ਪੰਚਾਇਤ ਚੋਣਾਂ ਦੌਰਾਨ ਕਾਇਮ ਰੱਖੀ ਜਾਵੇ ਭਾਈਚਾਰਕ ਸਾਂਝ

In ਸੰਪਾਦਕੀ
October 10, 2024
ਪੰਜਾਬ ਵਿੱਚ ਇਸ ਸਮੇਂ ਪਿੰਡਾਂ ਦੀ ਪਾਰਲੀਮੈਂਟ ਭਾਵ ਪੰਚਾਇਤ ਚੋਣਾਂ ਦਾ ਅਮਲ ਚੱਲ ਰਿਹਾ ਹੈ। ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਤੋਂ ਬਾਅਦ ਚੋਣ ਪ੍ਰਚਾਰ ਵਿੱਚ ਤੇਜ਼ੀ ਆ ਗਈ ਹੈ। ਇਸ ਸਮੇਂ ਪੰਜਾਬ ਦੇ ਹਜ਼ਾਰਾਂ ਪਿੰਡ ਪੰਚਾਇਤ ਚੋਣਾਂ ਕਾਰਨ ਸਰਗਰਮੀਆਂ ਦਾ ਕੇਂਦਰ ਬਣੇ ਹੋਏ ਹਨ ਅਤੇ ਵੱਡੀ ਗਿਣਤੀ ਪਿੰਡਾਂ ਵਿੱਚ ਵਿਆਹਾਂ ਵਰਗਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਕੁਝ ਪਿੰਡਾਂ ਵਿੱਚ ਪੰਚਾਇਤ ਚੋਣਾਂ ਦੌਰਾਨ ਹਿੰਸਾ ਹੋਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ, ਅਜਿਹੀਆਂ ਘਟਨਾਵਾਂ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਖੋਰਾ ਲਗਾਉਂਦੀਆਂ ਹਨ। ਪੰਜਾਬ ਦੇ ਜਿਨ੍ਹਾਂ ਪਿੰਡਾਂ ਵਿੱਚ ਚੋਣਾਂ ਹੋਣੀਆਂ ਹਨ, ਇਨ੍ਹਾਂ ਦੀ ਗਿਣਤੀ 13,268 ਦੇ ਕਰੀਬ ਹੈ। ਭਾਵੇਂ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਸਮੇਤ ਅਨੇਕਾਂ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕੀਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਪਿੰਡਾਂ ਵਿੱਚ ਪੰਚਾਇਤ ਚੋਣਾਂ ਲਈ ਅਜੇ ਵੋਟਾਂ ਪੈਣੀਆਂ ਹਨ। ਪਿਛਲੀ ਵਾਰ ਗ੍ਰਾਮ ਪੰਚਾਇਤ ਦੀਆਂ ਚੋਣਾਂ ਜਨਵਰੀ 2019 ਵਿੱਚ ਹੋਈਆਂ ਸਨ ਅਤੇ ਇਸ ਤੋਂ ਬਾਅਦ ਚੁਣੇ ਹੋਏ ਸਰਪੰਚਾਂ ਨੇ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਅਗਸਤ 2023 ਵਿੱਚ ਗ੍ਰਾਮ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਜਦਕਿ ਉਨ੍ਹਾਂ ਦਾ ਕਾਰਜਕਾਲ ਜਨਵਰੀ 2024 ਤੱਕ ਸੀ। ਜਿਸ ਤੋਂ ਬਾਅਦ ਕੁਝ ਗ੍ਰਾਮ ਪੰਚਾਇਤ ਅਧਿਕਾਰੀ ਹਾਈ ਕੋਰਟ ਪਹੁੰਚ ਗਏ ਸਨ। ਉਨ੍ਹਾਂ ਦੀ ਦਲੀਲ ਦਿੱਤੀ ਸੀ ਚੁਣੇ ਹੋਏ ਨੁਮਾਇੰਦਿਆਂ ਨੂੰ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਰੱਦ ਕਰਨ ਗਲਤ ਅਤੇ ਗੈਰ-ਕਾਨੂੰਨੀ ਹੈ। ਪੰਜਾਬ ਵਿੱਚ ਇਸ ਵਾਰੀ ਪੰਚਾਇਤ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ’ਤੇ ਨਹੀਂ ਲੜੀਆਂ ਜਾ ਰਹੀਆਂ, ਜਿਸ ਕਰਕੇ ਵੱਖ- ਵੱਖ ਉਮੀਦਵਾਰਾਂ ਨੂੰ ਵੱਖ -ਵੱਖ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ। ਜ਼ਿਆਦਾਤਰ ਉਮੀਦਵਾਰਾਂ ਨੇ ਖੇਤੀ ਅਤੇ ਪੇਂਡੂ ਖੇਤਰ ਨਾਲ ਸਬੰਧਿਤ ਚੋਣ ਨਿਸ਼ਾਨ ਹੀ ਲੈਣ ਵਿੱਚ ਦਿਲਚਸਪੀ ਦਿਖਾਈ ਹੈ। ਵੱਡੀ ਗਿਣਤੀ ਉਮੀਦਵਾਰਾਂ ਨੇ ਚੋਣ ਨਿਸ਼ਾਨ ਟੈੱ੍ਰਕਟਰ, ਜੀਪ, ਹਲ਼, ਬਾਲਟੀ ਆਦਿ ਪਸੰਦ ਕਰਕੇ ਇਹ ਚੋਣ ਨਿਸ਼ਾਨ ਲੈਣ ਲਈ ਯਤਨ ਕੀਤੇ। ਆਪਣੀ ਮਨਪਸੰਦ ਦਾ ਚੋਣ ਨਿਸ਼ਾਨ ਲੈਣ ਲਈ ਵੱਖ ਵੱਖ ਉਮੀਦਵਾਰਾਂ ਵਿੱਚ ਮੁਕਾਬਲੇਬਾਜ਼ੀ ਵੀ ਹੁੰਦੀ ਰਹੀ। ਪੰਚਾਇਤ ਚੋਣਾਂ ਦੌਰਾਨ ਵੱਡੀ ਗਿਣਤੀ ਪਿੰਡਾਂ ਵਿੱਚ ਅੰਦਰੂਨੀ ਧੜੇਬੰਦੀ ਉਭਰ ਕੇ ਸਾਹਮਣੇ ਆ ਗਈ ਹੈ। ਪੰਚਾਇਤ ਚੋਣਾਂ ਦੌਰਾਨ ਜਿਥੇ ਵੱਖ -ਵੱਖ ਸਿਆਸੀ ਪਾਰਟੀਆਂ ਦੇ ਕਈ- ਕਈ ਗਰੁੱਪ ਸਰਗਰਮ ਹੋ ਗਏ ਹਨ, ਉਥੇ ਵੱਡੀ ਗਿਣਤੀ ਪਿੰਡਾਂ ਦੇ ਵਿੱਚ ਲੋਕਾਂ ਦੇ ਕਈ- ਕਈ ਧੜੇ ਵੀ ਬਣੇ ਹਨ, ਜਿਨ੍ਹਾਂ ਵਿੱਚ ਅਕਸਰ ਇੱਟ ਖੜੱਕਾ ਚਲਦਾ ਰਹਿੰਦਾ ਹੈ। ਜੇ ਇੱਕ ਧੜਾ ਕਿਸੇ ਇੱਕ ਉਮੀਦਵਾਰ ਦੀ ਹਮਾਇਤ ਕਰਦਾ ਹੈ ਤਾਂ ਪਿੰਡ ਦਾ ਦੂਜਾ ਧੜਾ ਕਿਸੇ ਦੂਜੇ ਉਮੀਦਵਾਰ ਦੀ ਹਮਾਇਤ ਦਾ ਐਲਾਨ ਕਰ ਦਿੰਦਾ ਹੈ। ਜਿਥੇ ਸਿਆਸੀ ਪਾਰਟੀਆਂ ਅੰਦਰੂਨੀ ਫੁੱਟ ਦਾ ਬੁਰੀ ਤਰ੍ਹਾਂ ਸ਼ਿਕਾਰ ਹਨ, ਉਥੇ ਵੱਡੀ ਗਿਣਤੀ ਪਿੰਡ ਵੀ ਧੜੇਬੰਦੀ ਵਿੱਚ ਵੰਡੇ ਹੋਏ ਹਨ। ਹਰ ਧੜੇ ਦੇ ਆਗੂ ਚਾਹੁੰਦੇ ਹਨ ਕਿ ਪਿੰਡ ਦਾ ਸਰਪੰਚ ਉਹਨਾਂ ਦੀ ਸਹਿਮਤੀ ਵਾਲਾ ਇਨਸਾਨ ਹੀ ਚੁਣਿਆ ਜਾਵੇ। ਇਸ ਲਈ ਇਹਨਾਂ ਧੜਿਆਂ ਵਿੱਚ ਆਪਸੀ ਖਹਿਬਾਜ਼ੀ ਇਹਨਾਂ ਪੰਚਾਇਤ ਚੋਣਾਂ ਦੌਰਾਨ ਬਹੁਤ ਵੱਧ ਗਈ ਹੈ। ਕਈ ਪਿੰਡਾਂ ਵਿੱਚ ਵੱਖ- ਵੱਖ ਧੜਿਆਂ ਵਿਚਾਲੇ ਲੜਾਈ ਝਗੜਾ ਹੋਣ ਦੀਆਂ ਖ਼ਬਰਾਂ ਮੀਡੀਆ ਵਿੱਚ ਆ ਰਹੀਆਂ ਹਨ। ਸਿਆਸੀ ਪਾਰਟੀਆਂ ਆਪਣੀ ਪਾਰਟੀ ਅਤੇ ਪਿੰਡਾਂ ਦੇ ਸਾਰੇ ਧੜਿਆਂ ਨੂੰ ਇੱਕਜੁਟ ਰੱਖਣ ਅਤੇ ਸਾਰੇ ਧੜਿਆਂ ਦੀ ਹਮਾਇਤ ਲੈਣ ਦੇ ਯਤਨ ਕਰ ਰਹੀਆਂ ਹਨ ਪਰ ਪਿੰਡਾਂ ਵਿੱਚ ਸਰਗਰਮ ਵੱਖ- ਵੱਖ ਧੜਿਆਂ ਵਿੱਚ ਈਰਖਾਬਾਜੀ ਅਤੇ ਮੁਕਾਬਲੇਬਾਜ਼ੀ ਏਨੀ ਜਿਆਦਾ ਹੈ, ਕਿ ਉਥੇ ਇਹਨਾਂ ਵਿਚਾਲੇ ਏਕਤਾ ਹੋਣਾ ਮੁਸ਼ਕਿਲ ਹੈ। ਸਿਆਸੀ ਪਾਰਟੀਆਂ ਦਾ ਹਾਲ ਇਹ ਹੋ ਗਿਆ ਹੈ ਕਿ ਕਾਂਗਰਸ ਤੇ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਪੰਚਾਇਤ ਚੋਣਾਂ ਦੌਰਾਨ ਆਮ ਆਦਮੀ ਪਾਰਟੀ ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੁਝ ਆਗੂ ਉਲਟਾ ਵਿਰੋਧੀ ਪਾਰਟੀਆਂ ’ਤੇ ਹੀ ਦੋਸ਼ ਲਗਾ ਰਹੇ ਹਨ ਕਿ ਪੰਜਾਬ ਵਿੱਚ ਸੱਤਾਧਾਰੀ ਪਾਰਟੀ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਹੀ ਦੂਜੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਪੰਚਾਇਤ ਚੋਣਾਂ ਦੀ ਆੜ ਵਿੱਚ ਕੁਝ ਲੋਕਾਂ ਵੱਲੋਂ ਆਪਣੀਆਂ ਪੁਰਾਣੀਆਂ ਅਤੇ ਨਿੱਜੀ ਦੁਸ਼ਮਣੀਆਂ ਵੀ ਕੱਢੀਆਂ ਜਾ ਰਹੀਆਂ ਹਨ। ਕਈ- ਕਈ ਧੜਿਆਂ ਵਿੱਚ ਵੰਡੇ ਪਿੰਡਾਂ ਵਿੱਚ ਇਸ ਤਰ੍ਹਾਂ ਜਾਪ ਰਿਹਾ ਹੈ, ਕਿ ਜਿਵੇਂ ਆਪਸੀ ਭਾਈਚਾਰਕ ਸਾਂਝ ਬਿਲਕੁਲ ਖਤਮ ਹੋ ਗਈ ਹੋਵੇ। ਵੱਖ- ਵੱਖ ਪਿੰਡਾਂ ਤੋਂ ਪੰਚਾਇਤ ਚੋਣਾਂ ਦੌਰਾਨ ਆਪਸੀ ਝੜਪਾਂ ਹੋਣ ਅਤੇ ਇੱਕ ਦੂਜੇ ’ਤੇ ਹਮਲੇ ਹੋਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਅਸਲ ਵਿੱਚ ਵੱਡੀ ਗਿਣਤੀ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੇ ਪੰਚਾਇਤ ਚੋਣਾਂ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਲਿਆ ਹੈ ਅਤੇ ਸਾਰੇ ਹੀ ਉਮੀਦਵਾਰ ਹਰ ਹੀਲੇ ਇਹ ਪੰਚਾਇਤ ਚੋਣਾਂ ਜਿੱਤਣਾ ਚਾਹੁੰਦੇ ਹਨ। ਹਰ ਪਿੰਡ ਵਿੱਚ ਹੀ ਪੰਚਾਇਤ ਚੋਣਾਂ ਦੌਰਾਨ ਕਈ ਕਈ ਉਮੀਦਵਾਰ ਖੜੇ ਹਨ ਪਰ ਜਿੱਤ ਤਾਂ ਇੱਕੋ ਹੀ ਉਮੀਦਵਾਰ ਦੀ ਹੋਣੀ ਹੈ। ਇਸ ਲਈ ਸਾਰੇ ਹੀ ਉਮੀਦਵਾਰ ਜਿੱਤ ਲਈ ਆਪਣਾ ਪੂਰਾ ਜੋਰ ਲਗਾ ਰਹੇ ਹਨ ਅਤੇ ਹਰ ਤਰ੍ਹਾਂ ਦੇ ਦਾਅ ਪੇਚ ਆਪਣੀ ਜਿੱਤ ਪੱਕੀ ਕਰਨ ਲਈ ਵਰਤ ਰਹੇ ਹਨ, ਜਿਸ ਕਾਰਨ ਪਿੰਡਾਂ ਵਿੱਚ ਕਈ ਵਾਰ ਲੜਾਈ ਝਗੜੇ ਦੀ ਨੌਬਤ ਆ ਜਾਂਦੀ ਹੈ। ਪੰਜਾਬ ਇੱਕ ਅਜਿਹਾ ਸੂਬਾ ਹੈ, ਜਿਥੇ ਕਿ ਹਮੇਸ਼ਾ ਭਾਈਚਾਰਕ ਸਾਂਝ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਨੂੰ ਰੱਖਿਆ ਹੈ। ਪੰਜਾਬ ਵਿੱਚ ਅਣਸੁਖਾਂਵੇ ਦੌਰ ਦੌਰਾਨ ਵੀ ਪੰਜਾਬੀਆਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਖੋਰਾ ਨਹੀਂ ਸੀ ਲੱਗਣ ਦਿੱਤਾ। ਹੁਣ ਪੰਚਾਇਤ ਚੋਣਾਂ ਵੇਲੇ ਵੀ ਸਮੂਹ ਪੰਜਾਬੀਆਂ ਖਾਸ ਕਰਕੇ ਪੇਂਡੂ ਭਾਈਚਾਰੇ ਨੂੰ ਆਪਸੀ ਸਾਂਝ ਕਾਇਮ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ। ਨੇਤਾ ਤਾਂ ਆਉਂਦੇ ਜਾਂਦੇ ਰਹਿੰਦੇ ਹਨ ਪਰ ਆਮ ਲੋਕਾਂ ਨੇ ਹੀ ਇੱਕ ਦੂਜੇ ਨਾਲ ਸਦਾ ਰਹਿਣਾ ਹੁੰਦਾ ਹੈ। ਇਸ ਲਈ ਨੇਤਾਵਾਂ ਦੇ ਪਿੱਛੇ ਲੱਗਕੇ ਆਪਸੀ ਸਾਂਝ ਨਾ ਤੋੜੀ ਜਾਵੇ ਸਗੋਂ ਸਿਆਸੀ ਵਿਚਾਰਾਂ ਦੇ ਵਖਰੇਵੇਂ ਦੇ ਬਾਵਜੂਦ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾਵੇ।

Loading