
(ਸੰਪਾ. ਡਾ. ਪਰਮਵੀਰ ਸਿੰਘ ਅਤੇ ਡਾ. ਕੁਲਵਿੰਦਰ ਸਿੰਘ)
ਚਾਰ ਸਾਹਿਬਜ਼ਾਦੇ ਪੁਸਤਕ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ, ਉਤਰਾਖੰਡ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਸ਼ਹਾਦਤਾਂ ਉਹਨਾਂ ਸਿਧਾਂਤਾਂ-ਉਪਦੇਸ਼ਾਂ ਦਾ ਸ਼ੁੱਧ ਅਮਲ ਹੈ ਜਿਸ ਦੀ ਸਿਰਜਣਾ ਗੁਰੂ ਸਾਹਿਬ ਵਲੋਂ ਹੋ ਰਹੀ ਸੀ। ਗੁਰੂ ਸਾਹਿਬਾਨ ਦੇ ਪ੍ਰਗਟ ਸਰੂਪ (ਦੇਹ ਸਰੂਪ) ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਅਮਲ ਇਸ ਧਰਤੀ ’ਤੇ ਲਾਸਾਨੀ, ਅਦੁੱਤੀ ਤੇ ਨਿਆਰਾ ਹੈ। ਬ੍ਰਹਿਮੰਡ (ਲੋਕ) ਵਿਚ ਇਨਸਾਨੀਅਤ, ਮਨੁੱਖੀ ਨੈਤਿਕਤਾ ਅਤੇ ਸਭਿਆਚਾਰਕ ਪੱਧਰ ’ਤੇ ਜੇ ਕੋਈ ਅੰਤਿਮ ਰੁਤਬਾ ਹੈ ਤਾਂ ਉਹ ਸ਼ਹੀਦੀ ਜਾਂ ਸ਼ਹਾਦਤ ਦਾ ਹੈ। ਇਸ ਦਾ ਧਾਰਮਿਕ ਫ਼ਲਸਫ਼ੇ ਵਿਚ ਪ੍ਰਲੋਕੀ (ਅਲੌਕਿਕ) ਮਹੱਤਵ ਵੀ ਹੈ ਜਿਸ ਕਰ ਕੇ ਸ਼ਹੀਦ ‘ਅਮਰ’ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ। ਇਹ ਵਿਸ਼ਵਾਸ ਹੈ ਕਿ ਸ਼ਹੀਦ ਦੀ ਮੌਤ ਨਹੀਂ ਹੁੁੰਦੀ। ਮਨੋਵਿਿਗਆਨਕ ਨੁਕਤੇ ਤੋਂ ਸ਼ਹੀਦੀ ਪ੍ਰਵਾਨ ਕਰਨ ਵਾਲੇ ਪੁਰਸ਼ ਦਾ ਮੌਤ ਤੋਂ ਨਿਰਭੈ ਹੋਣਾ ਅਤੇ ਮੌਤ ਨੂੰ ਅਟੱਲ ‘ਹੋਣੀ’ ਸਵੀਕਾਰ ਕੇ ਖ਼ੁਸ਼ੀ ਨਾਲ ਗਲੇ ਲਾਉਣਾ, ਉਸ ਦਾ ‘ਮੌਤ’ ਤੋਂ ‘ਅਮਰ’ ਹੋਣ ਦਾ ਅਦ੍ਰਿਸ਼ਟ ਵਰਤਾਰਾ ਹੁੰਦਾ ਹੈ। ‘ਸ਼ਹਾਦਤ’ ਪਿੱਛੇ ਧਰਮ ਜਾਂ ਅਸੂਲ ਦੀ ਖਾਤਰ ਜ਼ਿੰਦਗੀ ਵਾਰ ਦੇਣ ਦਾ ਅਹਿਦ ਬੇਰੋਕ ਗਤੀਸ਼ੀਲ ਹੁੰਦਾ ਹੈ। ਮਨੱੁਖੀ ਜਾਂ ਭੌਤਿਕ ਪਧਰ ’ਤੇ ‘ਸ਼ਹੀਦ’ ਪਿਛਲਿਆਂ ਵਾਸਤੇ ਵਿਸ਼ਵਾਸ ਜਾਂ ਸੱਚ ਲਈ ਸਭ ਤੋਂ ਵਡੀ ਕੁਰਬਾਨੀ ਦੇ ਕੇ ਸੱਚ ਧਰਮ ਦੇ ਰਾਹ ’ਤੇ ਸਹੀ ਪਾ ਜਾਂਦਾ ਹੈ। ‘ਸ਼ਹਾਦਤ’ ਦੇ ਇਹਨਾਂ ਸਰੋਕਾਰਾਂ ਬਾਰੇ ਪੁਸਤਕ ਦੇ ਆਰੰਭਲੇ ਅਧਿਆਵਾਂ ਵਿਚ ਦਾਰਸ਼ਨਿਕ ਤੇ ਇਤਿਹਾਸਕ ਨਜ਼ਰੀਏ ਤੋਂ ਇਕ ਬਿਰਤਾਂਤ ਸਿਰਜਿਆ ਗਿਆ ਹੈ, ਜਿਹੜਾ ‘ਸ਼ਹਾਦਤ ਦਾ ਸਿੱਖ ਸੰਕਲਪ’ ਵਿਸ਼ੇ ਨੂੰ ਰੂਹਾਨੀ ਤੇ ਬੌਧਿਕ ਸਮਤੋਲ ਪ੍ਰਦਾਨ ਕਰਦਾ ਹੈ। ਪੁਸਤਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਤੋਂ ਇਲਾਵਾ ਹੋਰ ਸਿਖ ਗ੍ਰੰਥਾਂ ਦੇ ਹਵਾਲਿਆਂ ਨਾਲ ਸਿੱਖ ਪੰਥ ਵਿਚਲੇ ‘ਸ਼ਹਾਦਤ’ ਦੇ ਸੰਲਕਪ/ਪਰੰਪਰਾ ਦਾ ਵਰਣਨਾਤਮਕ ਉਲੇਖ ਕੀਤਾ ਗਿਆ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਅੰਮ੍ਰਿਤ ਕੇ ਦਾਤੇ, ਕਲਗੀਧਰ, ਦਸਮੇਸ਼ ਪਿਤਾ, ਪੰਥ ਦੇ ਵਾਲੀ, ਸਾਹਿਬ-ਏ-ਕਮਾਲ, ਸਰਬੰਸਦਾਨੀ ਅਨੇਕਾਂ ਵਿਸੇਸ਼ਣ ਨਾਮ ਬਿਰਾਜਮਾਨ ਹਨ। ਇਸ ਤੋਂ ਇਹ ਸਮਝਣ ਵਿਚ ਕੋਈ ਦੁਬਿਧਾ ਨਹੀਂ ਰਹਿੰਦੀ ਕਿ ‘ਗੁਰੂ’ ਪਦ/ਪਦਵੀ ਕਰਕੇ ਸਿਫਤੀ ਨਾਮ ਜੁੜਨੇ ਸੁਭਾਵਕ ਹਨ। ਕਿਉਂਕਿ ‘ਗੁਰੂ’ ਦਾ ਹਰ ਕਰਤਵ/ਕਾਰਜ ਕੌਤਕ ਹੈ। ਇਸੇ ਪ੍ਰਸੰਗ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰਬੰਸਦਾਨੀ ਹੋਣਾ ਕੋਈ ਸਬੱਬੀ ਜਾਂ ਇਤਫਾਕੀਆ ਘਟਨਾ ਨਹੀਂ। ਸਰਬ ਸਮਰਥ ਗੁਰੂ ਵਲੋਂ ਸਰਬੰਸ ਵਾਰ ਦੇਣ ਦਾ ਸੰਸਾਰ ਦੇ ਇਤਿਹਾਸ ਵਿਚ ਇਕੋ-ਇਕ ਵਰਤਾਰਾ, ਜਿਥੇ ਗੁਰੂ ਸਾਹਿਬ ਨਾਲ ਸਰਬੰਸਦਾਨੀ ਹੋਣ ਦਾ ਵਿਸ਼ੇਸ਼ਣ ਜੋੜਦਾ ਹੈ ਉਥੇ ਇਸ ਰਹੱਸ ਦੇ ਡੂੰਘੇ ਭਾਵ-ਅਰਥ ਹਨ ਜਿਸ ਦੀ ਸਮਝ ਮਨੁੱਖੀ ਪੱਧਰ ’ਤੇ ਆਉਣੀ ਔਖੀ ਹੈ। ਲੇਕਿਨ ਧਰਤੀ ਉਪਰ ਧਰਮ ਦਾ ਰਾਜ ਸਥਾਪਿਤ ਕਰਨ ਲਈ ਅਤੇ ਜਬਰ-ਜੁਲਮ ਨੂੰ ਠੱਲ੍ਹ ਪਾਉਣ ਲਈ ‘ਸਰਬੰਸਦਾਨੀ’ ਦਾ ਵਰਤਾਰਾ ਰੂਹਾਨੀ ਪਧਰ ’ਤੇ ਮਾਰਗ ਦਰਸ਼ਨ ਕਰਦਾ ਹੈ।
31 ਲੇਖਾਂ (ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ) ਦੇ ਸੰਗ੍ਰਹਿ ਦੇ ਰੂਪ ਵਿਚ ਜਿਥੇ ਇਹ ਪਹਿਲਾ ਕਾਰਜ ਹੈ ਉਥੇ ਇਸ ਵਿਚ ਨਾਮਵਰ ਵਿਦਵਾਨਾਂ ਦੇ ਲੇਖਾਂ ਨੂੰ ਵੀ ਸ਼ਾਮਿਲ ਕਰਨ ਦਾ ਪਲੇਠਾ ਕਾਰਜ ਕੀਤਾ ਗਿਆ ਹੈ। ਪੁਸਤਕ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਸਾਹਿਬਜ਼ਾਦਿਆਂ ਦੇ ਜੀਵਨ ਤੇ ਯੋਗਦਾਨ ਨੂੰ ਸਿਧਾਂਤਿਕ ਤੇ ਇਤਿਹਾਸਕ ਵਿਵਰਣ ਪਖੋਂ ਸਿੱਖੀ ਦੇ ਪਰਿਪੇਖ ਵਿਚ ਹੀ ਪੇਸ਼ ਕੀਤਾ ਗਿਆ ਹੈ। ਅਜਿਹੀ ਪੇਸ਼ਕਾਰੀ ਧਰਮ ਖੇਤਰ ਵਿਚ ਬਿਰਤਾਂਤ/ਘਟਨਾਵਾਂ ਦੇ ਘਟਾਓਵਾਦ ਤੋਂ ਬਚਾਅ ਦਾ ਉਤਮ ਕਾਰਜ ਕਰਦੀ ਹੈ। ਸ਼ਹਾਦਤ ਦੇ ਸੰਕਲਪ ਤੋਂ ਲੈ ਕੇ ਸਾਹਿਬਜ਼ਾਦਾ ਦਿਵਸ (ਦਸਮੇਸ਼ ਪਿਤਾ ਜੀ ਦਾ ਸਰਬੰਸਦਾਨੀ ਅਮਲ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ, ਮੋਤੀ ਰਾਮ ਮਹਿਰਾ, ਸਰਹੰਦ ਤੇ ਸਾਹਿਬਜ਼ਾਦਿਆਂ ਨਾਲ ਸੰਬੰਧਤ ਗੁਰਧਾਮਾਂ) ਤੱਕ ਦੇ ਵਿਿਭੰਨ ਅਮਲਾਂ, ਸਖਸ਼ੀਅਤਾਂ ਤੇ ਯਾਦਗਰਾਂ (ਸਮੇਤ ਤਸਵੀਰਾਂ) ਉਪਰ ਵਿਸਤ੍ਰਿਤ ਚਾਨਣਾ ਪਾਇਆ ਗਿਆ ਹੈ। ਦਰਅਸਲ ਇਸ ਕ੍ਰਮ ਅਨੁਸਾਰ ਸਮੁਚੇ ਇਤਿਹਾਸਕ ਅਮਲ ਦਾ ਵਰਣਨ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਇਕ ਬਝਵੀਂ ਵਿਆਖਿਆ ਜਾਂ ਪੇਸ਼ਕਾਰੀ ਕਰਨ ਦਾ ਕਾਰਗਰ ਤਰੀਕਾ ਕਿਹਾ ਜਾ ਸਕਦਾ ਹੈ।
ਮਾਤਾ ਗੁਜਰੀ ਜੀ ਦੀ ਸ਼ਖਸੀਅਤ ਆਮ ਨਹੀਂ ਸੀ। ਗੁਰੂ ਦੇ ਮਹਿਲ ਅਤੇ ਗੁਰੂ ਦੇ ਮਾਤਾ ਹੋਣ ਦਾ ਵੱਡਾ ਪ੍ਰਤਾਪ ਉਹਨਾਂ ਨੂੰ ਪ੍ਰਾਪਤ ਸੀ। ਸਾਹਿਬਜ਼ਾਦਿਆਂ ਨੂੰ ਜਿਹੜਾ ਥਾਪੜਾ ਮਾਤਾ ਜੀ ਦਾ ਸੀ ਉਹ ਅਗੰਮੀ ਤੇ ਪਵਿੱਤਰ ਸੀ। ਉਸ ਥਾਪੜੇ ਨੇ ਗੁਰੂ ਘਰ ਦੀ ਰੀਤ ਅਤੇ ਮਰਯਾਦਾ ਨੂੰ ਸਾਹਿਬਜਾਦਿਆਂ ਦੇ ਅੰਤਹਕਰਨ ਵਿਚ ਮੁਕੰਮਲ ਰੂਪ ਵਿਚ ਵਿਲੀਨ ਕਰ ਦਿਤਾ ਸੀ। ਸਾਹਿਬਜਾਦਿਆਂ ਦੇ ਦ੍ਰਿੜ ਹੌਸਲੇ ਤੇ ਇਰਾਦੇ ਪਿਛੇ ਇਹੀ ਤਾਕਤ ਸੀ। ਜੇ ਮੁਗਲ ਹਕੂਮਤ ਨੇ ਜ਼ੁਲਮੀ ਕਹਿਰ ਦੇ ਹੱਦ-ਬੰਨੇ ਟਪਾ ਦਿਤੇ ਤਾਂ ਸਾਹਿਬਜ਼ਾਦੇ ਨਿਰਭੈਤਾ ਤੇ ਸੂਰਬੀਰਤਾ ਦੀ ਸਿਖਰ ’ਤੇ ਅਪੜ ਗਏ ਸਨ। ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਂਹਾ ਵਿਚ ਚਿਣ ਦੇਣ ਦੀ ਘਟਨਾ ਜੇ ਮੁਗ਼ਲਾਂ ਦੇ ਜ਼ੁਲਮ ਦੇ ਅੱਤ ਦੀ ਸਾਖੀ ਹੈ ਤਾਂ ਇਹ ਘਟਨਾ ਸਿੱਖ ਸ਼ਹਾਦਤ ਦੀ ਨੀਂਹ ਨੂੰ ਹੋਰ ਵੀ ਪਕੇਰੇ ਕਰਦੀ ਹੈ। ਇਹਨਾਂ ਵਿਚਾਰਾਂ ਨੂੰ ਇਹ ਪੁਸਤਕ ਤੱਥਾਂ ਤੇ ਪ੍ਰਮਾਣਾਂ ਸਹਿਤ ਬਾਖੂਬ ਪੇਸ਼ ਕਰਦੀ ਹੈ।
ਘਟਨਾਵਾਂ ਦੇ ਕਾਲ-ਕ੍ਰਮ (Chronology) ਦੀ ਪ੍ਰਮਾਣਿਕਤਾ ਲਈ ਇਨਸਾਇਕਲੋਪੀਡੀਆ ਆਫ ਸਿੱਖਿਜ਼ਮ ਨੂੰ ਸਰੋਤ ਵਜੋਂ ਲਿਆ ਗਿਆ ਹੈ। ਪੁਸਤਕ ਦੇ ਲੇਖਾਂ ਵਿਚ ਪ੍ਰਮਾਣ ਵਜੋਂ ਵਰਤੇ ਸ੍ਰੋਤ ਸਿੱਖ ਇਤਿਹਾਸ ਦੇ ਪ੍ਰਮੁੱਖ ਗ੍ਰੰਥ ਹਨ ਜੋ ਸੰਬੰਧਤ ਘਟਨਾਵਾਂ ਦੀ ਇਤਿਹਾਸਕ ਪ੍ਰਮਾਣਿਕਤਾ ’ਤੇ ਥੋੜੇ ਬਹੁਤੇ ਨਾਵਾਂ ਤੇ ਥਾਵਾਂ ਦੇ ਭੇਦ ਨਾਲ ਸਹੀ ਪਾਉਂਦੇ ਹਨ।
ਸਾਹਿਬਜ਼ਾਦਿਆਂ ਬਾਰੇ ਪੁਸਤਕ ਰੂਪ ਵਿਚ ਉਲੇਖ ਬਹੁਤ ਘਟ ਮਿਲਦਾ ਹੈ। ਇਹ ਪੁਸਤਕ ਵਿਚ ਇਸ ਘਾਟ ਨੂੰ ਪੂਰਾ ਕਰਨ ਦਾ ਨਿੱਗਰ ਉਪਰਾਲਾ ਹੈ। ਪੁਸਤਕ ਬੋਲੀ ਅਤੇ ਸ਼ੈਲੀ ਪੱਖੋਂ ਸਮੁੱਚੇ ਭਾਰਤ ਵਿਚ ਪਾਠਕਾਂ ਦੇ ਹੱਥਾਂ ਦਾ ਸ਼ਿੰਗਾਰ ਬਣਨ ਦੀ ਸਮਰਥਾ ਰਖਦੀ ਹੈ। ਇਸ ਪਹਿਲੇ ਛਾਪੇ ਵਿਚ ਕੁਝ ਕੁ ਸ਼ਾਬਦਿਕ ਤੇ ਭਾਸ਼ਾਈ ਊਣਤਾਈਆਂ ਦੇ ਬਾਵਜੂਦ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਜੀਵਨ ਤੇ ਯੋਗਦਾਨ ਬਾਰੇ ਇਹ ਪੁਸਤਕ ਸਵਾਗਤਯੋਗ ਹੈ। ਉਮੀਦ ਹੈ ਪਾਠਕ ਜਨ ਪੁਸਤਕ ਤੋਂ ਵਧ ਤੋਂ ਵਧ ਲਾਹਾ ਪ੍ਰਾਪਤ ਕਰਨਗੇ।
ਗੁਰਤੇਜ ਸਿੰਘ ਠੀਕਰੀਵਾਲਾ (ਡਾ.)
ਸਹਾਇਕ ਡਾਇਰੈਕਟਰ
ਡਾਇਰੈਕਟੋਰੇਟ ਆਫ ਐਜੂਕੇਸ਼ਨ
ਬਹਾਦਰਗੜ੍ਹ (ਪਟਿਆਲਾ)