
ਖਾਸ ਖ਼ਬਰ
ਜੈਪੁਰ ਤੇ ਚੰਡੀਗੜ੍ਹ ਤੋਂ ਆਈਆਂ ਤਾਜ਼ਾ ਖ਼ਬਰਾਂ ਵਿੱਚ ਪੰਜਾਬ ਦੇ ਨਾਮੀ ਪਾਸਟਰ ਬਜਿੰਦਰ ਸਿੰਘ ਨੂੰ ਰਾਜਸਥਾਨ ਪੁਲਿਸ ਨੇ ਧਰਮ ਤਬਦੀਲੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਉਹੀ ਬਜਿੰਦਰ ਸਿੰਘ ਹੈ ਜੋ ਪਹਿਲਾਂ ਬਲਾਤਕਾਰ ਦੇ ਇੱਕ ਵੱਡੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਮਾਨਸਾ ਜੇਲ੍ਹ ਵਿੱਚ ਕੱਟ ਰਿਹਾ ਸੀ । ਬੀਤੇ ਦਿਨੀਂ ਰਾਜਸਥਾਨ ਦੀ ਭਰਤਪੁਰ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਤੇ ਹੁਣ ਉਸ ਨੂੰ 15 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਹ ਮਾਮਲਾ 12 ਫਰਵਰੀ 2024 ਨੂੰ ਭਰਤਪੁਰ ਦੇ ਸੋਨਾਰ ਹਵੇਲੀ ਵਿੱਚ ਸਾਹਮਣੇ ਆਇਆ ਸੀ, ਜਿੱਥੇ ਗਰੀਬ ਤੇ ਬਿਮਾਰ ਲੋਕਾਂ ਨੂੰ ਧਰਮ ਪਰਿਵਰਤਨ ਲਈ ਉਕਸਾਇਆ ਜਾਂਦਾ ਸੀ ਜੋ ਕਿ ਜ਼ਿਆਦਾਤਰ ਸਿੱਖ ਧਰਮ ਨਾਲ ਸਬੰਧਤ ਸਨ। ਪੁਲਿਸ ਨੇ ਐਫ.ਆਈ.ਆਰ. ਦਰਜ ਕੀਤੀ ਤੇ ਜਾਂਚ ਵਿੱਚ ਬਜਿੰਦਰ ਦੀ ਭੂਮਿਕਾ ਸਾਹਮਣੇ ਆਈ। ਉਸ ਨੂੰ ਗਰੀਬਾਂ ਨੂੰ ਪੈਸੇ ਦੇ ਕੇ ਧਰਮ ਬਦਲਵਾਉਣ ਵਾਲੇ ਨੈੱਟਵਰਕ ਨਾਲ ਜੋੜਿਆ ਗਿਆ ਹੈ ਤੇ ਵਿਦੇਸ਼ ਤੋਂ ਫੰਡਿੰਗ ਵੀ ਆਉਂਦੀ ਸੀ ਉਸ ਦੇ ਖਾਤਿਆਂ ਵਿੱਚ।
ਕੈਣ ਹੈ ਬਜਿੰਦਰ ਸਿੰਘ?, ਕਿਵੇਂ ਪਾਸਟਰ ਬਣਿਆ?,ਡੇਰਾ ਖੋਲਿਆ
ਬਜਿੰਦਰ ਦਾ ਜਨਮ 10 ਸਤੰਬਰ 1982 ਨੂੰ ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਜੱਟ ਸਿੱਖ ਘਰਾਣੇ ਵਿੱਚ ਹੋਇਆ ਸੀ। ਉਸ ਨੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਪਰ ਜਵਾਨੀ ਵਿੱਚ ਗਲਤ ਸੰਗਤ ਵਿੱਚ ਪੈ ਕੇ ਮਰਡਰ ਕੇਸ ਵਿੱਚ ਜੇਲ੍ਹ ਗਿਆ। ਉੱਥੇ ਇੱਕ ਪਾਸਟਰ ਨਾਲ ਮੁਲਾਕਾਤ ਹੋਈ ਤੇ ਉਹ ਕ੍ਰਿਸਚੀਅਨ ਬਣ ਗਿਆ। 2012 ਵਿੱਚ ਜੇਲ੍ਹ ਤੋਂ ਬਾਹਰ ਆ ਕੇ ਉਸ ਨੇ ਪ੍ਰੀਚਿੰਗ ਸ਼ੁਰੂ ਕੀਤੀ ਤੇ ਆਪਣੇ ਆਲੇ-ਦੁਆਲੇ ਲੱਖਾਂ ਫਾਲੋਅਰਜ਼ ਇਕੱਠੇ ਕਰ ਲਏ। ਪਰ ਇਸ ਸਭ ਦੇ ਪਿੱਛੇ ਇੱਕ ਹਨੇਰਾ ਪਾਸਾ ਵੀ ਸੀ। ਬਲਾਤਕਾਰ ਦੇ ਮਾਮਲੇ ਵਿੱਚ ਉਸ ਨੂੰ 1 ਅਪ੍ਰੈਲ 2025 ਨੂੰ ਉਮਰ ਕੈਦ ਦੀ ਸਜ਼ਾ ਮਿਲੀ। ਪੀੜਤ ਔਰਤ ਨੇ ਦੱਸਿਆ ਕਿ ਬਜਿੰਦਰ ਨੇ ਉਸ ਨੂੰ ਵਿਦੇਸ਼ ਭੇਜਣ ਦੇ ਬਹਾਨੇ ਆਪਣੇ ਘਰ ਬੁਲਾਇਆ, ਨਸ਼ੀਲੀ ਵਸਤੂ ਦੇ ਕੇ ਰੇਪ ਕੀਤਾ ਤੇ ਵੀਡੀਓ ਬਣਾ ਕੇ ਬਲੈਕਮੇਲ ਕੀਤਾ। ਇਹ ਕੰਮ ਕਈ ਵਾਰੀ ਹੋਇਆ ਤੇ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਸੀ। ਔਰਤ ਨੇ ਦੱਸਿਆ ਕਿ ਉਹ ਚਰਚ ਵਿੱਚ ਵਲੰਟੀਅਰ ਸੀ ਤੇ ਬਜਿੰਦਰ ਨੇ ਉਸ ਨੂੰ ਆਪਣੀ ਪਾਵਰ ਵਰਤ ਕੇ ਫਸਾਇਆ। ਇਸ ਤੋਂ ਇਲਾਵਾ ਹੋਰ ਵੀ ਔਰਤਾਂ ਨੇ ਉਸ ਉਪਰ ਸੈਕਸੂਅਲ ਹਰੈੱਸਮੈਂਟ ਦੇ ਦੋਸ਼ ਲਾਏ ਸਨ, ਜਿਵੇਂ ਫਰਵਰੀ 2025 ਵਿੱਚ ਇੱਕ 21 ਸਾਲਾਂ ਦੀ ਔਰਤ ਨੇ ਕਪੂਰਥਲਾ ਵਿੱਚ ਐਫ.ਆਈ.ਆਰ. ਦਰਜ ਕਰਵਾਈ। ਬਜਿੰਦਰ ਨੇ ਆਪਣੇ ਆਲੇ-ਦੁਆਲੇ ਇੱਕ ਵੱਡਾ ਨੈੱਟਵਰਕ ਬਣਾਇਆ ਸੀ ਜਿੱਥੇ ਉਹ ਔਰਤਾਂ ਨੂੰ ਆਪਣੀ ਪਾਵਰ ਵਰਤ ਕੇ ਨਿਸ਼ਾਨਾ ਬਣਾਉਂਦਾ ਸੀ। ਅਦਾਲਤ ਨੇ ਕਿਹਾ ਕਿ ਉਸ ਨੇ ਪਾਸਟਰ ਵਜੋਂ ਆਪਣੀ ਪੋਜ਼ੀਸ਼ਨ ਦਾ ਗਲਤ ਫਾਇਦਾ ਚੁੱਕਿਆ ਤੇ ਔਰਤਾਂ ਦੀ ਇੱਜ਼ਤ ਨੂੰ ਤਹਿਸ-ਨਹਿਸ ਕੀਤਾ ਸੀ। ਪੀੜਤ ਨੇ ਦੱਸਿਆ ਕਿ ਉਸ ਨੂੰ ਪੈਸੇ ਤੇ ਸਿਆਸੀ ਪ੍ਰੈੱਸ਼ਰ ਨਾਲ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਲੜਦੀ ਰਹੀ ਤੇ ਅਦਾਲਤ ਨੇ ਉਸ ਨੂੰ ਇਨਸਾਫ਼ ਦਿੱਤਾ।
ਡੇਰੇ ਅਤੇ ਚਮਤਕਾਰਾਂ ਦੀ ਹਕੀਕਤ
ਬਜਿੰਦਰ ਸਿੰਘ ਦਾ ਡੇਰਾ ਜਾਂ ਚਰਚ ਮੁੱਖ ਤੌਰ ’ਤੇ ਪੰਜਾਬ ਵਿੱਚ ਹੈ। ਉਸ ਨੇ ‘ਚਰਚ ਆਫ਼ ਗਲੋਰੀ ਐਂਡ ਵਿਜ਼ਡਮ’ ਨਾਂ ਦਾ ਚਰਚ ਬਣਾਇਆ ਜੋ ਤਾਜਪੁਰ, ਜਲੰਧਰ ਤੇ ਮਾਜਰੀ, ਮੋਹਾਲੀ ਵਿੱਚ ਵੱਡੇ ਆਕਾਰ ਵਿੱਚ ਹੈ। ਉਸ ਨੇ ਦਾਅਵਾ ਕੀਤਾ ਸੀ ਕਿ ਉਸ ਦੇ 260 ਬ੍ਰਾਂਚਾਂ ਹਨ ਦੁਨੀਆ ਭਰ ਵਿੱਚ ਜਿਵੇਂ ਅਮਰੀਕਾ, ਯੂਕੇ, ਕੈਨੇਡਾ ਤੇ ਦੁਬਈ ਵਿੱਚ। ਇਹ ਚਰਚ ਐਤਵਾਰ ਤੇ ਵੀਰਵਾਰ ਨੂੰ ਵੱਡੇ ਪ੍ਰੋਗਰਾਮ ਕਰਦੇ ਸਨ ਜਿੱਥੇ ਹਜ਼ਾਰਾਂ ਲੋਕ ਆਉਂਦੇ ਸਨ। ਬਜਿੰਦਰ ਨੂੰ ‘ਯੇਸ਼ੂ ਯੇਸ਼ੂ ਪ੍ਰੌਫੈੱਟ’ ਕਿਹਾ ਜਾਂਦਾ ਸੀ ਤੇ ਉਹ ਚਮਤਕਾਰ ਵਿਖਾਉਂਦਾ ਸੀ। ਉਹ ਬਿਮਾਰ ਲੋਕਾਂ ਤੇ ਹੱਥ ਰੱਖ ਕੇ ਜਾਂ ਪਾਣੀ ਛਿੜਕ ਕੇ ਚੀਕਦਾ ਸੀ ‘ਹਲੇ ਲੂਯਾ’ ਤੇ ‘ਯੇਸ਼ੂ ਯੇਸ਼ੂ’ ਤੇ ਦਾਅਵਾ ਕਰਦਾ ਸੀ ਲੋਕ ਠੀਕ ਹੋ ਗਏ। ਉਸ ਨੇ ਵੀਡੀਓ ਵਿੱਚ ਵਿਖਾਇਆ ਕਿ ਉਹ ਮਰੇ ਬੱਚੇ ਨੂੰ ਜਿਉਂਦਾ ਕਰ ਰਿਹਾ ਹੈ ਪਰ ਬਾਅਦ ਵਿੱਚ ਪਤਾ ਲੱਗਾ ਕਿ ਬੱਚੇ ਨੂੰ ਨਸ਼ੀਲੀ ਵਸਤੂ ਦੇ ਕੇ ਬੇਹੋਸ਼ ਕੀਤਾ ਗਿਆ ਸੀ। ਉਹ ਕਹਿੰਦਾ ਸੀ ਕਿ ਬਿਮਾਰੀਆਂ ਬੁਰੀ ਆਤਮਾ ਕਰਕੇ ਹੁੰਦੀਆਂ ਹਨ ਤੇ ਪ੍ਰੇਅਰ ਨਾਲ ਠੀਕ ਹੋ ਜਾਂਦੀਆਂ ਹਨ। ਉਸ ਨੇ ਕੈਂਸਰ, ਏਡਜ਼, ਪੈਰਾਲਿਸਿਸ ਵਰਗੀਆਂ ਬਿਮਾਰੀਆਂ ਠੀਕ ਕੀਤੀਆਂ ਵਿਖਾਈਆਂ ਪਰ ਇਹ ਸਭ ਫੇਕ ਸੀ। ਲੋਕ ਡਾਕਟਰਾਂ ਨੂੰ ਛੱਡ ਕੇ ਉਸ ਕੋਲ ਆਉਂਦੇ ਸਨ ਤੇ ਬਾਅਦ ਵਿੱਚ ਨਿਰਾਸ਼ ਹੁੰਦੇ ਸਨ। ਇੱਕ ਫੈਮਿਲੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਕੈਂਸਰ ਸੀ, ਬਜਿੰਦਰ ਨੇ ਪੈਸੇ ਲੈ ਕੇ ਠੀਕ ਕਰਨ ਦਾ ਵਾਅਦਾ ਕੀਤਾ, ਪੂਰੀ ਫੈਮਿਲੀ ਨੂੰ ਇਸਾਈ ਧਰਮ ਵਿੱਚ ਕਨਵਰਟ ਕਰਵਾਇਆ ਸੀ, ਪਰ ਧੀ ਮਰ ਗਈ। ਉਸ ਨੇ ਯੂਟਿਊਬ ਤੇ ਲੱਖਾਂ ਫਾਲੋਅਰਜ਼ ਬਣਾਏ ਤੇ ਬਾਲੀਵੁੱਡ ਸਟਾਰਸ ਨੂੰ ਆਪਣੇ ਪ੍ਰੋਗਰਾਮਾਂ ਵਿੱਚ ਬੁਲਾਉਂਦਾ ਸੀ। ਪੰਜਾਬ ਵਿੱਚ ਦਲਿਤ ਤੇ ਗਰੀਬ ਲੋਕ ਉਸ ਨੂੰ ਮੰਨਦੇ ਸਨ, ਕਿਉਂਕਿ ਉਹ ਵਾਅਦੇ ਕਰਦਾ ਸੀ ਕਿ ਪ੍ਰੇਅਰ ਨਾਲ ਅਮੀਰ ਬਣ ਜਾਓਗੇ ਤੇ ਬਿਮਾਰੀਆਂ ਖਤਮ ਹੋ ਜਾਣਗੀਆਂ। ਪਰ ਅਸਲ ਵਿੱਚ ਇਹ ਜਾਦੂ-ਟੂਣੇ ਵਰਗੇ ਟਰਿੱਕ ਸਨ ਜਿਨ੍ਹਾਂ ਨਾਲ ਉਹ ਲੋਕਾਂ ਨੂੰ ਧਰਮ ਬਦਲਵਾਉਂਦਾ ਸੀ। ਉਸ ਨੇ ਆਪਣੇ ਚਰਚ ਨੂੰ ‘ਵਰਲਡ ਨੰਬਰ ਵਨ ਮਿਨਿਸਟਰੀ’ ਕਹਿ ਕੇ ਪ੍ਰਚਾਰ ਕੀਤਾ ਤੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓਜ਼ ਨਾਲ ਪੈਸੇ ਬਣਾਏ। ਬਹੁਤੇ ਫਾਲੋਅਰਜ਼ ਪੰਜਾਬ ਦੇ ਗਰੀਬ ਵਰਗ ਤੋਂ ਸਨ ਜੋ ਡਰੱਗ ਐਡੀਕਸ਼ਨ ਤੇ ਖੇਤੀ ਸੰਕਟ ਕਰਕੇ ਪਰੇਸ਼ਾਨ ਸਨ। ਉਹ ਕਹਿੰਦਾ ਸੀ ਕਿ ਯੇਸ਼ੂ ਨਾਲ ਸਭ ਠੀਕ ਹੋ ਜਾਵੇਗਾ ਪਰ ਅਸਲ ਵਿੱਚ ਲੋਕਾਂ ਨੂੰ ਧੋਖਾ ਦਿੰਦਾ ਸੀ।
ਧਰਮ ਤਬਦੀਲੀਆਂ ਅਤੇ ਵਿਦੇਸ਼ੀ ਫੰਡਿੰਗ
ਬਜਿੰਦਰ ਸਿੰਘ ਨੇ ਪੰਜਾਬ ਤੇ ਰਾਜਸਥਾਨ ਵਿੱਚ ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਧਰਮ ਬਦਲੀਆਂ ਕੀਤੀਆਂ। ਉਹ ਗਰੀਬ ਲੋਕਾਂ ਨੂੰ ਪੈਸੇ ਦੇ ਕੇ ਤੇ ਚਮਤਕਾਰ ਵਿਖਾ ਕੇ ਕ੍ਰਿਸਚੀਅਨ ਬਣਾਉਂਦਾ ਸੀ। ਭਰਤਪੁਰ ਵਿੱਚ ਸੋਨਾਰ ਹਵੇਲੀ ਵਿੱਚ ਉਸ ਨੇ ਵੀਡੀਓਜ਼ ਵਿਖਾ ਕੇ ਲੋਕਾਂ ਨੂੰ ਹਿੰਦੂ ਦੇਵੀ-ਦੇਵਤਿਆਂ ਵਿਰੁੱਧ ਉਕਸਾਇਆ ਤੇ ਬਾਈਬਲ ਵੰਡੀ। ਪੁਲਿਸ ਨੇ ਬਾਈਬਲ ਤੇ ਹੋਰ ਸਮੱਗਰੀ ਬਰਾਮਦ ਕੀਤੀ ਤੇ ਕੁਝ ਉਸਦੇ ਇਸਾਈ ਚੇਲਿਆਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਵਿੱਚ ਪਤਾ ਲੱਗਾ ਕਿ ਬਜਿੰਦਰ ਨੇ ਕਰੋੜਾਂ ਰੁਪਏ ਵਿਦੇਸ਼ ਤੋਂ ਫੰਡਿੰਗ ਲਈ ਤੇ ਉਸ ਨੇ ਅਕਾਊਂਟਸ ਫ੍ਰੀਜ਼ ਕੀਤੇ ਗਏ ਹਨ। ਉਹ ਪੰਜਾਬ ਵਿੱਚ ਤਾਜਪੁਰ ਤੇ ਮਾਜਰੀ ਵਿੱਚ ਗਰੀਬ ਸਿੱਖ ਫੈਮਿਲੀਆਂ ਨੂੰ ਟਾਰਗੇਟ ਕਰਦਾ ਸੀ ਜਿੱਥੇ ਦੁਖੀ ਤੇ ਬਿਮਾਰ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਸਨ। ਉਹ ਵਾਅਦੇ ਕਰਦਾ ਸੀ ਕਿ ਧਰਮ ਬਦਲਣ ਨਾਲ ਬਿਮਾਰੀਆਂ ਠੀਕ ਹੋ ਜਾਣਗੀਆਂ ਤੇ ਅਮੀਰੀ ਆ ਜਾਵੇਗੀ। ਬਹੁਤੇ ਕਨਵਰਟਸ ਔਫੀਸ਼ੀਅਲ ਨਹੀਂ ਕਰਦੇ ਸਨ ਤਾਂ ਕਿ ਗਵਰਨਮੈਂਟ ਬੈਨੀਫਿਟਸ ਨਾ ਗਵਾਉਣ। ਉਸ ਨੇ ਹਜ਼ਾਰਾਂ ਲੋਕਾਂ ਨੂੰ ਧਰਮ ਬਦਲਵਾਇਆ ਮੁੱਖ ਤੌਰ ਤੇ ਪੰਜਾਬ ਦੇ ਗਰੀਬ ਇਲਾਕਿਆਂ ਵਿੱਚ। ਰਾਜਸਥਾਨ ਵਿੱਚ ਉਸ ਨੇ ਬੱਚਿਆਂ ਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਤੇ ਸਮਾਗਮ ਕੀਤੇ। ਵਿਦੇਸ਼ੀ ਫੰਡਿੰਗ ਨਾਲ ਉਸ ਨੇ ਜ਼ਮੀਨ ਖਰੀਦੀ ਜਿਵੇਂ ਮੋਹਾਲੀ ਵਿੱਚ 4.3 ਕਰੋੜ ਦੀ ਪਲਾਟ। ਇਨਕਮ ਟੈਕਸ ਨੇ ਰੇਡ ਕੀਤੀ ਤੇ ਡਾਕੂਮੈਂਟਸ ਜ਼ਬਤ ਕੀਤੇ। ਉਹ ਐੱਨਜੀਓ ਵਾਂਗ ਕੰਮ ਕਰਦਾ ਸੀ ਪਰ ਅਸਲ ਵਿੱਚ ਕਨਵਰਜ਼ਨ ਲਈ ਵਰਤਦਾ ਸੀ। ਪੰਜਾਬ ਵਿੱਚ ਉਸ ਨੇ ਸਾਧਾਂ ਦੇ ਡੇਰਿਆਂ ਵਾਂਗ ਆਪਣੇ ਚਰਚ ਬਣਾਏ ਸਨ।
ਪੁਲਿਸ ਕੇਸ ਅਤੇ ਅਦਾਲਤੀ ਕਾਰਵਾਈਆਂ
ਬਜਿੰਦਰ ਤੇ ਕਈ ਕੇਸ ਦਰਜ ਹਨ। 2006 ਦੌਰਾਨ ਯਮੁਨਾਨਗਰ ਵਿੱਚ ਅਸਾਲਟ ਤੇ ਧੋਖੇਬਾਜੀ ਦੇ ਦੋਸ਼ ਦਰਜ ਹਨ । 2014 ਵਿੱਚ ਕਰਨਾਲ ਵਿੱਚ ਧਾਰਾ 295ਏ ਅਧੀਨ ਧਰਮ ਦੀ ਨਿੰਦਾ ਕਾਰਨ ਕੇਸ ਦਰਜ ਹੋਇਆ। 2018 ਵਿੱਚ ਜ਼ੀਰਕਪੁਰ ਵਿੱਚ ਰੇਪ ਕੇਸ ਕਾਰਣ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਰ ਜਮਾਨਤ ਉਪਰ ਬਾਹਰ ਆ ਗਿਆ ਪਰ 2025 ਵਿੱਚ ਗ੍ਰਿਫ਼ਤਾਰ ਹੋ ਗਿਆ। ਫਰਵਰੀ 2025 ਵਿੱਚ ਕਪੂਰਥਲਾ ਵਿੱਚ ਛੇੜਛਾੜ, ਸ਼ੋਸ਼ਣ ਦਾ ਕੇਸ ਦਰਜ ਹੈ। ਮਾਰਚ 2025 ਵਿੱਚ ਹਿੰਸਕ ਹਮਲੇ ਦਾ ਵੀਡੀਓ ਵਾਇਰਲ ਹੋਇਆ ਜਿੱਥੇ ਉਸ ਨੇ ਔਰਤ ਨੂੰ ਥੱਪੜ ਮਾਰੇ ਸਨ। 2022 ਵਿੱਚ ਦਿੱਲੀ ਫੈਮਿਲੀ ਨੇ ਫਰਾਡ ਦਾ ਕੇਸ ਕੀਤਾ ਜਿੱਥੇ ਉਸ ਨੇ ਕੈਂਸਰ ਠੀਕ ਕਰਨ ਲਈ ਪੈਸੇ ਲਏ ਪਰ ਧੀ ਮਰ ਗਈ। ਰਾਜਸਥਾਨ ਵਿੱਚ ਧਰਮ ਤਬਦੀਲੀ ਕੇਸ ਵਿੱਚ ਗ੍ਰਿਫ਼ਤਾਰੀ ਹੋਈ ਤੇ ਅਕਾਊਂਟਸ ਫ੍ਰੀਜ਼ ਕੀਤੇ ਗਏ। ਅਦਾਲਤ ਨੇ ਰੇਪ ਕੇਸ ਵਿੱਚ ਕਿਹਾ ਕਿ ਉਸ ਨੇ ਔਰਤਾਂ ਦੀ ਇੱਜ਼ਤ ਨੂੰ ਨੁਕਸਾਨ ਪਹੁੰਚਾਇਆ ਤੇ ਧਰਮ ਦੇ ਨਾਂ ’ਤੇ ਗਲਤ ਕੰਮ ਕੀਤੇ। ਉਸ ਨੇ ਜਮਾਨਤ ਲਈ ਅਪੀਲ ਕੀਤੀ ਪਰ ਰੱਦ ਹੋ ਗਈ। ਹੁਣ ਪਾਸਟਰ ਮਾਨਸਾ ਜੇਲ੍ਹ ਵਿੱਚ ਹੈ ਤੇ ਰਾਜਸਥਾਨ ਵਿੱਚ ਵੀ ਕੇਸ ਚੱਲ ਰਹੇ ਹਨ। ਇਨਕਮ ਟੈਕਸ ਨੇ ਰੇਡ ਕੀਤੀ ਤੇ ਫੰਡਿੰਗ ਦੀ ਜਾਂਚ ਕੀਤੀ ਸੀ। ਬਜਿੰਦਰ ਨੇ ਆਪਣੇ ਆਰੋਪਾਂ ਨੂੰ ਗਲਤ ਕਿਹਾ ਪਰ ਅਦਾਲਤ ਨੇ ਸਬੂਤਾਂ ਨਾਲ ਦੋਸ਼ੀ ਠਹਿਰਾਇਆ।