ। ਅੰਮ੍ਰਿਤਸਰ ਪੁੱਜੀਆਂ ਪੀੜਤ ਬੀਬੀਆਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਦੌਰਾਨ ਦੋਸ਼ੀ ਬਜਿੰਦਰ ਵੱਲੋਂ ਉਨ੍ਹਾਂ ਉੱਤੇ ਕੀਤੇ ਗਏ ਜੁਲਮਾਂ ਦੀ ਜਾਣਕਾਰੀ ਵਿਸਥਾਰ ਵਿੱਚ ਸਾਂਝੀ ਕੀਤੀ। ਬੀਬੀਆਂ ਨੇ ਜਥੇਦਾਰ ਨੂੰ ਦੱਸਿਆ ਕਿ ਪਾਸਟਰ ਬਜਿੰਦਰ ਵੱਲੋਂ ਉਸ ਦੇ ਡੇਰਿਆਂ ਵਿੱਚ ਉਨ੍ਹਾਂ ਨਾਲ ਅੱਤਿਆਚਾਰ ਤੇ ਜਿਣਸੀ ਸ਼ੋਸ਼ਣ ਕੀਤਾ ਗਿਆ, ਜਿਸ ਸਬੰਧੀ ਪੰਜਾਬ ਪੁਲਿਸ ਵੱਲੋਂ ਪਰਚੇ ਵੀ ਦਰਜ ਕੀਤੇ ਗਏ ਹਨ। ਬੀਬੀਆਂ ਨੇ ਕਿਹਾ ਕਿ ਪਰਚੇ ਦਰਜ ਕੀਤੇ ਜਾਣ ਤੋਂ ਬਾਅਦ ਬਜਿੰਦਰ ਦੇ ਕਰਿੰਦਿਆਂ ਵੱਲੋਂ ਦੋਵਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਵੀ ਉਸ ਖ਼ਿਲਾਫ਼ ਲੰਮੇ ਸਮੇਂ ਤੋਂ ਸਖ਼ਤ ਕਾਰਵਾਈ ਨਹੀਂ ਕੀਤੀ ਗਈ, ਇਸ ਕਰਕੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀਆਂ ਹਨ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਵੇਂ ਪੁਲਿਸ ਵੱਲੋਂ ਦੋਸ਼ੀ ਬਜਿੰਦਰ ਖ਼ਿਲਾਫ਼ ਪਰਚੇ ਦਰਜ ਕਰ ਲਏ ਗਏ ਹਨ ਪਰੰਤੂ ਉਸ ਵਿਰੁੱਧ ਕਾਰਵਾਈ 'ਚ ਢਿੱਲ-ਮੱਠ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਤਾੜਨਾ ਹੈ ਕਿ ਉਹ ਦੋਸ਼ੀ ਬਜਿੰਦਰ ਦੇ ਖ਼ਿਲਾਫ਼ ਤੁਰੰਤ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਅਤੇ ਪੀੜਤ ਬੀਬੀਆਂ ਦੀ ਸੁਰੱਖਿਆ ਯਕੀਨੀ ਬਣਾਵੇ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਖ਼ਾਲਸਾ ਪੰਥ ਦਾ ਨੁਮਾਇੰਦਾ ਹੋਣ ਦੇ ਨਾਤੇ ਦੋਵੇਂ ਬੀਬੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੱਚੇ ਤਖ਼ਤ ਉੱਤੇ ਆਈਆਂ ਹਨ ਅਤੇ ਦੋਸ਼ੀ ਪਖੰਡਵਾਦੀ ਦੇ ਵਿਰੁੱਧ ਸਮੁੱਚੀ ਸਿੱਖ ਕੌਮ ਤੇ ਪੰਜਾਬ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਗੁਰੂ ਸਾਹਿਬਾਨ ਦੇ ਨਾਮ ਉੱਤੇ ਵੱਸਦੇ ਪੰਜਾਬ ਅੰਦਰ ਸਰਕਾਰ ਵਲੋਂ ਅੱਜ ਬਲਾਤਕਾਰੀ ਮਾਨਸਿਕਤਾ ਵਾਲੇ ਡੇਰੇਦਾਰਾਂ ਨੂੰ ਉਭਾਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬਲਾਤਕਾਰੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਪੰਜਾਬ ਅੰਦਰ ਇਸੇ ਤਰ੍ਹਾਂ ਉਭਾਰਿਆ ਗਿਆ ਸੀ ਅਤੇ ਅੱਜ ਵੀ ਸਰਕਾਰ ਵੱਲੋਂ ਉਸਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਅੰਦਰ ਉਭਰ ਰਹੇ ਮਨੁੱਖਤਾ ਵਿਰੋਧੀ, ਸਿੱਖ ਵਿਰੋਧੀ ਤੇ ਪਖੰਡਵਾਦ ਦੇ ਡੇਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਤੁਰੰਤ ਸੀਲ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਦੋਵੇਂ ਬੀਬੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਇਸਾਈ ਭਾਈਚਾਰੇ ਦੇ ਧਾਰਮਿਕ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਅਖੌਤੀ ਪਖੰਡਵਾਦੀਆਂ ਤੇ ਬਲਾਤਕਾਰੀ ਮਾਨਸਿਕਤਾ ਵਾਲੇ ਲੋਕਾਂ ਦੀ ਪਛਾਣ ਕਰਨ ਅਤੇ ਇਨ੍ਹਾਂ ਵਿਰੁੱਧ ਖੁਦ ਅਵਾਜ਼ ਉਠਾਉਣ।
ਦੂਜੇ ਪਾਸੇ ਪਾਸਟਰ ਬਜਿੰਦਰ ਸਿੰਘ ਮਨਿਸਟਰੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ।ਉਨ੍ਹਾਂ ਨੇ ਕਿਹਾ, "ਪਾਸਟਰ ਬਜਿੰਦਰ ਸਿੰਘ ਉੱਤੇ ਲੱਗੇ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ। ਇਹ ਇਲਜ਼ਾਮ ਇੱਕ ਸਾਜ਼ਿਸ਼ ਤਹਿਤ ਲਗਾਏ ਗਏ ਹਨ।"