
ਬੀਤੇ ਦਿਨੀਂ ਪ੍ਰਯਾਗਰਾਜ ਅਲਾਹਾਬਾਦ ਯੂ.ਪੀ. ਵਿੱਚ ਰਾਮ ਨੌਮੀ ਦੇ ਜਲੂਸ ਨੂੰ ਲੈ ਕੇ ਹਫੜਾ-ਦਫੜੀ ਮਚ ਗਈ ਜਦੋਂ ਕੁਝ ਭਗਵਂੇਵਾਦੀਆਂ ਨੇ ਸਲਾਰ ਮਸੂਦ ਗਾਜ਼ੀ ਦੀ ਦਰਗਾਹ ਦੀ ਛੱਤ ’ਤੇ ਭਗਵੇਂ ਝੰਡੇ ਲਹਿਰਾਏ ਅਤੇ ਰਾਮ ਨੌਮੀ ਦੇ ਮੌਕੇ ’ਤੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਏ। ਇਹ ਘਟਨਾ ਸ਼ਹਿਰ ਤੋਂ ਕੁਝ ਦੂਰੀ ’ਤੇ ਬਹਾਦੁਰਗੰਜ ਇਲਾਕੇ ਵਿੱਚ ਵਾਪਰੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਫੈਲ ਗਿਆ ਅਤੇ ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਤੁਰੰਤ ਕਾਰਵਾਈ ਕੀਤੀ। ਇਸ ਘਟਨਾ ਨੇ ਇੱਕ ਵਾਰ ਫਿਰ ਧਾਰਮਿਕ ਸੰਵੇਦਨਸ਼ੀਲਤਾ, ਸਮਾਜਿਕ ਸਦਭਾਵਨਾ ਅਤੇ ਕਾਨੂੰਨ ਵਿਵਸਥਾ ਦੇ ਸਵਾਲਾਂ ਨੂੰ ਖੜੇ ਕੀਤਾ ਹੈ ਕਿ ਇਹ ਫਿਰਕੂ ਗੁੰਡਾਗਰਦੀ ਕਦੋਂ ਕੰਟਰੋਲ ਹੋਵੇਗੀ।
ਪ੍ਰਯਾਗਰਾਜ ਵਿੱਚ ਵਾਪਰੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦਰਗਾਹ ਦੀ ਕਬਰ ਦੀ ਛੱਤ ’ਤੇ ਕਈ ਫਿਰਕੂ ਭਗਵੇਂ ਝੰਡੇ ਲੈ ਕੇ ਖੜ੍ਹੇ ਹਨ ਅਤੇ ਉਹ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਉਂਦੇ ਹੋਏ ਝੰਡੇ ਲਹਿਰਾ ਰਹੇ ਹਨ। ਵੀਡੀਓ ਵਿੱਚ ਦਰਗਾਹ ਦੇ ਨੇੜੇ ਇੱਕ ਵੱਡੀ ਭੀੜ ਵੀ ਦੇਖੀ ਜਾ ਸਕਦੀ ਹੈ।
ਮੀਡੀਆ ਰਿਪੋਰਟ ਅਨੁਸਾਰ ਮਹਾਰਾਜ ਸੁਹੇਲ ਦੇਵ ਸਨਮਾਨ ਸੁਰੱਖਿਆ ਮੰਚ ਦੇ ਵਰਕਰ ਬਾਹਰੀਆ ਥਾਣਾ ਖੇਤਰ ਦੇ ਸਿਕੰਦਰਾ ਸਥਿਤ ਗਾਜ਼ੀ ਮੀਆਂ ਦੀ ਦਰਗਾਹ ’ਤੇ ਚੜ੍ਹ ਗਏ। ਬਹੁਤ ਸਾਰੇ ਵਰਕਰ ਦਰਗਾਹ ਦੇ ਉੱਪਰ ਹੱਥਾਂ ਵਿੱਚ ਭਗਵੇਂ ਝੰਡੇ ਲੈ ਕੇ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੂੰ ਲਹਿਰਾਉਂਦੇ ਹੋਏ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਲੱਗੇ। ਉਨ੍ਹਾਂ ਨੇ ਗਾਜ਼ੀ ਮੀਆਂ ਦੀ ਦਰਗਾਹ ਨੂੰ ਹਟਾਉਣ ਦੀ ਮੰਗ ਕੀਤੀ। ਐਨ.ਬੀ.ਟੀ. ਦੀ ਰਿਪੋਰਟ ਦੇ ਅਨੁਸਾਰ, ਮਨੇਂਦਰ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ 20 ਤੋਂ ਵੱਧ ਲੋਕ ਪਿਛਲੇ ਦਿਨੀਂ ਸ਼ਾਮ 4 ਵਜੇ ਦੇ ਕਰੀਬ ਦਰਗਾਹ ਪਹੁੰਚੇ। ਇਹ ਲੋਕ ਦਰਗਾਹ ਦੀ ਛੱਤ ’ਤੇ ਚੜ੍ਹ ਗਏ ਅਤੇ ਭਗਵੇਂ ਝੰਡੇ ਲਹਿਰਾਏ ਅਤੇ ‘ਜੈ ਸ਼੍ਰੀ ਰਾਮ’ ਸਮੇਤ ਨਾਅਰੇ ਲਗਾਏ। ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਇਹ ਸਥਾਨ ਇਤਿਹਾਸਕ ਤੌਰ ’ਤੇ ਦਰਗਾਹ ਨਹੀਂ ਸੀ ਸਗੋਂ ਇੱਕ ਮੰਦਰ ਦਾ ਹਿੱਸਾ ਸੀ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਇਸਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਸਲਾਰ ਮਸੂਦ ਗਾਜ਼ੀ ਦੀ ਦਰਗਾਹ 11ਵੀਂ ਸਦੀ ਦੇ ਸੂਫ਼ੀ ਸੰਤ ਅਤੇ ਯੋਧਾ ਸਲਾਰ ਮਸੂਦ ਨਾਲ ਜੁੜੀ ਇੱਕ ਇਤਿਹਾਸਕ ਜਗ੍ਹਾ ਹੈ। ਇਹ ਸਥਾਨ ਮੁਸਲਿਮ ਭਾਈਚਾਰੇ ਲਈ ਆਸਥਾ ਦਾ ਕੇਂਦਰ ਹੈ, ਪਰ ਕੁਝ ਹਿੰਦੂ ਸੰਗਠਨ ਇਸ ਬਾਰੇ ਵਿਵਾਦਪੂਰਨ ਦਾਅਵੇ ਕਰਦੇ ਰਹੇ ਹਨ। ਮਹਾਰਾਜ ਸੁਹੇਲਦੇਵ ਸਨਮਾਨ ਸੁਰੱਖਿਆ ਮੰਚ, ਜਿਸ ਦੇ ਵਰਕਰਾਂ ਨੇ ਹੰਗਾਮਾ ਕੀਤਾ ਸੀ, ਦਾ ਨਾਮ ਮਹਾਰਾਜ ਸੁਹੇਲਦੇਵ ਦੇ ਨਾਮ ’ਤੇ ਰੱਖਿਆ ਗਿਆ ਹੈ, ਜੋ ਕਿ ਇੱਕ ਇਤਿਹਾਸਕ ਸ਼ਾਸਕ ਹੈ ਅਤੇ ਸਲਾਰ ਮਸੂਦ ਵਿਰੁੱਧ ਲੜਾਈ ਨਾਲ ਜੁੜਿਆ ਹੋਇਆ ਹੈ। ਇਹ ਘਟਨਾ ਇਸ ਇਤਿਹਾਸਕ ਕਹਾਣੀ ਤੋਂ ਪ੍ਰੇਰਿਤ ਮੰਨੀ ਜਾਂਦੀ ਹੈ, ਜਿਸਨੂੰ ਕੁਝ ਸੰਗਠਨ ਆਪਣੇ ਏਜੰਡੇ ਲਈ ਵਰਤਦੇ ਹਨ।
ਐਨ.ਬੀ.ਟੀ. ਦੀ ਰਿਪੋਰਟ ਦੇ ਅਨੁਸਾਰ, ਮਹਾਰਾਜਾ ਸੁਹੇਲਦੇਵ ਸਨਮਾਨ ਸੁਰੱਖਿਆ ਮੰਚ ਦਾ ਇੱਕ ਪੱਤਰ ਵੀ ਸਾਹਮਣੇ ਆਇਆ ਹੈ, ਜੋ ਕਿ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਕਮਿਸ਼ਨਰ ਨੂੰ ਸੌਂਪਿਆ ਗਿਆ ਹੈ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿਕੰਦਰਾ ਵਿੱਚ ਸਥਿਤ ਗਾਜ਼ੀ ਮੀਆਂ ਦਾ ਮਕਬਰਾ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਹੈ। ਗਾਜ਼ੀ ਕਦੇ ਸਿਕੰਦਰਾ ਨਹੀਂ ਆਇਆ। ਵਕਫ਼ ਬੋਰਡ ਨੇ ਜ਼ਮੀਨ ’ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਇੱਕ ਮਕਬਰਾ ਬਣਾਇਆ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਪਹਿਲਾਂ ਇੱਥੇ ਸ਼ਿਵਕੰਦਰਾ ਵਾਲੇ ਮਹਾਦੇਵ ਅਤੇ ਸਤੀ ਵੱਡੇ ਪੁਰਖ ਦਾ ਮੰਦਰ ਸੀ। ਮੀਡੀਆ ਰਿਪੋਰਟ ਅਨੁਸਾਰ ਗਾਜ਼ੀ ਮੀਆਂ ਦੀ ਦਰਗਾਹ ਦੇ ਪ੍ਰਧਾਨ ਸਫਦਰ ਜਾਵੇਦ ਦੇ ਅਨੁਸਾਰ, ਦਰਗਾਹ ਲਗਭਗ ਤਿੰਨ ਸੌ ਸਾਲ ਪੁਰਾਣੀ ਹੈ। ਇਹ ਮਹਿਮੂਦ ਗਜ਼ਨਵੀ ਦੇ ਭਤੀਜੇ ਸਈਅਦ ਸਲਾਰ ਮਸੂਦ ਗਾਜ਼ੀ ਦੀ ਦਰਗਾਹ ਹੈ। ਇਸਦੀ ਕਬਰ ਵੀ ਬਹਿਰਾਈਚ ਵਿੱਚ ਹੈ। ਵੈਸਾਖ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਅਤੇ ਜੇਠ ਮਹੀਨੇ ਦੇ ਪਹਿਲੇ ਐਤਵਾਰ ਨੂੰ ਦਰਗਾਹ ’ਤੇ ਤਿੰਨ ਦਿਨਾਂ ਦਾ ਵੱਡਾ ਮੇਲਾ ਲੱਗਦਾ ਹੈ। ਇੱਕ ਰਿਪੋਰਟ ਦੇ ਅਨੁਸਾਰ, ਪ੍ਰਯਾਗਰਾਜ ਪ੍ਰਸ਼ਾਸਨ ਨੇ 24 ਮਾਰਚ ਨੂੰ ਦਰਗਾਹ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਸੀ। ਇਸ ਤੋਂ ਇਲਾਵਾ, ਮਈ ਵਿੱਚ ਹੋਣ ਵਾਲੇ ਸਾਲਾਨਾ ਮੇਲੇ ਨੂੰ ਵੀ ਰੋਕ ਦਿੱਤਾ ਗਿਆ ਸੀ। ਜਦੋਂ ਵਿਵਾਦ ਵਧਿਆ ਤਾਂ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਤਾਲਾ ਨਹੀਂ ਲਗਾਇਆ ਸੀ। ਸਵੇਰੇ ਇਸਨੂੰ ਤਾਲਾ ਲੱਗਿਆ ਹੋਇਆ ਸੀ ਕਿਉਂਕਿ ਅੰਦਰ ਕੁਝ ਕੰਮ ਚੱਲ ਰਿਹਾ ਸੀ।
ਹਾਲਾਂਕਿ, ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਦੇਸ਼ ਵਿੱਚ ਈਦ ਅਤੇ ਰਾਮ ਨੌਮੀ ਵਰਗੇ ਤਿਉਹਾਰ ਇਕੱਠੇ ਮਨਾਏ ਜਾ ਰਹੇ ਸਨ। ਅਜਿਹੀਆਂ ਘਟਨਾਵਾਂ ਧਾਰਮਿਕ ਸਦਭਾਵਨਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਅਤੇ ਸਮਾਜਿਕ ਤਣਾਅ ਨੂੰ ਵਧਾ ਸਕਦੀਆਂ ਹਨ।
ਪ੍ਰਯਾਗਰਾਜ ਧਾਰਮਿਕ ਅਤੇ ਸੱਭਿਆਚਾਰਕ ਤੌਰ ’ਤੇ ਮਹੱਤਵਪੂਰਨ ਸ਼ਹਿਰ ਹੈ। ਕੁੰਭ ਮੇਲੇ ਵਰਗੇ ਸਮਾਗਮ ਵੀ ਇੱਥੇ ਹੁੰਦੇ ਹਨ, ਜੋ ਵੱਖ-ਵੱਖ ਭਾਈਚਾਰਿਆਂ ਵਿੱਚ ਏਕਤਾ ਦਾ ਪ੍ਰਤੀਕ ਹਨ। ਪਰ ਅਜਿਹੀਆਂ ਘਟਨਾਵਾਂ ਇਸ ਅਕਸ ਨੂੰ ਵਿਗਾੜ ਸਕਦੀਆਂ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਅਤੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ। ਪਰ ਸਵਾਲ ਇਹ ਉੱਠਦਾ ਹੈ ਕਿ ਕੀ ਪ੍ਰਸ਼ਾਸਨ ਨੂੰ ਅਜਿਹੀ ਘਟਨਾ ਦਾ ਪਹਿਲਾਂ ਤੋਂ ਅੰਦਾਜ਼ਾ ਨਹੀਂ ਸੀ? ਰਾਮ ਨੌਮੀ ਵਰਗੇ ਸੰਵੇਦਨਸ਼ੀਲ ਮੌਕੇ ’ਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ। ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਕਾਨੂੰਨ ਵਿਵਸਥਾ ਕਮਜ਼ੋਰ ਹੈ ਤੇ ਭਗਵੀਂ ਸਿਆਸਤ ਦੇ ਪ੍ਰਭਾਵ ਅਧੀਨ ਚਲ ਰਹੀ ਹੈ? ਇਸ ਘਟਨਾ ਤੋਂ ਸਭ ਤੋਂ ਵੱਡੀ ਚੁਣੌਤੀ ਫਿਰਕੂ ਸਦਭਾਵਨਾ ਨੂੰ ਬਣਾਈ ਰੱਖਣਾ ਹੈ। ਧਾਰਮਿਕ ਸਥਾਨਾਂ ’ਤੇ ਅਜਿਹੇ ਕੰਮ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਕਰਦੇ ਹਨ ਸਗੋਂ ਸਮਾਜ ਵਿੱਚ ਵੰਡ ਦੀਆਂ ਰੇਖਾਵਾਂ ਨੂੰ ਵੀ ਡੂੰਘਾ ਕਰਦੇ ਹਨ। ਇਹ ਘਟਨਾ ਇੱਕ ਸਾਜਿਸ਼ੀ ਯੋਜਨਾਬੱਧ ਕਦਮ ਸੀ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ, ਪ੍ਰਸ਼ਾਸਨ ਨੂੰ ਸਖ਼ਤ ਨਿਗਰਾਨੀ, ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਭਾਈਚਾਰਿਆਂ ਵਿਚਕਾਰ ਸੰਚਾਰ ਵਧਾਉਣ ਦੀ ਲੋੜ ਹੈ। ਪ੍ਰਯਾਗਰਾਜ ਵਿੱਚ ਵਾਪਰੀ ਇਹ ਘਟਨਾ ਇਸ ਗੱਲ ਦੀ ਚਿਤਾਵਨੀ ਹੈ ਕਿ ਧਾਰਮਿਕ ਭਾਵਨਾਵਾਂ ਦੀ ਦੁਰਵਰਤੋਂ ਕਿੰਨੀ ਖ਼ਤਰਨਾਕ ਹੋ ਸਕਦੀ ਹੈ। ਸ਼ਰਧਾ ਅਤੇ ਆਸਥਾ ਦੇ ਪ੍ਰਤੀਕ ‘ਜੈ ਸ਼੍ਰੀ ਰਾਮ’ ਦੇ ਨਾਅਰੇ ਨੂੰ ਨਫ਼ਰਤ ਜਾਂ ਜਨੂੰਨ ਲਈ ਵਰਤਣਾ ਨਾ ਸਿਰਫ਼ ਭਗਵਾਨ ਰਾਮ ਦੇ ਸੰਦੇਸ਼ ਦੇ ਵਿਰੁੱਧ ਹੈ ਬਲਕਿ ਸਮਾਜ ਦੀ ਏਕਤਾ ਨੂੰ ਵੀ ਕਮਜ਼ੋਰ ਕਰਦਾ ਹੈ।