
ਪੁਰਤਗਾਲ ਦੀ ਰਾਜਧਾਨੀ ਲਿਸਬਨ ਦੇ ਓਡੀਵੇਲਸ ਇਲਾਕੇ ਵਿੱਚ ਹੋਈ ਤਾਜ਼ਾ ਗੈਂਗਵਾਰ ਨੇ ਪੂਰੀ ਦੁਨੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਗੈਂਗਵਾਰ ਦੇ ਪਿੱਛੇ ਭਾਰਤ ਦੇ ਖਤਰਨਾਕ ਗੈਂਗਸਟਰ ਲਾਰੰਸ ਬਿਸ਼ਨੋਈ ਦਾ ਨਾਂ ਸਾਹਮਣੇ ਆਇਆ ਹੈ। ਇਸ ਘਟਨਾ ਨੇ ਨਾ ਸਿਰਫ਼ ਭਾਰਤੀ ਅਪਰਾਧੀ ਨੈੱਟਵਰਕ ਦੀ ਅੰਤਰਰਾਸ਼ਟਰੀ ਪਹੁੰਚ ਨੂੰ ਉਜਾਗਰ ਕੀਤਾ, ਸਗੋਂ ਸਥਾਨਕ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਲਈ ਵੀ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ। ਲਾਰੰਸ ਬਿਸ਼ਨੋਈ ਗੈਂਗ ਦੇ ਸਹਿਯੋਗੀ ਅਤੇ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੇ ਵਾਂਟਿਡ ਗੈਂਗਸਟਰ ਰਣਦੀਪ ਮਲਿਕ ਨੇ ਫ਼ੇਸਬੁੱਕ ਪੋਸਟ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ਉਸ ਨੇ ਰੋਮੀ ਅਤੇ ਪ੍ਰਿੰਸ ਨਾਮੀ ਗੈਂਗ ਦੇ ਟਿਕਾਣੇ ’ਤੇ ਗੋਲੀਬਾਰੀ ਕਰਵਾਉਣ ਦਾ ਦਾਅਵਾ ਕੀਤਾ, ਜੋ ਪੁਰਤਗਾਲ ਵਿੱਚ ਗੈਰ-ਕਾਨੂੰਨੀ ਧੰਦਿਆਂ ਵਿੱਚ ਸ਼ਾਮਲ ਦੱਸੇ ਜਾਂਦੇ ਹਨ।
ਰਣਦੀਪ ਮਲਿਕ ਨੇ ਆਪਣੀ ਪੋਸਟ ’ਚ ਲਿਖਿਆ, ‘ਜੈ ਸ੍ਰੀ ਰਾਮ, ਸਤ ਸ੍ਰੀ ਅਕਾਲ… ਪੁਰਤਗਾਲ ਦੇ ਓਡੀਵੇਲਸ, ਲਿਸਬਨ ਵਿੱਚ ਹੋਈ ਗੋਲੀਬਾਰੀ ਮੈਂ, ਰਣਦੀਪ ਮਲਿਕ ਅਤੇ ਲਾਰੰਸ ਬਿਸ਼ਨੋਈ ਗੈਂਗ ਨੇ ਕਰਵਾਈ ਹੈ। ਪੁਰਤਗਾਲ ਵਿੱਚ ਗੈਰ-ਕਾਨੂੰਨੀ ਕੰਮ ਕਰ ਰਹੇ ਰੋਮੀ ਅਤੇ ਪ੍ਰਿੰਸ ਨੂੰ ਆਪਣਾ ਕੰਮ ਬੰਦ ਕਰ ਦੇਣਾ ਚਾਹੀਦਾ ਹੈ।’ ਉਸ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇ ਉਸ ਦੀ ਧਮਕੀ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਨਤੀਜੇ ਖਤਰਨਾਕ ਹੋਣਗੇ। ਪੋਸਟ ਵਿੱਚ ਮਲਿਕ ਨੇ ਕਈ ਮਾਰੇ ਗਏ ਗੈਂਗਸਟਰਾਂ ਦੇ ਨਾਂ ਵੀ ਜ਼ਿਕਰ ਕੀਤੇ, ਜਿਵੇਂ ਅੰਕਿਤ ਭਾਦੂ ਸ਼ੇਰੇਵਾਲਾ, ਜਤਿੰਦਰ ਗੋਗੀ, ਗੋਲਡੀ ਢਿੱਲੋਂ, ਕਾਲਾ ਰਾਣਾ, ਅਰਜ਼ੂ ਬਿਸ਼ਨੋਈ, ਸ਼ੁਭਮ ਲੋਨਕਰ ਅਤੇ ਸਾਹਿਲ ਦੁਹਾਨ ਹਿਸਾਰ।
ਇਹ ਪਹਿਲੀ ਵਾਰ ਹੈ ਜਦੋਂ ਪੁਰਤਗਾਲ ਦੀ ਧਰਤੀ ’ਤੇ ਭਾਰਤੀ ਅਪਰਾਧੀ ਗਰੋਹਾਂ ਵਿਚਕਾਰ ਅਜਿਹੀ ਵੱਡੀ ਗੈਂਗਵਾਰ ਦੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਕੈਨੇਡਾ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਮਾਹਿਰਾਂ ਅਨੁਸਾਰ, ਲਾਰੰਸ ਬਿਸ਼ਨੋਈ ਗੈਂਗ ਨੇ 2024 ਅਤੇ 2025 ਵਿੱਚ ਵਿਦੇਸ਼ੀ ਧਰਤੀ ’ਤੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਜਿਸ ਨੇ ਇਸ ਗੈਂਗ ਦੀ ਅੰਤਰਰਾਸ਼ਟਰੀ ਪਕੜ ਨੂੰ ਹੋਰ ਮਜ਼ਬੂਤ ਕੀਤਾ ਹੈ।
ਲਾਰੰਸ ਬਿਸ਼ਨੋਈ ਗੈਂਗ ਦੀਆਂ ਗਤੀਵਿਧੀਆਂ ਸਿਰਫ਼ ਭਾਰਤ ਤੱਕ ਸੀਮਤ ਨਹੀਂ ਰਹੀਆਂ। ਕੈਨੇਡਾ ਵਿੱਚ ਵੀ ਇਸ ਗੈਂਗ ਨੇ ਆਪਣੀ ਖੂੰਖਾਰ ਸਾਜਿਸ਼ਾਂ ਨਾਲ ਹਲਚਲ ਮਚਾਈ ਹੋਈ ਹੈ। ਕੈਨੇਡਾ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫ਼ੇ ’ਤੇ ਦੋ ਵਾਰ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਲਾਰੰਸ ਗੈਂਗ ਨਾਲ ਜੋੜਿਆ ਗਿਆ ਸੀ। ਇਸ ਤੋਂ ਇਲਾਵਾ, ਰਾਸ਼ਟਰੀ ਕਬੱਡੀ ਖਿਡਾਰੀ ਸੋਨੂੰ ਨੋਲਟਾ ਅਤੇ ਕੈਨੇਡੀਅਨ ਗੈਂਗਸਟਰ ਸੁੱਖਾ ਦੁਨੀਕੇ ਦੀ ਹੱਤਿਆ ਦੇ ਤਾਰ ਵੀ ਇਸ ਗੈਂਗ ਨਾਲ ਜੁੜੇ ਹੋਏ ਹਨ। ਇਨ੍ਹਾਂ ਘਟਨਾਵਾਂ ਨੇ ਸਥਾਨਕ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।