
ਯੂਰਪੀ ਦੇਸ਼ਾਂ ’ਚ ਦਾਖ਼ਲੇ ਲਈ ਪੁਰਤਗਾਲ ਲੱਖਾਂ ਲੋਕਾਂ ਦੀ ਪਹਿਲੀ ਪਸੰਦ ਹੈ, ਕਿਉਂਕਿ ਇੱਥੇ ਦਾ ਵੀਜ਼ਾ ਅਸਾਨੀ ਨਾਲ ਮਿਲ ਜਾਂਦਾ ਹੈ ਤੇ 3-5 ਸਾਲਾਂ ’ਚ ਵਿਅਕਤੀ ਇੱਥੇ ਦੀ ਨਾਗਰਿਕਤਾ ਹਾਸਲ ਕਰਨ ਲਈ ਅਪਲਾਈ ਕਰ ਸਕਦਾ ਹੈ। ਪਰ ਹੁਣ ਇਹ ਨਿਯਮ ਬਦਲਣ ਜਾ ਰਹੇ ਹਨ। ਦੇਸ਼ ’ਚ ਵਧਦੀ ਜਾ ਰਹੀ ਪਰਵਾਸੀਆਂ ਦੀ ਗਿਣਤੀ ਦੇ ਮੱਦੇਨਜ਼ਰ ਸਰਕਾਰ ਨੇ ਇੱਥੋਂ ਦੇ ਇਮੀਗ੍ਰੇਸ਼ਨ ਨਿਯਮਾਂ ਨੂੰ ਹੋਰ ਸਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ।
ਪੁਰਤਗਾਲ ਦੇ ਕੈਬਨਿਟ ਮੰਤਰੀ ਐਂਟੋਨੀਓ ਲੇਤਾਓ ਅਮਾਰੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਦੇਸ਼ ’ਚ ਪਰਵਾਸੀਆਂ ਨੂੰ ਲੈ ਕੇ ਨਿਯਮਾਂ ਨੂੰ ਸਖ਼ਤ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਰਵਾਸੀ ਨਾਗਰਿਕਾਂ ਨੂੰ ਹੁਣ ਪੁਰਤਗਾਲ ਦੀ ਨਾਗਰਿਕਤਾ ਅਪਲਾਈ ਕਰਨ ਲਈ ਸਮਾਂ ਮਿਆਦ ਹੁਣ 5 ਦੀ ਬਜਾਏ 10 ਸਾਲ ਕਰ ਦਿੱਤੀ ਜਾਵੇਗੀ।
ਇਸ ਦਾ ਮਤਲਬ ਹੈ ਕਿ ਹੁਣ ਪਰਵਾਸੀ ਨਾਗਰਿਕਾਂ ਨੂੰ ਪੁਰਤਗਾਲ ਦੀ ਨਾਗਰਿਕਤਾ ਹਾਸਲ ਕਰਨ ਲਈ 5 ਸਾਲ ਦੀ ਬਜਾਏ 10 ਸਾਲ ਕਾਨੂੰਨੀ ਤੌਰ ’ਤੇ ਉੱਥੇ ਰਹਿਣਾ ਪਵੇਗਾ, ਇਸ ਦੇ ਬਾਅਦ ਹੀ ਉਹ ਨਾਗਰਿਕਤਾ ਲਈ ਅਪਲਾਈ ਕਰ ਸਕਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਪਰਵਾਸੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਵਾਲੇ ਵੀਜ਼ਾ ਦੇ ਨਿਯਮਾਂ ’ਚ ਵੀ ਸਖ਼ਤੀ ਕੀਤੀ ਜਾਵੇਗੀ ਤੇ ਗੰਭੀਰ ਅਪਰਾਧ ਕਰਨ ਵਾਲੇ ਮੁਲਜ਼ਮਾਂ ਦੀ ਨਾਗਰਿਕਤਾ ਵੀ ਰੱਦ ਕਰ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਨਾਗਰਿਕਤਾ ਲਈ ਅਪਲਾਈ ਕਰਨ ਲਈ 10 ਸਾਲ ਉੱਥੇ ਰਹਿਣ ਦਾ ਨਿਯਮ ਲਗਭਗ ਸਾਰੇ ਪਰਵਾਸੀਆਂ ’ਤੇ ਲਾਗੂ ਹੋਵੇਗਾ। ਪਰ ਅਜਿਹੇ ਦੇਸ਼, ਜਿੱਥੇ ਪੁਰਤਗਾਲੀ ਭਾਸ਼ਾ ‘ਪੋਰਤੁਗੀਜ਼’ ਬੋਲੀ ਜਾਂਦੀ ਹੈ ਜਿਵੇਂ ਬ੍ਰਾਜ਼ੀਲ, ਅੰਗੋਲਾ, ਮੋਜ਼ਾਂਬੀਕ ਆਦਿ ਦੇਸ਼ਾਂ ਦੇ ਨਾਗਰਿਕ 7 ਸਾਲ ’ਚ ਹੀ ਪੁਰਤਗਾਲ ਦੀ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹਨ।
ਇਸ ਤੋਂ ਇਲਾਵਾ ਦੇਸ਼ ’ਚ ਰਹਿਣ ਤੋਂ ਇਲਾਵਾ ਪਰਵਾਸੀਆਂ ਦਾ ਕੋਈ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੋਣਾ ਚਾਹੀਦਾ, ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਹੋਵੇ ਤੇ ਨਾ ਹੀ ਉਹ ਕਿਸੇ ਵੀ ਤਰ੍ਹਾਂ ਦੇਸ਼ ਲਈ ਖ਼ਤਰਾ ਪੈਦਾ ਕਰ ਸਕਣ। ਉਨ੍ਹਾਂ ਨੂੰ ਪੁਰਤਗਾਲੀ ਭਾਸ਼ਾ ਤੇ ਸੱਭਿਆਚਾਰ ਦੀ ਮੁੱਢਲੀ ਜਾਣਕਾਰੀ ਹੋਣੀ ਲਾਜ਼ਮੀ ਹੈ।
ਜ਼ਿਕਰਯੋਗ ਹੈ ਕਿ 1 ਕਰੋੜ ਦੇ ਕਰੀਬ ਆਬਾਦੀ ਵਾਲੇ ਇਸ ਦੇਸ਼ ’ਚ ਪਿਛਲੇ ਕੁਝ ਸਾਲਾਂ ’ਚ ਪਰਵਾਸੀਆਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਕਾਰਨ ਪ੍ਰਸ਼ਾਸਨ ਨੂੰ ਇਹ ਸਖ਼ਤ ਫ਼ੈਸਲਾ ਲੈਣਾ ਪਿਆ ਹੈ। ਹਾਲੇ ਇਨ੍ਹਾਂ ਨਵੇਂ ਨਿਯਮਾਂ ਬਾਰੇ ਸੰਸਦ ’ਚ ਚਰਚਾ ਕੀਤੀ ਜਾਵੇਗੀ, ਇਸ ਦੇ ਬਾਅਦ ਹੀ ਇਨ੍ਹਾਂ ਨੂੰ ਲਾਗੂ ਕੀਤਾ ਜਾ ਸਕੇਗਾ।