ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸੈਨਫਰਾਂਸਿਸਕੋ ਵਿਚ ਇਕ ਸੰਘੀ ਜੱਜ ਨੇ ਆਪਣੇ ਇਕ ਆਦੇਸ਼ ਵਿਚ ਕਿਹਾ ਹੈ ਕਿ ਪ੍ਰੋਬੇਸ਼ਨਰੀ
ਮੁਲਾਜ਼ਮਾਂ ਨੂੰ ਕੰਮ ਤੋਂ ਸਮੂਹਿਕ ਤੌਰ 'ਤੇ ਫਾਰਗ ਕਰਨਾ ਕਾਨੂੰਨੀ ਨਹੀਂ ਹੈ। ਜੱਜ ਦੇ ਇਸ ਆਦੇਸ਼ ਨਾਲ ਲੇਬਰ ਯਨੀਅਨਾਂ ਤੇ ਸੰਗਠਨਾਂ ਦੇ ਗਠਜੋੜ ਨੂੰ
ਆਰਜੀ ਰਾਹਤ ਮਿਲੀ ਹੈ ਜਿਨਾਂ ਨੇ ਦਾਇਰ ਪਟੀਸ਼ਨ ਵਿਚ ਮੰਗ ਕੀਤੀ ਹੈ ਕਿ ਟਰੰਪ ਪ੍ਰਸ਼ਾਸਨ ਨੂੰ ਸੰਘੀ ਕਾਮਿਆਂ ਨੂੰ ਸਮੂਹਿਕ ਤੌਰ 'ਤੇ ਨੌਕਰੀ ਤੋਂ
ਹਟਾਉਣ ਤੋਂ ਰੋਕਿਆ ਜਾਵੇ। ਯੂ ਐਸ ਡਿਸਟ੍ਰਿਕਟ ਜੱਜ ਵਿਲੀਅਮ ਐਲਸਪ ਨੇ ਪ੍ਰਸੋਨਲ ਮੈਨਜਮੈਂਟ ਦੇ ਦਫਤਰ ਨੂੰ ਆਦੇਸ਼ ਦਿੱਤਾ ਹੈ ਕਿ ਵਿਸ਼ੇਸ਼ ਸੰਘੀ
ਏਜੰਸੀਆਂ ਨੂੰ ਸੂਚਿਤ ਕੀਤਾ ਜਾਵੇ ਕਿ ਉਨਾਂ ਨੂੰ ਰਖਿਆ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਪ੍ਰਬੇਸ਼ਨਰੀ ਮੁਲਾਜ਼ਮਾਂ ਨੂੰ ਕੰਮ ਤੋਂ ਹਟਾਉਣ ਦਾ ਕੋਈ
ਅਧਿਕਾਰ ਨਹੀਂ ਹੈ। ਜੱਜ ਨੇ ਕਿਹਾ ਹੈ ਕਿ ਪ੍ਰਸੋਨਲ ਮੈਨਜਮੈਂਟ ਦਫਤਰ ਕਿਸੇ ਵੀ ਵਿਵਸਥਾ ਤਹਿਤ ਮੁਲਾਜ਼ਮਾਂ ਨੂੰ ਹਟਾ ਨਹੀਂ ਸਕਦਾ।