ਪੁਸਤਕ ‘ਪੰਜ-ਆਬ ਦੇ ਸ਼ਾਹ ਅਸਵਾਰ’ ਦਾ ਮੁਖਬੰਦ

In ਪੰਜਾਬ
January 25, 2025
ਪ੍ਰਿੰਸੀਪਲ ਸਰਵਣ ਸਿੰਘ : ਖੇਡ ਮੈਦਾਨਾਂ ’ਚ ਧੂੜਾਂ ਪੁੱਟਦੇ ‘ਪੰਜ-ਆਬ ਦੇ ਸ਼ਾਹ ਅਸਵਾਰਾਂ’ ਬਾਰੇ ਇਹ ਪੁਸਤਕ ਲਿਖਣ ਵਾਲਾ ਨਵਦੀਪ ਸਿੰਘ ਗਿੱਲ ਖੁਦ ਖੇਡ ਲੇਖਣੀ ਦਾ ਸ਼ਾਹਸਵਾਰ ਹੈ। ਉਹਦੀ ਕਲਮ ਵੀ ਸ਼ਾਹਸਵਾਰਾਂ ਵਾਂਗ ਧੂੜਾਂ ਪੁੱਟਦੀ ਆ ਰਹੀ ਹੈ। ਉਸ ਨੇ ‘ਖੇਡ ਅੰਬਰ ਦੇ ਪੰਜਾਬੀ ਸਿਤਾਰੇ’ ਨਾਂ ਦੀ ਪ੍ਰਥਮ ਪੁਸਤਕ ਤੋਂ ਲੈ ਕੇ ‘ਸ਼ਾਹ ਅਸਵਾਰ ਪੰਜ-ਆਬ ਦੇ’ ਤਕ 14 ਪੁਸਤਕਾਂ ਲਿਖ ਧਰੀਆਂ ਹਨ ਜਿਨ੍ਹਾਂ ਵਿੱਚੋਂ 13 ਪੁਸਤਕਾਂ ਨਿਰੋਲ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਜਿਸ ਰਫ਼ਤਾਰ ਨਾਲ ਨਵਦੀਪ ਲਿਖ ਰਿਹੈ, ਮੈਨੂੰ ਲੱਗਦੈ ਖੇਡਾਂ ਖਿਡਾਰੀਆਂ ਬਾਰੇ ਮੇਰਾ ਹੁਣ ਤਕ 27 ਖੇਡ ਪੁਸਤਕਾਂ ਲਿਖਣ ਦਾ ਰਿਕਾਰਡ ਇਹ ਨੌਜੁਆਨ ਖੇਡ ਲੇਖਕ ਮਾਤ ਪਾ ਦੇਣ ਦੇ ਪੂਰਾ ਸਮਰੱਥ ਹੈ। ਇਹ ਵੱਖਰੀ ਗੱਲ ਹੈ ਕਿ ਮੇਰੇ ਜੀਂਦੇ ਜੀਅ ਪਾਵੇ ਜਾਂ ਬਾਅਦ ਵਿਚ। ਮੇਰੀਆਂ ਸ਼ੁਭ ਇਛਾਵਾਂ ਉਹਦੇ ਨਾਲ ਹਨ। ਕਹਾਵਤ ਵੀ ਹੈ ਕਿ ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ! ਨਵਦੀਪ ਉਦੋਂ ਬਰਨਾਲੇ ਕਾਲਜ ਵਿੱਚ ਪੜ੍ਹਦਾ ਸੀ ਜਦੋਂ ਮੇਰੀ ਕਿਤਾਬ ‘ਪੰਜਾਬੀ ਖਿਡਾਰੀ’ ਪੜ੍ਹ ਬੈਠਾ ਜੋ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤੀ ਸੀ। ਉਦੋਂ ਤੋਂ ਉਹ ਮੇਰੀਆਂ ਖੇਡ ਲਿਖਤਾਂ ਦਾ ਪੱਕਾ ਪਾਠਕ ਹੈ। ਇਸ ਗੱਲ ਦਾ ਮੈਨੂੰ ਤਦ ਪਤਾ ਲੱਗਾ ਜਦੋਂ ਉਹ ਪੰਜਾਬੀ ਭਵਨ ਲੁਧਿਆਣੇ ਦੇ ਕਿਸੇ ਸਮਾਗਮ ਵਿਚ ਮੈਨੂੰ ਮਿਲਣ ਆਇਆ। ਉਥੇ ਉਹ ਮਿਲਦਾ ਹੀ ਮੇਰੇ ਗੋਡਿਆਂ ਵੱਲ ਝੁਕਿਆ ਜਿਵੇਂ ਪੰਜਾਬੀ ਸਭਿਆਚਾਰ ਅਨੁਸਾਰ ਛੁਟੇਰੇ ਵਡੇਰਿਆਂ ਦਾ ਆਦਰ ਮਾਣ ਕਰਦੇ ਹਨ। ਪਹਿਲੀ ਮਿਲਣੀ ਨਾਲ ਹੀ ਉਸ ਨੇ ਮੈਨੂੰ ‘ਗੁਰੂ ਜੀ’ ਕਹਿੰਦਿਆਂ ਗੁਰੂ ਧਾਰਨ ਕਰ ਲਿਆ। ਫਿਰ ਚੇਲਾ ਬਣਨ ਤੇ ਸਾਬਤ ਕਰਨ ਲਈ ਮੇਰੀਆਂ ਖੇਡ ਲਿਖਤਾਂ ਉਹ ਮੂੰਹ ਜ਼ੁਬਾਨੀ ਸੁਣਾਉਣ ਲੱਗ ਪਿਆ। ਕਹਿੰਦਾ, ਮੈਂ ਤਾਂ ਸਾਰੀ ਕਿਤਾਬ ਕੰਠ ਕਰੀ ਫਿਰਦਾਂ! ਜਿਥੋਂ ਮਰਜ਼ੀ ਸੁਆਲ ਪੁੱਛੋ? ਮੈਂ ਧਿਆਨ ਨਾਲ ਉਹਦੇ ਵੱਲ ਵੇਖਿਆ। ਗੋਲ਼ ਅੱਖਾਂ, ਗੋਲ਼ ਮੂੰਹ ਤੇ ਗੋਲ਼ ਮਟੋਲ਼ ਹੀ ਜੁੱਸਾ। ਚਾਅ ਤੇ ਉਤਸ਼ਾਹ ਨਾਲ ਭਰੀ ਬੋਲ-ਬਾਣੀ। ਮਾਲਵੇ ਦਾ ਬਰਨਾਲਵੀ ਉਚਾਰਣ। ਜਮਾਂ ਘਰ ਦਾ ਮੁੰਡਾ ਲੱਗਾ। ਇੰਜ ਬਣਿਆ ਉਹ ਮੇਰਾ ਮੱਲੋਮੱਲੀ ਦਾ ਚੇਲਾ। ਤੇ ਚੇਲਾ ਨਿਕਲਿਆ ਵੀ ਸਿਰੇ ਦਾ ਅਫ਼ਲਾਤੂਨ। ਉਹ ਆਪਣੀ ਪਹਿਲੀ ਪੁਸਤਕ ‘ਖੇਡ ਅੰਬਰ ਦੇ ਪੰਜਾਬੀ ਸਿਤਾਰੇ’ ਪ੍ਰਕਾਸ਼ਿਤ ਕਰਵਾਉਣ ਨਾਲ ਹੀ ਪੰਜਾਬੀ ਖੇਡ ਸਾਹਿਤ ਦੇ ਅੰਬਰ ਦਾ ਤਾਰਾ ਬਣ ਗਿਆ। ਫਿਰ ਉਸ ਨੇ ਦੋਹਾ ਦੀਆਂ ਏਸ਼ਿਆਈ ਖੇਡਾਂ- 2006 ਅਖ਼ਬਾਰਾਂ ਲਈ ਕਵਰ ਕਰ ਕੇ ‘ਮੈਂ ਇਵੇਂ ਵੇਖੀਆਂ ਏਸ਼ਿਆਈ ਖੇਡਾਂ’ ਪੁਸਤਕ ਛਪਵਾਈ ਤੇ ਬੀਜਿੰਗ ਦੀਆਂ ਓਲੰਪਿਕ ਖੇਡਾਂ-2008 ਕਵਰ ਕਰ ਕੇ ‘ਅੱਖੀਂ ਵੇਖੀਆਂ ਓਲੰਪਿਕ ਖੇਡਾਂ’ ਲਿਖੀ। ‘ਨੌਂਲੱਖਾ ਬਾਗ਼’ ਪੁਸਤਕ ਦੇ ਪ੍ਰਕਾਸ਼ਨ ਨੇ ਉਹਦੀ ਹੋਰ ਵੀ ਧੰਨ-ਧੰਨ ਕਰਵਾ ਦਿੱਤੀ ਜੋ ਪੰਜਾਬ ਦੇ ਨੌਂ ਪ੍ਰਸਿੱਧ ਕਲਾਕਾਰਾਂ ਤੇ ਸਾਹਿਤਕਾਰਾਂ ਦੇ ਸ਼ਬਦ ਚਿੱਤਰਾਂ ਨਾਲ ਭਰਪੂਰ ਸੀ। ਉਹਦੇ ਨਾਲ ਉਹ ਹੋਰ ਵੀ ਪ੍ਰਸਿੱਧ ਹੋ ਗਿਆ। ਅਗਲੀ ਪੁਸਤਕ ਏਸ਼ੀਆ ਦੇ ਸਰਵੋਤਮ ਅਥਲੀਟ ਤੇ ਓਲੰਪਿਕ ਖੇਡਾਂ ਟੋਕੀਓ-1964 ’ਚ ਨਾਮਣਾ ਖੱਟਣ ਵਾਲੇ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ‘ਉਡਣਾ ਬਾਜ਼’ ਲਿਖੀ ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਇਨਾਮ ਜੇਤੂ ਪੁਸਤਕ ਦਾ ਪੁਰਸਕਾਰ ਦੇ ਕੇ ਵਡਿਆਇਆ। ਇੰਜ ਉਹ ਪੰਜਾਬੀ ਖੇਡ ਸਾਹਿਤ ਦਾ ਮਾਨਤਾ ਪ੍ਰਾਪਤ ਖੇਡ ਲੇਖਕ ਬਣ ਗਿਆ ਅਤੇ ਖੇਡ ਹਲਕਿਆਂ ’ਚ ਉਸ ਨੂੰ ਮੇਰਾ ਵਾਰਸ ਕਿਹਾ ਜਾਣ ਲੱਗ ਪਿਆ। ਮੈਨੂੰ ਖੁਸੀ ਹੈ ਕਿ ਪੰਜਾਬੀ ਖੇਡ ਸਾਹਿਤ ਰਚਣ ਵਾਲੇ ਹੁਣ ਦਰਜਨਾਂ ਖੇਡ ਲੇਖਕ ਹਨ ਜਿਨ੍ਹਾਂ ਬਾਰੇ ਮੈਂ ਚਾਰ ਪੁਸਤਕਾਂ ‘ਸ਼ਬਦਾਂ ਦੇ ਖਿਡਾਰੀ’, ‘ਖੇਡ ਸਾਹਿਤ ਦੀਆਂ ਬਾਤਾਂ’, ਖੇਡ ਸਾਹਿਤ ਦੇ ਮੋਤੀ’ ਤੇ ‘ਖੇਡ ਸਾਹਿਤ ਦੇ ਹੀਰੇ’ ਲਿਖੀਆਂ ਹਨ। ਹੁਣ ਤਾਂ ਪੰਜਾਬੀ ਖੇਡ ਸਾਹਿਤ ਬਾਰੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਵੀ ਲਿਖੇ ਜਾਣ ਲੱਗੇ ਹਨ। ਯੂਨੀਵਰਸਿਟੀਆਂ ਐਮਫਿਲ ਤੇ ਪੀਐਚਡੀ ਦੀਆਂ ਡਿਗਰੀਆਂ ਦੇਣ ਲੱਗੀਆਂ ਹਨ। ਉਹ ਵੀ ਸਮਾਂ ਸੀ ਜਦੋਂ ਪੰਜਾਬੀ ’ਚ ਖੇਡਾਂ ਖਿਡਾਰੀਆਂ ਬਾਰੇ ਲਿਖਣ ਵਾਲਿਆਂ ਨੂੰ ਲੇਖਕ ਅਥਵਾ ‘ਸਾਹਿਤਕਾਰ’ ਨਹੀਂ ਸੀ ਮੰਨਿਆ ਜਾਂਦਾ ਸਗੋਂ ਉਨ੍ਹਾਂ ਦਾ ਮਖੌਲ ਉਡਾਇਆ ਜਾਂਦਾ ਸੀ। ਸਾਨੂੰ ਕਹਿਣਾ ਪੈਂਦਾ ਸੀ, ਅਸੀਂ ਕਦੋਂ ਕਹਿਨੇ ਆਂ ਕਿ ਸਾਨੂੰ ‘ਸਾਹਿਤਕਾਰ’ ਕਹੋ? ਚਲੋ ਸਾਨੂੰ ‘ਸਿਹਤਕਾਰ’ ਹੀ ਸਮਝ ਲਵੋ! ਪੰਜਾਬੀ ਵਿਚ ਹੁਣ ਤਕ ਦੋ ਸੌ ਤੋਂ ਵੱਧ ਖੇਡ ਪੁਸਤਕਾਂ ਛਪ ਚੁੱਕੀਆਂ ਹਨ। ਗੀਤ, ਕਵਿਤਾਵਾਂ, ਕਹਾਣੀਆਂ, ਨਾਵਲ, ਰੇਖਾ ਚਿੱਤਰ, ਸ਼ਬਦ ਚਿੱਤਰ, ਜੀਵਨੀਆਂ, ਸਵੈਜੀਵਨੀਆਂ, ਸਫ਼ਰਨਾਮੇ, ਤਬਸਰੇ, ਖੇਡ ਇਤਿਹਾਸ, ਅਨੁਵਾਦ ਤੇ ਅੱਖੀਂ ਡਿੱਠੇ ਸੈਂਕੜੇ ਖੇਡ ਮੇਲਿਆਂ ਦੇ ਨਜ਼ਾਰੇ, ਸਭ ਕੁਝ ਹੈ। ਦਰਜਨ ਕੁ ਕਿਤਾਬਾਂ ਤਾਂ ’ਕੱਲੀ ਕਬੱਡੀ ਬਾਰੇ ਹੀ ਛਪ ਚੁੱਕੀਆਂ ਹਨ। ਸੌ ਤੋਂ ਵੱਧ ਪੰਜਾਬ ਦੀਆਂ ਦੇਸੀ ਖੇਡਾਂ ਤੇ ਨਵੀਆਂ ਬਾਲ ਖੇਡਾਂ ਦਾ ਵੇਰਵਾ ਤੇ ਵਿਸਥਾਰ ਛਪ ਚੁੱਕੈ। ਖੇਡਾਂ ਤੇ ਖਿਡਾਰੀਆਂ ਬਾਰੇ ਜਿੰਨਾ ਕੁਝ ਪੰਜਾਬੀ ’ਚ ਲਿਖਿਆ ਗਿਐ ਸ਼ਾਇਦ ਹੀ ਕਿਸੇ ਹੋਰ ਭਾਰਤੀ ਭਾਸ਼ਾ ’ਚ ਲਿਖਿਆ ਗਿਆ ਹੋਵੇ। ਪਰ ਸਾਡੇ ਕਹਿੰਦੇ ਕਹਾਉਂਦੇ ਆਲੋਚਕਾਂ ਨੇ ਅਜੇ ਗੌਲਿਆ ਨਹੀਂ। ਅਸੀਂ ਘਰ ਦੇ ਜੋਗੀ ‘ਜੋਗੜੇ’ ਜੁ ਹੋਏ! ਪਿਛਲੇ ਦੋ ਕੁ ਸਾਲਾਂ ਤੋਂ ਤਾਂ ਕਲਮ ਦੇ ਸ਼ਾਹਸਵਾਰ ਨਵਦੀਪ ਗਿੱਲ ਨੇ ਖੇਡ ਪੁਸਤਕਾਂ ਲਿਖਣ ਦੀ ਝੜੀ ਹੀ ਲਾ ਦਿੱਤੀ ਹੈ। ਉਸ ਨੇ ਫਰਾਟਾ ਦੌੜਾਂ ਲਾਉਂਦਿਆਂ ‘ਫਰਾਟਾ ਕਿੰਗ ਓਸੈਨ ਬੋਲਟ’, ‘ਟੋਕੀਓ ਓਲਿੰਪਕਸ ਦੇ ਸਾਡੇ ਹਾਕੀ ਸਿਤਾਰੇ’, ‘ਸੁਨਹਿਰੀ ਨਿਸ਼ਾਨਚੀ ਅਭਿਨਵ ਬਿੰਦਰਾ’, ‘ਗੋਲਡਨ ਬੁਆਏ ਨੀਰਜ ਚੋਪੜਾ’, ‘ਹਾਕੀ ਦਾ ਜਾਦੂਗਰ ਧਿਆਨ ਚੰਦ’, ‘ਬੈਡਮਿੰਟਨ ਦੀ ਰਾਣੀ ਪੀਵੀ ਸਿੰਧੂ’, ‘ਮਹਿਲਾ ਬੈਡਮਿੰਟਨ ਦੀ ਝੰਡਾਬਰਦਾਰ ਸਾਇਨਾ ਨੇਹਵਾਲ’, ‘ਟੈਨਿਸ ਦੀ ਰਾਣੀ ਸੇਰੈਨਾ ਵਿਲੀਅਮਜ਼’ ਤੇ ਹੱਥਲੀ ਪੁਸਤਕ ‘ਪੰਜ-ਆਬ ਦੇ ਸ਼ਾਹ ਅਸਵਾਰ’ ਲਿਖੀਆਂ ਹਨ। ਇਸ ਪੁਸਤਕ ਵਿਚ 15 ਖਿਡਾਰੀ ਚੜ੍ਹਦੇ ਪੰਜਾਬ ਦੇ ਤੇ 15 ਖਿਡਾਰੀ ਲਹਿੰਦੇ ਪੰਜਾਬ ਦੇ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ’ਚ ਵਧੇਰੇ ਖਿਡਾਰੀ ਹਾਕੀ ਤੇ ਕ੍ਰਿਕਟ ਦੇ ਹਨ ਤੇ ਕੁਝ ਅਥਲੀਟ ਤੇ ਹੋਰਨਾਂ ਖੇਡਾਂ ਦੇ ਹਨ। ਪੰਜਾਬ ਸੱਚਮੁੱਚ ਖਿਡਾਰੀਆਂ ਦੀ ਧਰਤੀ ਹੈ। ਪੰਜਾਬੀ ਜਿੰਨੇ ਜੋਰ ਨਾਲ ਹਲ ਵਾਹੁੰਦੇ ਰਹੇ ਉਨੇ ਹੀ ਜ਼ੋਰ ਨਾਲ ਖੇਡਦੇ ਵੀ ਰਹੇ। ਜਿੰਨੇ ਚਾਅ ਨਾਲ ਮੇਲੇ ਵੇਖਦੇ ਉਨੇ ਹੀ ਚਾਅ ਨਾਲ ਛਿੰਝਾਂ ਤੇ ਟੂਰਨਾਮੈਂਟ। ਪੰਜਾਬ ਦੇ ਜੰਮੇ ਰੁਸਤਮੇ ਹਿੰਦ ਹੀ ਨਹੀਂ ਰੁਸਤਮੇ ਜ਼ਮਾਂ ਵੀ ਬਣਦੇ ਰਹੇ। ਗਾਮੇ, ਗੁਲਾਮ, ਕਿੱਕਰ ਸਿੰਘ ਤੇ ਦਾਰੇ ਹੋਰਾਂ ਦੀਆਂ ਮਾਰੀਆਂ ਮੱਲਾਂ ਦਾ ਕੋਈ ਅੰਤ ਨਹੀਂ। ਮੇਰੀ ਚਿਰੋਕਣੀ ਰੀਝ ਸੀ ਕਿ ਮੈਂ ਕਦੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਓਲੰਪੀਅਨਾਂ ਅਤੇ ਮੰਨੇ ਦੰਨੇ ਖਿਡਾਰੀਆਂ ਬਾਰੇ ਪੁਸਤਕ ਲਿਖਾਂ ਜੋ ਮੇਰੇ ਪੁੱਤਰਾਂ ਵਰਗੇ ਬਰਖੁਰਦਾਰ ਨਵਦੀਪ ਗਿੱਲ ਨੇ ਲਿਖ ਕੇ ਪੂਰੀ ਕਰ ਦਿੱਤੀ ਹੈ। ਇਹ ਪੁਸਤਕ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪਾਠਕਾਂ ਲਈ ਤੋਹਫਾ ਹੋਵੇਗੀ। ਨਵਦੀਪ ਬੁਨਿਆਦੀ ਤੌਰ ’ਤੇ ਬੇਹੱਦ ਉਤਸ਼ਾਹੀ, ਸੁਹਿਰਦ ਤੇ ਹਿੰਮਤੀ ਲੇਖਕ ਹੈ। ਪੰਜ-ਆਬਾਂ ਨੂੰ ਜੋੜਦੀ ਇਹ ਪੁਸਤਕ ਲਿਖਣ ਲਈ ਮੈਂ ਉਸ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਅਤੇ ਦੁਆ ਕਰਦਾਂ ਕਿ ਉਹਦੀ ਕਲਮ ਚੜ੍ਹਦੇ-ਲਹਿੰਦੇ ਪੰਜਾਬ, ਹਿੰਦ-ਪਾਕਿ ਤੇ ਦੇਸਾਂ-ਪ੍ਰਦੇਸਾਂ ਦੀਆਂ ਖੇਡਾਂ ਤੇ ਖਿਡਾਰੀਆਂ ਬਾਰੇ ਲਗਾਤਾਰ ਚਲਦੀ ਰਹੇ।

Loading