
ਧੂਰੀ, 20 ਨਵੰਬਰ:
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਜਮਹੂਰੀ ਢਾਂਚੇ ਦੀ ਨੀਂਹ ਕਰਾਰ ਦਿੰਦਿਆਂ ਪੰਜਾਬ ਦੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਪਿੰਡਾਂ ਨੂੰ ਆਧੁਨਿਕ ਵਿਕਾਸ ਦੇ ਧੁਰੇ ’ਚ ਤਬਦੀਲ ਕਰਨ ਲਈ ਆਖਿਆ। ਮੁੱਖ ਮੰਤਰੀ ਅੱਜ ਪੁਲੀਸ ਸਿਖਲਾਈ ਕੇਂਦਰ ਲੱਡਾ ਕੋਠੀ ’ਚ ਜ਼ਿਲ੍ਹਾ ਸੰਗਰੂਰ ਦੀਆਂ 422 ਪੰਚਾਇਤਾਂ ’ਚੋਂ ਚੁਣ ਕੇ ਆਏ 3198 ਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਭਗਵੰਤ ਮਾਨ ਨੇ ਪਿੰਡਾਂ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਕਰਨ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਪਾਰਦਰਸ਼ਤਾ ਲਈ ਹਰ ਪਿੰਡ ’ਚ ਗ੍ਰਾਮ ਸਭਾਵਾਂ ਦੇ ਇਜਲਾਸ ਸੱਦਣ ਦੀ ਕਾਨੂੰਨੀ ਪ੍ਰਕਿਰਿਆ ਲਾਗੂ ਕਰਨ ਲਈ ਪ੍ਰੇਰਿਆ।
ਉਨ੍ਹਾਂ ਦੱਸਿਆ ਕਿ ਸਰਪੰਚਾਂ ਨੂੰ ਪਹਿਲਾਂ ਹੀ ਸਹੁੰ ਚੁਕਾਈ ਜਾ ਚੁੱਕੀ ਹੈ, ਜਦੋਂ ਕਿ ਅੱਜ ਸੂਬੇ ਦੇ 19 ਜ਼ਿਲ੍ਹਿਆਂ ’ਚ ਪੰਚਾਂ ਦੇ ਸਹੁੰ ਚੁੱਕ ਸਮਾਗਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਕੂਲਾਂ ਲਈ, ਸਟਰੀਟ ਲਾਈਟਾਂ, ਸੀਵਰੇਜ, ਪਾਣੀ ਦੀ ਨਿਕਾਸੀ ਅਤੇ ਹੋਰ ਪ੍ਰਾਜੈਕਟਾਂ ਦੇ ਮਤੇ ਪਾ ਕੇ ਦਿੱਤੇ ਜਾਣ ਤੇ ਸਰਕਾਰ ਵੱਲੋਂ ਨਵੀਆਂ ਪੰਚਾਇਤਾਂ ਨੂੰ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਨਹਿਰੀ ਪਾਣੀ ਸਿਰਫ਼ 21 ਫ਼ੀਸਦ ਵਰਤਿਆ ਜਾਂਦਾ ਸੀ ਅਤੇ ਹੁਣ ਖੇਤਾਂ ’ਚ ਪਾਈਪਾਂ ਪਾਉਣ ਮਗਰੋਂ ਨਹਿਰੀ ਪਾਣੀ ਵਰਤੋਂ 84 ਫ਼ੀਸਦ ਹੋ ਗਈ ਹੈ। ਉਨ੍ਹਾਂ ਮਗਨਰੇਗਾ ਤਹਿਤ 1.62 ਕਰੋੜ ਦੀ ਲਾਗਤ ਨਾਲ ਬੂਟੇ ਲਾਉਣ ਦੀ ਗੱਲ ਕਰਦਿਆਂ ਲੱਡਾ ਕੋਠੀ ਨੂੰ ਸੈਰ-ਸਪਾਟਾ ਵਜੋਂ ਵਿਕਸਿਤ ਕਰਨ ਅਤੇ ਸਰਬਸੰਮਤੀ ਨਾਲ ਜਿੱਤੀਆਂ ਪੰਚਾਇਤਾਂ ਨੂੰ ਪੰਜ ਲੱਖ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਤੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਨਮਾਨ ਕੀਤਾ। ਸਮਾਗਮ ਦੌਰਾਨ ਡੀਆਈਜੀ ਮਨਦੀਪ ਸਿੰਘ ਸਿੱਧੂ, ਸਮਾਲ ਸਕੇਲ ਇੰਡਸਟਰੀ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਗਉ ਸੇਵਾ ਕਮਿਸ਼ਨ ਦੇ ਚੇਅਰਮੈਨ ਅਸੋਕ ਕੁਮਾਰ ਲੱਖਾ, ਮੁੱਖ ਮੰਤਰੀ ਦਫ਼ਤਰ ਇੰਚਾਰਜ ਰਾਜਵੰਤ ਸਿੰਘ ਘੁੱਲੀ, ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ ਤੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਆਦਿ ਹਾਜ਼ਰ ਸਨ।