ਪਿੰਡਾਂ ਉਪਰ ਪੈ ਰਿਹਾ ਏ ਆਧੁਨਿਕ ਵਿਕਾਸ ਦਾ ਅਸਰ

In ਮੁੱਖ ਲੇਖ
May 29, 2025
ਸੁਖਪਾਲ ਸਿੰਘ ਬਰਨ : ਕਿਸੇ ਸਮੇਂ ਪਿੰਡਾਂ ਨੂੰ ਸਵਰਗ ਦੀ ਨਿਆਈ ਸਮਝਿਆ ਜਾਂਦਾ ਸੀ। ਚਾਰ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੀ ਜ਼ਿੰਦਗੀ ਬੜੀ ਸ਼ਾਂਤ ਸਹਿਜ ਅਤੇ ਸਬਰ ਸੰਤੋਖ ਵਾਲੀ ਹੁੰਦੀ ਸੀ। ਪਿੰਡਾਂ ਦੇ ਲੋਕਾਂ ਵਿੱਚ ਮੋਹ, ਪਿਆਰ, ਅਪਣੱਤ ਅਤੇ ਦੁੱਖ ਸੁੱਖ ਦੀ ਸਾਂਝ ਉਹਨਾਂ ਦੇ ਜੀਵਨ ਵਿੱਚੋਂ ਝਲਕਦੀ ਸੀ। ਇਹ ਸਾਂਝ ਹੀ ਉਹਨਾਂ ਨੂੰ ਇੱਕ ਲੜੀ ਵਿੱਚ ਪਰੋਈ ਰੱਖਦੀ। ਭਾਵੇਂ ਲੋਕ ਬਹੁਤ ਸਾਰੀਆਂ ਥੁੜਾਂ ਨਾਲ ਜੂਝਦੇ ਸਨ ਪ੍ਰੰਤੂ ਫਿਰ ਵੀ ਚਿਹਰੇ ਦੀ ਰੌਣਕ, ਖੁਸ਼ੀ ਅਤੇ ਸੰਤੁਸ਼ਟੀ ਦੇ ਭਾਵ ਸਪਸ਼ਟ ਨਜ਼ਰ ਆਉਂਦੇ ਸਨ। ਸਰੀਰਕ ਡੀਲ ਡੌਲ ਅਤੇ ਚਿਹਰੇ ਦਾ ਜਲੌਅ ਉਹਨਾਂ ਦੇ ਤੰਦਰੁਸਤ ਅਤੇ ਤਕੜੇ ਹੋਣ ਦਾ ਪ੍ਰਮਾਣ ਹੁੰਦਾ ਸੀ। ਲੋਕ ਪਿੰਡ ਦੀਆਂ ਸੱਥਾਂ ਵਿੱਚ ਜੁੜ ਕੇ ਬੈਠਦੇ ਤੇ ਮਹੱਤਵਪੂਰਨ ਮਸਲਿਆਂ ਤੇ ਵਿਚਾਰ ਚਰਚਾ ਕਰਦੇ। ਛੋਟੇ ਮੋਟੇ ਝਗੜੇ ਪਿੰਡ ਵਿੱਚ ਹੀ ਨਿਪਟਾ ਲਏ ਜਾਂਦੇ ਸਨ। ਪੰਚਾਇਤ ਦਾ ਫੈਸਲਾ ਪਰਮੇਸ਼ਰ ਦਾ ਫੈਸਲਾ ਸਮਝਿਆ ਜਾਂਦਾ ਸੀ। ਪ੍ਰੰਤੂ ਅਜੋਕੇ ਵਿਸ਼ਵੀਕਰਨ, ਸਨਅਤੀਕਰਨ, ਤਕਨੀਕੀਕਰਨ, ਢਾਂਚਾਗਤ ਵਿਕਾਸ ਅਤੇ ਜੀਵਨ ਦੀਆਂ ਬਦਲਦੀਆਂ ਕੀਮਤਾਂ ਅਤੇ ਵਿਸ਼ਵਾਸਾਂ ਨੇ ਪਿੰਡਾਂ ਦੀ ਜ਼ਿੰਦਗੀ ’ਤੇ ਬਹੁਤ ਗਹਿਰਾ ਅਸਰ ਪਾਇਆ ਹੈ। ਜ਼ਿੰਦਗੀ ਦੀ ਸਹਿਜਤਾ: ਪਿੰਡਾਂ ਦੀ ਜ਼ਿੰਦਗੀ ਬੜੀ ਸਹਿਜ ਹੋਇਆ ਕਰਦੀ ਸੀ। ਮੁਰਗੇ ਦੀ ਬਾਂਗ ਦੇਣ ਨਾਲ ਹੀ ਜ਼ਿੰਦਗੀ ਦੀ ਹਰਕਤ ਸ਼ੁਰੂ ਹੋ ਜਾਂਦੀ ਸੀ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਖੇਤੀ ਦਾ ਜ਼ਿਆਦਾਤਰ ਕੰਮ ਬਲਦਾਂ ਅਤੇ ਊਠਾਂ ਨਾਲ ਕੀਤਾ ਜਾਂਦਾ ਸੀ। ਕਿਸਾਨ ਤੋਂ ਇਲਾਵਾ ਹੋਰ ਕਿੱਤਿਆਂ ਵਾਲੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਕਿੱਤੇ ਨਾਲ ਜੁੜੇ ਹੁੰਦੇ ਸਨ। ਖੇਤੀ ਪੂਰੇ ਪਿੰਡ ਦੀਆਂ ਲੋੜਾਂ ਪੂਰੀਆਂ ਕਰਦੀ ਸੀ। ਜਿੱਥੇ ਦਾਣੇ ਕੱਢਣ ਤੋਂ ਬਾਅਦ ਕਿਸਾਨ ਦੇ ਘਰ ਫਸਲ ਆਉਂਦੀ ਉੱਥੇ ਪਿੰਡ ਦੇ ਤਰਖਾਣ, ਮੋਚੀ, ਦਰਜੀ, ਘੁਮਿਆਰ ਆਦਿ ਨੂੰਵੀ ਕੰਮ ਕਰਾਉਣ ਬਦਲੇ ਦਾਣਿਆਂ ਦਾ ਕੁਝ ਹਿੱਸਾ ਦਿੱਤਾ ਜਾਂਦਾ, ਜਿਸ ਨੂੰ ਸੇਫੀ ਕਹਿੰਦੇ ਸਨ। ਪਹੁ ਫੁਟਾਲੇ ਤੋਂ ਪਹਿਲਾਂ ਹੀ ਹਾਲੀ ਖੇਤਾਂ ਵਿੱਚ ਹਲ ਜੋੜ ਲੈਂਦੇ। ਇਸੇ ਸਮੇਂ ਸੁਆਣੀਆਂ ਚਾਟੀਆਂ ਵਿੱਚ ਮਧਾਣੀ ਪਾ ਕੇ ਦੁੱਧ ਰਿੜਕਣ ਲੱਗ ਜਾਂਦੀਆਂ। ਜਿੱਥੇ ਖੇਤਾਂ ਵਿੱਚ ਲੋਕ ਇਕੱਠੇ ਮਿਲ ਕੇ ਕੰਮ ਕਰਦੇ, ਉੱਥੇ ਔਰਤਾਂ ਵੀ ਆਪਣਾ ਕੰਮ ਨਿਪਟਾ ਕੇ ਕੱਤਣ, ਕੱਢਣ ਦਾ ਕੰਮ ਇਕੱਠੀਆਂ ਬੈਠ ਕੇ ਕਰਦੀਆਂ। ਜਦੋਂ ਕੰਮ ਦਾ ਜ਼ੋਰ ਹੁੰਦਾ ਤਾਂ ਲੋਕ ਇੱਕ ਦੂਸਰੇ ਨਾਲ ਸਾਂਝੀ ਬਣਕੇ ਕਰਕੇ ਹਾੜ੍ਹੀ ਵੱਢਦੇ, ਦਾਣਿਆਂ ਦੀ ਕਢਾਈ ਕਰਦੇ। ਗਰਮੀਆਂ ਵਿੱਚ ਸਾਰੇ ਪਿੰਡ ਦੇ ਲੋਕ ਮਿਲ ਕੇ ਹੀ ਦਰਖਤਾਂ ਥੱਲੇ ਦੁਪਹਿਰੇ ਕੱਟਦੇ। ਇਸ ਤਰ੍ਹਾਂ ਪਿੰਡਾਂ ਦੇ ਲੋਕਾਂ ਦੀ ਹਰ ਕਿਰਿਆ ਵਿੱਚ ਮੇਲ ਮਿਲਾਪ ਝਲਕਦਾ ਸੀ ਅਤੇ ਅੱਜ ਦੀ ਜ਼ਿੰਦਗੀ ਵਾਂਗ ਇਕੱਲੇਪਨ ਜਾਂ ਨਿਰਾਸ਼ਤਾ ਲਈ ਕੋਈ ਥਾਂ ਨਹੀਂ ਸੀ ਹੁੰਦੀ। ਦੁੱਖ ਸੁੱਖ ਦੀ ਸਾਂਝ: ਪਿੰਡ ਦੇ ਲੋਕਾਂ ਦੇ ਦੁੱਖ ਸੁੱਖ ਸਾਂਝੇ ਹੁੰਦੇ ਸਨ। ਕਿਸੇ ਇੱਕ ਦੇ ਦੁੱਖ ਨੂੰ ਸਾਰੇ ਪਿੰਡ ਦਾ ਦੁੱਖ ਸਮਝਿਆ ਜਾਂਦਾ ਸੀ। ਜੇਕਰ ਕਿਸੇ ਦੇ ਪਸ਼ੂ ਡੰਗਰ ਦਾ ਨੁਕਸਾਨ ਹੋ ਜਾਂਦਾ ਸੀ ਤਾਂ ਵੀ ਸਾਰੇ ਪਿੰਡ ਦੇ ਲੋਕ ਅਫਸੋਸ ਕਰਨ ਘਰ ਆਉਂਦੇ ਸਨ। ਜੇਕਰ ਕਿਸੇ ਘਰ ਮੌਤ ਹੁੰਦੀ ਸੀ ਤਾਂ ਸਾਰਾ ਪਿੰਡ ਅਫਸੋਸ ਕਰਨ ਲਈ ਸੱਥਰ ’ਤੇ ਬੈਠਾ ਹੁੰਦਾ। ਭੋਗ ਪੈਣ ਤਕ ਰਾਤ ਨੂੰ ਵੀ ਬਹੁਤ ਸਾਰੇ ਲੋਕ ਮਰਗਤ ਵਾਲੇ ਦੇ ਘਰ ਸੌਂਦੇ। ਜੇਕਰ ਇਸ ਸਮੇਂ ਕੰਮ ਦਾ ਜ਼ੋਰ ਹੁੰਦਾ ਤਾਂ ਸਾਰਾ ਪਿੰਡ ਮਿਲ ਕੇ ਉਹਨਾਂ ਦਾ ਕੰਮ ਕਰ ਦਿੰਦਾ। ਇਸੇ ਤਰ੍ਹਾਂ ਲੋਕਾਂ ਦੀਆਂ ਖੁਸ਼ੀਆਂ ਵੀ ਸਾਂਝੀਆਂ ਹੁੰਦੀਆਂ ਸਨ। ਵਿਆਹ ਵਾਲੇ ਘਰ ਵਿਆਹ ਤੋਂ ਕਈ ਦਿਨ ਪਹਿਲਾਂ ਕੋਠੇ ’ਤੇ ਮੰਜੇ ਜੋੜ ਕੇ ਸਪੀਕਰ ਲਾ ਦਿੱਤਾ ਜਾਂਦਾ ਸੀ। ਵਿਆਹ ਵਾਲੇ ਮੁੰਡੇ ਜਾਂ ਕੁੜੀ ਦੇ ਘਰ ਜਾ ਕੇ ਵਿਆਹ ਤੋਂ ਕਈ ਦਿਨ ਪਹਿਲਾਂ ਪਿੰਡ ਦੀਆਂ ਔਰਤਾਂ ਮੁੰਡੇ ਦੇ ਵਿਆਹ ’ਤੇ ਸੁਹਾਗ ਅਤੇ ਕੁੜੀ ਦੇ ਵਿਆਹ ’ਤੇ ਘੋੜੀਆਂ ਗਾਉਂਦੀਆਂ। ਵਿਆਹ ਕਈ ਕਈ ਦਿਨ ਚਲਦਾ ਤੇ ਪੂਰੇ ਪਿੰਡ ਦੀ ਰੋਟੀ ਵਿਆਹ ਵਾਲੇ ਘਰ ਹੁੰਦੀ। ਵਿਆਹ ਵਾਲੇ ਘਰ ਵਿੱਚ ਰਿਸ਼ਤੇਦਾਰਾਂ ਦੇ ਸੌਣ ਦਾ ਪ੍ਰਬੰਧ ਕਰਨ ਲਈ ਪੂਰੇ ਪਿੰਡ ਵਿੱਚੋਂ ਮੰਜੇ ਬਿਸਤਰੇ ਇਕੱਠੇ ਕੀਤੇ ਜਾਂਦੇ। ਬਰਾਤਾਂ ਰਾਤਾਂ ਰਿਹਾ ਕਰਦੀਆਂ ਸਨ। ਪਰੰਤੂ ਜ਼ਿੰਦਗੀ ਦੀ ਰਫਤਾਰ ਤੇਜ਼ ਹੋਣ ਕਾਰਨ ਅੱਜ ਕੱਲ੍ਹ ਖੁਸ਼ੀ ਗਮੀ ਦੇ ਵਿੱਚ ਸ਼ਾਮਲ ਹੋਣਾ ਵੀ ਰਸਮੀ ਜਿਹਾ ਹੋ ਕੇ ਰਹਿ ਗਿਆ ਹੈ। ਕਈ ਵਾਰ ਤਾਂ ਖੁਸ਼ੀ ਦੀਆਂ ਵਧਾਈਆਂ ਅਤੇ ਗਮੀ ਦਾ ਅਫ਼ਸੋਸ ਸਿਰਫ ਮੋਬਾਇਲ ਫੋਨਾਂ ’ਤੇ ਹੀ ਕਰ ਦਿੱਤਾ ਜਾਂਦਾ ਹੈ। ਜ਼ਿੰਦਗੀ ਦੀ ਕਾਹਲ ਕਾਰਨ ਵਿਆਹ ਮਹਿਜ਼ ਕੁਝ ਘੰਟਿਆਂ ਦੇ ਪ੍ਰੋਗਰਾਮ ਬਣ ਕੇ ਰਹਿ ਗਏ ਹਨ। ਅੱਜ ਕੱਲ੍ਹ ਪਿੰਡ ਦੇ ਲੋਕ ਰਾਜਨੀਤਿਕ ਧੜਿਆਂ ਵਿੱਚ ਵੰਡੇ ਹੋਏ ਹਨ, ਮੋਹ ਅਤੇ ਅਪਣੱਤ ਦੀ ਪਹਿਲਾਂ ਵਾਲੀ ਭਾਵਨਾ ਨਜ਼ਰ ਨਹੀਂ ਆਉਂਦੀ। ਮਨੋਰੰਜਨ ਦੇ ਸਾਧਨ: ਪਹਿਲਾਂ ਵਾਲੇ ਸਮਿਆਂ ਵਿੱਚ ਮਨੋਰੰਜਨ ਦੇ ਸਾਧਨ ਵੀ ਅਜਿਹੇ ਸਨ ਕਿ ਲੋਕ ਇਕੱਠੇ ਹੋ ਕੇ ਮਨੋਰੰਜਨ ਕਰਦੇ। ਲੋਹੜੀ, ਵਿਸਾਖੀ ਅਤੇ ਹੋਰ ਮਹੱਤਵਪੂਰਨ ਦਿਨਾਂ ’ਤੇ ਲੱਗਦੇ ਮੇਲੇ ਮਨੋਰੰਜਨ ਦਾ ਮੁੱਖ ਸਾਧਨ ਹੁੰਦੇ ਸਨ। ਮੇਲਾ ਦੇਖਣ ਦਾ ਅਜੀਬ ਚਾਅ ਹੁੰਦਾ ਸੀ। ਮੇਲੇ ਤੋਂ ਕਈ ਕਈ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ। ਨਵੇਂ ਕੱਪੜੇ ਸਿਵਾਏ ਜਾਂਦੇ, ਖੇਤੀਬਾੜੀ ਨਾਲ ਸੰਬੰਧਿਤ ਅਤੇ ਹੋਰ ਘਰੇਲੂ ਕੰਮ ਧੰਦੇ ਪਹਿਲਾਂ ਹੀ ਨਿਬੇੜ ਲਏ ਜਾਂਦੇ ਸਨ। ਪਿੰਡਾਂ ਦੇ ਗੱਭਰੂ ਅਤੇ ਮੁਟਿਆਰਾਂ ਬੜੇ ਚਾਅ ਨਾਲ ਟੋਲੀਆਂ ਬਣਾ ਕੇ ਮੇਲਾ ਦੇਖਣ ਜਾਂਦੇ। ਮੇਲਿਆਂ ਵਿੱਚ ਹੁੰਦੀਆਂ ਘੋਲ-ਕਬੱਡੀਆਂ ਆਕਰਸ਼ਣ ਦਾ ਮੁੱਖ ਕੇਂਦਰ ਹੋਇਆ ਕਰਦੀਆਂ ਸਨ। ਮੇਲਿਆਂ ਤੋਂ ਇਲਾਵਾ ਪਿੰਡਾਂ ਦੇ ਅਖਾੜਿਆਂ ਵਿੱਚ ਹੁੰਦੀਆਂ ਕੁਸ਼ਤੀਆਂ, ਕਬੱਡੀ, ਮੁਗਦਰ ਚੁੱਕਣ ਦੇ ਮੁਕਾਬਲੇ ਅਤੇ ਪਿੰਡਾਂ ਵਿੱਚ ਪੈਂਦੀਆਂ ਬਾਜ਼ੀਆਂ ਵੀ ਮਨੋਰੰਜਨ ਦਾ ਅਹਿਮ ਸਾਧਨ ਹੁੰਦੇ ਸਨ। ਪਿੰਡਾਂ ਵਿੱਚ ਕਵੀਸ਼ਰੀ ਗਾਉਣ ਵਾਲੇ ਕਵੀਸ਼ਰ ਅਤੇ ਢੱਡ ਸਾਰੰਗੀ ’ਤੇ ਗਾਉਣ ਵਾਲੇ ਗਵੱਈਆਂ ਨੂੰ ਲੋਕ ਬੜੇ ਚਾਅ ਨਾਲ ਸੁਣਦੇ ਦਨ। ਜਿੱਥੇ ਪੁਰਾਣੇ ਸਮਿਆਂ ਵਿੱਚ ਮਨੋਰੰਜਨ ਦੇ ਸਾਧਨ ਲੋਕਾਂ ਨੂੰ ਜੋੜਦੇ ਸਨ, ਉੱਥੇ ਅਜੋਕੇ ਸਮੇਂ ਵਿੱਚ ਮਨੋਰੰਜਨ ਦੇ ਮੁੱਖ ਸਾਧਨ ਟੀਵੀ ਅਤੇ ਮੋਬਾਇਲ ਆਦਿ ਵਿਅਕਤੀ ਨੂੰ ਸਮਾਜ ਅਤੇ ਪਰਿਵਾਰ ਨਾਲੋਂ ਤੋੜਦੇ ਹਨ। ਰਿਸ਼ਤੇ ਨਾਤੇ: ਪੁਰਾਤਨ ਪਿੰਡ ਦੇ ਲੋਕਾਂ ਦੇ ਰਿਸ਼ਤਿਆਂ ਦੀ ਤੰਦ ਬੜੀ ਮਜ਼ਬੂਤ ਹੁੰਦੀ ਸੀ। ਰਿਸ਼ਤੇ ਨਿਭਾਏ ਜਾਂਦੇ ਸਨ ਅਤੇ ਲੰਬਾ ਸਮਾਂ ਚਲਦੇ ਸਨ। ਮੁੰਡੇ ਕੁੜੀ ਦਾ ਰਿਸ਼ਤਾ ਕਰਨ ਲਈ ਅੱਜ ਵਾਂਗ ਦੇਖ ਦਿਖਾਈ ਦਾ ਰਿਵਾਜ਼ ਨਹੀਂ ਸੀ ਹੁੰਦਾ। ਕੋਈ ਨਜ਼ਦੀਕੀ ਜਦੋਂ ਰਿਸ਼ਤਾ ਲੈ ਕੇ ਆਉਂਦਾ ਸੀ ਤਾਂ ਗੱਲਬਾਤ ਕਰਨ ਤੋਂ ਬਾਅਦ ਲਾਗੀ ਹੱਥ ਰੁਪਇਆ ਦੇ ਕੇ ਰਿਸ਼ਤਾ ਪੱਕਾ ਕਰਨ ਲਈ ਭੇਜ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਕੀਤੇ ਹੋਏ ਰਿਸ਼ਤੇ ਤਾਉਮਰ ਨਿਭ ਜਾਂਦੇ ਸਨ। ਪੁਰਾਣੇ ਸਮਿਆਂ ਦੇ ਗੀਤਾਂ, ਮੁਹਾਵਰਿਆਂ ਅਖੌਤਾਂ ’ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਦਿਓਰ-ਭਰਜਾਈ ਦਾ ਰਿਸ਼ਤਾ ਬੜਾ ਮੋਹ ਤੇ ਅਪਣੱਤ ਵਾਲਾ ਹੁੰਦਾ ਸੀ ਪ੍ਰੰਤੂ ਇਸਦੇ ਉਲਟ ਜੇਠ-ਭਰਜਾਈ ਦਾ ਰਿਸ਼ਤਾ ਬਹੁਤਾ ਸੁਖਾਵਾਂ ਨਹੀਂ ਸੀ ਹੁੰਦਾ। ਨੂੰਹ-ਸੱਸ ਦੇ ਰਿਸ਼ਤੇ ਵਿੱਚੋਂ ਸੱਸ ਨੂੰ ਤਾਕਤਵਰ ਅਤੇ ਰੋਅਬ ਜਮਾਉਣ ਵਾਲੀ ਦਰਸਾਇਆ ਗਿਆ ਹੈ। ਨਣਦ-ਭਰਜਾਈ ਦੀ ਦਿਲੀ ਸਾਂਝ ਹੁੰਦੀ ਸੀ ਅਤੇ ਉਹਨਾਂ ਦੇ ਬਹੁਤ ਸਾਰੇ ਰਾਜ ਸਾਂਝੇ ਹੁੰਦੇ ਸਨ। ਵਿਆਹ ਸ਼ਾਦੀ ਦੇ ਸਮੇਂ ਰਿਸ਼ਤੇਦਾਰ ਕਈ ਕਈ ਦਿਨ ਪਹਿਲਾਂ ਕੰਮ ਕਰਵਾਉਣ ਲਈ ਆ ਜਾਂਦੇ ਸਨ। ਨਾਨਕੇ ਮੇਲ ਦੀ ਪੂਰੀ ਧਾਂਕ ਹੁੰਦੀ ਸੀ। ਨਾਨਕਿਆਂ ਵੱਲੋਂ ਜਾਗੋ ਕੱਢਣੀ ਅਤੇ ਛੱਜ ਤੋੜਨਾ ਵਿਆਹ ਦੀ ਇੱਕ ਖਾਸ ਰਸਮ ਹੁੰਦੀ ਸੀ। ਨਾਨਕਾ ਮੇਲ ਪੂਰੇ ਪਿੰਡ ਵਿੱਚ ਗੇੜਾ ਮਾਰਦਾ। ਅੱਜ ਕੱਲ੍ਹ ਰਿਸ਼ਤਿਆਂ ਵਿੱਚ ਸਵਾਰਥ ਅਤੇ ਮਤਲਬਪ੍ਰਸਤੀ ਭਾਰੂ ਹੋ ਗਈ ਹੈ। ਰਿਸ਼ਤੇ ਭਾਵੇਂ ਦੇਖ ਪਰਖ ਕੇ ਅਤੇ ਲੈਣ ਦੇਣ ਮੁਕਾ ਕੇ ਕੀਤੇ ਜਾਂਦੇ ਹਨ ਪਰੰਤੂ ਰਿਸ਼ਤਿਆਂ ਦੀ ਉਮਰ ਬਹੁਤ ਲੰਬੀ ਨਹੀਂ ਹੁੰਦੀ। ਤਲਾਕ ਦੇ ਕੇਸ ਲਗਾਤਾਰ ਵਧ ਰਹੇ ਹਨ। ਭਰਾ ਵੱਲੋਂ ਭਰਾ ਅਤੇ ਪੁੱਤਰ ਵੱਲੋਂ ਪਿਤਾ ਦੇ ਕਤਲ ਦੀਆਂ ਖਬਰਾਂ ਵੀ ਦੇਖਣ ਨੂੰ ਮਿਲ ਜਾਂਦੀਆਂ ਹਨ।

Loading